Wednesday, September 16, 2015

GADVASU: ਲੋਕ ਨਾਚ ਸਿਖਾਉਣ ਦੇ ਉਦੇਸ਼ ਨਾਲ ਇਕ ਮਹੀਨੇ ਦਾ ਸਿਖਲਾਈ ਕੈਂਪ ਸ਼ੁਰੂ

Wed, Sep 16, 2015 at 4:48 PM
ਲੋਕ ਨਾਚ ਸਿਖਾਉਣ ਲਈ ਵੈਟਨਰੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਕੈਂਪ
ਲੁਧਿਆਣਾ:16-ਸਤੰਬਰ-2015: (ਪੰਜਾਬ ਸਕਰੀਨ ਬਿਊਰੋ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਲੋਕ ਨਾਚ ਸਿਖਾਉਣ ਦੇ ਉਦੇਸ਼ ਨਾਲ ਇਕ ਮਹੀਨੇ ਦਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ। ਇਹ ਜਾਣਕਾਰੀ ਯੂਨੀਵਰਸਿਟੀ ਦੇ ਭਲਾਈ ਅਫ਼ਸਰ ਡਾ ਦਰਸ਼ਨ ਸਿੰਘ ਬੜੀ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦਘਾਟਨ 15 ਸਤੰਬਰ ਨੂੰ ਸਵੇਰੇ 6 ਵਜੇ ਡਾ. ਨਰੇਸ਼ ਕੁਮਾਰ ਸੂਦ, ਪ੍ਰਧਾਨ, ਯੂਨੀਵਰਸਿਟੀ ਡਾਂਸ, ਡਰਾਮਾ ਅਤੇ ਮਿਊਜ਼ਿਕ ਕਲੱਬ ਨੇ ਕੀਤਾ। ਕੈਂਪ ਵਿੱਚ 30 ਦੇ ਕਰੀਬ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਡਾ. ਬੜੀ ਨੇ ਦੱਸਿਆ ਕਿ ਕੈਂਪ ਅਧਿਆਪਕਾਂ, ਵਿਦਿਆਰਥੀਆਂ ਅਤੇ ਯੂਨੀਵਰਸਿਟੀ ਵਿੱਚ ਸੈਰ ਕਰਨ ਵਾਲਿਆਂ ਵਾਸਤੇ ਖੁੱਲਾ ਹੈ ਜਿਨ੍ਹਾਂ ਕੋਲ ਕਿ ਸੈਰ ਕਰਨ ਦੇ ਦਾਖਲਾ ਪਾਸ ਹੋਣ। ਕੈਂਪ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਸ਼ਾਮ ਨੂੰ ਵੀ 6 ਤੋਂ 7 ਵਜੇ ਤੱਕ ਹੋਇਆ ਕਰੇਗਾ। ਕੋਈ ਵੀ ਪ੍ਰਤੀਭਾਗੀ ਇਕੋ ਫੀਸ ਵਿੱਚ ਹੀ ਸਵੇਰੇ, ਸ਼ਾਮ ਜਾਂ ਦੋਵੇਂ ਵੇਲੇ ਕੈਂਪ ਵਿੱਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਭੰਗੜਾ ਕੋਚ ਅਤੇ ਢੋਲੀ ਨਾਚ ਸਿਖਾਉਣ ਲਈ ਮੁਹੱਈਆ ਹੋਣਗੇ। ਇਨ੍ਹਾਂ ਸਾਜ਼ਿੰਦਿਆਂ ਦੇ ਖਰਚ ਲਈ ਜਾਇਜ਼ ਫੀਸ ਜ਼ਰੂਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਅਮਰਜੀਤ ਸਿੰਘ ਨੰਦਾ ਦੀ ਹੱਲਾਸ਼ੇਰੀ ਤੇ ਇਹ ਕੈਂਪ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਸੋਚ ਹੈ ਕਿ ਇਸ ਨਾਲ ਜਿਥੇ ਮਨ ਨੂੰ ਖੁਸ਼ੀ ਮਿਲਦੀ ਹੈ ਉਥੇ ਸਿਹਤ ਵੀ ਚੰਗੀ ਰਹਿੰਦੀ ਹੈ। ਡਾ. ਸਤਿੰਦਰਪਾਲ ਸਿੰਘ ਸੰਘਾ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਡਾ. ਸਰਨਰਿੰਦਰ ਸਿੰਘ ਰੰਧਾਵਾ, ਨਿਰਦੇਸ਼ਕ ਖੋਜ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਬੜੀ ਨੇ ਦੱਸਿਆ ਕਿ ਜੇ ਕੋਈ ਹੋਰ ਚਾਹਵਾਨ ਸੱਜਣ ਇਸ ਕੈਂਪ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਉਹ ਭਲਾਈ ਦਫ਼ਤਰ ਵਿਖੇ ਸੰਪਰਕ ਕਰ ਸਕਦਾ ਹੈ ਜਾਂ ਸਿੱਧਾ ਕੈਂਪ ਤੇ ਆਪਣੇ ਪਛਾਣ ਪੱਤਰ ਨਾਲ ਵੀ ਪਹੁੰਚ ਸਕਦਾ ਹੈ।

No comments: