Wednesday, September 02, 2015

ਦੇਸ਼ ਭਰ ਵਿੱਚ ਸਫਲ ਹੜਤਾਲ ਲਈ CPI ਵੱਲੋਂ ਵਧਾਈ

ਸਰਕਾਰ ਵਿਰੋਧੀ ਟ੍ਰੇਡ ਯੂਨੀਅਨਾਂ ਵਿੱਚ ਉਤਸ਼ਾਹ ਦੀ ਲਹਿਰ 
ਨਵੀਂ ਦਿੱਲੀ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਦੇਸ਼ ਭਰ ਵਿੱਚ ਦੋ ਸਤੰਬਰ ਦੀ ਸਫਲ ਹੜਤਾਲ ਮਗਰੋਂ ਹੜਤਾਲ ਪੱਖੀ ਧਿਰਾਂ ਵਿੱਚ ਉਤਸ਼ਾਹ ਦੀ ਲਹਿਰ ਹੈ। ਭਾਰਤੀ ਕਮਿਊਨਿਸਟ ਪਾਰਟੀ ਨੇ ਇਸ ਸਫਲ ਐਕਸ਼ਨ ਲਈ ਲੋਕਾਂ ਨੂੰ ਵਧਾਈ ਦਿੱਤੀ ਹੈ। ਸੀ ਪੀ ਆਈ ਦੇ ਕੇਂਦਰੀ ਸਕੱਤਰੇਤ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਸਫਲ ਦੇਸ਼ ਵਿਆਪੀ ਹੜਤਾਲ ਲਈ ਮਜ਼ਦੂਰ ਜਮਾਤ ਅਤੇ ਕੇਂਦਰੀ ਟਰੇਡ ਯੂਨੀਅਨਾਂ ਨੂੰ ਵਧਾਈ ਦਿੱਤੀ ਹੈ। ਪਾਰਟੀ ਦੇ ਜਨਰਲ ਸਕੱਤਰ ਐੱਸ ਸੁਧਾਕਰ ਰੈਡੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਵੱਖ-ਵੱਖ ਸੂਬਿਆਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕੋਲਾ, ਇਸਪਾਤ, ਖਾਣਾ, ਟਰਾਂਸਪੋਰਟ, ਬੈਂਕਾਂ, ਵਿੱਤ, ਸਰਕਾਰੀ ਸਕੀਮ ਕਾਮਿਆਂ ਅਤੇ ਗੈਰ-ਜਥੇਬੰਦ ਖੇਤਰ ਦੇ ਕਰੋੜਾਂ ਕਾਮਿਆਂ ਨੇ ਹੜਤਾਲ ਵਿੱਚ ਹਿੱਸਾ ਲਿਆ। 
ਉਨ੍ਹਾ ਕਿਹਾ ਕਿ ਸਮਾਜ ਦੇ ਹਰ ਵਰਗ ਨੇ ਇਸ ਵਿਆਪਕ ਹੜਤਾਲ ਨੂੰ ਸਮੱਰਥਨ ਦਿੱਤਾ। ਇਹ ਹੜਤਾਲ ਕਾਮਿਆਂ ਦੀ ਏਕਤਾ ਅਤੇ ਐੱਨ ਡੀ ਏ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਜਨਤਕ ਰੋਹ ਦਾ ਪ੍ਰਗਟਾਵਾ ਹੈ, ਜਿਸ ਤੋਂ ਸਰਕਾਰ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ ਅਤੇ ਉਸ ਨੂੰ ਮਜ਼ਦੂਰ ਵਿਰੋਧੀ ਨੀਤੀਆਂ ਵਾਪਸ ਲੈਣੀਆਂ ਚਾਹੀਦੀਆਂ ਹਨ ਅਤੇ ਟਰੇਡ ਯੂਨੀਅਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ। ਕਾਮਰੇਡ ਰੈਡੀ ਨੇ ਪਾਰਟੀ ਵੱਲੋਂ ਦੇਸ਼ ਦੀ ਮਜ਼ਦੂਰ ਜਮਾਤ ਦੇ ਹੱਕੀ ਸੰਘਰਸ਼ ਨਾਲ ਮੁਕੰਮਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ।

No comments: