Wednesday, September 30, 2015

ਫਿਰੋਜਪੁਰ 'ਚ ਹੁੰਦਾ ਸੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਖੁਫੀਆ ਟਿਕਾਣਾ

Tue, Sep 29, 2015 at 10:46 AM 
ਕਲਾਪੀਠ ਨੇ ਕੀਤੀ ਸ਼ਹੀਦਾਂ ਦੇ ਖੁਫੀਆ ਟਿਕਾਣੇ ਨੂੰ ਕੌਮੀ ਸਮਾਰਕ ਬਣਾਉਣ ਦੀ ਮੰਗ 
ਫ਼ਿਰੋਜ਼ਪੁਰ: (ਪੰਜਾਬ ਸਕਰੀਨ ਬਿਊਰੋ):
ਸ਼ਬਦ ਸਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ ) ਵੱਲੋਂ ਸ਼ਹੀਦ ਭਗਤ ਸਿੰਘ ਦੇ 108ਵੇਂ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸਾਦੇ ਪਰ ਭਾਵਪੂਰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਫ਼ਿਰੋਜ਼ਪੁਰ ਸ਼ਹਿਰ ਦੇ ਨਾਮਦੇਵ ਚੌਂਕ ਵਿੱਚ ਸੁਸ਼ੋਭਤ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਸਾਹਮਣੇ ਮੋਮਬੱਤੀਆਂ ਰੌਸ਼ਨ ਕਰਕੇ ਹਨੇਰੇ ਸਮਿਆਂ ਵਿੱਚ ਚਾਨਣੀ ਦਾ ਛਿੱਟਾ ਦਿੰਦਿਆਂ ਪੰਜਾਬੀ ਲੇਖਕਾਂ ,ਟਰੇਡ ਯੂਨੀਅਨ ਦੇ ਆਗੂਆਂ ਨੇ  ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ਦਾ ਸ਼ਹੀਦਾਂ ਨਾਲ ਬਹੁਤ ਗਹਿਰਾ ਰਿਸ਼ਤਾ ਹੈ। ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਇਨਕਲਾਬੀ ਸਾਥੀਆਂ ਦਾ ਖ਼ੁਫ਼ੀਆ ਟਿਕਾਣਾ ਇਸੇ ਸ਼ਹਿਰ ਦੇ ਤੂੜੀ ਬਜ਼ਾਰ ਇਲਾਕੇ ਦੇ ਇੱਕ ਚੋਬਾਰੇ ਵਿੱਚ ਹੁੰਦਾ ਸੀ ਜਿੱਥੇ ਡਾ.ਗਯਾ ਪ੍ਸ਼ਾਦ ਨੇ ਡਾ.ਨਿਗਮ ਦੇ ਫ਼ਰਜ਼ੀ ਨਾਂ ਥੱਲੇ ਦਵਾਖ਼ਾਨਾ ਖੋਲਿਆ ਹੋਇਆ ਸੀ ਜਿਸ ਦੀ ਆੜ ਵਿੱਚ ਇਨਕਲਾਬੀ ਸਰਗਰਮੀਆਂ ਦਾ ਸੰਚਾਲਨ ਹੁੰਦਾ ਸੀ। ਇਨਕਲਾਬੀ ਪਰਚੇ ਚਾਂਦ ਦੇ ਫ਼ਾਂਸੀ ਅੰਕ ਦੇ ਬਹੁਤ ਸਾਰੇ ਲੇਖ ਇਸ ਚੁਬਾਰੇ ਚ ਲਿਖੇ ਗਏ ਹਨ। ਭਗਤ ਸਿੰਘ ,ਸੁਖਦੇਵ, ਮਹਾਂਬੀਰ ਸਿੰਘ, ਸ਼ਿਵ ਵਰਮਾ ਅਤੇ ਵਿਜੇ ਕੁਮਾਰ ਸਿਨਹਾ ਵਰਗੇ ਦੇਸ਼ਭਗਤਾਂ ਦਾ ਟਿਕਾਣਾ ਇਸ ਚੁਬਾਰੇ ਵਿੱਚ ਹੁੰਦਾ ਸੀ। ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿੱਚ ਹਰਮੀਤ ਵਿਦਿਆਰਥੀ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਇਸ  ਇਤਿਹਾਸਕ ਇਮਾਰਤ ਨੂੰ ਕੌਮੀ  ਯਾਦਗਾਰੀ ਸਮਾਰਕ ਕਰਾਰ ਦੇ ਕੇ ਇਸਨੂੰ ਭਗਤ ਸਿੰਘ ਦੇ ਵਿਚਾਰਾਂ ਦੇ ਪਸਾਰ ਲਈ ਇੱਕ ਬੌਧਿਕ ਕੇਂਦਰ ਵਜੋਂ ਵਿਕਸਿਤ ਕਰੇ ਜਿਸ ਤੋਂ ਆਉਣ ਵਾਲੀਆਂ ਨਸਲਾਂ ਸੇਧ ਲੈ ਸਕਣ। ਹਰਮੀਤ ਵਿਦਿਆਰਥੀ ਨੇ ਇਹ ਵੀ ਕਿਹਾ ਕਿ ਭਗਤ ਸਿੰਘ ਨੂੰ ਪੱਗ ਅਤੇ ਟੋਪੀ ਦੇ ਨਾਂ ਤੇ ਵੰਡਣ ਵਾਲੇ ਭੁੱਲ ਜਾਂਦੇ ਹਨ ਕਿ ਭਗਤ ਸਿੰਘ ਇੱਕ ਵਿਅਕਤੀ ਦਾ ਨਹੀਂ ਇੱਕ ਵਿਚਾਰ ਦਾ ਨਾਮ ਹੈ। ਕੁਲਦੀਪ ਸਿੰਘ ਖੁੰਗਰ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਫ਼ਿਰੋਜ਼ਪੁਰ ਵਾਸੀਆਂ ਦੇ ਜਜ਼ਬਿਆਂ ਵੱਲ ਧਿਆਨ ਨਾ ਦਿੱਤਾ ਤਾਂ ਸ਼ਹਿਰਵਾਸੀ ਕਿਸੇ ਵੱਡੇ ਸੰਘਰਸ਼ ਦੇ ਰਾਹ ਪੈ ਸਕਦੇ ਹਨ। ਅਨਿਲ ਆਦਮ ਨੇ ਭਗਤ ਸਿੰਘ ਦੀ ਜ਼ਿੰਦਗੀ ਦੇ ਇੱਕ ਹੋਰ ਵੱਡੇ ਸਰੋਕਾਰ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਹੁੰਦੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਦਾਭੋਲਕਰ,ਕਲਬੁਰਗੀ ਆਦਿ ਦੀ ਹੱਤਿਆ ਨੂੰ ਭਗਤ ਸਿੰਘ ਦੇ ਵਿਚਾਰਾਂ ਤੇ ਹਮਲਾ ਗਰਦਾਨਿਆ। ਪ੍ਰੋ. ਜਸਪਾਲ ਘਈ ਨੇ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਦੇ ਵੀ ਸਫ਼ਲ ਨਹੀਂ ਹੋਣਗੀਆਂ। ਹਰ ਦੌਰ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਹੋਰ ਸ਼ਕਤੀਸ਼ਾਲੀ ਬਣੇਗੀ ਅਤੇ ਬਰਾਬਰੀ ਲਈ ਲੜਣ ਵਾਲੇ ਲੋਕਾਂ ਦਾ ਸਹਾਰਾ ਬਣੇਗੀ।ਰਾਜੀਵ ਖ਼ਿਆਲ, ਡਾ. ਸਤਿੰਦਰ ਸਿੰਘ, ਪਰਮਜੀਤ ਪੰਮਾ, ਗੁਰਨਾਮ ਸਿੱਧੂ ਗਾਮਾ, ਰਾਜੀਵ ਹਾਂਡਾ, ਮੰਗਤ ਬਜੀਦਪੁਰੀ, ਜਗਦੀਸ਼ ਸਿੰਘ ਕਾਨੂੰਗੋ, ਮਨੋਹਰ ਲਾਲ,ਰਵਿੰਦਰ ਲੂਥਰਾ, ਕੇਵਲ ਕਰਿਸ਼ਨ, ਗੁਰਚਰਨ ਸਿੰਘ, ਪ੍ਰੋ.ਕੁਲਦੀਪ, ਸੁਧੀਰ, ਰਾਕੇਸ਼ਪਾਲ, ਸੁਖਵੰਤ ਸੰਧੂ, ਜਸਵਿੰਦਰ ਸਿੰਘ ਸੰਧੂ, ਸੁਰਿੰਦਰ ਕੰਬੋਜ, ਰਮਨ ਕੁਮਾਰ, ਪ੍ਰੋ.ਲਕਸ਼ਮਿੰਦਰ, ਸੁਖਵਿੰਦਰ ਭੁੱਲਰ, ਪ੍ਰਭਜੀਤ ਭੂਪਾਲ, ਗੁਰਬਚਨ ਸਿੰਘ, ਹਰਦੀਪ ਗੌਸਲਾਂ, ਪ੍ਰੀਤਇੰਦਰ ਸਿੰਘ ਸੰਧੂ, ਸੁਖਜਿੰਦਰ ਫ਼ਿਰੋਜ਼ਪੁਰ, ਮਿਹਰਦੀਪ, ਕਮਲ ਸ਼ਰਮਾ, ਦੀਪਕ ਸ਼ਰਮਾ, ਜਸਵੰਤ ਸੈਣੀ, ਸਮੇਤ ਬਹੁਤ ਸਾਰੀਆਂ ਭਰਾਤਰੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ।                                                                 No comments: