Friday, August 28, 2015

ਮਜ਼ਦੂਰਾਂ ਨੇ ਵਿੱਢਿਆ ਗੁੰਡਾਗਰਦੀ ਖਿਲਾਫ਼ ਸੰਘਰਸ਼

Fri, Aug 28, 2015 at 6:12 PM
ਗਲ ਪੈ ਜਾਣ ਜੇ ਅੱਕੇ ਲੋਕ--ਬੰਬ ਬੰਦੂਕਾਂ ਸਕਣ ਨਾ ਰੋਕ 
ਲੁਧਿਆਣਾ: 28 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਇਲਾਕੇ ਵਿੱਚ ਸਰਗਰਮ ਗੁੰਡਾ ਗਿਰੋਹ ਨੂੰ ਨੱਥ ਪਾਉਣ ਲਈ ਟਿੱਬਾ ਰੋਡ ਤੋਂ ਲੈ ਕੇ ਬਸਤੀ ਜੋਧੇਵਾਲ ਥਾਣੇ ਤੱਕ ਦੇ ਝੰਡਾ ਮਾਰਚ ਕੀਤਾ। ਕੱਲ ਇਲਾਕੇ ਵਿੱਚੋਂ  ਦੋ ਮਜ਼ਦੂਰਾਂ ਸੰਭੂ ਅਤੇ ਕੇਦਾਰਨਾਥ ਨਾਲ਼ ਬਿੱਲਾ, ਹੈਪੀ ਆਦਿ ਗੁੰਡਿਆਂ ਵੱਲੋਂ ਕੁੱਟਮਾਰ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੋਈਆਂ ਹਨ। ਇਹ ਗੁੰਡਾ ਗਿਰੋਹ ਇਲਾਕੇ ਵਿੱਚ ਲੰਮੇ ਸਮੇਂ ਤੋਂ ਲੁੱਟ ਖੋਹਾਂ, ਲੋਕਾਂ ਦੀ ਕੁੱਟਮਾਰ, ਕੁੜੀਆਂ ਨਾਲ਼ ਛੇੜਛਾੜ ਲਈ ਸਰਗਰਮ ਹੈ। ਲੋਕਾਂ ਨੇ ਕਈ ਵਾਰ ਇਹਨਾਂ ਖਿਲਾਫ਼ ਪੁਲੀਸ ਕੋਲ਼ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਕੱਲ ਵਾਲ਼ੇ ਮਾਮਲਿਆਂ ਵਿੱਚ ਵੀ ਪੁਲੀਸ ਦਾ ਰਵੱਈਆ ਢਿੱਲਾ ਹੈ। ਇਸ ਲਈ ਮਜ਼ਦੂਰਾਂ ਨੇ ਬਸਤੀ ਜੋਧੇਵਾਲ ਥਾਣੇ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਲਾਇਆ। 
ਮਜ਼ਦੂਰਾਂ ਦੇ ਰੌਹ ਨੂੰ ਦੇਖਦੇ ਹੋਏ ਪੁਲੀਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪਰ ਇਹ ਗੱਲ ਪੱਕੀ ਹੈ ਕਿ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਲੰਮੀ ਅਤੇ ਸਖ਼ਤ ਲੜਾਈ ਲੜਣੀ ਪਵੇਗੀ। ਜਿਵੇਂ ਕਿ ਪਹਿਲਾਂ ਦੇਖਿਆ ਗਿਆ ਹੈ ਕਿ ਪੁਲੀਸ ਪ੍ਰਸ਼ਾਸ਼ਨ ਲੋਕਾਂ ਦੀ ਰੱਖਿਆ ਲਈ ਹੋਣ ਦਾ ਸਿਰਫ਼ ਢੋਂਗ ਕਰਦੇ ਹਨ ਪਰ ਇਹਨਾਂ ਦੀ ਛਤਰ-ਛਾਇਆ ਹੇਠ ਹੀ ਗੁੰਡਾ-ਗਿਰੋਹ ਪਲਦੇ ਹਨ। ਲੋਕਾਂ ਦੇ ਇਕਮੁੱਠ ਹੋਏ ਬਿਨਾਂ ਗੁੰਡਾ ਗਰਦੀ ਨੂੰ ਬੰਦ ਨਹੀਂ ਕਰਵਾਇਆ ਜਾ ਸਕਦਾ। ਟੈਕਸਟਾਈਲ-ਹੌਜ਼ਰੀ ਕਾਮਗਾਰ ਦੀ ਇਹ ਸਪੱਸ਼ਟ ਸਮਝ ਹੈ ਕਿ ਲੋਕਾਂ ਨੂੰ ਸਰਕਾਰੀ ਪ੍ਰਬੰਧ ਤੋਂ ਸੁਰੱਖਿਆ ਦੀ ਉਮੀਦ ਨਹੀਂ ਰੱਖਣੀ ਚਾਹੀਦੀ, ਉਹਨਾਂ ਨੂੰ ਆਪਣੀ ਰੱਖਿਆ ਲਈ ਆਪ ਅੱਗੇ ਆਉਣਾ ਪਵੇਗਾ। ਪੁਲੀਸ ਪ੍ਰਸ਼ਾਸ਼ਨ ਵੀ ਗੁੰਡਾਗਰਦੀ ਖਿਲਾਫ਼ ਉਦੋਂ ਹੀ ਕਾਰਵਾਈ ਕਰਦਾ ਹੈ ਜਦੋਂ ਲੋਕ ਇੱਕਮੁੱਠ ਹੋਕੇ ਸੰਘਰਸ਼ ਕਰਦੇ ਹਨ। ਇਸ ਦੌਰਾਨ ਮਜ਼ਦੂਰਾਂ ਦੇ ਇਕੱਠ ਨੂੰ ਲਖਵਿੰਦਰ, ਵਿਸ਼ਵਨਾਥ, ਵਿਸ਼ਾਲ ਆਦਿ ਨੇ ਸੰਬੋਧਿਤ ਕੀਤਾ। 
ਇਸ ਮੁਹਿੰਮ ਨਾਲ ਜੁੜਣ ਲਈ ਸੰਪਰਕ:ਲਖਵਿੰਦਰ-9646150249

No comments: