Thursday, July 30, 2015

ਯਾਕੂਬ ਮੈਮਨ ਦੀ ਫਾਂਸੀ ਮਗਰੋਂ ਸੋਚਣ ਲਈ ਮਜਬੂਰ ਕਰਦੀ ਇੱਕ ਪੋਸਟ

Published on 30 Jul 2015
ਅਗਲੇ ਸਾਲਾਂ `ਚ ਵੀ ਰੜਕਦੀ ਰਹੇਗੀ ਇਹ ਫਾਂਸੀ--ਕੰਵਰ ਸੰਧੂ *
1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਵੀਰਵਾਰ ਸਵੇਰੇ ਫਾਂਸੀ ਦੇ ਦਿੱਤੀ ਗਈ... ਇਸ ਮਸਲੇ `ਤੇ ਵੱਖਰੇ-ਵੱਖਰੇ ਵਿਚਾਰ ਨੇ... ਪਰ ਕਿਉਂਕਿ ਹੁਣ ਫਾਂਸੀ ਦੇ ਦਿੱਤੀ ਗਈ ਏ, ਕੁੱਝ ਨਹੀਂ ਹੋ ਸਕਦਾ... ਲੇਕਿਨ ਜਿਸ ਤਰੀਕੇ ਨਾਲ ਇਹ ਫਾਂਸੀ ਦਿੱਤੀ ਗਈ ਏ, ਉਹ ਚਿੰਤਾਜਨਕ ਹੈ... ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਬੰਬ ਧਮਾਕੇ ਬਹੁਤ ਭਿਆਨਕ ਸਨ... ਅਤੇ ਇਨ੍ਹਾਂ `ਚ 257 ਲੋਕਾਂ ਦੀ ਜਾਨ ਚਲੀ ਗਈ ਅਤੇ700 ਲੋਕ ਜ਼ਖਮੀ ਹੋਏ... ਇਨ੍ਹਾਂ ਧਮਾਕਿਆਂ `ਚ ਮੁੱਖ ਦੋਸ਼ੀ ਯਾਕੂਬ ਦਾ ਭਰਾ ਟਾਈਗਰ ਮੈਮਨ ਅਤੇ ਦਾਵੂਦ ਇਬਰਾਹੀਮ ਨੇ, ਜੋ ਦੋਵੇਂ ਫਰਾਰ ਨੇ... ਇਨ੍ਹਾਂ ਧਮਾਕਿਆਂ `ਚ ਯਾਕੂਬ ਨੇ ਅਹਿਮ ਭੂਮਿਕਾ ਨਿਭਾਈ... ਪਰ ਧਮਾਕਿਆਂ ਤੋਂ ਦੋ ਦਿਨ ਪਹਿਲੋਂ ਉਹ ਆਪਣੇ ਪਰਿਵਾਰ ਸਮੇਤ ਮੁਲਕ ਤੋਂ ਬਾਹਰ ਚਲਾ ਗਿਆ ਸੀ... ਯਾਕੂਬ ਮੈਮਨ ਦੇ ਵਕੀਲਾਂ ਨੇ ਅਤੇ ਹੋਰ ਲੋਕਾਂ ਨੇ ਉਸ ਨੂੰ ਰਾਹਤ ਦੇਣ ਲਈ ਕਈ ਕਾਰਨ ਦਿੱਤੇ ਸਨ... ਪਹਿਲਾ, ਕਿ ਉਸ ਨੇ ਧਮਾਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਾਰੇ ਪਲਾਟ ਦੀ ਡੂੰਘਾਈ `ਚ ਜਾਣ ਦੀ ਮਦਦ ਕੀਤੀ... ਦੂਸਰਾ, ਉਸ ਨੂੰ ਜੇਲ੍ਹ ਵਿਚ 21 ਸਾਲ ਹੋ ਗਏ ਸਨ... ਤੀਸਰਾ, ਬੰਬ ਧਮਾਕਿਆਂ `ਚ ਉਸ ਦੀ ਭੂਮਿਕਾ ਜ਼ਰੂਰ ਸੀ, ਪਰ ਧਮਾਕੇ ਉਸ ਨੇ ਨਹੀਂ ਕੀਤੇ... ਸੁਪਰੀਮ ਕੋਰਟ ਦੇ ਇੱਕ ਜੱਜ ਜਸਟਿਸ ਕੁਰੀਅਨ ਜੋਸੇਫ ਨੇ ਇਹ ਵੀ ਕਿਹਾ ਸੀ ਕਿ ਇਸ ਕੇਸ ਵਿਚ ਸੁਪਰੀਮ ਕੋਰਟ ਦੇ ਕੁੱਝ ਪ੍ਰੋਸੀਜਰਸ ਦੀ ਉਲੰਘਣਾ ਵੀ ਕੀਤੀ ਗਈ ਹੈ... ਪਰ ਕਿਉਂਕਿ ਸੁਪਰੀਮ ਕੋਰਟ ਨੇ ਇਨ੍ਹਾਂ ਸਾਰੀਆਂ ਦਲੀਲਾਂ `ਚ ਕੋਈ ਦਮ ਨਹੀਂ ਸਮਝਿਆ, ਸਾਨੂੰ ਸਾਰਿਆਂ ਨੂੰ ਉਸ ਨੂੰ ਦਿੱਤੀ ਸਜ਼ਾ ਨੂੰ ਕਬੂਲਣਾ ਪਵੇਗਾ... ਪਰ ਜੋ ਫਾਂਸੀ ਦੇਣ ਤੋਂ 12 ਘੰਟੇ ਪਹਿਲੋਂ ਹੋਇਆ, ਉਸ ਵਿਚ ਜਲਦਬਾਜ਼ੀ ਸਾਫ ਝਲਕਦੀ ਹੈ... ਬੁੱਧਵਾਰ ਦੀ ਸ਼ਾਮ ਨੂੰ ਇੱਕ ਨਵੀਂ ਮਰਸੀ ਪਟੀਸ਼ਨ ਉੱਤੇ ਕੁੱਝ ਘੰਟਿਆਂ ਵਿਚ ਹੀ ਗ੍ਰਹਿ ਮੰਤਰਾਲੇ ਨੇ ਅਤੇ ਰਾਸ਼ਟਰਪਤੀ ਦਫਤਰ ਨੇ ਫੈਸਲਾ ਕਰ ਦਿੱਤਾ... ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ ਸਾਰੀ ਰਾਤ ਇਹ ਕੇਸ ਸੁਣਦੇ ਰਹੇ ਅਤੇ ਸਵੇਰੇ 5 ਵਜੇ ਉਨ੍ਹਾਂ ਫੈਸਲਾ ਦਿੱਤਾ ਕਿ ਫਾਂਸੀ 7 ਵਜੇ ਤੋਂ ਪਹਿਲੋਂ ਹੀ ਦਿੱਤੀ ਜਾਏਗੀ... ਸਵਾਲ ਇਹ ਉੱਠਦਾ ਹੈ ਕਿ, ਕੀ ਇਹ ਸਵੇਰੇ 7 ਵਜੇ ਦੀ ਡੱੈਡਲਾਈਨ ਕਿਸੇ ਬੰਦੇ ਦੀ ਜਾਨ ਨਾਲੋਂ ਵੀ ਅਹਿਮ ਸੀ... ਕੀ ਇਹ ਦ੍ਰਿਸ਼ਟੀਕੋਣ ਕਿ ਕਿਸੇ ਇਨਸਾਨ ਨਾਲ ਧੱਕਾ ਹੋ ਰਿਹਾ ਹੈ, ਉਸ ਦੀ ਕੋਈ ਅਹਿਮੀਅਤ ਨਹੀਂ... ਜੇ ਇਹ ਸਭ ਕੁੱਝ ਦਿਨ ਦਿਹਾੜੇ ਅਤੇ ਦਿਨ ਦੇ ਚਾਨਣ ਵਿਚ ਅਤੇ ਪਾਰਦਰਸ਼ੀ ਤਰੀਕੇ ਨਾਲ ਵਿਚਾਰਿਆ ਜਾਂਦਾ, ਤਾਂ ਕੋਈ ਆਫਤ ਆ ਜਾਣੀ ਸੀ... ਤੁਹਾਨੂੰ ਯਾਦ ਹੋਏਗਾ ਕਿ 2013 `ਚ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਚੁੱਪ ਚਪੀਤੇ ਫਾਂਸੀ ਹਾਲੇ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ... ਇਹ ਜਿਹੜਾ ਸਰਕਾਰ ਦਾ 7 ਵਜੇ ਤੋਂ ਪਹਿਲੋਂ ਹਰ ਹਾਲ `ਚ ਫਾਂਸੀ ਦੇਣ ਦਾ ਫੈਸਲਾ ਹੈ, ਜਿਸ ਵਿਚ ਸੁਪਰੀਮ ਕੋਰਟ ਨੇ ਵੀ ਹਾਮੀ ਭਰੀ ਹੈ, ਇਹ ਸ਼ਾਇਦ ਅਗਲੇ ਦਿਨਾਂ `ਚ ਹੀ ਨਹੀਂ ਅਗਲੇ ਸਾਲਾਂ `ਚ ਵੀ ਰੜਕਦਾ ਰਹੇਗਾ..
.*ਕੰਵਰ ਸੰਧੂ ਹੁਰਾਂ ਨੇ ਦੇਸ਼ ਅਤੇ ਪੰਜਾਬ ਨੂੰ ਬਹੁਤ ਹੀ ਨਾਜ਼ੁਕ ਵੇਲਿਆਂ ਚੋਂ  ਨਿਕਲਦਾ ਦੇਖਿਆ ਹੈ। ਉਹਨਾਂ ਹਮੇਸ਼ਾਂ ਸਮੇਂ ਸਿਰ ਸਚ  ਬੋਲਿਆ ਅਤੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਆਪਣੀ ਗੱਲ ਰੱਖੀ। 
No comments: