Wednesday, May 20, 2015

ਪਿੰਡ ਹਵਾਸ 'ਚ 100 ਫੀਸਦੀ ਪਖ਼ਾਨਿਆਂ ਦੀ ਸਹੂਲਤ 10 ਜੂਨ ਤੱਕ

ਸਾਹਮਣੇ ਆਉਣ ਲੱਗੇ ਸਵੱਛ ਭਾਰਤ ਮੁਹਿੰਮ ਦੇ ਚੰਗੇ ਨਤੀਜੇ 
*ਲੁਧਿਆਣਾ ਵਿੱਚ 'ਪੰਜਾਬ ਰੂਰਲ ਵਾਟਰ ਐਂਡ ਸੈਨੀਟੇਸ਼ਨ ਸੈਕਟਰ ਇੰਪਰੂਵਮੈਂਟ ਪ੍ਰੋਗਰਾਮ' ਦੀ ਸ਼ੁਰੂਆਤ
*ਪ੍ਰੋਗਰਾਮ ਸ਼ੁਰੂ ਕਰਨ ਪਿੱਛੇ ਸ਼ਰਨਜੀਤ ਸਿੰਘ ਢਿੱਲੋਂ ਦੇ ਵਿਸ਼ੇਸ਼ ਯਤਨ
ਲੁਧਿਆਣਾ: 20 ਮਈ 2015: (ਪੰਜਾਬ ਸਕਰੀਨ ਬਿਊਰੋ):
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ 'ਸਵੱਛ ਭਾਰਤ ਅਭਿਆਨ' ਅਧੀਨ ਸ਼ੁਰੂ ਕੀਤੇ ਗਏ 'ਪੰਜਾਬ ਰੂਰਲ ਵਾਟਰ ਐਂਡ ਸੈਨੀਟੇਸ਼ਨ ਸੈਕਟਰ ਇੰਪਰੂਵਮੈਂਟ ਪ੍ਰੋਗਰਾਮ' ਤਹਿਤ ਹਲਕਾ ਸਾਹਨੇਵਾਲ ਵਿੱਚ ਪੈਂਦਾ ਪਿੰਡ ਹਵਾਸ ਆਗਾਮੀ 10 ਜੂਨ ਤੱਕ 100 ਫੀਸਦੀ ਪਖ਼ਾਨਿਆਂ ਦੀ ਸਹੂਲਤ ਨਾਲ ਲੈੱਸ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਪ੍ਰੋਗਰਾਮ ਲਈ 1100 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਜਿਸ ਤਹਿਤ ਸੂਬੇ ਭਰ ਵਿੱਚ 6.25 ਲੱਖ ਪਖ਼ਾਨੇ ਬਣਾਏ ਜਾਣਗੇ, ਜਿਸ ਵਿੱਚੋਂ ਕਰੀਬ 2600 ਇਕੱਲੇ ਜਿਲ੍ਹਾ ਲੁਧਿਆਣਾ ਵਿੱਚ ਹੀ ਬਣਨਗੇ। 
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰ. ਜਸਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਰਾਹੋਂ ਸੜਕ 'ਤੇ ਸਥਿਤ ਪਿੰਡ ਹਵਾਸ ਜਿਲ੍ਹਾ ਲੁਧਿਆਣਾ ਦਾ ਪਹਿਲਾ ਪਿੰਡ ਹੈ, ਜਿਹੜਾ ਕਿ ਉਪਰੋਕਤ ਪ੍ਰੋਗਰਾਮ ਅਧੀਨ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਲੁਧਿਆਣਾ ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਦੇ ਵਿਸ਼ੇਸ਼ ਯਤਨਾਂ ਤਹਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿੰਡ ਹਵਾਸ ਦੇ ਲੋਕਾਂ ਨੇ ਅਗਾਮੀ 10 ਜੂਨ ਤੱਕ 100 ਫੀਸਦੀ ਪਖ਼ਾਨਿਆਂ ਦੀ ਉਪਲੱਬਧਤਾ ਵਾਲਾ ਪਿੰਡ ਬਣਾਉਣ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਸ੍ਰ. ਚਾਹਲ ਨੇ ਅੱਗੇ ਦੱਸਿਆ ਕਿ ਪਿੰਡ ਹਵਾਸ ਵਿੱਚ ਇਸ ਪ੍ਰੋਗਰਾਮ ਦੇ ਪੂਰੇ ਹੋਣ ਉਪਰੰਤ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜਿਸ ਤਹਿਤ ਪਿੰਡ ਦੇ ਛੱਪੜਾਂ ਅਤੇ ਸਾਲਿਡ ਵੇਸਟ ਦੀ ਸਫਾਈ ਸ਼ੁਰੂ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਅਧੀਨ ਵੀ ਪਿੰਡ ਨੂੰ ਵਿਕਾਸ ਕਾਰਜਾਂ ਲਈ 12 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ। 
ਇਸ ਮੌਕੇ ਹਾਜ਼ਰ ਵੇਰਕਾ ਮਿਲਕ ਪਲਾਂਟ, ਲੁਧਿਆਣਾ ਦੇ ਚੇਅਰਮੈਨ ਸ੍ਰ. ਅਜਮੇਰ ਸਿੰਘ ਭਾਗਪੁਰ ਨੇ ਦੱਸਿਆ ਕਿ 'ਪੰਜਾਬ ਰੂਰਲ ਵਾਟਰ ਐਂਡ ਸੈਨੀਟੇਸ਼ਨ ਸੈਕਟਰ ਇੰਪਰੂਵਮੈਂਟ ਪ੍ਰੋਗਰਾਮ' ਦੀ ਸ਼ੁਰੂਆਤ ਪਿੰਡ ਹਵਾਸ ਦੇ ਵਿਕਾਸ ਵਿੱਚ ਵੱਡਾ ਮੀਲ ਪੱਥਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਸਫ਼ਲਤਾਪੂਰਵਕ ਸਮਾਪਤੀ 'ਤੇ ਪਿੰਡ ਹਵਾਸ ਦਾ ਨਾਮ 'ਨਿਰਮਲ ਗਰਾਮ ਅਵਾਰਡ' ਲਈ ਪ੍ਰਸਤਾਵਿਤ ਕੀਤਾ ਜਾਵੇਗਾ। ਇਹ ਅਵਾਰਡ ਭਾਰਤ ਸਰਕਾਰ ਵੱਲੋਂ ਸਾਲਾਨਾ ਦਿੱਤਾ ਜਾਂਦਾ ਹੈ। ਜਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਸ੍ਰ. ਭਾਗ ਸਿੰਘ ਮਾਨਗੜ ਨੇ ਕਿਹਾ ਕਿ ਜਲਦੀ ਹੀ ਇਸ ਪ੍ਰੋਗਰਾਮ ਨੂੰ ਜਿਲ੍ਹਾ ਲੁਧਿਆਣਾ ਦੇ 900 ਹੋਰ ਪਿੰਡਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਦੇ ਰਾਜਸੀ ਸਕੱਤਰ ਸ੍ਰ. ਰਛਪਾਲ ਸਿੰਘ, ਵੇਰਕਾ ਮਿਲਕ ਪਲਾਂਟ ਦੇ ਡਾਇਰੈਕਟਰ ਸ੍ਰ. ਜਸਵੰਤ ਸਿੰਘ ਗਿੱਲ, ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਸ੍ਰ. ਸ਼ਿੰਦਰਪਾਲ ਸਿੰਘ ਸਰਪੰਚ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। 

No comments: