Sunday, April 26, 2015

ਬਾਪੂ ਸੂਰਤ ਸਿੰਘ ਖਾਲਸਾ ਦੀ ਹਾਲਤ ਗੰਭੀਰ

 Sun, Apr 26, 2015 at 6:24 AM
ਸੰਘਰਸ਼ ਕਮੇਟੀ ਦਾ ਕੀਤਾ ਗਿਆ ਹੋਰ ਵਿਸਥਾਰ 
ਲੁਧਿਆਣਾ: 26 ਅਪ੍ਰੈਲ 2015: (ਵਿਸ਼ਾਲ ਕੁਮਾਰ//ਪੰਜਾਬ ਸਕਰੀਨ):
ਅੱਜ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਪਿੰਡ ਹਸਨਪੁਰ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਘਰ ’ਚ  ਹੋਈ, ਜਿਸ ਵਿੱਚ ਬਾਪੂ ਸੂਰਤ ਸਿੰਘ ਖ਼ਾਲਸਾ  ਵੱਲੋਂ ਬੰਦੀ ਸਿੰਘਾਂ ਦੀ ਰਿਹਾਈ  ਲਈ ਕੀਤੀ ਭੁੱਖ ਹੜਤਾਲ ਦੀ ਰੌਸ਼ਨੀ ਵਿੱਚ ਸੰਘਰਸ਼ ਨੂੰ ਵੱਡੀ ਪੱਧਰ ’ਤੇ ਖੜਾ ਕਰਨ ਲਈ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਨੌਜਵਾਨਾਂ ਦੀਆਂ ਜਥੇਬੰਦੀਆਂ ਦੇ ਪ੍ਰਤੀਨਿਧੀ ਵੀ ਵੱਡੀ ਲੁਧਿਆਣਾ: ਗਿਣਤੀ ’ਚ ਸ਼ਾਮਲ ਹੋਏ। ਸੰਘਰਸ਼ ਕਮੇਟੀ ਦੇ ਕੋਆਡੀਨੇਟਰ ਗੁਰਦੀਪ ਸਿੰਘ ਬਠਿੰਡਾ ਨੇ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਜਿਸ ਵਿੱਚ ਪਿਛਲੇ ਦਿਨੀਂ ਪੁਲਿਸ ਹਿਰਾਸਤ ਦੌਰਾਨ ਸਿਵਿਲ ਹਸਪਤਾਲ ’ਚ ਇੱਕ ਸੀਨੀਅਰ ਅਫ਼ਸਰ ਮੁਖਵਿੰਦਰ ਸਿੰਘ ਭੁੱਲਰ ਅਤੇ ਏ.ਐਸ.ਆਈ ਗੁਰਤੇਜ ਸਿੰਘ ਨੇ ਸ਼ਹੀਦ ਸੰਤ ਜਰਨੈਲ ਸਿੰਘ ਬਾਰੇ ਭੱਦੀ ਸ਼ਬਦਾਵਲੀ ਵਰਤੀ, ਸੰਤ ਜੀ ਦੇ ਪੋਸਟਰ ਵੀ ਪਾੜੇ ਅਤੇ ਇੱਕ ਹੋਰ ਏ.ਐਸ.ਆਈ. ਰਿਚਡ ਮਸੀਹ ਨੇ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸਪੁੱਤਰ ਨੂੰ ਪੁਲਿਸ ਹਿਰਾਸਤ ਵਿੱਚ ਮਾਰਿਆ ਕੁੱਟਿਆ। ਉਹਨਾਂ ਕਿਹਾ ਕਿ ਇਹ  ਜ਼ਾਲਮਨਾਮਾ ਕਾਰਵਾਈ ਸਿੱਖ ਕੌਮ ਉੱਤੇ ਹਮਲਾ ਹੈ ਅਤੇ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ ਵਾਲੀ ਬਾਦਲ ਸਰਕਾਰ ਇਹਨਾਂ ਘਟਨਾਵਾਂ ਲਈ ਦੋਸ਼ੀ ਅਫ਼ਸਰਾਂ ਵਿਰੁੱਧ ਕਾਰਵਾਈ ਕਿਉ ਨਹੀਂ ਕਰਦੀ? ਤੇ  ਉਹਨਾਂ ਵਿਰੁੱਧ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਨੌਕਰੀਆ ਤੋਂ ਬਰਖ਼ਾਸਤ ਕੀਤਾ ਜਾਵੇ। ਗੁਰਦੀਪ ਸਿੰਘ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਸੰਘਰਸ਼ ਕਮੇਟੀ ਦਾ ਹੋਰ ਵਿਸਥਾਰ ਕੀਤਾ ਗਿਆ ਹੈ ਅਤੇ ਹੁਣ ਇਹਨਾਂ ਮੈਂਬਰਾਂ  ਦੀ ਗਿਣਤੀ 13 ਹੋ ਗਈ ਹੈ। ਇਹ ਕਮੇਟੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਰਣਨੀਤੀਆਂ ਤਿਆਰ ਕਰੇਗੀ। ਗੁਰਦੀਪ ਸਿੰਘ ਨੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਲਗਾਤਾਰ ਵਿਗੜ ਰਹੀ ਸਿਹਤ ’ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਉਹਨਾਂ ਨੂੰ ਪਖਾਨੇ ਰਾਹੀਂ ਖੂਨ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਉਹਨਾਂ ਦੇ ਸਾਰੇ ਸਰੀਰ ਵਿੱਚ ਗੰਭੀਰ ਦਰਦ ਹੋ ਰਿਹਾ ਹੈ। ਉਹਨਾਂ ਕਿਹਾ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਆਪਣੇ ਆਖ਼ਰੀ ਸਾਹਾਂ ਤੱਕ ਇਹ ਸੰਘਰਸ਼ ਜਾਰੀ ਰੱਖਣਗੇ ਅਤੇ ਉਹ ਦ੍ਰਿੜ  ਇਰਾਦੇ ਦੇ ਮਾਲਕ ਹਨ, ਜਦ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ, ਉਹ ਭੁੱਖ-ਹੜਤਾਲ ਕਦੇ ਵੀ ਖ਼ਤਮ ਨਹੀਂ ਕਰਨਗੇ। ਮੀਟਿੰਗ ਦੌਰਾਨ ਬਾਪੂ ਸੂਰਤ ਸਿੰਘ  ਖ਼ਾਲਸਾ ਨੇ ਵੀ ਇਸ ਦ੍ਰਿੜਤਾ ਨੂੰ ਬਾਰ-ਬਾਰ ਦੌਹਰਾਇਆ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹਾਦਤ ਦਾ ਜਾਮ ਪੀਣ ਲਈ ਦ੍ਰਿੜ ਸਕੰਲਪ ਹਨ। ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੁਰਅਮਨ ਅਤੇ ਪੂਰੇ ਜ਼ਾਬਤੇ ’ਚ ਰਹਿ ਕੇ ਜੱਦੋ-ਜਹਿਦ ਕਰਨ। ਮੀਟਿੰਗ ਵਿੱਚ ਪੰਜਾਬ ਦੇ ਲੋਕਾਂ ਨੂੰ  ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਪੁਰਅਮਨ ਰਹਿ ਕੇ ਪਿੰਡ ਹਸਨਪੁਰ (ਜ਼ਿਲ੍ਹਾ ਲੁਧਿਆਣਾ) ਵੱਲ ਵਹੀਰਾ ਘੱਤਣ ਜਿੱਥੇ ਬਾਪੂ ਸੂਰਤ ਸਿੰਘ ਕੌਮ ਦੀਆਂ ਮੰਗਾਂ ਲਈ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਮੀਟਿੰਗ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਮੀਰ ਦੀ ਆਵਾਜ਼ ਸੁਣਨ ਲਈ ਵੀ ਕਿਹਾ ਗਿਆ ਕਿਉਕਿ ਜੇ ਬਾਪੂ ਸੂਰਤ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਤੁਹਾਡੇ ਉੱਤੇ ਇਤਿਹਾਸਕ ਕਲੰਕ ਲੱਗ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਲਾਹਨਤਾਂ ਪਾਉਣਗੀਆਂ ਕਿ ਇਹੋ ਜਿਹੇ ਵਿਅਕਤੀ ਨੂੰ ਪੰਥ ਰਤਨ ਅਤੇ ਫਖ਼ਰ-ਏ-ਕੌਮ ਵਰਗੀਆਂ ਉੱਪਾਧੀਆਂ ਨਾਲ ਕਿਉ ਨਿਵਾਜ਼ਿਆ ਗਿਆ।

No comments: