Monday, February 23, 2015

ਹਰਭਜਨ ਮਾਨ ਨੇ ਦਿੱਤਾ ਲਚਰ ਗਾਇਕੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਬੀਬੀ ਭਗਵੰਤ ਕੌਰ ਦੀ ਯਾਦ ਵਿਚ ਸੱਭਿਆਚਾਰਕ ਪ੍ਰੋਗਰਾਮ
ਬੁਲੰਦ ਆਵਾਜ਼ ਨੇ ਕੀਲੇ ਸਰੋਤੇ-ਇਕਬਾਲ ਮਾਹਲ ਦੀਆਂ ਕਿਤਾਬਾਂ ਦੀ ਘੁੰਡ ਚੁਕਾਈ 
ਦੋਰਾਹਾ: ( ਲੁਧਿਆਣਾ): 23 ਫਰਵਰੀ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਮਾਹੌਲ ਸੰਗੀਤ ਦੀ ਮਸਤੀ ਵਾਲਾ ਸੀ। ਸਰੋਤੇ ਮਸਤ ਸਨ। ਹਰ ਕੋਈ ਮਗਨ ਹੋ ਕੇ ਸੁਣ ਰਿਹਾ ਸੀ। ਇਸ ਮਸਤੀ ਭਰੇ ਮਾਹੌਲ ਵਿੱਚ ਉਘੇ ਗਾਇਕ ਹਰਭਜਨ ਮਾਨ ਨੇ ਸੁਨੇਹਾ ਦਿੱਤਾ ਕਿ ਵਿਦਿਆਰਥੀ ਵਰਗ ਆਪਣੇ ਕੈਰੀਅਰ ਨੂੰ ਬਣਾਵੇ, ਜਿੰਦਗੀ ਦੇ ਰੰਗ ਵੀ ਮਾਣੇ ਪਰ ਨਸ਼ਿਆਂ ਤੋਂ ਦੂਰ ਰਹੇ ਕਿਓਂਕਿ ਨਸ਼ੇ ਸਿਰਫ ਮੌਤ ਤੱਕ ਲੈ ਕੇ ਜਾਂਦੇ ਹਨ। ਉਹਨਾਂ ਸਮਾਗਮ ਵਿੱਚ ਮੌਜੂਦ ਜਨਾਬ ਇਕ਼ਬਾਲ ਮਾਹਲ, ਗੁਰਭਜਨ ਸਿੰਘ ਗਿੱਲ ਅਤੇ ਰਾਜਦੀਪ ਸਿੰਘ ਗਿੱਲ ਨਾਲ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਇਹ ਮੌਕਾ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਹੋਏ ਸਮਾਗਮ ਦਾ ਸੀ ਜਿਸਨੂੰ ਇਕਬਾਲ ਮਾਹਲ ਦੀ ਟੀਮ ਵਲੋਂ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਪ੍ਰਧਾਨ ਮੈਡਮ ਰੂਪ ਬਰਾੜ ਅਤੇ ਜਨਰਲ ਸਕੱਤਰ ਸ. ਹਰਪ੍ਰਤਾਪ ਸਿੰਘ ਬਰਾੜ ਦੇ ਸਹਿਯੋਗ ਨਾਲ ਬੀਬੀ ਭਗਵੰਤ ਕੌਰ ਦੀ ਯਾਦ ਨੂੰ ਸਮਰਪਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਹਰਭਜਨ ਮਾਨ ਵੱਲੋਂ ਗੀਤ ਸੰਗੀਤ ਦੇ ਨਾਲ ਨਾਲ ਸ਼ਾਇਰਾਨਾ ਵਾਰਤਕ ਵਾਲੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਸਰੋਤਿਆਂ ਦੇ ਦਿਲਾਂ ਨੂੰ ਬਾਰ ਬਾਰ ਟੁੰਬਿਆ। ਬੜਾ ਕੁਝ ਭੁਲਾਇਆ ਅਤੇ ਬੜਾ ਕੁਝ ਚੇਤੇ ਵੀ ਕਰਾਇਆ। ਉਹਨਾਂ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਅੱਜ ਪੰਜਾਬੀ ਗਾਣੇ ਹੱਥ ਵਿੱਚ ਰਿਮੋਟ ਫੜ੍ਹ ਕੇ ਦੇਖਣੇ ਪੈਂਦੇ ਹਨ ਕਿਓਂਕਿ ਪਤਾ ਨਹੀਂ ਕਿਸ ਵੇਲੇ ਕਿਸ ਨੇ ਕੀ ਬੋਲ ਦੇਣਾ ਹੈ ਇਸ ਲਈ ਝੱਟਪੱਟ ਚੈਨਲ ਬਦਲਣ ਦੀ ਤਿਆਰੀ ਰੱਖਣੀ ਪੈਂਦੀ ਹੈ। ਉਹਨਾਂ ਬਾਪੂ ਕਰਨੈਲ ਸਿੰਘ ਪਾਰਸ, ਪ੍ਰੋਫੈਸਰ ਮੋਹਨ ਸਿੰਘ, ਗੁਰਦਾਸ ਮਾਨ, ਧਰਮਿੰਦਰ ਅਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲ ਜੁੜੀਆਂ ਕਈ ਯਾਦਾਂ ਅਤੇ ਗੱਲਾਂ ਨੂੰ ਬੜੇ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤਾ। ਉਹਨਾਂ ਸੁਆਲ ਵੀ ਕੀਤਾ ਕਿ ਅਮੀਰ ਸ਼ਬਦਾਵਲੀ ਅਤੇ ਅਮੀਰ ਵਿਰਸੇ ਵਾਲੀ ਪੰਜਾਬੀ ਗਾਇਕੀ ਦੇ ਹੁੰਦਿਆਂ ਕੀ ਕੁੜੀਆਂ ਨੂੰ ਨੰਗਿਆਂ ਕਰਕੇ ਨਚਾਉਣਾ ਜਰੂਰੀ ਹੈ?
ਹਰਭਜਨ ਮਾਨ ਨੇ ਆਪਣੀ ਸਿਹਤ ਅਤੇ ਸਦਾ ਭਰ ਕਾਇਆ ਵਾਲਾ ਰਾਜ਼ ਵੀ ਸਾਰਿਆਂ ਨੂੰ ਦੱਸਿਆ ਕਿ ਉਹ ਆਪਣੀ ਸਿਹਤ ਅਤੇ ਜਵਾਨੀ ਨੂੰ ਸੰਭਾਲ ਕੇ ਰੱਖਣ ਲਈ ਕੀ ਕੀ ਕਰਦੇ ਹਨ? ਉਹਨਾਂ ਇਸ ਗੱਲ ਤੇ ਵੀ ਵਿੰਗ ਕੱਸਿਆ ਕਿ ਅੱਜਕਲ੍ਹ ਸਾਰੇ ਗਾਇਕ ਜੰਮਦਿਆਂ ਹੀ ਉਸਤਾਦ ਪੈਦਾ ਹੁੰਦੇ ਹਨ।
ਪ੍ਰੋਗਰਾਮ ਦੇ ਆਰੰਭ ਵਿਚ ਗੁਰੂ ਨਾਨਕ ਨਸ਼ਨਲ ਕਾਲਜ, ਦੋਰਾਹਾ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਤੇ ਉਨ੍ਹਾਂ ਦੀ ਸ਼ਲਾਘਾ  ਕੀਤੀ। ਇਸ ਸਮਾਗਮ ਦੌਰਾਨ ਕਾਲਜ ਦੇ ਪ੍ਰਧਾਨ ਸ਼੍ਰੀਮਤੀ ਰੂਪ ਬਰਾੜ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੇ ਸਮਾਗਮ ਬੀਬੀ ਭਗਵੰਤ ਕੌਰ ਦੀ ਯਾਦ ਵਿਚ ਕਾਲਜ ਵਲੋਂ ਹਰ ਸਾਲ ਕਰਵਾਏ ਜਾਣਗੇ।
ਇਸ ਸਮਾਗਮ ਦੌਰਾਨ ਸੁਨੀਲ ਸੱਜਲ, ਨੇਹਾ ਡੋਗਰਾ, ਬੀਰ ਸਿੰਘ, ਮੁਮਤਾਜ ਅਲੀ, ਸੁਰਮਨਦੀਪ ਸਿੰਘ, ਅੰਮ੍ਰਿਤ ਸਿੰਘ ਹੈਰੀ, ਰਘੂ ਛੱਲਾ ਅਤੇ ਮੰਨਾ ਢਿੱਲੋਂ ਨੇ ਵੱਖ_ਵੱਖ ਤਰ੍ਹਾਂ ਦੇ ਗੀਤ ਅਤੇ ਗਂਲਾਂ ਦੁਆਰਾ ਸਰੋਤਿਆਂ ਦਾ ਮਨੋਰੰਜਨ ਕੀਤਾ ਅਤੇ ਕਾਲਜ ਵਲੋਂ ਇਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਉਘੇ ਵਿਦਵਾਨ ਗੁਰਭਜਨ ਗਿੱਲ ਉਚੇਚੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਇਕਬਾਲ ਮਾਹਲ ਜੀ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਭਰ ਰਹੀ ਨੌਜਵਾਨ ਪੀੜ੍ਹੀ ਨੂੰ ਚੰਗੀ ਗਾਇਕੀ ਵਲ ਪ੍ਰੇਰਿਤ ਤੇ ਉਤਸਾਹਿਤ ਕਰਨਾ ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਹੈ ਅਤੇ ਉਹ ਤਨ ਮਨ ਨਾਲ ਇਸ ਉਪਰਾਲੇ ਨੂੰ ਨਿਭਾਅ ਰਹੇ ਹਨ। ਇਸ ਮੌਕੇ ਤੇ ਸ਼੍ਰੀ ਇਕਬਾਲ ਮਾਹਲ ਜੀ ਦੀਆਂ ਦੋ ਕਿਤਾਬਾਂ "ਸੁਰਾਂ ਦੇ ਸੌਦਾਗਰ" ਅਤੇ ‘ਡੌਗੀਟੇਲ ਡਰਾਈਵਰ" ਦੀ ਘੁੰਡ ਚੁਕਾਈ ਕੀਤੀ ਗਈ।
ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਤੇ ਫਿਲਮੀ ਅਦਾਕਾਰ ਹਰਭਜਨ ਮਾਨ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਵਿਚ ਬੀਬੀ ਭਗਵੰਤ ਕੌਰ ਦੀ ਯਾਦ ਨੂੰ ਸਮਰਪਿਤ ਕਰਦਿਆਂ ‘ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ  ‘ਮਾਨਾਂ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ, ‘ਤਿੰਨ ਰੰਗ ਨਹੀਂ ਲੱਭਣੇ ਬੀਬਾ, ‘ਮਾਂ ਵਰਗਾ ਘਣਛਾਵਾਂ ਬੂਟਾ ਪ੍ਰਸਿਧ ਗੀਤ ਗਾ ਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਆ ਰਹੀ ਨਵੀਂ ਐਲਬਮ ਵਿਚਲਾ ਗੀਤ ‘ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆa ਗਾ ਕੇ ਸਰੋਤਿਆਂ ਦਾ ਭਰਪੂਰ ਪਿਆਰ ਪ੍ਰਾਪਤ ਕੀਤਾ ਅਤੇ ‘ਚਿੱਠੀਏ ਨੀ ਚਿੱਠੀਏ  ਗਾ ਕੇ ਮਾਹੌਲ ਨੂੰ ਗਮਗੀਨ ਕਰ ਦਿੱਤਾ।
ਇਸ ਸਮੇਂ ਸ਼੍ਰੀਮਤੀ ਸਰਤਾਜ ਢਿੱਲੋਂ, ਬੀਬੀ ਹਰਵਿੰਦਰ ਕੌਰ ਪਾਂਗਲੀ, ਸ. ਪਵਿੱਤਰਪਾਲ ਸਿੰਘ ਪਾਂਗਲੀ, ਸ. ਜੋਗੇਸ਼ਵਰ ਸਿੰਘ ਮਾਂਗਟ, ਸ. ਪ੍ਰੇਮ ਸਿੰਘ ਮਲੀਪੁਰ, ਸ. ਹਰਚਰਨ ਸਿੰਘ ਮਾਂਗਟ, ਸ. ਸਤਿੰਦਰਪਾਲ ਸਿੰਘ ਸਿੱਧਵਾਂ, ਸ. ਪ੍ਰਿਥੀਪਾਲ ਸਿੰਘ ਬਟਾਲਾ, ਸ਼੍ਰੀਮਤੀ ਗੁਲਾਟੀ, ਜਨਦੀਪ ਕੌਸ਼ਲ, ਗੀਤਕਾਰ ਜਸਵਿੰਦਰ ਲਾਲੀ ਅਤੇ ਪੱਤਰਕਾਰ ਜਸਵੀਰ ਝੱਜ ਵੀ ਸ਼ਾਮਲ ਸਨ।
ਸਮਾਗਮ ਦੇ ਅੰਤ ਵਿਚ ਸ਼੍ਰੀ ਇਕਬਾਲ ਮਾਹਲ ਨੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਹਰਭਜਨ ਮਾਨ ਜੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਕਾਲਜ ਕਮੇਟੀ ਵਲੋਂ ਹਰਭਜਨ ਮਾਨ ਜੀ ਨੂੰ ਸਨਮਾਨਿਤ ਕੀਤਾ ਗਿਆ।
(ਸਹਿਯੋਗ: ਸ਼ੀਬਾ ਸਿੰਘ ਅਤੇ ਕਾਰਤਿਕਾ ਸਿੰਘ)

No comments: