Sunday, September 28, 2014

ਜਲੰਧਰ ਦੂਰਦਰਸ਼ਨ ਵਾਲੇ ਪ੍ਰੋਫੈਸਰ ਕੰਵਲਜੀਤ ਦਾ ਦੇਹਾਂਤ

ਅੱਜ ਬਾਦ ਦੁਪਹਿਰ DMC ਹਸਪਤਾਲ ਵਿੱਚ ਲਿਆ ਆਖਿਰੀ ਸਾਹ 
ਲੁਧਿਆਣਾ: 28 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):
ਯਾਰਾਂ ਦਾ ਯਾਰ ਅਤੇ ਕਈ ਖੇਤਰਾਂ ਵਿੱਚ ਆਪਣੀ ਜਾਦੂਈ ਪਕੜ ਰੱਖਨ ਵਾਲਾ ਹਰ ਦਿਲ ਅਜ਼ੀਜ਼ ਨਿਊਜ਼ ਐਂਕਰ ਪ੍ਰੋਫੈਸਰ ਕੰਵਲਜੀਤ ਸਾਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਿਆ ਹੈ। ਉਸਦਾ ਤੁਰ ਜਾਣਾ ਸ਼ਾਇਰੀ ਦੇ ਖੇਤਰ ਲਈ ਵੀ ਇੱਕ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ। ਫੋਟੋਗਰਾਫੀ ਦੇ ਖੇਤਰ ਵਿੱਚ ਵੀ ਉਸਦੀ ਪੂਰੀ ਪਕੜ ਸੀ। ਜਲੰਧਰ ਦੂਰਦਰਸ਼ਨ ਤੋਂ ਖਬਰਾਂ ਪੜ੍ਹਦਿਆਂ ਕੰਵਲਜੀਤ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾ ਲਈ ਸੀ। ਖਬਰ ਕੀ ਹੈ ਇਸਦਾ ਪਤਾ ਉਸਦੀ ਆਵਾਜ਼ ਦੇ ਅੰਦਾਜ਼ ਤੋਂ ਲੱਗਦਾ ਸੀ। ਖਬਰ ਵਿਚਲੇ ਅਹਿਸਾਸ ਉਸਦੀ ਉਚਾਰਣ ਅਤੇ ਲਹਿਜ਼ੇ ਰਾਹੀਂ ਦਿਲ ਵਿੱਚ ਉਤਰ ਜਾਂਦੇ ਸਨ। ਪ੍ਰੋਫੈਸਰ ਕੰਵਲਜੀਤ ਨੇ ਅੱਜ ਬਾਅਦ ਦੁਪਹਿਰ ਡੀ ਐਮ ਸੀ ਹਸਪਤਾਲ ਵਿਖੇ ਆਖਿਰੀ ਸਾਹ ਲਿਆ।  ਸਾਹਾਂ ਦੀ ਇਹ ਲੜੀ ਟੁੱਟਦਿਆਂ ਹੀ ਇਹ ਸੋਗੀ ਖਬਰ ਸੋਸ਼ਲ ਮੀਡੀਆ ਰਹਿਣ ਘਰ ਘਰ ਤੱਕ ਪੁੱਜ ਗਈ। ਉਮਰ ਸਿਰਫ 49 ਵਰ੍ਹੇ। ਅਜੇ ਕਾਫੀ ਕੁਝ ਕਰਨਾ ਸੀ ਪਰ ਹੋਣੀ ਹੋ ਕੇ ਰਹੀ। ਜਿਸ ਜਿਸ ਨਾਲ ਵੀ ਮੁਲਾਕਾਤ ਹੋਈ ਉਸਨੂੰ ਨਾ ਇਹ ਚੇਹਰਾ ਭੁੱਲਿਆ ਤੇ ਨਾ ਹੀ ਇਹ ਸੁਭਾਅ। ਪਹਿਲੀ ਮਿਲਣੀ ਵਿੱਚ ਹੀ ਬੜੀ ਸਹਿਜਤਾ ਨਾਲ ਦਿਲ ਵਿੱਚ ਉਤਰ ਜਾਣਾ ਅਤੇ ਆਪਣੀ ਸਥਾਈ ਥਾਂ ਬਣਾ ਲੈਣੀ ਉਸ ਦੀ ਨੇਚਰ ਵਿਚ ਸ਼ਾਮਲ ਸੀ। ਫੁੱਲਾਂ ਵਾਂਗ ਹਰ ਕਿਸੇ ਨੂੰ ਮਹਿਕ ਦੇਣੀ ਤੇ ਉਸਨੂੰ ਹਮੇਸ਼ਾਂ ਲਈ ਆਪਣਾ ਬਣਾ ਲੈਣਾ--ਉਸ ਕੋਲ ਕਮਾਲ ਦਾ ਜਾਦੂ ਸੀ। ਹੁਣ ਉਹ ਜਾਦੂਈ ਸ਼ਖਸੀਅਤ ਅਸੀਂ ਨਹੀਂ ਦੇਖ ਸਕਾਂਗੇ। ਹੂ ਉਹ ਆਵਾਜ਼ ਸ਼ਾਇਦ ਅਸੀਂ ਕਦੇ ਵੀ ਲਾਈਵ ਨਹੀਂ ਸੁਣ ਸਕਾਂਗੇ। ਸ਼ਾਇਰੀ ਦੀ ਦੁਨੀਆ ਸਦਮੇ ਵਿੱਚ ਹੈ। ਫ਼ੋਟੋਗ੍ਰਾਫ਼ੀ ਦੀ ਦੁਨੀਆ ਉਦਾਸ ਹੈ। ਖਬਰਾਂ ਵਾਲੇ ਅੱਜ ਖੁਦ ਸਦਮੇ ਵਿੱਚ ਹਨ। 

No comments: