Tuesday, August 05, 2014

ਰੋਗਾਂ ਦਾ ਮੁੱਖ ਕਾਰਣ -

Tue, Aug 5, 2014 at 2:25 PM
ਦੂਸ਼ਿਤ ਪਾਣੀ, ਗ਼ੈਰ ਸੁਥਰੇ ਹਾਲਾਤ ਤੇ ਮਾੜਾ ਨਿਕਾਸੀ ਪ੍ਰਬੰਧ:GADVASU 
ਲੁਧਿਆਣਾ-05-ਅਗਸਤ-2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪਾਣੀ ਤੋਂ ਹੋਣ ਵਾਲੇ ਬਹੁਤ ਸਾਰੇ ਰੋਗ ਜਿਵੇਂ ਪੀਲੀਆ, ਦਸਤ, ਹੈਜ਼ਾ, ਟਾਈਫਾਈਡ, ਹੈਪਟਾਈਟਸ ਅਤੇ ਭੋਜਨ ਦਾ ਜ਼ਹਿਰਬਾਦ ਅਜਿਹੀਆਂ ਬਿਮਾਰੀਆਂ ਹਨ ਜੋ ਗੰਦੇ ਅਤੇ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੁੰਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਇਹਨਾਂ ਬਿਮਾਰੀਆਂ ਦੀ ਕਰੋਪੀ ਬਹੁਤ ਵੱਧ ਜਾਂਦੀ ਹੈ, ਕਿਉਂਕਿ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦਾ ਮਿਲ ਜਾਣਾ ਇਕ ਵੱਡਾ ਕਾਰਣ ਬਣਦਾ ਹੈ।ਇਹ ਬਿਮਾਰੀਆਂ ਪਰਜੀਵੀਆਂ, ਬੈਕਟੀਰੀਆ ਅਤੇ ਵਾਇਰਲ ਦੇ ਰੂਪ ਵਿੱਚ ਮਨੁੱਖ ਨੂੰ ਬਿਮਾਰ ਕਰਦੀਆਂ ਹਨ। ਇਹ ਰੋਗਾਣੂ ਮਨੁੱਖੀ ਅੰਤੜੀਆਂ ਨੂੰ ਪ੍ਰਭਾਵਿਤ ਕਰਦੇ ਹਨ, ਕਿਉਂਕਿ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵ ਦੂਸ਼ਿਤ ਪਾਣੀ ਰਾਹੀਂ ਸਿੱਧੇ ਮਨੁੱਖੀ ਸਰੀਰ ਵਿੱਚ ਜਾ ਪਹੁੰਚਦੇ ਹਨ। ਬਰਸਾਤ ਦੇ ਮੌਸਮ ਵਿੱਚ ਹੋਣ ਵਾਲੇ ਇਹਨਾਂ ਰੋਗਾਂ ਸਬੰਧੀ ਚਰਚਾ ਕਰਦਿਆਂ ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਜਨਤਕ ਸਿਹਤ ਸਕੂਲ ਦੇ ਨਿਰਦੇਸ਼ਕ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਵਿਸ਼ਵ ਵਿੱਚ ਹੁੰਦੇ ਕੁੱਲ ਬੀਮਾਰਾਂ ਵਿੱਚੋਂ 4.2 ਪ੍ਰਤੀਸ਼ਤ ਪੇਟ ਅਤੇ ਦਸਤ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ।ਹਰ ਸਾਲ ਵਿਸ਼ਵ ਵਿੱਚ ਇਹਨਾਂ ਰੋਗਾਂ ਕਾਰਣ ਤਕਰੀਬਨ 20 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।ਇਹ ਅਨੁਮਾਨ ਕੀਤਾ ਜਾਂਦਾ ਹੈ ਕਿ ਇਹਨਾਂਮੌਤਾਂ ਵਿੱਚੋਂ 88 ਪ੍ਰਤੀਸ਼ਤ ਦੂਸ਼ਿਤ ਪਾਣੀ, ਸਫਾਈ ਦੇ ਮਾੜੇ ਹਾਲਾਤ ਅਤੇ ਗੰਦੇ ਪਾਣੀ ਦੀ ਅਯੋਗ ਨਿਕਾਸੀ ਦੇ ਕਾਰਣ ਹੁੰਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਬੱਚੇ ਇਸ ਦਾ ਸਭ ਤੋਂ ਵੱਧ ਸ਼ਿਕਾਰ ਬਣਦੇ ਹਨ। 
ਵੈਟਨਰੀ ਯੂਨੀਵਰਸਿਟੀ ਦੇ ਜਨਤਕ ਸਿਹਤ ਵਿਭਾਗ ਦੇ ਮਾਹਿਰਾਂ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਰੁਕਾਵਟ, ਸੀਵਰੇਜ ਦੀ ਗ਼ੈਰ ਨਿਕਾਸੀ ਅਤੇ ਦੂਸ਼ਿਤ ਪਾਣੀ ਦੇ ਪੀਣ ਯੋਗ ਪਾਣੀ ਵਿੱਚ ਮਿਲ ਜਾਣ ਕਾਰਣ ਇਹ ਬਿਮਾਰੀਆਂ ਫੈਲਦੀਆਂ ਹਨ।ਇਸ ਤੋਂ ਇਲਾਵਾ ਰੁਕਿਆ ਹੋਇਆ ਪਾਣੀ ਵਧੇਰੇ ਮੱਛਰ ਪੈਦਾ ਕਰਦਾ ਹੈ ਅਤੇ ਇਹਨਾਂ ਮੱਛਰਾਂ ਰਾਹੀਂ ਡੇਂਗੂ ਅਤੇ ਮਲੇਰੀਏ ਵਰਗੇ ਰੋਗ ਫੈਲਦੇ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਹ ਆਪਣੀ ਵਸੋਂ ਵਾਲੀਆਂ ਥਾਵਾਂ ਦੇ ਨੇੜੇ ਤੇੜੇ ਪਾਣੀ ਬਿਲਕੁਲ ਨਾ ਇਕੱਠਾ ਹੋਣ ਦੇਣ ਅਤੇ ਪਾਣੀ ਨਿਕਾਸੀ ਮਾਰਗਾਂ ਨੂੰ ਵੀ ਦਰੁਸਤ ਰੱਖਣ। ਲੋਕ ਪੀਣ ਵਾਸਤੇ ਸ਼ੁੱਧ ਪਾਣੀ ਵਰਤਣ ਜੋ ਕਿ ਉਬਾਲ ਕੇ ਜਾਂ ਕਿਸੇ ਸ਼ੁੱਧੀਕਰਣ ਤਰੀਕੇ ਰਾਹੀਂ ਸਾਫ ਕੀਤਾ ਹੋਣਾ ਚਾਹੀਦਾ ਹੈ। ਉਬਾਲ ਕੇ ਸ਼ੁੱਧ ਕੀਤਾ ਜਾਣ ਵਾਲਾ ਪਾਣੀ ਘੱਟੋ ਘੱਟ 20 ਮਿੰਟ ਉਬਾਲਣਾ ਚਾਹੀਦਾ ਹੈ ਜਿਸ ਨਾਲ ਕਿ ਉਸ ਵਿਚਲੇ ਪਰਜੀਵੀਆਂ ਦੇ ਆਂਡੇ ਖਤਮ ਹੋ ਜਾਣ।ਪਾਣੀ ਸਬੰਧੀ ਕਿਸੇ ਕਿਸਮ ਦਾ ਸ਼ੱਕ ਹੋਣ ਤੇ ਉਸ ਨੂੰ ਕਿਸੇ ਭਰੋਸੇਯੋਗ ਪ੍ਰਯੋਗਸ਼ਾਲਾ ਤੋਂ ਜਾਂਚ ਕਰਵਾ ਲੈਣਾ ਚਾਹੀਦਾ ਹੈ, ਅਜਿਹੀ ਸਹੂਲਤ ਵੈਟਨਰੀ ਯੂਨੀਵਰਸਿਟੀ ਦੇ ਜਨਤਕ ਸਿਹਤ ਵਿਭਾਗ ਵਿਖੇ ਵੀ ਉਪਲਬਧ ਹੈ। ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਬਚਣ ਵਾਸਤੇ ਕਿਸੇ ਰੋਗਾਣੂਨਾਸ਼ਕ ਦਵਾਈ ਨੂੰ ਪਾਣੀ ਵਿੱਚ ਪਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਜੇ ਕੋਈ ਚਮੜੀ ਦਾ ਨੁਕਸ ਸਾਹਮਣੇ ਆਉਂਦਾ ਹੋਏ ਤਾਂ ਤੁਰੰਤ ਇਲਾਜ ਕਰਾਉਣਾ ਚਾਹੀਦਾ ਹੈ। 

No comments: