Tuesday, June 10, 2014

ਮੋਹਕਮ ਸਿੰਘ ਦੱਸੇ ਕਿ ਅਜੇ SGPC ਨੇ ਕਿਹੜੀ ਜਾਂਚ ਕਮੇਟੀ ਬਣਾਈ ਹੈ?

 Tue, Jun 10, 2014 at 3:47 PM
ਸ਼ਰਾਰਤੀ ਲੋਕਾਂ ਨੇ ਸਮੇਂ ਦਾ ਫਾਇਦਾ ਉਠਾਉਂਦਿਆਂ ਬਿਨ੍ਹਾਂ ਵਜ੍ਹਾ ਭੜਕਾਹਟ ਪੈਦਾ ਕੀਤੀ
ਅੰਮ੍ਰਿਤਸਰ: 10 ਜੂਨ 2014:  (ਕੁਲਵਿੰਦਰ ਸਿੰਘ ‘ਰਮਦਾਸ’/ਪੰਜਾਬ ਸਕਰੀਨ):

6 ਜੂਨ 1984 ‘ਚ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਮੇਂ ਦੀ ਸਰਕਾਰ ਨੇ ਭਾਰਤੀ ਫੌਜ ਰਾਹੀਂ ਹਮਲਾ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿੱਥੇ ਢਹਿ ਢੇਰੀ ਕੀਤਾ ਸੀ ਓਥੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੀਆਂ ਹਜ਼ਾਰਾਂ ਸੰਗਤਾਂ ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘੱਲੂਘਾਰੇ ਦੀ ਹਰ ਸਾਲ ਵਰ੍ਹੇਗੰਢ ਮਨਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਇਸ ਵਾਰ ਵੀ 6 ਜੂਨ 2014 ਨੂੰ 30ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕੁਝ ਸ਼ਰਾਰਤੀ ਲੋਕਾਂ ਨੇ ਆਪਣੀ ਸੌੜੀ ਰਾਜਨੀਤੀ ਨੂੰ ਚਮਕਾਉਣ ਲਈ ਆਪਣੀ ਆਦਤ ਮੁਤਾਬਿਕ ਧਾਰਮਿਕ ਅਸਥਾਨ ਤੇ ਸਮੇਂ ਦਾ ਫਾਇਦਾ ਉਠਾਉਂਦਿਆਂ ਸ਼੍ਰੋਮਣੀ ਕਮੇਟੀ ਖਿਲਾਫ ਬਿਨ੍ਹਾਂ ਵਜ੍ਹਾ ਭੜਕਾਹਟ ਪੈਦਾ ਕੀਤੀ। ਜਿਸ ਨੂੰ ਸ਼ਾਂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਧਿਕਾਰੀਆਂ ਨੇ ਵਾਰ-2 ਭੜਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼੍ਰੋਮਣੀ ਕਮੇਟੀ ਵਲੋਂ ਕੀਤੀ ਜਾ ਰਹੀ ਇਸ ਕੋਸ਼ਿਸ਼ ਵਿਚ ਭਾਈ ਮੋਹਕਮ ਸਿੰਘ ਖੁਦ ਵੀ ਸ਼ਾਮਲ ਸਨ, ਪਰ ਇਸਦੇ ਬਾਵਜੂਦ ਵੀ ਭੜਕੇ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹੁੱਲੜਬਾਜੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ 6 ਕਰਮਚਾਰੀਆਂ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ। ਇਥੋਂ ਤੀਕ ਕਿ ਧਾਰਮਿਕ ਸਖ਼ਸ਼ੀਅਤਾਂ ਖਿਲਾਫ ਰੱਜ ਕੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉਨ੍ਹਾਂ ਦੀ ਖਿੱਚ ਧੂਹ ਕਰ ਦਿੱਤੀ ਗਈ।
ਪ੍ਰੰਤੂ ਹੈਰਾਨੀ ਇਸ ਗੱਲ ਦੀ ਹੈ ਕਿ ਸਭ ਕੁਝ ਵੇਖਣ ਦੇ ਬਾਵਜੂਦ ਵੀ ਭਾਈ ਮੋਹਕਮ ਸਿੰਘ ਸਮੇਂ ਦਾ ਫਾਇਦਾ ਉਠਾ ਕੇ ਆਪਣੀ ਰਾਜਨੀਤੀ ਚਮਕਾਉਣ ਤੋਂ ਪਿੱਛੇ ਨਹੀਂ ਰਹੇ ਤੇ ਉਨ੍ਹਾਂ ਵੱਲੋਂ ਹੀ ਇਸ ਘਟਨਾ ਨੂੰ ਸ਼ਹਿ ਦੇਣ ਤੇ ਸ਼ੁਰੂਆਤ ਕਰਵਾਉਣ ਵਾਲੇ ਲੋਕਾਂ ਦੀ ਝੂਠ ਵਾਲੀ ਗੱਡੀ ਵਿੱਚ ਸਵਾਰ ਹੁੰਦਿਆਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਖਿਲਾਫ ਬਿਆਨ ਦਾਗਦਿਆਂ ਇਹ ਕਹਿ ਦਿੱਤਾ ਗਿਆ ਕਿ ਮੱਕੜ ਵੱਲੋਂ ਬਣਾਈ ਗਈ ਜਾਂਚ ਕਮੇਟੀ ਸਾਨੂੰ ਮਨਜ਼ੂਰ ਨਹੀਂ। ਸ਼ੋ੍ਰਮਣੀ ਕਮੇਟੀ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਭਾਈ ਮੋਹਕਮ ਸਿੰਘ ਨੂੰ ਪੁੱਛਿਆ ਹੈ ਕਿ ਅਜੇ ਤਾਂ ਕੋਈ ਕਮੇਟੀ ਬਣੀ ਹੀ ਨਹੀਂ ਤੁਹਾਨੂੰ ਇਸ ਦਾ ਕੀ ਮਨਜੂਰ ਨਹੀਂ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਤੇ ਪੱਤਰਕਾਰਾਂ ਵੱਲੋਂ ਪ੍ਰਧਾਨ ਸਾਹਿਬ ਨੂੰ ਪੁੱਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਹੈ, ਕਿ ਜਲਦੀ ਹੀ ਜਾਂਚ ਕਮੇਟੀ ਬਣਾ ਦਿੱਤੀ ਜਾਵੇਗੀ। ਪਰ ਹੈਰਾਨੀ ਹੈ ਕਿ ਭਾਈ ਮੋਹਕਮ ਸਿੰਘ ਏਨੇ ਐਡਵਾਂਸ ਹੋ ਗਏ ਕਿ ਕਮੇਟੀ ਬਣਨ ਤੋਂ ਪਹਿਲਾਂ ਹੀ ਨਾ ਮਨਜੂਰ ਵਾਲਾ ਬਿਆਨ ਦਾਗ ਦਿੱਤਾ ਕਿ ਕਿਤੇ ਮੈਂ ਇਸ ਮਾਮਲੇ ‘ਚ ਸਿਆਸਤ ਘੋਟਣੋ ਪਿੱਛੇ ਨਾ ਰਹਿ ਜਾਵਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸੁਚੇਤ ਕਰਦਿਆਂ ਦੱਸਿਆ ਜਾਂਦਾ ਹੈ ਕਿ 1984 ਦੇ ਘੱਲੂਘਾਰੇ ਦੀ ਯਾਦ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਤਾਜਾ ਰੱਖਦਿਆਂ ਹਰ ਸਾਲ 6 ਜੂਨ ਨੂੰ ਸਮਾਗਮ ਕਰਕੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ ਜਾਂਦਾ ਹੈ। ਪ੍ਰੰਤੂ ਕੁਝ ਪੰਥ ਦੋਖੀ ਸਿੱਖੀ ਭੇਸ ‘ਚ ਹੁੰਦਿਆਂ ਇਸ ਸਮਾਗਮ ਨੂੰ ਬੰਦ ਕਰਵਾਉਣ ਤੇ ਤੁਲੇ ਹੋਏ ਹਨ। ਜਿਨ੍ਹਾਂ ਦੇ ਭਾਸ਼ਣਾਂ ਤੋਂ ਵੱਡੇ ਪੰਥ ਦਰਦੀ ਜਾਪਦੇ ਹਨ, ਪਰ ਹਕੀਕਤ ਤੋਂ ਕੋਹਾਂ ਦੂਰ ਹਨ। ਅਸੀਂ ਸੰਗਤਾਂ ਨੂੰ ਸਪੱਸ਼ਟ ਕਰਦੇ ਹਾਂ ਕਿ ਅਜੇ ਥੋੜਾ ਸਮਾਂ ਪਹਿਲਾਂ ਹੀ ਲੋਕ ਸਭਾ ਚੋਣ ਲੰਘੀ ਹੈ ਜਿਸ ਵਿੱਚ ਖਡੂਰ ਸਾਹਿਬ ਹਲਕੇ ਦੀਆਂ ਸੰਗਤਾਂ ਨੇ ਬੁਰੀ ਤਰ੍ਹਾਂ ਮਾਨ ਨੂੰ ਨਕਾਰਦਿਆਂ ਕੇਵਲ ਪੰਦਰਾਂ ਹਜਾਰ ਦੇ ਕਰੀਬ ਹੀ ਵੋਟ ਦਿੱਤੇ ਪ੍ਰੰਤੂ ਮਾਨ ਦੇ ਝੂਠ ਦੀ ਕੋਈ ਹੱਦ ਨਹੀਂ, ਉਹ ਆਪਣੀ ਸ਼ਾਖ ਬਚਾਉਣ ਖਾਤਰ ਬਿਆਨ ਦਾਗ ਰਿਹਾ ਹੈ ਕਿ 1 ਲੱਖ ਲੋਕ ਉਸ ਨੂੰ ਸੁਣਨਾ ਚਾਹੁੰਦੇ ਸਨ ਜਦਕਿ ਅਨੁਮਾਨ ਮੁਤਾਬਕ ਉਸ ਦਿਨ ਸਮਾਗਮ ’ਚ 20 ਤੋਂ 25 ਹਜ਼ਾਰ ਲੋਕ ਹੀ ਸ਼ਾਮਲ ਸਨ।

No comments: