Friday, May 09, 2014

ਡੇਰਾ ਸਿਰਸਾ ਦੇ ਪ੍ਰੇਮੀ ਲਿੱਲੀ ਸ਼ਰਮਾ ਪਟਵਾਰੀ ਕਤਲ ਕੇਸ ਦਾ ਫੈਸਲਾ

Fri, May 9, 2014 at 7:07 PM
ਐੱਫ.ਆਈ.ਆਰ ਵਿਚ ਦਰਜ਼ 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ 
ਮਾਨਯੋਗ ਅਦਾਲਤ ਨੇ ਪੁਲਿਸ ਦੇ ਪੱਖ ਨੂੰ ਨਕਾਰਿਆ


ਭਾਈ ਦਲਜੀਤ ਸਿੰਘ ਬਿੱਟੂ ਅਤੇ 9 ਹੋਰ ਬਰੀ 
ਮਾਨਸਾ, 09 ਮਈ 2014(*ਮੰਝਪੁਰ//ਪੰਜਾਬ ਸਕਰੀਨ):
28 ਜੁਲਾਈ 2009 ਨੂੰ ਡੇਰਾ ਸਿਰਸਾ ਦੇ ਪ੍ਰੇਮੀ ਲਿੱਲੀ ਸ਼ਰਮਾ ਪਟਵਾਰੀ ਕਤਲ ਕੇਸ ਦਾ ਫੈਸਲਾ ਅੱਜ ਵਧੀਕ ਜਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜ ਕੁਮਾਰ ਗਰਗ ਦੀ ਮਾਨਯੋਗ ਅਦਾਲਤ ਵਲੋਂ ਫੈਸਲਾ ਸੁਣਾਇਆ ਗਿਆ, ਜਿਸ ਅਧੀਨ ਲਿੱਲੀ ਸ਼ਰਮਾ ਦੇ ਭਰਾ ਬਲੀ ਕੁਮਾਰ ਵਲੋਂ ਦਰਜ਼ ਐੱਫ. ਆਈ.ਆਰ ਨੰਬਰ 61, ਮਿਤੀ ੨28-07-2009 ਅਧੀਨ ਧਾਰਾ 302/34. ਥਾਣਾ ਸਦਰ ਮਾਨਸਾ ਵਿਚ ਦਰਜ਼ ਕਰਵਾਏ ਨਾਮ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਸਾਰੇ ਵਾਸੀ ਆਲਮਪੁਰ ਮੰਦਰਾਂ, ਜਿਲ੍ਹਾ ਮਾਨਸਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅਤੇ ਪੁਲਿਸ ਵਲੋਂ ਪੇਸ਼ ਕੀਤੇ ਪੱਖ ਨੂੰ ਨਕਾਰਦਿਆਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਮਨਧੀਰ ਸਿੰਘ, ਭਾਈ ਬਲਬੀਰ ਸਿੰਘ ਬੀਰਾ, ਪ੍ਰੋ. ਗੁਰਵੀਰ ਸਿੰਘ, ਭਾਈ ਗਮਦੂਰ ਸਿੰਘ, ਭਾਈ ਕਰਨ ਸਿੰਘ, ਭਾਈ ਰਾਜ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੁਰਦੀਪ ਸਿੰਘ ਰਾਜੂ, ਭਾਈ ਮੱਖਣ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਇਸ ਮੌਕੇ ਸਜ਼ਾ ਪਰਾਪਤ ਤਿੰਨਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਪਹਿਲਾਂ ਹੀ ਇਸ ਕੇਸ ਵਿਚ ਜਮਾਨਤ 'ਤੇ ਬਾਹਰ ਸਨ। ਭਾਈ ਬਲਬੀਰ ਸਿੰਘ ਬੀਰਾ ਤੇ ਭਾਈ ਕਰਨ ਸਿੰਘ ਕਿਸੇ ਹੋਰ ਕੇਸ ਵਿਚ ਨਜ਼ਰਬੰਦ ਹੋਣ ਕਾਰਨ ਬਾਹਰ ਨਹੀਂ ਆ ਸਕਣਗੇ।ਇਸ ਕੇਸ ਵਿਚ ਸ਼ਾਮਲ ਭਾਈ ਬਿੰਦਰ ਸਿੰਘ ਨੂੰ ਨਾਬਾਲਗ ਹੋਣ ਕਰਕੇ ਪਹਿਲਾਂ ਹੀ ਨਾਬਾਲਗਾਂ ਲਈ ਅਦਾਲਤ ਵਲੋਂ ਬਰੀ ਕੀਤਾ ਜਾ ਚੁੱਕਾ ਸੀ।

ਇਹ ਕੇਸ ਭਾਰਤੀ ਨਿਆਂ ਪਰਬੰਧ ਵਿਚ ਇਕ ਵਿਲੱਖਣ ਕੇਸ ਵਜੋਂ ਜਾਣਿਆ ਜਾਵੇਗਾ ਕਿਉਂਕਿ ਪੰਜਾਬ ਪੁਲਸ ਵਲੋਂ ਇਸ ਕੇਸ ਵਿਚ ਨਿੱਤ ਨਵੇਂ ਗਵਾਹਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ ਰਹੀਆਂ ਤਾਂ ਜੋ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਨੂੰ ਇਸ ਕੇਸ ਵਿਚ ਸਜ਼ਾ ਦਿਵਾਈ ਜਾ ਸਕੇ ਪਰ ਝੂਠੇ ਗਵਾਹ ਝੜਦੇ ਗਏ ਤੇ ਅੰਤ ਕੇਸ ਬਰੀ ਹੋ ਗਿਆ। ਜਿਕਰਯੋਗ ਹੈ ਕਿ ਇਸ ਕੇਸ ਵਿਚ ਭਾਈ ਦਲਜੀਤ ਸਿੰਘ ਬਿੱਟੂ ਨੂੰ ਕਰੀਬ ਢਾਈ ਸਾਲ ਦੀ ਹਵਾਲਾਤ ਵੀ ਕੱਟਣੀ ਪਈ ਸੀ।

ਕੇਸ ਬਾਰੇ ਜਾਣਕਾਰੀ ਦਿੰਦਿਆ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਕੇਸ ਲਿੱਲੀ ਸ਼ਰਮਾ ਦੇ ਭਰਾ ਬਲੀ ਕੁਮਾਰ ਵਲੋਂ ਦਰਜ਼ ਐੱਫ. ਆਈ.ਆਰ ਤੋਂ ਸ਼ੁਰੂ ਹੋਇਆ ਸੀ ਕਿ 28-07-2009 ਨੂੰ ਮੈਂ ਬਲੀ ਕੁਮਾਰ ਆਪਣੇ ਭਰਾ ਲਿੱਲੀ ਸ਼ਰਮਾ ਵਲੋਂ  ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਸਾਰੇ ਵਾਸੀ ਆਲਮਪੁਰ ਮੰਦਰਾਂ ਦੇ ਖਿਲਾਫ307 ਦੇ ਇਸਤਗਾਸੇ ਦੀ ਤਰੀਕ ਭੁਗਤ ਕੇ ਆਪਣੇ ਮੋਟਰ ਸਾਰੀਕਲਾਂ 'ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਰਸਤੇ ਵਿਚ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਤੇ ਇਕ ਅਣਪਛਾਤੇ ਵਿਅਕਤੀ ਵਲੋਂ ਮੇਰੇ ਭਰਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਉਪਰੰਤ ਪੁਲਿਸ ਵਲੋਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

ਅੱਗੇ ਦੀ ਕਹਾਣੀ ਪੁਲਿਸ ਨੇ ਇਸ ਤਰ੍ਹਾਂ ਘੜ੍ਹੀ ਕਿ 03-08-2009 ਨੂੰ ਬਲੀ ਕੁਮਾਰ ਨੇ ਕਿਹਾ ਕਿ 28-07-2009 ਨੂੰ ਮੈਂ ਤਿੰਨਾਂ ਦੇ ਨਾਮ ਘਬਰਾਇਆ ਹੋਣ ਕਰਕੇ ਲਿਖਾ ਦਿੱਤੇ ਅਸਲ ਵਿਚ ਮੇਰੇ ਭਰਾ ਦਾ ਕਤਲ ਭਾਈ ਦਲਜੀਤ ਸਿੰਘ ਬਿੱਟੂ ਤੇ ਉਸਦੇ ਹੋਰਾਂ ਸਾਥੀਆਂ ਦੀ ਸਾਜ਼ਿਸ਼ ਨਾਲ ਹੋਇਆ ਹੈ ਜਿਸ ਲਈ ਉਸਦੇ ਨਾਲ ਅਨੇਕਾਂ ਗਵਾਹਾਂ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਵਲੋਂ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਨੂੰ ਡਿਸਚਾਰਜ ਕਰਕੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਕੇਸ ਵਿਚ ਅਹਿਮ ਮੋੜ ਉਦੋਂ ਆ ਗਿਆ ਜਦੋਂ ਬਲੀ ਕੁਮਾਰ ਅਦਾਲਤ ਵਿਚ ਗਵਾਹੀ ਦੇਣ ਆਇਆ ਤਾਂ ਉਸਨੇ ਕਿਹਾ ਕਿ ਉਹ ਆਪਣੇ ਐੱਫ. ਆਈ.ਆਰ ਵਾਲੇ ਬਿਆਨ ਉੱਤੇ ਹੀ ਖੜ੍ਹਾ ਹੈ ਅਤੇ ਮੇਰੇ ਭਰਾ ਲਿੱਲੀ ਸ਼ਰਮਾ ਦੇ ਕਤਲ ਲਈ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਤੇ ਇਕ ਅਣਪਛਾਤਾ ਵਿਅਕਤੀ ਵੀ ਜਿੰਮੇਵਾਰ ਹੈ ਅਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਮੈਂ ਇਸ ਸਬੰਧੀ 03-08-2009 ਨੂੰ ਕੋਈ ਬਿਆਨ ਪੁਲਿਸ ਨੂੰ ਦਿੱਤਾ ਹੈ ਜਿਹਾ ਕਿ ਪੁਲਿਸ ਕਹਿ ਰਹੀ ਹੈ। ਇਸ ਤੋਂ ਬਾਅਦ ਅਦਾਲਤ ਵਲੋਂ ਫਿਰ ਮਿੱਠੂ ਸਿੰਘ, ਡਾ. ਛਿੰਦਾ ਤੇ ਦਲਜੀਤ ਸਿੰਘ ਟੈਣੀ ਨੂੰ ਤਲਬ ਕਰ ਲਿਆ ਗਿਆ ਤੇ ਤਿੰਨਾਂ ਨੂੰ ਫਿਰ ਜਮਾਨਤ ਮਿਲ ਗਈ ਅਤੇ ਕਈ ਹੋਰਾਂ ਸਿੰਘਾਂ ਦੀਆਂ ਵੀ ਜਮਾਨਤਾਂ ਮਨਜੂਰ ਹੋ ਗਈਆਂ।ਜਦ ਕਿ ਬਲੀ ਕੁਮਾਰ ਦੇ ਇਸ ਬਿਆਨ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਤੋ ਹੋਰਾਂ ਨੂੰ ਇਸ ਕੇਸ ੁਵਚੋਂ ਡਿਸਚਾਰਜ ਕਰਨਾ ਬਣਨਦਾ ਸੀ।ਹਾਈ ਕੋਰਟ ਵਿਚ ਭਾਈ ਦਲਜੀਤ ਸਿੰਘ ਬਿੱਟੂ ਦੀ ਜਮਾਨਤ ਵੀ ਇਕ ਤੋਂ ਬਾਅਦ ਦੂਜੇ ਜੱਜ ਵਲੋਂ ਲਟਕਾਈ ਹੀ ਗਈ।

ਪੁਲਿਸ ਵਲੋਂ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਾਂ ਖਿਲਾਫ ਖੜੇ ਕੀਤੇ ਗਵਾਹ ਪੁਲਿਸ ਦੀਆਂ ਕਹੀਆਂ ਗਵਾਹੀਆਂ ਤੋਂ ਮੁਕਰਦੇ ਜਾ ਰਹੇ ਸਨ ਅਤੇ ਪੁਲਿਸ ਨਵੇਂ ਬਹਾਨਿਆਂ ਨਾਲ ਨਵੇਂ ਗਵਾਹ ਲਿਆ ਰਹੀ ਸੀ ਤੇ ਫਿਰ 18 ਜਨਵਰੀ 2011 ਨੂੰ ਭਾਈ ਮਨਧੀਰ ਸਿੰਘ ਨੂੰ ਇਸ ਕੇਸ ਵਿਚ ਗ੍ਰਿਫਤਾਰ ਕਰਕੇ ਅਡੀਸ਼ਨਲ ਚਲਾਨ ਪੇਸ਼ ਕਰ ਦਿੱਤਾ ਗਿਆ ਜਿਸ ਵਿਚ ਹੋਰ ਗਵਾਹ ਬਣਾ ਲਏ ਗਏ ਪਰ ਉਹ ਵੀ ਹੌਲੀ-ਹੌਲੀ ਪੁਲਿਸ ਦਬਾਅ ਦੇ ਬਾਵਜੂਦ ਝੂਠੀਆਂ ਗਵਾਹੀਆਂ ਦੇਣਾ ਨਾ ਮੰਨੇ ਤੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਕਰੀਬ ਢਾਈ ਸਾਲ ਦੀ ਹਵਾਲਾਤ ਕੱਟਣ ਤੋਂ ਬਾਅਧ 28 ਫਰਵਰੀ 2012 ਨੂੰ ਇਸ ਕੇਸ ਵਿਚੋਂ ਜਮਾਨਤ ਮਿਲਣ 'ਤੇ ਬਾਹਰ ਆਏ।ਇਹ ਕੇਸ ਬਰੀ ਹੋਣ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਦੇ ਹੁਣ ਤੱਕ ਕੁੱਲ 29 ਕੇਸ ਬਰੀ ਹੋ ਚੁੱਕੇ ਹਨ ਅਤੇ 3 ਕੇਸ ਜਿਹਨਾਂ ਵਿਚੋਂ 2 ਲੁਧਿਆਣਾ ਵਿਚ ਤੇ 1 ਜਲੰਧਰ ਵਿਚ ਚੱਲ ਰਿਹਾ ਹੈ।

ਇਸ ਕੇਸ ਵਿਚ ਸ਼ਾਮਲ ਕੀਤੇ ਭਾਈ ਬਲਬੀਰ ਸਿੰਘ ਬੀਰਾ ਉੱਤੇ ਕੁੱਲ 11 ਕੇਸ ਦਰਜ਼ ਕੀਤੇ ਗਏ ਜਿਹਨਾਂ ਵਿਚੋਂ ਇਸ ਕੇਸ ਸਮੇਤ ਕੁੱਲ 9 ਕੇਸਾਂ ਵਿਚੋਂ ਉਹ ਬਰੀ ਹੋ ਚੁੱਕਾ ਹੈ ਅਤੇ ਦੋ ਕੇਸ ਅਜੇ ਲੁਧਿਆਣਾ ਕੋਰਟ ਵਿਚ ਚੱਲ ਰਹੇ ਹਨ।ਭਾਈ ਮਨਧੀਰ ਸਿੰਘ ਤੇ ਪ੍ਰੋ. ਗੁਰਵੀਰ ਸਿੰਘ ਉੱਤੇ ਇਹ ਇੱਕ ਹੀ ਕੇਸ ਸੀ ਤੇ ਉਹ ਅੱਜ ਬਰੀ ਹੋ ਗਿਆ। ਬਾਕੀ ਸਾਰਿਆਂ ਦਾ ਵੀ ਇਹ ਆਖਰੀ ਕੇਸ ਸੀ।
ਇਸ ਕੇਸ ਵਿਚ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਵਲੋਂ ਵਕੀਲ ਬਿਮਲਜੀਤ ਸਿੰਘ, ਅਜੀਤ ਸਿੰਘ ਭੰਗੂ, ਬਾਬੂ ਸਿੰਘ ਮਾਨ, ਗੁਰਵਿੰਦਰ ਸਿੰਘ ਝੰਡੂਕੇ, ਗੁਰਦਾਸ ਸਿੰਘ ਮਾਨ ਪੇਸ਼ ਹੋਏ।ਸਜ਼ਾ ਯਾਫਤਾ ਤਿੰਨਾਂ ਵਲੋਂ ਵਕੀਲ ਗੁਲਾਬ ਸਿੰਘ ਤੇ ਬਲੀ ਕੁਮਾਰ ਵਲੋਂ ਵਕੀਲ ਐੱਸ.ਕੇ.ਗਰਗ ਤੇ ਗੁਰਲਾਭ ਸਿੰਘ ਪੇਸ਼ ਹੋਏ।

ਇਸ ਮੌਕੇ ਬੋਲਦਿਆਂ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਾਡਾ ਇਕ ਸਿਆਸੀ ਸੰਘਰਸ਼ ਚੱਲ ਰਿਹਾ ਹੈ ਜਿਸਦਾ ਟੀਚਾ ਅਜ਼ਾਦ ਤੇ ਨਿਆਂਕਾਰੀ ਰਾਜ ਪਰਬੰਧ ਦੀ ਉਸਾਰੀ ਕਰਨਾ ਹੈ ਅਤੇ ਸਰਕਾਰਾਂ ਅਜਿਹੇ ਝੂਠੇ ਕੇਸ ਪਾ ਕੇ ਸਾਡੇ ਸੰਘਰਸ਼ ਨੂੰ ਲੀਹੋਂ ਲਾਹੁਣ ਦੇ ਯਤਨ ਕਰਦੀਆਂ ਹਨ ਪਰ ਅਸੀਂ ਹਮੇਸ਼ਾ ਆਪਣੇ ਟੀਚਿਆਂ ਪ੍ਰਤੀ ਦ੍ਰਿਤ ਹਾਂ ਅਤੇ ਗੁਰੂਆਂ ਅਤੇ ਸ਼ਹੀਦਾਂ ਵਲੋਂ ਦਰਸਾਏ ਮਾਰਗ ਉੱਤੇ ਚੱਲਦੇ ਰਹਾਂਗੇ। ਉਹਨਾਂ ਕਿਹਾ ਕਿ ਸਾਡੇ ਸਿਆਸੀ ਸੰਘਰਸ਼ ਨੂੰ ਸਰਕਾਰਾਂ ਅਮਨ-ਕਾਨੂੰਨ ਦੇ ਹਲਾਤ ਨਾਲ ਜੋੜਦੀ ਹੈ ਜਦਕਿ ਸਾਡਾ ਸੰਘਰਸ਼ ਸਿਆਸੀ ਹੈ ਅਤੇ ਸਰਕਾਰਾਂ ਵਲੋਂ ਥੋੜਾ ਜਾਂ ਬਹੁਤਾ ਸਮਾਂ ਜੇਲ੍ਹਾਂ ਵਿਚ ਰੱਖਣ ਨਾਲ ਸਾਡਾ ਸੰਘਰਸ਼ ਰੁਕ ਨਹੀਂ ਸਕਦਾ ਕਿਉਂਕਿ ਇਹ ਸੰਘਰਸ਼ ਸਾਡਾ ਨਿੱਜੀ ਨਹੀਂ ਸਗੋਂ ਗੁਰੁ-ਪੰਥ ਦਾ ਆਪਣਾ ਹੈ ਅਤੇ ਜੀਤ ਹਮੇਸ਼ਾ ਹੀ ਪੰਥ ਕੀ ਹੁੰਦੀ ਹੈ।

*ਜਸਪਾਲ ਸਿੰਘ ਮੰਝਪੁਰ ਉਘੇ ਲਿਖਾਰੀ ਅਤੇ ਵਕੀਲ ਹੋਣ ਦੇ ਨਾਲ ਨਾਲ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਵੀ ਹਨ।  



No comments: