Monday, May 19, 2014

ਕਾਂਗਰਸ ਨੇ ਮੰਨਿਆ ਸੱਤਾ ਦੌਰਾਨ ਗਲਤੀਆਂ ਹੋਈਆਂ

ਪਾਰਟੀ ਨੇ ਠੁਕਰਾਈ ਸੋਨੀਆ ਅਤੇ ਰਾਹੁਲ ਦੇ ਅਸਤੀਫੇ ਦੀ ਪੇਸ਼ਕਸ਼ 
ਨਵੀਂ ਦਿੱਲੀ: 19 ਮਈ 2014: (ਪੰਜਾਬ ਸਕਰੀਨ ਬਿਊਰੋ):
ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਇਹ ਸਵੀਕਾਰ ਕਰਨ ਲੱਗ ਪਈ ਹੈ ਕਿ ਸੱਤਾ ਦੌਰਾਨ ਗਲਤੀਆਂ ਹੋਈਆਂ ਸਨ ਜਿਹਨਾਂ ਦਾ ਖਮਿਆਜ਼ਾ ਪਾਰਟੀ ਨੂੰ ਚੋਣਾਂ ਵਿੱਚ ਭੁਗਤਣਾ ਪਿਆ।  ਇਸਦੇ ਨਾਲ ਹੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਸੋਮਵਾਰ ਦੀ ਸ਼ਾਮ ਨੂੰ ਵਰਕਿੰਗ ਕਮੇਟੀ ਦੀ  ਮੀਟਿੰਗ ਦੌਰਾਨ  ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ ਜਿਸ ਨੂੰ ਪਾਰਟੀ ਦੇ ਆਗੂਆਂ ਨੇ ਇਹ ਆਖ ਕੇ ਰੱਦ ਕਰ ਦਿੱਤਾ ਕਿ ਹਾਰ ਲਈ ਅਸੀਂ ਸਾਰੇ ਸਮੂਹਿਕ ਤੌਰ 'ਤੇ ਜਿੰਮੇਵਾਰ ਹਾਂ।  ਚੋਣਾਂ 'ਚ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਬੁਲਾਈ ਗਈ ਕਾਂਗਰਸ ਵਰਕਿੰਗ ਕਮੇਟੀ ਦੀ ਇਸ ਖਾਸ ਬੈਠਕ ਦੌਰਾਨ ਸੋਨੀਆ ਅਤੇ ਰਾਹੁਲ ਵੱਲੋ ਅਸਤੀਫੇ ਦੀ ਪੇਸ਼ਕਸ਼ ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਪੂਰੀ ਤਰ੍ਹਾਂ  ਠੁਕਰਾ ਦਿੱਤਾ। ਇਸ ਮੀਟਿੰਗ ਵਿੱਚ ਰਾਹੁਲ ਗਾਂਧੀ, ਸੋਨੀਆ ਗਾਂਧੀਡਾਕਟਰ ਮਨਮੋਹਨ ਸਿੰਘ ਅਤੇ ਬਹੁਤ ਸਾਰੇ ਹੋਰਨਾਂ ਦੇ ਚਿਹਰੇ ਉਤਰੇ ਹੋਏ ਸਨ। ਇਹਨਾਂ ਚਿਹਰਿਆਂ 'ਤੇ ਚਿੰਤਾ, ਗੁੱਸੇ, ਖਿਝ ਅਤੇ ਪਛਤਾਵੇ ਦੇ ਮਿਲੇਜੁਲੇ ਭਾਵ ਰਹਿ ਰਹਿ ਕੇ ਉਭਰ ਰਹੇ ਸਨ। ਹਾਲ ਵਿੱਚ ਮੀਡੀਆ ਦੇ ਕੈਮਰੇ ਥਾਂ ਥਾਂ ਘੁੰਮ ਰਹੇ ਸਨ ਪਰ ਫਿਰ ਵੀ ਪਾਰਟੀ ਦੀ ਲੀਡਰਸ਼ਿਪ ਆਪਣੇ ਇਹਨਾਂ ਭਾਵਾਂ ਨੂੰ ਚਿਹਰਿਆਂ ਉੱਤੇ ਆਉਣ ਤੋਂ ਰੋਕ ਨਹੀਂ ਸਕੀ। ਕਾਬਿਲੇ ਜ਼ਿਕਰ ਹੈ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਨੂੰ ਸਿਰਫ 44 ਸੀਟਾਂ ਹਾਸਲ ਹੋਈਆਂ ਹਨ ਅਤੇ ਕਾਂਗਰਸ ਦੇ ਇਤਹਾਸ ਦਾ ਇਹ ਸਭ ਤੋਂ ਸ਼ਰਮਨਾਕ ਪ੍ਰਦਰਸ਼ਨ ਹੈ। ਇਸ ਪ੍ਰਦਰਸ਼ਨ 'ਤੇ ਵਿਚਾਰ ਕਰਨ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ 2 ਘੰਟੇ ਤਕ ਮੰਥਨ ਚੱਲਿਆ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਇਸ ਦੌਰਾਨ ਕਿਹਾ ਕਿ ਪਾਰਟੀ ਦੀ ਹਾਰ ਲਈ ਸਾਰੇ ਆਗੂ ਸਮੂਹਕ ਤੌਰ 'ਤੇ ਜ਼ਿੰਮੇਵਾਰ ਹਨ, ਇਸ ਲਈ ਸੋਨੀਆ ਅਤੇ ਰਾਹੁਲ ਦੇ ਅਸਤੀਫੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਬੈਠਕ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਨੇ ਇਕ ਪ੍ਰਸਤਾਵ ਪਾਸ ਕਰਕੇ ਸੋਨੀਆ ਅਤੇ ਰਾਹੁਲ ਦੀ ਅਗਵਾਈ 'ਚ ਪੂਰਾ ਭਰੋਸਾ ਜਤਾਇਆ। ਇਸ ਦੌਰਾਨ ਬੈਠਕ 'ਚ ਮੌਜੂਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲਈ ਅਤੇ ਕਈ ਕਾਂਗਰਸੀ ਆਗੂਆਂ ਨੇ ਇਹ ਕਬੂਲ ਕੀਤਾ ਕਿ ਸਰਕਾਰ 'ਚ ਰਹਿੰਦਿਆਂ ਕਾਂਗਰਸ ਕੋਲੋਂ ਵੱਡੀਆਂ ਗਲਤੀਆਂ ਹੋਈਆਂ ਹਨ, ਜਿਨ੍ਹਾਂ ਦਾ ਖਮਿਆਜ਼ਾ ਚੋਣਾਂ 'ਚ ਭੁਗਤਣਾ ਪਿਆ ਹੈ। ਕਾਸ਼ ਆਏ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ  ਵਾਧੇ ਦਾ ਐਲਾਨ ਕਰਨ ਵੇਲੇ ਇਹ ਗੱਲ ਯਾਦ ਰੱਖ ਲਈ ਜਾਂਦੀ ਕਿ  ਛੇਤੀ ਹੀ ਚੋਣਾਂ ਦੌਰਾਨ ਲੋਕਾਂ ਦਾ ਵੀ ਸਾਹਮਣਾ ਕਰਨਾ ਹੈ। ਲੋਕਾਂ ਨੂੰ ਤਾਂ ਯੂਪੀਏ ਸਰਕਾਰ ਨੇ ਰਸੋਈ ਗੈਸ ਦੇ ਸਲੰਡਰਾਂ ਵੇਲੇ ਵੀ ਭੁਲਾ ਦਿੱਤਾ ਅਤੇ ਕਈ ਹੋਰ ਮਾਮਲਿਆਂ ਵੇਲੇ ਵੀ। 

No comments: