Wednesday, April 09, 2014

GADVASU ਵੱਲੋਂ ਨਵੇਂ ਵਿੱਦਿਅਕ ਵਰ੍ਹੇ ਲਈ ਦਾਖਲਾ ਪ੍ਰਕਿਰਿਆ ਸ਼ੁਰੂ

Wed, Apr 9, 2014 at 2:14 PM
ਫਾਰਮ ਕਿਸੇ ਵੀ ਕੰਮਕਾਜੀ ਦਿਨ ਸਵੇਰੇ 09.00 ਵਜੇ ਤੋਂ 04.30 ਵਜੇ ਤੱਕ
ਲੁਧਿਆਣਾ:09-ਅਪ੍ਰੈਲ-2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਨੌਜਵਾਨਾਂ ਪੀੜ੍ਹੀ ਨੂੰ ਰੋਜ਼ਗਾਰ ਅਤੇ ਵਿੱਦਿਆ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਗਡਵਾਸੂ ਦੀ ਇਸ ਭੂਮਿਕਾ ਨੇ ਸੂਬੇ ਅਤੇ ਦੇਸ਼ ਦੇ ਅਰਥਚਾਰੇ ਨੂੰ ਵੀ ਮਜ਼ਬੂਤ ਬਣਾਇਆ ਹੈ। ਇਸੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਜਥੇ ਨਵੇਂ ਨਵੇਂ ਦਾਖਲੇ ਵੀ ਚੱਲਦੇ ਰਹਿੰਦੇ ਹਨ ਅਤੇ ਨਵੀਂ ਨਵੀਂ ਸਿਖਲਾਈ  ਵੀ। ਇਸ ਤਰ੍ਹਾਂ ਇਥੇ ਪੜ੍ਹਨ ਆਉਂਦੇ ਨੌਜਵਾਨ ਅਤੇ ਮੁਟਿਆਰਾਂ ਜਿਥੇ ਆਪਣਾ ਕੈਰੀਅਰ ਚੰਗਾ ਬਣਾਉਂਦੇ ਹਨ ਉੱਥੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰਦੇ ਹਨ। ਇਸ ਤਰ੍ਹਾਂ ਇਥੋਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ (ਵਿੱਦਿਅਕ ਵਰ੍ਹੇ 2014-15) ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰਯਾਗ ਦੱਤ ਜੁਆਲ ਨੇ ਕਿਹਾ ਕਿ ਦਾਖਲੇ ਸਬੰਧੀ ਸਾਰੀਆਂ ਜਾਣਕਾਰੀਆਂ ਹਿੱਤ ਪ੍ਰਾਸਪੈਕਟਸ ਯੂਨੀਵਰਸਿਟੀ ਦੇ ਵੈਟਨਰੀ ਸਾਇੰਸ ਕਾਲਜ ਵਿਖੇ ਉੱਪਲਬਧ ਹਨ। ਇਹ ਫਾਰਮ ਆਸਾਨੀ ਨਾਲ ਮਿਲ ਸਕਣਗੇ। 
ਇਸ ਦਾਖਲੇ ਨਾਲ ਸਬੰਧਤ ਫਾਰਮ ਕਿਸੇ ਵੀ ਕੰਮਕਾਜੀ ਦਿਨ ਸਵੇਰੇ 09.00 ਵਜੇ ਤੋਂ 04.30 ਵਜੇ ਤੱਕ ਲਏ ਜਾ ਸਕਦੇ ਹਨ। ਬਿਨਾਂ ਲੇਟ ਫੀਸ ਤੋਂ ਅੰਡਰ ਗ੍ਰੈਜੂਏਟ ਕੋਰਸਾਂ ਲਈ ਅੰਤਿਮ ਮਿਤੀ 06 ਮਈ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ 30 ਜੂਨ ਹੈ। ਲੇਟ ਫੀਸ ਨਾਲ ਫਾਰਮ ਜਮਾ ਕਰਾਉਣ ਦੀ ਤਾਰੀਖ ਕ੍ਰਮਵਾਰ 13 ਮਈ ਅਤੇ 05 ਜੁਲਾਈ ਹੋਏਗੀ।ਵੈਟਨਰੀ ਅਤੇ ਫਿਸ਼ਰੀਜ ਦੇ ਅੰਡਰ ਗ੍ਰੈਜੂਏਟ ਕੋਰਸਾਂ ਲਈ ਮੈਡੀਕਲ ਦੀ 10+2 ਜਮਾਤ ਦੇ ਨਾਲ ਕੈਮਿਸਟਰੀ ਅਤੇ ਅੰਗਰੇਜ਼ੀ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਕੀਤੀ ਹੋਣੀ ਚਾਹੀਦੀ ਹੈ ਜਦਕਿ ਡੇਅਰੀ ਤਕਨਾਲੋਜੀ ਦੇ ਕੋਰਸ ਵਾਸਤੇ 10+2 ਨਾਨ-ਮੈਡੀਕਲ ਵਿੱਚ ਕੈਮਿਸਟਰੀ ਅਤੇ ਅੰਗਰੇਜ਼ੀ ਨਾਲ ਕੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਤਿੰਨਾਂ ਕਾਲਜਾਂ, ਕਾਲਜ ਆਫ ਵੈਟਨਰੀ ਸਾਇੰਸ, ਕਾਲਜ ਆਫ ਡੇਅਰੀ ਸਾਇੰਸ ਤਕਨਾਲੋਜੀ ਅਤੇ ਕਾਲਜ ਆਫ ਫ਼ਿਸ਼ਰੀਜ ਦੇ ਅੰਡਰ ਗ੍ਰੈਜੁਏਟ ਕੋਰਸਾਂ ਲਈ 19 ਜੂਨ 2014 ਨੂੰ ਸਾਂਝੀ ਦਾਖਲਾ ਪ੍ਰੀਖਿਆ ਯੂਨੀਵਰਸਿਟੀ ਵੱਲੋਂ ਲਈ ਜਾਏਗੀ ਜਦਕਿ ਪੋਸਟ ਗ੍ਰੈਜੂਏਟ ਕੋਰਸਾਂ ਦਾ ਦਾਖਲਾ ਮੈਰਿਟ ਦੇ ਮੁਤਾਬਿਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਸਬੰਧੀ ਉਮੀਦਵਾਰਾਂ ਵਿੱਚ ਸਦਾ ਬਹੁਤ ਉਤਸ਼ਾਹ ਰਿਹਾ ਹੈ ਕਿਉਂਕਿ ਰੋਜ਼ਗਾਰ ਦੇ ਬੜੇ ਚੰਗੇ ਮੌਕੇ ਉਪਲੱਬਧ ਹਨ।  ਇਸ ਵਾਰ ਵੀ ਵੱਧ ਤੋਂ ਵੱਧ ਨੌਜਵਾਨ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹਨ। 
ਉਮੀਦਵਾਰ ਕਿਸੇ ਵੀ ਸਪੱਸ਼ਟੀਕਰਣ ਵਾਸਤੇ ਰਜਿਸਟਰਾਰ ਦਫਤਰ ਦੇ ਫੋਨ ਨੰਬਰ 0161-25533940161-2553394 ਜਾਂ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਤੋਂ ਜਾਣਕਾਰੀ ਲੈ ਸਕਦੇ ਹਨ।

No comments: