Tuesday, March 04, 2014

GNG ਕਾਲਜ ਵਿੱਚ ਹੋਇਆ ਵਿਦਾਇਗੀ ਸਮਾਰੋਹ

ਗੀਤ-ਸੰਗੀਤ ਅਤੇ ਡਾਂਸ ਨੇ ਇਹਨਾਂ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾਇਆ
ਲੁਧਿਆਣਾ: 4 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸਿੱਕੇ ਦੇ ਦੋ ਪਹਿਲੂਆਂ ਦੀ ਤਰ੍ਹਾਂ ਮਿਲਣ ਅਤੇ ਵਿਛੋੜਾ ਵੀ ਆਪਸ ਵਿੱਚ ਜੁੜੇ ਰਹਿੰਦੇ ਹਨ--ਇਹੀ ਹੈ ਜ਼ਿੰਦਗੀ ਦੀ ਰਮਜ਼ਾਂ ਭਰੀ ਹਕੀਕਤ। ਇਹੀ ਹਕੀਕਤ ਅੱਜ ਫੇਰ ਸਭ ਦੇ ਸਾਹਮਣੇ ਸੀ--ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ ਵਿੱਚ। ਕਾਲਜ ਦੇ ਆਡੀਟੋਰੀਅਮ ਵਿੱਚ ਸੀਨੀਅਰ ਵਿਦਿਆਰਥਣਾਂ ਨੂੰ ਜੂਨੀਅਰ ਵਰਗ ਨੇ ਅਲਵਿਦਾ ਆਖਣੀ ਸੀ---ਵਿਦਾਇਗੀ ਦੇਣੀ ਸੀ। ਮਾਹੌਲ ਵਿੱਚ ਖੁਸ਼ੀ ਵੀ ਸੀ ਅਤੇ ਵਿਛੋੜੇ ਦੇ ਮਿੱਠੇ ਜਹੇ ਗਮ ਦਾ ਅਹਿਸਾਸ ਵੀ। ਗ਼ੀਤ, ਸੰਗੀਤ ਅਤੇ ਡਾਂਸ ਇਹਨਾਂ ਇਤਿਹਾਸਿਕ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾ ਰਹੇ ਸਨ। ਸਟੇਜ ਤੇ ਪੇਸ਼ ਕੀਤੀ ਜਾ ਰਹੀ ਹਰ ਆਈਟਮ ਲਾਜਵਾਬ ਸੀ। ਇੰਝ ਲੱਗਦਾ ਸੀ ਜਿਵੇਂ ਇਸ ਕਾਲਜ ਦੇ ਸਟਾਫ਼ ਨੇ ਆਪਣੀਆਂ ਵਿਦਿਆਰਥਣਾਂ ਨੂੰ ਬਹੁਤ ਹੀ ਜ਼ਬਰਦਸਤ ਤਿਆਰੀ ਕਰਵਾਈ ਸੀ। ਪ੍ਰਿੰਸੀਪਲ ਚਰਨਜੀਤ ਕੌਰ ਮਾਹਲ ਨੇ ਇਸ ਸਾਰੇ ਸਮਾਗਮ ਨੂੰ ਸ਼ੁਰੂ ਤੋਂ ਅਖੀਰ ਤੱਕ ਖੁਦ ਬੜੇ ਹੀ ਧਿਆਨ ਨਾਲ ਦੇਖਿਆ। ਕਮਜ਼ੋਰੀਆਂ ਨੂੰ ਨੋਟ ਕੀਤਾ ਅਤੇ ਵਧੀਆ ਕਰ ਗੁਜ਼ਰੀ ਦਿਖਾਉਣ  ਵਾਲੀਆਂ ਕੁੜੀਆਂ ਨੂੰ ਸ਼ਾਬਾਸ਼ੀ ਵੀ ਦਿੱਤੀ।
ਇਹਨਾਂ ਵਿੱਚ ਹਰ ਕਲਾਕਾਰ ਸ਼ਾਨਦਾਰ ਸੀ। ਉਸਨੇ ਬੇਹਦ ਮੇਹਨਤ ਕੀਤੀ ਸੀ ਪਰ ਫਿਰ ਵੀ ਰਿਜ਼ਲਟ ਨੇ ਤਾਂ ਕਿਸੇ ਨੂੰ ਕਿਸੇ ਨੂੰ ਜੇਤੂ ਕਰਾਰ ਦੇਣਾ ਹੀ ਹੁੰਦਾ ਹੈ। ਇਸ ਯਾਦਗਾਰੀ ਸਮਾਗਮ ਨੇ ਇਤਿਹਾਸਿਕ ਦੌਰ ਵੱਜੋਂ ਜਿਹਨਾਂ ਵਿਦਿਆਰਥਣਾਂ ਦੀ ਜ਼ਿੰਦਗੀ ਵਿੱਚ ਥਾਂ ਬਣਾਈ ਉਹਨਾਂ ਵਿੱਚ ਇਸ ਕਾਲਜ ਦੀ ਹਰਨੀਤ ਕੌਰ ਵੀ ਜਿਸ ਨੂੰ ਮਿਸ ਫੇਅਰਵੈਲ ਐਲਾਨਿਆ ਗਿਆ।  ਜਸਪ੍ਰੀਤ ਨੂੰ ਫਸਟ ਰਨਰਅਪ ਅਤੇ ਚੰਦਨ ਪ੍ਰੀਤ ਨੂੰ ਸੈਕੰਡ ਰਨਰਅਪ ਚੁਣਿਆ ਗਿਆ। ਮਨਪ੍ਰੀਤ ਨੇ ਮਿਸ ਐਲੀਗੈੰਟ, ਸੁਮਨਜੀਤ ਨੇ ਮਿਸ ਬਿਊਟੀਫੁਲ ਸਮਾਈਲ ਅਤੇ ਮੇਘਾ ਨੇ ਮਿਸ ਆਊਟਫਿਟ ਦਾ ਖਿਤਾਬ ਹਾਸਲ ਕੀਤਾ।
ਸਾਰੇ ਹੀ ਕਲਾਕਾਰ ਇੱਕ ਦੂਜੇ ਤੋਂ ਵਧ ਕੇ ਆਪਣੀ ਪੇਸ਼ਕਾਰੀ ਦੇ ਰਹੇ ਸਨ। ਇਹਨਾਂ ਚੋਂ ਦੋ ਚਾਰਾਂ ਦੀ ਚੋਣ ਕਰਨਾ ਬਹੁਤ ਹੀ ਔਖਾ ਜਿਹਾ ਕੰਮ ਸੀ ਪਰ ਸਮਾਗਮ ਦੀਆਂ ਜੱਜ ਬਣਾਈਆਂ ਗਈਆਂ ਸ਼ਖਸੀਅਤਾਂ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।
 ਸੁਨੈਣਾਦੀਪ, ਅਰਵਿੰਦਰ ਕੌਰ, ਅਤੇ ਗੁਰਾਸ਼ੀਸ਼ ਕੌਰ ਨੇ ਇਸ ਮੌਕੇ ਜੱਜ ਦੀ ਜ਼ਿੰਮੇਵਾਰੀ ਨਿਭਾਈ ਅਤੇ ਉਹਨਾਂ ਦੇ ਫੈਸਲੇ ਨੂੰ ਸਾਰਿਆਂ ਨੇ ਸਵੀਕਾਰ ਵੀ ਕੀਤਾ।
ਦਰਸ਼ਕਾਂ ਨੇ ਵੀ ਲਗਾਤਾਰ ਕਈ ਘੰਟੇ ਬੈਠ ਕੇ ਇਸ ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਣਿਆ। ਸਹੇਲੀਆਂ ਨੇ ਆਪਣੀਆਂ ਸਹੇਲੀਆਂ ਨੂੰ ਹੱਲਾਸ਼ੇਰੀ ਦਿੱਤੀ। ਨਵੀਆਂ ਕੁੜੀਆਂ ਨੇ ਪੁਰਾਣੀਆਂ ਕੋਲੋਂ ਬਹੁਤ ਕੁਝ ਸਿੱਖਿਆ। 

No comments: