Saturday, January 18, 2014

ਸੁਨੰਦਾ ਪੁਸ਼ਕਰ ਦੀ ਮੌਤ

ਲਾਸ਼ ਦਿੱਲੀ ਦੇ ਲੀਲਾ ਹੋਟਲ 'ਚ ਸ਼ੱਕੀ ਹਾਲਤ 'ਚ ਮਿਲੀ
ਨਵੀਂ ਦਿੱਲੀ: 17  ਜਨਵਰੀ 2014: (ਪੰਜਾਬ ਸਕਰੀਨ ਬਿਊਰੋ):
ਸੁਨੰਦਾ ਪੁਸ਼ਕਰ 
ਸੋਸ਼ਲ ਮੀਡੀਆ, ਬੋਧਿਕਤਾ, ਹਾਜਰ ਜਵਾਬੀ, ਨਵੀਨਤਾ ਅਤੇ ਮੋਹਬਤ ਦੇ ਮਾਮਲੇ ਵਿੱਚ ਕ੍ਰਾਂਤੀ ਦੇ ਇੱਕ ਪ੍ਰਤੀਕ ਵੱਜੋਂ ਉਭਰੇ ਦੇਸ਼ ਦੇ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਭੇਦਭਰੀ ਹਾਲਤ ਵਿੱਚ ਮੌਤ ਦਾ ਸ਼ਿਕਾਰ ਹੋ ਗਈ ਹੈ। ਸ਼੍ਰੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦਾ ਮਾਮਲਾ ਇਸ ਤਰ੍ਹਾਂ ਸਾਹਮਣੇ ਆਇਆ ਹੈ ਕਿ ਉਸਤੇ ਆਸਾਨੀ ਨਾਲ ਯਕੀਨ ਹੀ ਨਹੀਂ ਹੋ ਰਿਹਾ। ਮੀਡੀਆ ਰਾਹੀਂ ਦੁਨੀਆ ਭਰ ਵਿੱਚ ਚਰਚਿਤ ਅਤੇ ਜੇਤੂ ਹੋਈ ਇਸ ਮੋਹੱਬਤ ਨੂੰ ਮੌਤ ਸਾਹਮਣੇ ਹਾਰ ਸਵੀਕਾਰ ਕਰਨੀ ਪਵੇਗੀ ਸ਼ਾਇਦ ਕਿਸੇ ਨੇ ਵੀ ਨਹੀਂ ਸੀ ਸੋਚਿਆ। ਦੱਸਿਆ ਜਾ ਰਿਹਾ ਹੈ ਕਿ ਸੁਨੰਦਾ ਪੁਸ਼ਕਰ ਦੀ ਲਾਸ਼ ਦਿੱਲੀ ਦੇ ਲੀਲਾ ਹੋਟਲ 'ਚ ਕਮਰਾ ਨੰਬਰ 345 ਵਿੱਚ ਸ਼ੱਕੀ ਹਾਲਤ 'ਚ ਮਿਲੀ ਹੈ। ਇਸ ਤੋਂ ਇਲਾਵਾ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਵੀਰਵਾਰ ਨੂੰ ਹੀ ਹੋਟਲ 'ਚ ਰਹਿਣ ਲਈ ਆਏ ਸਨ। ਜ਼ਿਕਰਯੋਗ ਹੈ ਕਿ ਸੁਨੰਦਾ ਪੁਸ਼ਕਰ ਦਾ ਵਿਆਹ 2010 'ਚ ਸ਼ਸ਼ੀ ਥਰੂਰ ਨਾਲ ਹੋਇਆ ਸੀ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਸ਼ੀ ਥਰੂਰ ਨੇ ਹੀ ਆਪਣੀ ਪਤਨੀ ਸੁਨੰਦਾ ਦੀ ਮੌਤ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ। ਕੁਲ ਮਿਲਾ ਕੇ ਓਹ ਸਾਰੇ ਲੋਕ ਸਦਮੇ ਵਿੱਚ ਹਨ ਜਿਹਨਾਂ ਨੇ ਸ਼੍ਰੀ ਥਰੂਰ ਅਤੇ ਸੁਨੰਦਾ ਲਈ ਖੁਸ਼ੀਆਂ ਭਰੀ ਲੰਮੀ ਜ਼ਿੰਦਗੀ ਦੀ ਕਾਮਨਾ ਕੀਤੀ ਸੀ। 
ਭਾਵੇਂ ਸੁਨੰਦਾ ਇੱਕ ਖਾਂਦੇ ਪੀਂਦੇ ਫੌਜੀ ਪਰਿਵਾਰ ਦੀ ਬੇਟੀ ਸੀ ਪਰ ਵਿਆਹ ਉਸਨੂੰ ਕਦੇ ਵੀ ਰਾਸ ਨਹੀਂ ਆਇਆ। ਲੈਫਟੀਨੈੰਟ ਕਰਨਲ ਪੋਸ਼ਕਰ ਦਾਸ ਦੇ ਘਰ ਪਹਿਲੀ ਜਨਵਰੀ 1962 ਨੂੰ ਜਨਮੀ ਸੁਨੰਦਾ ਆਪਣੇ ਜਨਮ ਵਾਲੇ ਜਨਵਰੀ ਮਹੀਨੇ ਵਿੱਚ ਹੀ ਚੱਲ ਵਸੀ।  ਸੋਹਨੀ ਸੁਨੱਖੀ ਸੁਨੰਦਾ ਅਤੇ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੋਹਾਂ ਦੀ ਇਹ ਤੀਜੀ ਸ਼ਾਦੀ ਸੀ। ਉਹ ਇੱਕ ਬੇਟੇ ਦੀ ਮਾਂ ਵੀ ਸੀ ਜਿਹੜਾ ਉਸਦੇ ਦੂਸਰੇ ਵਿਆਹ ਦੌਰਾਨ ਹੋਇਆ ਸੀ। ਉਸਨੇ ਜਿੰਦਗੀ ਭਰ ਸੰਘਰਸ਼ ਕੀਤਾ ਅਤੇ ਬੜੀ ਬਹਾਦਰੀ ਨਾਲ ਜ਼ਿੰਦਗੀ ਦੀਆਂ ਖੁਸ਼ੀਆਂ ਦੀ ਸਰਗਰਮ ਭਾਲ ਵੀ ਕੀਤੀ ਪਰ ਖੁਸ਼ੀ ਉਸਤੋਂ ਦੂਰ ਹੀ ਦੂਰ ਖਿਸਕਦੀ ਗਈ। ਸ਼ਸ਼ੀ ਥਰੂਰ ਨਾਲ ਸੁਨੰਦਾ ਦੀ ਮੁਲਾਕਾਤ ਅਕਤੂਬਰ 2009 ਦੌਰਾਨ ਇੱਕ ਬਹੁਤ ਹੀ ਅਮੀਰ ਪਾਰਟੀ ਵਿੱਚ ਹੋਈ ਸੀ। ਛੇਤੀ ਹੀ ਕੁਝ ਹੋਰ ਮੁਲਾਕਾਤਾਂ ਮਗਰੋਂ ਇਹ ਦੋਵੇਂ ਇੱਕ ਵਿਆਹ ਬੰਧਨ ਵਿੱਚ ਬੰਨੇ ਗਏ। ਇਸ ਮੋਹੱਬਤ ਲਈ ਜਦੋਂ ਵਿਵਾਦ ਛਿੜਿਆ ਤਾਂ ਸ਼ਸ਼ੀ ਥਰੂਰ ਨੇ ਮੰਤਰੀ ਦੇ ਅਹੁਦੇ ਨੂੰ ਵੀ ਤਿਆਗ ਦਿੱਤਾ ਅਤੇ ਅੱਜ ਦੇ ਇਸ ਸਵਾਰਥੀ ਯੁਗ ਵਿੱਚ ਸਾਬਿਤ ਕੀਤਾ ਕਿ 
ਤਖਤ ਕਿਆ ਚੀਜ਼ ਹੈ ਔਰ ਲਾਲ-ਓ-ਜਵਾਹਰ ਕਿਆ ਹੈਂ--
ਇਸ਼ਕ਼ ਵਾਲੇ ਤੋ ਖੁਦਾਈ ਭੀ ਲੂਟਾ ਦੇਤੇ ਹੈਂ--  
ਲੱਗਦਾ ਸੀ ਇਹ ਤੀਸਰੀ ਸ਼ਾਦੀ ਦੋਹਾਂ ਲਈ ਕਦੇ ਵੀ ਨਾ ਮੁੱਕਣ ਵਾਲੀਆਂ ਖੁਸ਼ੀਆਂ ਲਿਆਏਗੀ ਪਰ ਇਸ ਮੌਤ ਦੇ ਹਾਦਸੇ ਨੇ ਸਭ ਕੁਝ ਨਿਗਲ ਲਿਆ। 
ਅਚਾਨਕ ਟਵਿਟਰ ਤੇ ਇੱਕ ਵਿਵਾਦ 16 ਜਨਵਰੀ 2014 ਨੂੰ ਛਿੜਿਆ ਤੇ ਅਗਲੇ ਹੀ ਦਿਨ 17 ਜਨਵਰੀ ਨੂੰ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਾਰੇ ਮਾਮਲੇ ਦੀ ਮੈਜਸਟ੍ਰੇਟੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ। ਮੁਢਲੀਆਂ ਖਬਰਾਂ ਮੁਤਾਬਿਕ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ।      

No comments: