Thursday, January 02, 2014

ਲੁਧਿਆਣਾ ਬਣੇਗਾ 18ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਮੇਜ਼ਬਾਨ

12 ਤੋਂ 16 ਜਨਵਰੀ ਤੱਕ ਪੀ. ਏ. ਯੂ. 'ਚ ਹੋਵੇਗਾ ਆਯੋਜਨ
*35 ਰਾਜਾਂ ਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਦੇ 5000 ਤੋਂ ਵਧੇਰੇ ਨੌਜਵਾਨ 7 ਵੰਨਗੀਆਂ 'ਚ ਲੈਣਗੇ ਹਿੱਸਾ
*ਡਿਪਟੀ ਕਮਿਸ਼ਨਰ ਵੱਲੋਂ ਸ਼ੁਰੂਆਤੀ ਤਿਆਰੀਆਂ ਦਾ ਜਾਇਜ਼ਾ

ਲੁਧਿਆਣਾ, 2 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਭਾਰਤ ਦੇ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ 18ਵੇਂ ਨੈਸ਼ਨਲ ਯੂਥ ਫੈਸਟੀਵਲ ਦੀ ਮੇਜ਼ਬਾਨੀ ਕਰਨ ਦਾ ਮਾਣ ਐਤਕੀਂ ਸ਼ਹਿਰ ਲੁਧਿਆਣਾ ਨੂੰ ਮਿਲਿਆ ਹੈ। ਇਸ ਫੈਸਟੀਵਲ ਦਾ ਆਯੋਜਨ ਮਿਤੀ 12 ਤੋਂ 16 ਜਨਵਰੀ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਦੇ 35 ਸੂਬਿਆਂ ਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਦੇ ਕਰੀਬ 5000 ਨੌਜਵਾਨ ਲੜਕੇ ਤੇ ਲੜਕੀਆਂ 7 ਵੱਖ-ਵੱਖ ਵੰਨਗੀਆਂ ਵਿੱਚ ਹਿੱਸਾ ਲੈਣਗੇ ਅਤੇ ਆਪੋ-ਆਪਣੇ ਅਮੀਰ ਸੱਭਿਆਚਾਰਾਂ ਦੀਆਂ ਪੇਸ਼ਕਾਰੀਆਂ ਕਰਨਗੇ। ਦੇਸ਼ ਦੇ ਬਹੁ-ਵੱਕਾਰੀ ਇਸ ਫੈਸਟੀਵਲ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ•ਾ ਪ੍ਰਸਾਸ਼ਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 
ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਸਥਾਨਕ ਸਰਕਟ ਹਾਊਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਸਾਰੇ ਅਧਿਕਾਰੀਆਂ ਨਾਲ ਵਿਸਥਾਰ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨੋਡਲ ਅਫ਼ਸਰ ਸ੍ਰੀ ਘਣਸ਼ਿਆਮ ਥੋਰੀ ਆਈ. ਏ. ਐੱਸ. ਅਤੇ ਕੈਪਟਨ ਇੰਦਰਜੀਤ ਸਿੰਘ ਧਾਮੀ ਨੇ ਦੱਸਿਆ ਕਿ ਲੁਧਿਆਣਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਏਡੇ ਵੱਡੇ ਰਾਸ਼ਟਰੀ ਸਮਾਰੋਹ ਦਾ ਆਯੋਜਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਮਾਗਮ ਦੇ ਪ੍ਰਬੰਧਾਂ ਨੂੰ ਨੇਪਰੇ ਚਾੜਨ ਲਈ 13 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਦੇ ਇੰਚਾਰਜ ਸੀਨੀਅਰ ਅਫ਼ਸਰਾਂ ਨੂੰ ਲਗਾਇਆ ਗਿਆ ਹੈ। ਸਾਰੇ ਇੰਚਾਰਜ ਆਪਣੀ-ਆਪਣੀ ਕਮੇਟੀ ਦੇ ਪ੍ਰਬੰਧਾਂ ਨੂੰ ਸਿਰੇ ਚਾੜਨ ਅਤੇ ਸਾਰੀ ਵਿਵਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪੂਰੀ ਤਰ੍ਹਾਂ ਜਿੰਮੇਵਾਰ ਹੋਣਗੇ। 
ਸ੍ਰੀ ਅਗਰਵਾਲ ਨੂੰ ਦੱਸਿਆ ਗਿਆ ਕਿ ਫੈਸਟੀਵਲ ਦੇ ਪੰਜੇ ਦਿਨ ਜਿਥੇ ਨੌਜਵਾਨ ਆਪਣੇ-ਆਪਣੇ ਰਾਜਾਂ ਨਾਲ ਸੰਬੰਧਤ ਵੰਨਗੀਆਂ ਪੇਸ਼ ਕਰਨਗੇ, ਉਥੇ ਰੋਜ਼ਾਨਾ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਇਆ ਕਰੇਗਾ, ਜਿਸ ਵਿੱਚ ਵੱਖ-ਵੱਖ ਦਿਨ ਪ੍ਰਸਿੱਧ ਪਿੱਠਵਰਤੀ ਫਿਲਮ ਗਾਇਕ ਸੋਨੂੰ ਨਿਗਮ, ਪੰਜਾਬੀ ਗਾਇਕ ਤੇ ਫਿਲਮੀ ਅਦਾਕਾਰ ਗਿੱਪੀ ਗਰੇਵਾਲ ਤੇ ਹੋਰ ਕਲਾਕਾਰ ਦਰਸ਼ਕਾਂ ਦਾ ਖੁੱਲ ਕੇ ਪੰਡਾਲ ਵਿੱਚ ਮਨੋਰੰਜਨ ਕਰਨਗੇ। ਫੈਸਟੀਵਲ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ 'ਤੇ ਦੇਸ਼ ਦੀਆਂ ਪ੍ਰਮੁੱਖ ਰਾਜਸੀ, ਸਮਾਜਿਕ ਅਤੇ ਹੋਰ ਸਖ਼ਸ਼ੀਅਤਾਂ ਸ਼ਿਰਕਤ ਕਰਨਗੀਆਂ। ਦੇਸ਼ ਦੇ ਕੋਨੇ-ਕੋਨੇ ਵਿੱਚੋਂ ਪਹੁੰਚਣ ਵਾਲੇ ਨੌਜਵਾਨਾਂ ਦੇ ਰਹਿਣ ਅਤੇ ਆਵਾਜਾਈ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਮੁਕੰਮਲ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਸ੍ਰੀ ਅਗਰਵਾਲ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਮਾਰੋਹ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡਣ। ਉਨ੍ਹਾਂ ਸਾਰੀਆਂ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਪ੍ਰਬੰਧ ਸਮਾਂ ਰਹਿੰਦੇ ਮੁਕੰਮਲ ਕਰ ਲੈਣ, ਜਿੱਥੇ ਕੋਈ ਕਮੀ ਪੇਸ਼ੀ ਸਾਹਮਣੇ ਆਉਂਦੀ ਹੈ, ਉਨ੍ਹਾਂ ਨਾਲ ਸਿੱਧਾ ਰਾਬਤਾ ਕਰਨ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਜ਼ਿਲਾ ਟਰਾਂਸਪੋਰਟ ਅਫ਼ਸਰ ਸ੍ਰੀ ਅਨਿਲ ਗਰਗ, ਐੱਸ. ਡੀ. ਐੱਮ. ਸ੍ਰ. ਕੁਲਜੀਤਪਾਲ ਸਿੰਘ ਮਾਹੀ, ਐੱਸ. ਡੀ. ਐੱਮ. ਸ੍ਰੀ ਅਜੇ ਸੂਦ ਅਤੇ ਹੋਰ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

No comments: