Wednesday, October 16, 2013

ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੂੰ ਸਨਮਾਨਿਤ ਕੀਤਾ

Wed, Oct 16, 2013 at 4:15 PM
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਦੀ ਸੇਵਾ ਨਿਭਾਉਣ ਉਪਰੰਤ ਦਿੱਤਾ ਗਿਆ ਸਨਮਾਣ 
ਅੰਮ੍ਰਿਤਸਰ:16 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਰੋਜਾਨਾ ਰੱਬੀ ਬਾਣੀ ਦੇ ਇਲਾਹੀ ਹੁਕਮਨਾਮੇ ਦੀ ਕਥਾ ਵਖਿਆਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨ ਵਾਲੇ ਗੁਰਬਾਣੀ ਦੇ ਰਸੀਏ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲੋਈ, ਸਿਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਰਲੀਜ਼ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਇਲਾਹੀ ਬਾਣੀ ਦੇ ਹੁਕਮਨਾਮੇ ਦੇ ਅਰਥ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਵਿਸਥਾਰ ਸਹਿਤ ਕਰਦਿਆਂ ਜੀਵਨ ਨੂੰ ਗੁਰੂ ਆਸ਼ੇ ਅਨੁਸਾਰ ਬਤੀਤ ਕਰਨ ਲਈ ਪ੍ਰਸਿੱਧ ਕਥਾ-ਵਾਚਕ ਲਗਾਤਾਰ ਸੰਗਤਾਂ ਨੂੰ ਗੁਰੂ ਦਾ ਉਪਦੇਸ ਦਿੰਦੇ ਹੋਏ ਹਰ ਸਾਲ ਦੀ ਤਰ•ਾਂ ਇਸ ਵਾਰ ਵੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮਿਤੀ 6 ਅਕਤੂਬਰ ਤੋਂ 16 ਅਕਤੂਬਰ ਤੀਕ ਕਥਾ ਵਖਿਆਨਾਂ ਦੀ ਸੇਵਾ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਵੱਲੋਂ ਨਿਭਾਈ ਗਈ ਹੈ ਜਿਸ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਪਹੁੰਚ ਕੇ ਤੇ ਪੀ.ਟੀ.ਸੀ. ਚੈਨਲ ਦੇ ਮਾਧਿਅਮ ਰਾਹੀਂ ਸਰਵਣ ਕੀਤਾ।
ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਵੱਲੋਂ ਸਿੱਖ-ਪੰਥ ਪ੍ਰਤੀ ਨਿਭਾਈ ਸੇਵਾ ਨੂੰ ਮੁੱਖ ਰੱਖਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲੋਈ, ਸਿਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਫੈਡਰੇਸ਼ਨ ਆਗੂ ਸ.ਪਰਮਜੀਤ ਸਿੰਘ ਵੀ ਮੌਜੂਦ ਸਨ।

No comments: