Tuesday, September 24, 2013

ਪ੍ਰੋਫੈਸਰ ਪ੍ਰਭਜੋਤ ਸਿੰਘ ਤੇ ਨਸਲੀ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ

Tue, Sep 24, 2013 at 2:42 PM
ਅਮਰੀਕਾ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰੇ-ਜਥੇ:ਅਵਤਾਰ ਸਿੰਘ 
ਅੰਮ੍ਰਿਤਸਰ:: 24 ਸਤੰਬਰ 2013:(ਕਿੰਗ//ਪੰਜਾਬ ਸਕਰੀਨ  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਸਿੱਖ ਪ੍ਰੋਫੈਸਰ ਸ.ਪ੍ਰਭਜੋਤ ਸਿੰਘ ਤੇ 25-30 ਅਗਿਆਤ ਵਿਅਕਤੀਆਂ ਵੱਲੋਂ ਕੀਤੇ ਗਏ ਨਸਲੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ।
ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਵੱਲੋਂ ਜਾਰੀ ਪ੍ਰੈਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਤੇ ਤਾਕਤਵਰ ਦੇਸ਼ ਵਿੱਚ ਇਸ ਤਰ੍ਹਾਂ ਦੇ ਫਿਰਕੂ-ਨਸਲੀ ਹਮਲਿਆਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਤਰੱਕੀ ਵਿੱਚ ਅਮਨ ਪਸੰਦ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੈ, ਪਰ ਕੁਝ ਸ਼ਰਾਰਤੀ ਲੋਕਾਂ ਨੂੰ ਸਿੱਖਾਂ ਦੀ ਚੜ੍ਹਤ ਚੰਗੀ ਨਹੀਂ ਲੱਗਦੀ ਤੇ ਉਹ ਮੌਕਾ ਤਾੜ ਕੇ ਸਿੱਖ ਨੌਜਵਾਨਾਂ ਉਪਰ ਨਸਲੀ ਹਮਲਾ ਕਰਦੇ ਹਨ ਤਾਂ ਕਿ ਸਿੱਖਾਂ ਦੇ ਮਨੋਬਲ ਨੂੰ ਡੇਗਿਆ ਜਾ ਸਕੇ ਪਰ ਦਸਮ ਪਾਤਸ਼ਾਹ ਦੀ ਇਹ ਨਿਆਰੀ ਕੌਮ ਹਮੇਸ਼ਾ ਹੀ ਜ਼ੁਲਮ ਦਾ ਟਾਕਰਾ ਕਰਦੀ ਰਹੀ ਤੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸ.ਪ੍ਰਭਜੋਤ ਸਿੰਘ ਤੇ ਕੀਤਾ ਨਸਲੀ ਹਮਲਾ ਕੋਈ ਪਹਿਲੀ ਵਾਰ ਹੋਇਆ ਹਮਲਾ ਨਹੀਂ। ਇਸ ਤੋਂ ਪਹਿਲਾਂ ਵੀ ਸਿੱਖ ਭਾਈਚਾਰੇ ਉਪਰ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ। ਇਥੋਂ ਤੀਕ ਕਿ ਫਿਰਕੂ ਲੋਕਾਂ ਨੇ ਤਾਂ ਓਕ ਕਰੀਕ ਗੁਰਦੁਆਰਾ ਸਾਹਿਬ ’ਚ ਨਿਤਨੇਮ ਕਰ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਉੱਪਰ ਅੰਨੇਵਾਹ ਗੋਲੀਆਂ ਚਲਾ ਕੇ ਤਕਰੀਬਨ 7 ਸਿੱਖਾਂ ਨੂੰ ਮਾਰ ਦਿਤਾ ਸੀ। ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਉਬਾਮਾ ਨੂੰ ਅਪੀਲ ਕੀਤੀ ਹੈ ਕਿ ਸ.ਪ੍ਰਭਜੋਤ ਸਿੰਘ ਉੱਪਰ ਨਸਲੀ ਹਮਲਾ ਕਰਨ ਵਾਲੇ ਸਾਰੇ ਹਮਲਾਵਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਤੇ ਸਖ਼ਤ ਧਾਰਾਵਾਂ ਹੇਠ ਕੇਸ ਦਰਜ਼ ਹੋਵੇ ਤੇ ਉਨ੍ਹਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ।

No comments: