Wednesday, July 03, 2013

ਵੋਟ ਪਾਉਣ ਲਈ ਗਈ ਔਰਤ ਦੀ ਪੋਲਿੰਗ ਬੂਥ 'ਤੇ ਮੌਤ

ਬੇਟਾ ਵੀ ਸੀ ਉਮੀਦਵਾਰ-ਸਾਰੇ ਪਿੰਡ ਵਿੱਚ ਸੋਗ -ਛਾਂ/ਪਾਣੀ ਦਾ ਕੋਈ ਪ੍ਰਬੰਧ ਨਹੀਂ
ਮੁਕਤਸਰ—ਆਖਦੇ ਨੇ ਅਗਲੇ ਪਲ ਦਾ ਵੀ ਕੋਈ ਵਸਾਹ ਨਹੀਂ। ਅਗਲਾ ਸਾਹ ਆਏ ਤਾਂ ਆਏ-----ਨਾ ਆਏ ਤਾਂ ਨਾ ਹੀ ਆਏ। ਬਸ ਇੱਕ ਸਾਹ ਦੀ ਹੀ ਸਾਡੀ ਜ਼ਿੰਦਗੀ। ਇਹ ਗੱਲ ਇੱਕ ਵਾਰ ਫੇਰ ਸਾਬਿਤ ਹੋਈ ਮੁਕਤਸਰ ਵਿਖੇ ਜਿਥੇ ਪੰਚਾਇਤੀ ਚੋਣਾਂ ਦੌਰਾਨ ਵੋਟ ਪਾਉਣ ਲਈ ਗਈ ਇੱਕ ਔਰਤ ਨੂੰ ਜ਼ਿੰਦਗੀ ਤੋਂ ਹੀ ਮੁਕਤੀ ਮਿਲ ਗਈ। ਇਹ ਔਰਤ ਬਜੁਰਗ ਸੀ ਅਤੇ ਬੁੱਧਵਾਰ ਨੂੰ ਪੰਚਾਇਤੀ ਚੋਣਾਂ ਲਈ ਮੁਕਤਸਰ ਤੋਂ ਨਜ਼ਦੀਕੀ ਪਿੰਡ ਥਾਂਦੇਵਾਲ ਵਿਖੇ ਵੋਟ ਪਾਉਣ ਲੈ ਗਈ ਸੀ। ਵੋਟ ਪਾਉਣ ਗਈ ਇਸ ਬਜ਼ੁਰਗ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਦਿਲਚਸਪ ਗੱਲ ਹੈ ਕਿ ਇਸ ਔਰਤ ਦਾ ਬੇਟਾ ਵੀ ਪੰਚਾਇਤ ਮੈਂਬਰ ਦੀ ਚੋਣ ਲਈ ਮੈਦਾਨ 'ਚ ਡਟਿਆ ਹੋਇਆ ਹੈ।
ਮੁਢਲੀ ਜਾਣਕਾਰੀ ਮੁਤਾਬਿਕ ਜਦੋਂ ਪਿੰਡ ਥਾਂਦੇਵਾਲ 'ਚ ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਚੱਲ ਰਿਹਾ ਸੀ ਕਿ ਪਿੰਡ ਦੀ ਹੀ ਇਕ 70 ਸਾਲਾ ਬਜ਼ੁਰਗ ਔਰਤ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪੁੱਜੀ। ਉਸ ਨੇ ਅਜੇ ਆਪਣੀ ਵੋਟ ਪਾਉਣੀ ਹੀ ਸੀ ਕਿ ਉਸ ਨੂੰ ਕੁਝ ਘਬਰਾਹਟ ਝਿ ਮਹਿਸੂਸ ਹੋਈ ਅਤੇ ਉਹ ਜ਼ਮੀਨ 'ਤੇ ਡਿਗ ਪਈ ਅਤੇ ਇਸ ਦੌਰਾਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਮੌਤ ਦਾ ਸ਼ਿਕਾਰ ਹੋਈ ਸੁਰਜੀਤ ਕੌਰ ਨਾਮੀ ਇਸ ਔਰਤ ਦਾ ਪੁੱਤਰ ਅਕਾਲੀ ਸਿੰਘ ਵੀ ਪੰਚ ਦੇ ਅਹੁਦੇ ਲਈ ਚੋਣ ਮੈਦਾਨ 'ਚ ਦੱਸਿਆ ਜਾਂਦਾ ਹੈ। ਸੁਰਜੀਤ ਕੌਰ ਦੇ ਨਾਲ ਉਸ ਦਾ ਪੋਤਰਾ ਵੀ ਮੌਕੇ 'ਤੇ ਮੌਜੂਦ ਸੀ। ਅਕਾਲੀ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਮਾਤਾ ਦੀ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ।
ਇਸ ਦੌਰਾਨ ਥਾਂਦੇਵਾਲ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਕ ਪਾਸੇ ਹੱਦ ਦੀ ਗਰਮੀ ਪੈ ਰਹੀ ਹੈ ਅਤੇ ਦੂਜੇ ਪਾਸੇ ਪੋਲਿੰਗ ਬੂਥ ਵਿਖੇ ਸਰਕਾਰ ਵਲੋਂ ਛਾਂ ਜਾਂ ਪਾਣੀ ਆਦਿ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਅਜਿਹੀ ਸਥਿਤੀ 'ਚ ਵੋਟਾਂ ਪਾਉਣ ਆਏ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਚੋਣ ਗਰਮੀ ਅਤੇ ਮੌਸਮ ਦੀ ਗਰਮੀ ਨੇ ਇਸ ਬਜੁਰਗ ਔਰਤ ਦੀ ਜਾਨ ਲੈ ਲਈ।


No comments: