Sunday, June 16, 2013

ਸ਼ਹੀਦੀ ਗੁਰਪੁਰਬ ਮਨਾਇਆ

ਪਾਕਿ 'ਚ ਮੂਲ ਕੈਲੰਡਰ-2003 ਮੁਤਾਬਿਕ ਹੀ ਮਨਾਇਆ ਗਿਆ ਸ਼ਹੀਦੀ ਦਿਹਾੜਾ 
ਅੰਮ੍ਰਿਤਸਰ ਵਿੱਚ ਵੀ ਥਾਂ ਥਾਂ ਲੱਗੀਆਂ ਛਬੀਲਾਂ 

ਅੰਮਿ੍ਤਸਰ:ਸ਼ਹੀਦੀ ਗੁਰਪੁਰਬ 12 ਜੂਨ ਨੂੰ ਮਨਾਇਆ ਜਾ ਚੁੱਕਿਆ ਸੀ ਪਰ 16 ਜੂਨ ਨੂੰ ਵੀ ਸ਼ਰਧਾਲੂਆਂ ਨੇ ਥਾਂ ਥਾਂ ਛਬੀਲਾਂ ਲਗਾਈਆਂ। ਲੋਕਾਂ ਨੂੰ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਰੋਕ ਕੇ ਠੰਡਾ ਮੀਠਾ ਜਲ ਛਕਾਇਆ ਗਿਆ। ਇਸੇ ਦੌਰਾਨ ਸ਼ਹੀਦੀ ਅਸਥਾਨ ਗੁਰੂਦੁਆਰਾ ਡੇਹਰਾ ਸਾਹਿਬ ਵਿਖੇ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੋਧੇ ਹੋਏ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਸ਼੍ਰੋਮਣੀ ਕਮੇਟੀ ਅਤੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਚੱਲਦੇ ਮਤਭੇਦਾਂ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ 407ਵਾਂ ਸ਼ਹੀਦੀ ਦਿਹਾੜਾ  ਮੂਲ ਕੈਲੰਡਰ ਅਨੁਸਾਰ 16 ਜੂਨ ਵਾਲੇ ਦਿਨ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਇਤਿਹਾਸ ਦਿਚ੍ਰਚਾ ਵੀ ਹੋਈ। ਇਹਨਾਂ ਸਮਾਗਮਾਂ ਦੌਰਾਨ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਤੋਂ ਇਲਾਵਾ ਸਥਾਨਕ ਲੋਕ ਵੀ ਸ਼ਾਮਿਲ ਹੋਏ। ਸ਼ਹੀਦੀ ਦਿਹਾੜੇ ਮੌਕੇ ਜੁੜੀਆਂ ਸੰਗਤਾਂ ਨੂੰ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ਪਰ ਇਹਨਾਂ ਭਾਸ਼ਣਾਂ ਦੌਰਾਨ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਹੀ ਭਾਰੂ ਰਿਹਾ। ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਸ਼ਾਮ ਸਿੰਘ ਨੇ ਸਿੱਖ ਇਤਿਹਾਸਿਕ ਦਿਹਾੜਿਆਂ ਸਬੰਧੀ ਭਰਮ ਭੁਲੇਖਿਆਂ ਦੀ ਸਥਿਤੀ ਲਈ ਸਰਕਾਰੀ ਪ੍ਰਭਾਵ ਹੇਠ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਇਸ ਮੁੱਦੇ ਸਬੰਧੀ, ਪੰਜ ਤਖ਼ਤ ਜਥੇਦਾਰ ਸਹਿਬਾਨ, ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸਿੱਖ ਸੰਸਥਾਵਾਂ, ਕੈਲੰਡਰ ਦੇ ਮਾਹਿਰ ਸਿੱਖ ਵਿਦਵਾਨਾਂ ਦੀ ਇਕ ਬੈਠਕ ਸੱਦੀ ਜਾਵੇ, ਜਿਸ 'ਚ ਵਿਚਾਰ ਚਰਚਾ ਉਪਰੰਤ ਸਰਬ ਪ੍ਰਵਾਨਿਤ ਤਰੀਕੇ ਨਾਲ ਨਾਨਕਸ਼ਾਹੀ ਕੈਲੰਡਰ 'ਚ ਇਕਮੱਤ ਸੋਧ ਦਰਜ ਕੀਤੀ ਜਾਵੇ ਤਾਂ ਜੋ ਸਿੱਖਾਂ 'ਚ ਵੱਧਦੇ ਵਖਰੇਵੇਂ ਦੂਰ ਕੀਤੇ ਜਾ ਸਕਣ।  ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਬਉੱਚ ਹੈ ਅਤੇ ਸ਼੍ਰੋਮਣੀ ਕਮੇਟੀ, ਪਾਕਿਸਤਾਨ ਗੁਰਦੁਆਰਾ ਕਮੇਟੀ ਸਮੇਤ ਸਮੂਹ ਸਿੱਖ ਸੰਸਥਾਵਾਂ ਉਨ੍ਹਾਂ ਦਾ ਹੁਕਮ ਮੰਨਣ ਲਈ ਪਾਬੰਦ ਹਨ। ਉਨ੍ਹਾਂ ਆਖਿਆ ਕਿ ਇਸ ਬੈਠਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਰੱਖਿਆ ਜਾਵੇ। ਉਹਨਾਂ ਇਸ ਮਕਸਦ ਲਈ ਸਿੰਘ ਸਾਹਿਬਾਨ ਨੂੰ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਮੇਟੀ ਮੁੱਦੇ 'ਤੇ ਵਿਚਾਰ ਚਰਚਾ ਹੋਣ ਤੱਕ ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਇਤਿਹਾਸਿਕ ਦਿਹਾੜੇ ਮਨਾਏਗੀ। ਜਦੋਂ ਮੀਡੀਆ ਨੇ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਪਹਿਲਾਂ ਹੀ ਸਰਬ ਪ੍ਰਵਾਨਿਤ ਹੈ ਅਤੇ ਜੇਕਰ ਸ: ਸ਼ਾਮ ਸਿੰਘ ਨੂੰ ਕੋਈ ਭਰਮ ਭਲੇਖਾ ਹੈ ਤਾਂ ਉਹ ਜਦੋਂ ਚਾਹੇ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਅੱਜ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਸਾਬਕਾ ਪ੍ਰਧਾਨ ਅਤੇ ਖੈਬਰ ਪਖਤੂਨ ਅਸੈਂਬਲੀ 'ਚ ਸਿੱਖ ਮੈਂਬਰ ਸ: ਸਵਰਨ ਸਿੰਘ, ਏ. ਜੀ. ਪੀ. ਸੀ. ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ, ਸਾਬਕਾ ਪਾਕਿਸਤਾਨ ਕਮੇਟੀ ਪ੍ਰਧਾਨ ਸ: ਬਿਸ਼ਨ ਸਿੰਘ ਸਮੇਤ ਹੋਰਨਾਂ ਸਿੱਖ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੇ ਛਬੀਲ ਦਾ ਵੀ ਸਥਾਨਕ ਸੰਗਤਾਂ ਵੱਲੋਂ ਪ੍ਰਬੰਧ ਕੀਤਾ ਗਿਆ। ਅੰਮ੍ਰਿਤਸਰ ਵਿੱਚ ਬੀ ਬਲਾਕ ਵਾਲੀ ਸੜਕ ਤੇ ਸਥਿਤ ਗੁਰਦੁਆਰਾ ਸ਼ਹੀਦ ਗੰਜ ਤੇ ਵੀ ਛਬੀਲਾਂ ਲੱਗੀਆਂ। ਨਰਾਇਣਗੜ੍ਹ ਦੇ ਸ਼ਮਸ਼ਾਨ ਘਾਟ ਨੂੰ ਜਾਂਦੀ ਜੀਟੀ ਰੋਡ ਤੇ ਕਾਮਰੇਡ ਸਤਪਾਲ ਡਾਂਗ ਦੀ ਆਖਿਰੀ ਯਾਤਰਾ ਨੂੰ ਵੀ ਕਈ ਥਾਈਂ ਰੋਕ ਕੇ ਛਬੀਲਾਂ ਪਿਆਈਆਂ ਗਈਆਂ।

No comments: