Thursday, May 09, 2013

ਇੱਕ ਹੋਰ ਵਾਰਦਾਤ ਨੇ ਦੱਸੀ ਪੰਜਾਬ ਵਿਚਲੇ ਅਮਨ ਕਾਨੂੰਨ ਦੀ ਹਕੀਕਤ


ਪੱਟੀ 'ਚ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸੁਖਰਾਜ ਦਾ ਗੋਲੀ ਮਾਰ ਕੇ ਕਤਲ
ਪੱਟੀ:ਵਿਧਾਨ ਸਭਾ ਹਲਕਾ ਪੱਟੀ ਤੋਂ ਇੱਕ ਮਾੜੀ ਖਬਰ ਆਈ ਹੈ। ਜਮਹੂਰੀਅਤ ਦਾ ਗੁਣ ਗਾਣ ਕਰਨ ਵਾਲੇ ਸਮਾਜ ਵਿੱਚ ਇੱਕ ਵਾਰ ਫੇਰ ਬੰਦੂਕ ਦਾ ਸਹਾਰਾ ਲਿਆ ਗਿਆ ਹੈ। ਵਿਧਾਨ ਸਭਾ ਹਲਕਾ ਪੱਟੀ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਸੁਖਰਾਜ ਸਿੰਘ ਭੱਗੂਪੁਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਸਬੰਧੀ ਸਿਵਲ ਹਸਪਤਾਲ ਪੱਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਵੇਲੇ ਵਾਪਰੀ। ਮ੍ਰਿਤਕ ਦੇ ਵਾਰਿਸਾਂ ਅਤੇ ਪੱਟੀ ਤੋਂ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸ਼ਾਮੀ ਜਦੋਂ ਸੁਖਰਾਜ ਸਿੰਘ ਆਪਣੇ ਪਿੰਡ ਭੱਗੂਪੁਰ ਵਿਖੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਦੇ ਵਿਰੋਧੀ ਧਿਰ ਨਾਲ ਸੰਬੰਧਤ ਸਰਵਨ ਸਿੰਘ, ਹਰਚਰਨ ਸਿੰਘ ਤੇ ਸੁਖਵਿੰਦਰ ਸਿੰਘ ਪੁੱਤਰਾਨ ਅਮਰੀਕ ਸਿੰਘ ਵਾਸੀ ਭੱਗੂਪੁਰ ਨੇ ਸਿਆਸੀ ਰੰਜਿਸ਼ ਤਹਿਤ ਸੁਖਰਾਜ ਸਿੰਘ ਨੂੰ ਗੋਲੀ ਮਾਰ ਦਿੱਤੀ। ਜਿਵੇਂ ਹੀ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਪਿੰਡ ਵਾਸੀ ਤੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਜ਼ਖਮੀ ਹਾਲਤ ਵਿਚ ਸੁਖਰਾਜ ਸਿੰਘ ਨੂੰ ਪੱਟੀ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਕਾਬਿਲੇ ਜ਼ਿਕਰ ਹੈ ਕਿ ਸੁਖਰਾਜ ਸਿੰਘ ਭੱਗੂਪੁਰ ਪੱਟੀ ਹਲਕੇ ਨਾਲ ਸੰਬੰਧਤ ਨਦੋਹਰ ਜ਼ੋਨ ਤੋਂ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਦੇ ਉਮੀਦਵਾਰ ਸਨ। ਕਾਂਗਰਸ ਹਲਕੇ ਅੰਦਰ ਜਿਵੇਂ ਹੀ ਸੁਖਰਾਜ ਸਿੰਘ 'ਤੇ ਇਸ ਹਮਲੇ ਦਾ ਪਤਾ ਲੱਗਾ ਤਾਂ ਪੱਟੀ ਹਲਕੇ ਨਾਲ ਸੰਬੰਧਤ ਸਮੁੱਚੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸਿੱਧੂ, ਜਗਤਾਰ ਸਿੰਘ ਬੁਰਜ, ਸੁਖਬੀਰ ਸਿੰਘ ਸ਼ਹੀਦ, ਪ੍ਰਿੰਸੀਪਲ ਹਰਦੀਪ ਸਿੰਘ ਪੱਟੀ, ਦਲਬੀਰ ਸਿੰਘ ਸੇਖੋਂ, ਅਮਰੀਕ ਸਿੰਘ ਐੱਮ. ਬੀ. ਏ., ਬਾਬਾ ਸ਼ੇਰ ਸਿੰਘ ਕੋਟਬੁੱਢਾ, ਸੁਖਰਾਜ ਸਿੰਘ ਕਿਰਤੋਂਵਾਲ ਆਦਿ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਸਿਵਲ ਹਸਪਤਾਲ ਪੱਟੀ ਵਿਖੇ ਪਹੁੰਚਣੇ ਸ਼ੁਰੂ ਹੋ ਗਏ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੱਟੀ ਹਲਕੇ ਨਾਲ ਸੰਬੰਧਤ ਸਮੁੱਚੀ ਕਾਂਗਰਸ ਪਾਰਟੀ ਦੇ ਆਗੂਆਂ, ਉਮੀਦਵਾਰਾਂ ਦਾ ਲਾਇਸੈਂਸੀ ਅਸਲਾ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਮ੍ਹਾ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਅਤੇ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਯੂਥ ਕਾਂਗਰਸ ਦੇ ਪ੍ਰਧਾਨ ਸੁਖਰਾਜ ਸਿੰਘ ਭੱਗੂਪੁਰ ਨੂੰ ਇਕ ਸਾਜ਼ਿਸ਼ ਤਹਿਤ ਗੋਲੀ ਮਾਰ ਕੇ ਹਲਾਕ ਕੀਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਜਿਵੇਂ ਹੀ ਪੱਟੀ ਹਲਕੇ ਅੰਦਰ ਫੈਲੀ ਤਾਂ ਸੋਗ ਦੀ ਲਹਿਰ ਦੌੜ ਗਈ। ਸਿਵਲ ਹਸਪਤਾਲ ਪੱਟੀ ਵਿਖੇ ਸਬ-ਡਵੀਜ਼ਨ ਪੱਟੀ ਅਧੀਨ ਆਉਂਦੇ ਪੁਲਸ ਥਾਣਿਆਂ ਦੀ ਪੁਲਸ ਵੀ ਪੁੱਜੀ ਹੋਈ ਸੀ। ਚੋਣਾਂ ਮੌਕੇ ਹੁੰਦੀ ਹਿੰਸਾ ਅਕਸਰ ਚੋਣਾਂ ਦੇ  ਸ਼ਾਂਤਮਈ ਹੋਣ ਵਾਲੇ ਦਾਅਵਿਆਂ ਦੀ ਹਕੀਕਤ ਸਭ ਦੇ ਸਾਹਮਣੇ ਨੰਗੀ ਕਰ ਦੇਂਦੀ ਹੈ। ਹੁਣ ਦੇਖਣਾ ਹੈ ਕਿ ਵੋਟਾਂ ਦੇ ਮੌਕੇ ਵੀ ਗੋਲੀਆਂ ਚਲਾ ਕੇ ਜਾਨਾਂ ਲੈਣ ਵਾਲਾ ਇਸ ਸਿਸਟਮ ਕਦ ਤੱਕ ਇਸੇ ਤਰ੍ਹਾ ਚੱਲੇਗਾ?

No comments: