Monday, August 06, 2012

ਲੁਧਿਆਣਾ ਵਿੱਚ ਮਜਦੂਰਾਂ ਦਾ ਦੋ ਦਿਨਾਂ ਵਿਸ਼ਾਲ ਸੰਮੇਲਨ ਸਮਾਪਤ

ਜ਼ਦੂਰ ਸ਼ਕਤੀ ਹੀ ਬਦਲ ਸਕਦੀ ਹੈ ਦੁਨੀਆ:ਨਮਿਤਾ 
ਟੈਕਸਟਾਈਲ ਮਜ਼ਦੂਰ ਯੂਨੀਅਨ ਦੀ ਚੁਣੀ ਨਵੀਂ ਕਮੇਟੀ:ਸੰਵਿਧਾਨ ਦਾ ਵੀ ਐਲਾਨ
ਟੈਕਸਟਾਈਲ-ਹੌਜਰੀ ਮਜ਼ਦੂਰਾਂ ਦੀ ਵਿਸ਼ਾਲ ਏਕਤਾ ਦੇ ਸੱਦੇ ਨਾਲ ਸੰਮੇਲਨ ਸਮਾਪਤ  
ਲੁਧਿਆਣਾ:5 ਅਗਸਤ 2012: ਲੁਧਿਆਣਾ ਦੀ ਵਿਸ਼ਾਲ ਗਲਾਡਾ ਗਰਾਊਂਡ ਵਿਖੇ ਟੈਕਸਟਾਈਲ ਮਜ਼ਦੂਰ ਯੂਨੀਅਨ ਵੱਲੋਂ ਵਿਸ਼ਾਲ ਮਜ਼ਦੂਰ ਸੰਮੇਲਨ ਦਾ ਆਯੋਜਨ ਕੀਤਾ ਗਿਆ। ਮਜਦੂਰਾਂ ਦੇ ਨਾਲ ਨਾਲ ਨੌਜਵਾਨ ਭਾਰਤ ਸਭਾ ਦੀ ਇੱਕ ਗੰਭੀਰ ਅਤੇ ਜੋਸ਼ੀਲੀ ਆਗੂ ਨਮਿਤਾ ਨੇ ਮਜਦੂਰ ਜਮਾਤ ਨੂੰ ਇਸ ਫਲਸਫੇ ਦੀਆਂ ਬਾਰੀਕੀਆਂ ਬਹੁਤ ਹੀ ਸਾਦਗੀ ਨਾਲ ਸਮਝਾਈਆਂ ਅਤੇ ਸਪਸ਼ਟ ਆਖਿਆ ਕਿ ਮਜਦੂਰ ਪੂਰੇ ਸਮਾਜ ਦਾ ਕਾਇਆ ਪਲਟ ਵੀ ਕਰ ਸਕਦੇ ਹਨ
ਅਸਮਾਨ ਗੂੰਜਵੇਂ ਨਾਅਰਿਆਂ ਨਾਲ਼ ਸ਼ੁਰੂ ਹੋਈ ਇਸ ਮਜ਼ਦੂਰ ਇਕੱਤਰਤਾ ਵਿੱਚ ਕਿਰਤੀ ਜਮਾਤ ਦੀ ਭਰਵੀਂ ਹਾਜ਼ਰੀ ਇਸ ਗੱਲ ਦਾ ਸਬੂਤ ਸੀ ਕਿ ਭੁੱਖ ਹੜਤਾਲਾਂ ਵਾਲੇ ਰਾਜਸੀ ਤਮਾਸ਼ਿਆਂ ਦੇ ਬਾਵਜੂਦ ਮਜਦੂਰ ਜਮਾਤ ਨੇ ਸੰਘਰਸ਼ਾਂ ਦੇ ਮਾਰਗ ਨੂੰ ਇੱਕ ਪਲ ਲਈ ਵੀ ਨਹੀਂ ਤਿਆਗਿਆ
ਕੜਕਦੀ ਧੁੱਪ ਅਤੇ ਬਰਸਾਤਾਂ ਵਾਲੇ ਵਿਘਨ ਦੇ ਬਾਵਜੂਦ ਇਹਨਾਂ ਕਿਰਤੀਆਂ ਦੇ ਜੋਸ਼ੋ ਖਰੋਸ਼ ਵਿੱਚ ਕੋਈ ਫਰਕ ਨਹੀਂ ਸੀ ਪਿਆ. ਟੈਕਸਟਾਈਲ ਅਤੇ ਹੌਜ਼ਰੀ ਨਾਲ ਜੁੜੇ ਹਜ਼ਾਰਾਂ ਕਿਰਤੀਆਂ ਦੇ ਨਾਲ ਨਾਲ ਹੋਰਨਾਂ ਪੇਸ਼ਿਆਂ ਦੇ ਮਜ਼ਦੂਰਾਂ ਨੇ ਵੀ ਇਸ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਟੈਕਸਟਾਈਲ ਮਜ਼ਦੂਰ ਯੂਨੀਅਨ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੇ ਵੀ ਮਜ਼ਦੂਰਾਂ ਦੇ ਇਸ ਵਿਸ਼ਾਲ ਇਕੱਠ ਨੂੰ ਸੰਘਰਸ਼ ਦੇ ਨਾਜ਼ੁਕ ਪੜ੍ਹਾਵਾਂ ਬਾਰੇ ਵੀ ਦੱਸਿਆ ਅਤੇ ਇਨ੍ਨ੍ਕ਼ਲਾਬ ਲਈ ਹਰ ਦਿਨ ਨਵੀਂ ਜਿੱਤ ਦੇ ਕਾਮਯਾਬ ਗੁਰ ਵੀ ਸਮਝਾਏ।  ਚੰਡੀਗੜ੍ਹ ਰੋਡ ਤੇ ਸਥਿਤ ਪੂਡਾ  ਗਰਾਊਂਡ ਵਿਖੇ ਹੋਇਆ
ਇਹ ਵਿਸ਼ਾਲ ਸੰਮੇਲਨ ਅਸਲ ਵਿੱਚ ਸ਼ਨੀਵਾਰ ਚਾਰ ਅਗਸਤ ਨੂੰ ਮਨਜੀਤ ਨਗਰ, ਅਬਦੁੱਲਾਪੁਰ ਬਸਤੀ ਵਿਖੇ ਹੋਏ ਡੈਲੀਗੇਟ ਅਜਲਾਸ ਦੀ ਹੀ ਅਗਲੀ ਕੜੀ ਸੀ।  ਯੂਨੀਅਨ ਦੀ ਚੁਣੀ ਗਈ ਆਗੂ ਕਮੇਟੀ ਅਤੇ ਅਹੁਦੇਦਾਰਾਂ ਬਾਰੇ ਐਲਾਨ ਕੀਤਾ ਗਿਆ ਅਤੇ ਪਾਸ ਕੀਤੇ ਗਏ ਸੰਵਿਧਾਨ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।
 ਟੈਕਸਟਾਈਲ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਰਾਜਵਿੰਦਰ ਨੇ ਮਜ਼ਦੂਰਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਲੁਧਿਆਣੇ ਦੇ ਟੈਕਸਟਾਈਲ ਅਤੇ ਹੌਜਰੀ ਮਜ਼ਦੂਰਾਂ ਨੂੰ ਜੋ ਭਿਅੰਕਰ ਲੁੱਟ, ਖੋਹ, ਅਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸਦਾ ਮੁਕਾਬਲਾ ਉਹ ਇਕੱਲੇ ਇਕੱਲੇ ਨਹੀਂ ਕਰ ਸਕਦੇ। ਅਨਿਆਂ ਭਾਂਵੇਂ ਕਾਰਖਾਨੇ ਵਿੱਚ ਹੋਵੇ, ਭਾਂਵੇ ਰਿਹਾਇਸ਼ੀ ਖੇਤਰਾਂ ਵਿੱਚ ਉਹਨਾਂ ਨੂੰ ਸਰਕਾਰ-ਪ੍ਰਸ਼ਾਸਨ ਵੱਲੋਂ ਬੁਨਿਆਦੀ ਸੁਵਿਧਾਵਾਂ ਤੋਂ ਵਾਂਝਾ ਰੱਖਿਆ ਜਾਂਦਾ ਹੋਵੇ - ਅਨਿਆਂ ਦਾ ਮੁਕਾਬਲਾ ਮਜ਼ਦੂਰ ਮਜ਼ਬੂਤ ਜੱਥੇਬੰਦੀ ਬਣਾ ਕੇ ਹੀ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਟੈਕਸਟਾਈਲ ਅਤੇ ਹੌਜਰੀ ਮਜ਼ਦੂਰਾਂ ਦੀ ਜੱਥੇਬੰਦੀ ਕਾਇਮ ਹੋ ਜਾਣਾ ਇੱਕ ਬਹੁਤ ਵੱਡੀ ਉਪਲੱਭਧੀ ਹੈ। ਉਹਨਾਂ ਕਿਹਾ ਮਜ਼ਦੂਰਾਂ ਨੂੰ ਅਨੇਕਾਂ ਝੂਠੀਆਂ ਜੱਥੇਬੰਦੀਆਂ ਅਤੇ ਲੀਡਰਾਂ ਨੇ ਬੁੱਧੂ ਬਣਾਇਆ ਹੈ। ਯੂਨੀਅਨਾਂ ਤੋਂ ਤਾਂ ਮਜ਼ਦੂਰਾਂ ਦਾ ਵਿਸ਼ਵਾਸ ਹੀ ਉੱਠ ਗਿਆ ਸੀ। ਅਜਿਹੇ ਚੁਨੌਤੀ ਪੂਰਣ ਹਾਲਾਤਾਂ ਵਿੱਚ ਜੱਥੇਬੰਦੀ ਖੜੀ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਸੀ। ਉਹਨਾਂ ਕਿਹਾ ਕਿ ਆਪਣੇ ਹੱਕ ਹਾਸਲ ਕਰਨ ਲਈ ਅਤੇ ਹਾਸਲ ਕੀਤੇ ਹੱਕਾਂ ਦੇ ਰਾਖੀ ਲਈ ਜੱਥੇਬੰਦੀ ਨੂੰ ਲਗਾਤਾਰ ਮਜ਼ਬੂਤ ਕਰਨ ਵੱਲ ਵੱਧਣਾ ਹੋਵੇਗਾ।
 ਸਾਥੀ ਤਾਜ ਮੁਹੰਮਦ, ਜਿਨ੍ਹਾ ਨੇ ਮੰਚ ਸੰਚਾਲਨ ਦੇ ਜਿੰਮੇਵਾਰੀ ਸੰਭਾਲੀ ਨੇ ਨਵੀਂ ਚੁਣੀ ਗਈ ਕਮੇਟੀ ਦਾ ਐਲਾਨ ਕੀਤਾ। ਸਾਥੀ ਰਾਜਵਿੰਦਰ ਨੂੰ ਪ੍ਰਧਾਨ, ਸਾਥੀ ਤਾਜ ਮੁਹੰਮਦ ਨੂੰ ਉਪ ਪ੍ਰਧਾਨ, ਸਾਥੀ ਵਿਸ਼ਵਨਾਥ ਨੂੰ ਜਨਰਲ ਸਕੱਤਰ, ਸਾਥੀ ਵਿਸ਼ਾਲ ਨੂੰ ਸਕੱਤਰ, ਸਾਥੀ ਗੋਪਾਲ ਨੂੰ ਖਜਾਨਚੀ ਅਤੇ ਸਾਥੀ ਘਨਸ਼ਿਆਮ ਨੂੰ ਪ੍ਰਚਾਰ ਸੱਕਤਰ ਦੀ ਅਹੁਦੇ ਦੀ ਜਿੰਮੇਵਾਰੀ ਸੌਂਪੀ ਗਈ ਹੈ। ਜੱਥੇਬੰਦੀ ਦੇ ਸੰਵਿਧਾਨ ਮੁਤਾਬਿਕ ਹਰ ਵਰ੍ਹੇ ਜੱਥੇਬੰਦੀ ਦਾ ਇਜਲਾਸ ਹੋਵੇਗਾ ਅਤੇ ਯੂਨੀਅਨ ਦੀ ਆਗੂ ਕਮੇਟੀ ਦਾ ਪੁਨਗਠਨ ਕੀਤਾ ਜਾਇਆ ਕਰੇਗਾ।
 ਵੱਖ-ਵੱਖ ਭਾਈਚਾਰਾ ਜੱਥੇਬੰਦੀਆਂ ਦੇ ਆਗੂਆਂ ਨੇ ਆਪਣੇ ਭਾਸ਼ਣ ਵਿੱਚ ਟੈਕਸਟਾਈਲ ਮਜ਼ਦੂਰ ਯੂਨੀਅਨ ਨੂੰ ਇਜਲਾਸ ਕਰਨ ਲਈ ਵਧਾਈ ਦਿੱਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵੀ ਯੂਨੀਅਨ ਜੱਥੇਬੰਦੀ ਦੇ ਢਾਂਚੇ ਅਤੇ ਕੰਮਕਾਜ ਦੇ ਜਮਹੂਰੀਕਰਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀ ਰਹੇਗੀ।
 ਮਜ਼ਦੂਰ ਸਭਾ ਨੂੰ ਸੰਬੋਧਿਤ ਹੁੰਦੇ ਹੋਏ ਨੌਜਵਾਨ ਭਾਰਤ ਸਭਾ ਦੀ ਆਗੂ ਨਮਿਤਾ ਨੇ ਕਿਹਾ ਮਜ਼ਦੂਰ ਜੋ ਦੁਨੀਆਂ ਦੇ ਹਰ ਕਾਰਜ ਦੀ ਬੁਨਿਆਦ ਹਨ ਹੀ ਦੁਨੀਆਂ ਬਦਲ ਸਕਦੇ ਹਨ। ਉਹਨਾਂ ਦੀ ਮਜ਼ਦੂਰਾਂ ਦੀ ਇੱਕਜੁੱਟ ਤਾਕਤ ਵਿੱਚ ਹੀ ਦੁਨੀਆਂ ਦੀ ਕਾਇਅਪਲਟ ਕਰਨ ਦੀ ਕਾਬਲਿਅਤ ਹੈ। ਇਸੇ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਵਿਦਿਆਰਥੀਆਂ-ਨੌਜਵਾਨਾਂ ਨੂੰ ਮਜ਼ਦੂਰਾਂ ਵਿੱਚ ਜਾ ਕੇ ਉਹਨਾਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਸੀ। ਉਹਨਾਂ ਕਿਹਾ ਕਿ ਮਜ਼ਦੂਰ ਔਰਤਾਂ ਨੂੰ ਵੀ ਜੱਥੇਬੰਦੀ ਅਤੇ ਇਸਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਜ਼ੌਰਦਾਰ ਕੋਸ਼ਿਸ਼ਾਂ ਕਰਨ ਦੀ ਲੋੜ ਹੈ।
 ਬਿਗੁਲ ਮਜ਼ਦੂਰ ਦਸਤਾ ਵੱਲੋਂ ਵਿਮਲਾ ਸਕਰਵਾਲ ਨੇ ਇਕੱਠ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਨਾ ਸਿਰਫ ਟੈਕਸਟਾਈਲ ਅਤੇ  ਹੌਜਰੀ ਮਜ਼ਦੂਰ ਸਗੋਂ ਹਰ ਪੇਸ਼ੇ ਦੇ ਮਜ਼ਦੂਰਾਂ ਨੂੰ ਇਕਜੁੱਟ ਕਰਨਾ ਹੋਵੇਗਾ ਤਦ ਹੀ ਮਜ਼ਦੂਰ ਉਹਨਾਂ ਦੇ ਦੁੱਖਾਂ ਦੀ ਇਕੋਇਕ ਮੂਲ ਕਾਰਨ ਸਰਮਾਏਦਾਰੀ ਨੂੰ ਖਤਮ ਕਰਕੇ ਸਮਾਜਵਾਦ ਦੀ ਸਥਾਪਨਾ ਕਰ ਸਕਣਗੇ।
 ਮਜ਼ਦੂਰ ਸਭਾ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਨੇ ਸੰਬਧਿਤ ਹੁੰਦੇ ਹੋਏ ਕਿਹਾ ਕਿ ਦੇਸ ਦੇ ਮਜ਼ਦੂਰਾਂ ਨੂੰ ਹਾਕਮਾਂ ਵੱਲੋਂ ਭਵਿੱਖ ਵਿੱਚ ਹੋਣ ਵਾਲੇ ਵੱਡੇ ਆਰਥਿਕ ਹਮਲਿਆਂ ਦਾ ਟਾਕਰਾ ਕਰਨ ਲਈ ਅਤੇ ਜਵਾਬ ਦੇਣ ਲਈ ਡਟ ਕੇ ਤਿਆਰੀ ਕਰਨੀ ਚਾਹੀਦੀ ਹੈ। ਦੇਸ਼ ਵਿਸ਼ਵ ਵਿਆਪੀ ਆਰਥਿਕ ਸੰਕਟ ਵਿੱਚ ਘਿਰ ਚੁੱਕਿਆ ਹੈ। ਸਰਮਾਏਦਾਰ ਜਮਾਤ ਅਤੇ ਉਹਨਾਂ ਦੀ ਸਰਕਾਰ ਸੰਕਟ ਦਾ ਸਾਰਾ ਬੋਝ ਗਰੀਬ ਮਜ਼ਦੂਰਾਂ ਅਤੇ ਕਿਰਤੀਆਂ 'ਤੇ ਸੁੱਟਣ ਦੀ ਤਿਆਰੀ ਕਰ ਰਹੀਆਂ ਹਨ।
 ਯੂਨੀਅਨ ਕਮੇਟੀ ਨੇ ਐਲਾਨ ਕੀਤਾ ਕਿ 19 ਅਗਸਤ ਨੂੰ ਟੈਕਸਟਾਈਲ ਅਤੇ ਹੌਜਰੀ ਮਜ਼ਦੂਰਾਂ ਦੀ ਪੰਚਾਇਤ ਬੁਲਾਈ ਗਈ ਹੈ। ਆਗੂਆਂ ਨੇ ਮਜ਼ਦੂਰਾਂ ਨੂੰ ਟੈਕਸਟਾਈਲ ਅਤੇ ਹੌਜਰੀ ਮਜ਼ਦੂਰ ਪੰਚਾਇਤ ਨੂੰ ਕਾਮਯਾਬ ਬਣਾਉਣ ਲਈ ਪੂਰਾ ਜੋਰ ਲਾ ਦੇਣ ਦਾ ਸੱਦਾ ਦਿੱਤਾ ਹੈ। ਹੁਣ ਦੇਖਣਾ ਹੈ ਕਿ ਇਹ ਇੱਕਤਰਤਾ ਅਤੇ ਹੋਰ ਆਯੋਜਨ ਕ੍ਰਾਂਤੀ ਨੂੰ ਨੇੜੇ ਲਿਆਉਣ ਅਤੇ ਮਜਦੂਰਾਂ ਦੇ ਰਹਿਣ ਸਹਿਣ ਦੀ ਹਾਲਤ ਸੁਧਾਰਨ ਲਈ ਕੁਝ ਠੋਸ ਯੋਗਦਾਨ ਪਾਉਣ ਇਚ੍ਚ ਕਿੰਨਾ ਕੁ ਸਫਲ ਰਹਿੰਦੇ ਹਨ
। --ਕਲਿਆਣੀ ਸਿੰਘ
// ਰੈਕਟਰ ਕਥੂਰੀਆ 

No comments: