Saturday, April 21, 2012

ਕਹਾਣੀਕਾਰ ਲਾਲ ਸਿੰਘ ਨੂੰ ਨਵੀਂ ਜ਼ਿੰਮੇਵਾਰੀ

ਪੰਜਾਬੀ ਸਾਹਿਤ ਸਭਾ ਦਸੂਹਾ ਗਡ਼੍ਹਦੀਵਾਲਾ(ਰਜਿ:) ਦਾ ਪ੍ਰਧਾਨ ਬਨਣ ਤੇ ਵਿਸ਼ੇਸ਼
ਦੁਆਬੇ ਦਾ ਮਾਣ-ਇੱਕ ਸਖਸ਼ੀਅਤ-ਇੱਕ ਸੰਸਥਾ“ ਕਹਾਣੀਕਾਰ ਲਾਲ ਸਿੰਘ”
ਪੰਜਾਬੀ ਸਾਹਿਤ ਸਭਾ ਦਸੂਹਾ –ਗਡ਼੍ਹਦੀਵਾਲਾ(ਰਜਿ:) ਦੇ ਆਉਂਦੇ ਦੋ ਵਰ੍ਹੇ ਲਈ ਚੁਣੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਆਪਣੇ ਸਾਹਿਤਕ ਖੇਤਰ ਅਤੇ ਜਥੇਬੰਦਕ ਖੇਤਰ ਦੀਆਂ ਉਪਲੱਬਦੀਆਂ ਕਰਕੇ ਕਿਸੇ ਜਾਣ ਪਛਾਣ ਜਾ ਪਤੇ ਦਾ ਮੁਥਾਜ ਨਹੀ ਹਨ। ਸਾਦਾ ਪਹਿਰਾਵਾ ਪਾਉਣ ਵਾਲੇ,ਸਹਿਜ ਵਿੱਚ ਵਿਚਰਨ ਵਾਲੇ ਅਤੇ ਸਾਊ ਸੁਭਾਅ ਦੇ  ਮਾਲਕ ਮਾਸਟਰ ਲਾਲ ਸਿੰਘ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰਾਂ ਵਿੱਚ ਆਉਂਣਾ ਹੈ। ਦੁਆਬੇ ਦੇ ਜੰਮਪਲ ਹੋਣ ਕਰਕੇ ਉਸ ਦੀਆਂ ਲਿਖਤਾਂ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ ਮਾਣੀ ਜਾ ਸਕਦੀ ਹੈ।
ਇਸ ਕਲਮ ਨੇ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਝੋਲੀ ਦੇ ਵਿੱਚ ਛੇ ਕਹਾਣੀ ਸ੍ਰੰਗਹਿ “ ਮਾਰਖੋਰੇ (1984) “,” ਬਲੌਰ (1986) “,” ਧੁੱਪ-ਛਾਂ(1990)”,” ਕਾਲੀ ਮਿੱਟੀ (1996)”,” ਅੱਧੇ-ਅਧੂਰੇ(2003)”,”ਗਡ਼੍ਹੀ ਬਖਸ਼ਾ ਸਿੰਘ (2010)”  ਪਾਏ ਹਨ ਅਤੇ ਇਸ ਨਾਲ ਲਾਲ ਸਿੰਘ ਦੀ  ਪੰਜਾਬੀ ਸਾਹਿਤਕ ਖੇਤਰ ਵਿੱਚ ਇੱਕ ਸਮਰੱਥ ਕਹਾਣੀਕਾਰ ਵੱਜੋਂ ਉਸ ਦੀ ਚਰਚਾ ਹੁੰਦੀ ਹੈ । ਪੰਜਾਬੀ ਕਹਾਣੀ ਅਤੇ  ਸਾਹਿਤ  ਨਾਲ ਕਰੀਬ 40 ਸਾਲ ਦਾ ਸਫਰ ਕਰਨ ਵਾਲੇ ਲਾਲ ਸਿੰਘ ਅਤੇ ਉਸ ਦੀਆਂ ਕਹਾਣੀਆਂ ਅਤੇ ਸਾਹਿਤ ਸਿਰਜਨਾ ਉੱਤੇ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਅਨੇਕਾਂ ਖੋਜ ਕਰਤਾਵਾਂ ਵੱਲੋਂ ਪੀ.ਐਚ.ਡੀ ਅਤੇ ਐਮ.ਫਿਲ ਦੇ ਥੀਸਿਸ਼ ਲਿਖੇ ਜਾ ਚੁੱਕੇ ਹਨ ਅਤੇ ਲਿਖੇ ਜਾ ਰਹੇ ਹਨ । ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ ਪੰਜਾਬੀ ,ਹਿੰਦੀ ਅਤੇ ਉਰਦੂ ਜੁਬਾਨ ਦੀਆਂ ਅਨੇਕਾਂ ਸੰਪਾਦਤ ਪੁਸਤਕਾਂ ਅਤੇ ਆਨ ਲਾਇਨ ਅਖ਼ਬਾਰਾਂ-ਪਰਚਿਆਂ ਦਾ ਸ਼ਿੰਗਾਰ ਬਣੀਆਂ ਹਨ । ਕਹਾਣੀਕਾਰ ਲਾਲ ਸਿੰਘ ਨੇ ਅਨੇਕਾਂ ਪੁਸਤਕਾਂ ਦੇ ਰਿਵਿਊ ,ਮੁਲਾਕਾਤਾਂ ,ਬਾਲ ਕਹਾਣੀਆਂ , ਮਿੰਨੀ ਕਹਾਣੀਆਂ ,ਆਲੋਚਨਾਤਮਕ ਲੇਖਾਂ ਦੇ ਨਾਲ ਅਨੇਕਾਂ ਭਾਸ਼ਾਵਾਂ ਦੀਆਂ ਕਹਾਣੀਆਂ ਦਾ ਪੰਜਾਬੀ ਰੁਪਾਂਤਰਨ ਵੀ ਕੀਤਾ ਹੈ ਅਤੇ ਉਹਨਾਂ ਦੀਆਂ ਵੱਖ-ਵੱਖ ਰੋਜ਼ਾਨਾ ਅਖਬਾਰਾਂ ਅਤੇ ਸਾਹਿਤਕ ਪਰਚਿਆਂ ਵਿੱਚ ਅਨੇਕਾਂ ਰਚਨਾਵਾਂ ਪ੍ਰਕ਼ਸ਼ਿਤ ਹੁੰਦੀਆਂ ਹਨ।
ਪ੍ਰਿਸੀਪਲ ਸੁਜਾਨ ਸਿੰਘ ਯਾਦਗਾਰੀ ਐਵਾਰਡ,ਮਾਤਾ ਲਸ਼ਕਮੀ ਦੇਵੀ ਯਾਦਗਾਰੀ ਐਵਾਰਡ ਸਮੇਤ  ਅਨੇਕਾਂ ਸਨਮਾਨ ਨਾਲ  ਪੰਜਾਬ ਦੀਆਂ ਵੱਖ ਵੱਖ ਸਾਹਿਤ ਸਭਾਵਾਂ ਅਤੇ ਅਦਾਰਿਆਂ ਨੇ ਕਹਾਣੀਕਾਰ ਲਾਲ ਸਿੰਘ ਦੀ ਸਖਸ਼ੀਅਤ ਦਾ ਮਾਣ ਸਨਮਾਨ ਵਧਾਇਆ ਗਿਆ ਹੈ। 

ਕਹਾਣੀਕਾਰ ਲਾਲ ਸਿੰਘ ਦੀਆਂ ਰਚਨਾਵਾਂ ਉਹਨਾਂ ਤੇ ਹੋਏ ਖੋਜ ਕਾਰਜ ਉਹਨਾਂ ਦੀ ਵੈਬ ਸਾਇਟ : http://lalsinghdasuya.yolasite.com ਅਤੇ lalsinghdasuya.blogspot.com ਤੇ ਵੀ ਪ੍ਰਕਾਸ਼ਿਤ ਹਨ ।  

ਆਪਣੇ ਸਾਹਿਤਕ ਜੀਵਨ ਵਿੱਚ ਜਥੇਬੰਦਕ ਤੌਰ ਤੇ ਕਹਾਣੀਕਾਰ ਲਾਲ ਸਿੰਘ ਕੇਂਦਰੀ ਪੰਜਾਬੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰੀ ਮੈਂਬਰ ਹੋਣ ਦੇ ਨਾਲ-ਨਾਲ ਜਿਲ੍ਹਾ ਹੁਸ਼ਿਆਰਪੁਰ ਦੀਆਂ ਅਨੇਕਾਂ ਪੰਜਾਬੀ ਸਾਹਿਤ ਸਭਾਵਾਂ ਦਾ ਜਨਮਦਾਤਾ ਅਤੇ ਸਰਪ੍ਰਸਤ ਵੀ ਹੈ । ਪੰਜਾਬੀ ਸਾਹਿਤ ਸਭਾ ਦਸੂਹਾ-ਗਡ਼੍ਹਦੀਵਾਲਾ ਦੇ ਸਮੂਹ ਮੈਂਬਰ ਤੇ ਅਹੁਦੇਦਾਰ ਆਪਣੀ ਸਭਾ ਦੇ ਅਣਮੋਲ ਹੀਰੇ ਕਹਾਣੀਕਾਰ ਲਾਲ ਸਿੰਘ ਨੂੰ ਆਪਣੀ ਸਭਾ ਦਾ ਅਗਲੇ ਦੋ ਸਾਲ ਲਈ ਪ੍ਰਧਾਨ ਚੁਣ ਕੇ ਆਪਣੇ ਆਪ ਅਤੇ ਸਾਹਿਤ ਸਭਾ ਦਸੂਹਾ ਗਡ਼੍ਹਦੀਵਾਲਾ ਨੂੰ ਅਦਬੀ ਮਾਨ-ਸਨਮਾਨ ਨਾਲ ਸਤਿਕਾਰਿਤ ਮਹਿਸੂਸ ਕਰ ਰਹੇ ਹਨ।   

-ਅਮਰਜੀਤ ਮਠਾਰੂਦਸੂਹਾ(ਹੁਸ਼ਿਆਰਪੁਰ)
voc_lect2000@yahoo.com

No comments: