Monday, December 12, 2011

ਸੁਖਬੀਰ, ਜੁਝਾਰੂ ਆਗੂਆਂ ਦੀ ਬਜਾਇ, ਵਿਓਪਾਰੀਆਂ ਨੂੰ ਟਿਕਟਾਂ ਵੰਡ ਰਿਹੈ

ਕੁਸ਼ਲਦੀਪ ਢਿੱਲੋਂ ਨੇ ਕੀਤੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ
ਦੂਜੇ ਪਾਸੇ ਸਿੱਖ ਜਗਤ 'ਚ ਮੁੜ ਜਾਗਿਆ ਬਾਦਲ ਸਰਕਾਰ ਨਾਲ ਮੋਹ
ਚੰਡੀਗੜ੍ਹ//12 ਦਸੰਬਰ//ਬਿਊਰੋ ਰਿਪੋਰਟ:

ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਸ਼੍ਰੋਮਣੀ ਅਕਾਲੀ ਦਾ ਵੱਲ ਸ਼ਬਦ ਬਾਣ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ. ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿੱਥੇ ਵਿਕਾਸ ਦੇ ਅੰਕੜਿਆਂ ਨੂੰ ਥਾਂ ਥਾਂ ਦੁਹਰਾ ਰਹੇ ਹਨ ਉਥੇ ਪੀਪਲਜ਼ ਪਾਰਟੀ ਨੇ ਇਹਨਾਂ ਨੁਕਤਿਆਂ ਨੂੰ ਨਜਰ ਅੰਦਾਜ਼ ਕਰਦਿਆਂ ਕੁਝ ਹੋਰ ਗੱਲਾਂ ਨੂੰ ਮੁੱਦਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ. ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੁਝਾਰੂ ਆਗੂਆਂ ਜਾਂ ਸਮਾਜ ਸੇਵਕਾਂ ਨੂੰ ਟਿਕਟਾਂ ਦੇਣ ਦੀ ਬਜਾਇ ਵਿਓਪਾਰੀਆਂ ਨੂੰ ਟਿਕਟਾਂ ਵੰਡ ਰਿਹੈ। ਸੁਖਬੀਰ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਪੈਸੇ ਨਾਲ ਸੱਤਾ ਹਾਸਿਲ ਕੀਤੀ ਜਾ ਸਕਦੀ ਹੈ ਤੇ ਉਸਦਾ ਇਹ ਭੁਲੇਖਾ ਦੋ ਮਹੀਨਿਆ ਬਾਅਦ ਦੂਰ ਵੀ ਹੋ ਜਾਵੇਗਾ ਕਿਉਂਕਿ ਲੋਕ ਇਸ ਵਾਰ ਸੱਚਾਈ ਦਾ ਸਾਥ ਦੇਕੇ ਪੰਜਾਬ ਨੂੰ ਖੁਸ਼ਹਾਲ ਬਣਾਉਣਗੇ। ਦੂਜੇ ਪਾਸੇ ਆਮ ਲੋਕਾਂ ਖਾਸ ਕਰਕੇ ਸਿੱਖ ਜਗਤ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਤਬਦੀਲੀ ਨੋਟ ਕੀਤੀ ਜਾ ਰਹੀ ਹੈ ਕੀ ਬਾਦਲ ਸਰਕਾਰ ਨੇ ਸਿੱਖ ਧਰਮ ਨਾਲ ਜੁੜੀਆਂ ਯਾਦਾਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ.
       ਇਸੇ ਦੌਰਾਨ ਸ੍ਰੀ ਢਿੱਲੋਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਸੂਚੀ 'ਚ ਵਿਓਪਾਰੀ, ਟਰਾਂਸਪੋਟਰ, ਪ੍ਰਾਪਰਟੀ ਡੀਲਰ, ਸ਼ਰਾਬ ਦੇ ਠੇਕੇਦਾਰ ਆਦਿ ਸਭ ਤੋਂ ਮੋਹਰੀ ਹਨ ਅਤੇ ਪਾਰਟੀ ਲਈ ਕੰਮ ਕਰਨ ਵਾਲਿਆਂ ਨੂੰ ਜਾਂ ਟਕਸਾਲੀ ਆਗੂਆਂ ਨੂੰ ਕੋਈ ਅਹਿਮੀਅਤ ਨਹੀਂ।  ਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਉਨ੍ਹਾਂ ਹੱਥਾਂ 'ਚ ਸੁਰਖਿਅਤ ਨਹੀਂ ਹੋ ਸਕਦਾ ਜਿੰਨ੍ਹਾਂ ਨੇ ਸੱਤਾ ਨੂੰ ਆਪਣੇ ਵਿਓਪਾਰਿਕ ਫਾਇਦਿਆਂ ਲਈ ਵਰਤਨਾਂ ਹੈ। ਸੁਖਬੀਰ ਵਿਓਪਾਰੀਆਂ ਨਾਲ ਮਿਲਕੇ ਆਪਣਾ ਵਿਓਪਾਰ ਸੱਤਾ ਤੇ ਕਬਜ਼ਾ ਕਰਕੇ ਵਧਾਉਣਾ ਚਾਹੁੰਦਾ ਹੈ ਪ੍ਰੰਤੂ ਲੋਕ ਇਸ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
       ਉਨ੍ਹਾਂ ਅੱਗੇ ਕਿਹਾ ਕਿ ਪਹਿਲਾ ਰਹੇ ਟਕਸਾਲੀ ਆਗੂਆਂ ਨੇ ਉਨ੍ਹਾਂ ਨੇਤਾਵਾਂ ਨੂੰ ਤਰਜੀਹ ਦਿੱਤੀ ਜਿੰਨ੍ਹਾ ਨੇ ਪੰਥ ਲਈ ਜਾਂ ਸੂਬੇ ਲਈ ਕੋਈ ਕੁਰਬਾਨੀ ਦਿੱਤੀ ਸੀ. ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਆਦਿ ਨੇ ਵੀ ਉਨ੍ਹਾਂ ਆਗੂਆਂ ਨੂੰ ਅੱਗੇ ਲਿਆਂਦਾ ਸੀ ਜਿੰਨ੍ਹਾਂ ਨੇ ਜ਼ਿੰਦਗੀ ਦੇਸ਼ ਦੇ ਲੇਖੇ ਲਾਈ ਪ੍ਰੰਤੂ ਪ੍ਰਕਾਸ਼ ਸਿੰਘ ਬਾਦਲ ਨੇ ਸੱਤਾ ਹਥਿਆਉਣ ਦੀ ਰਾਜਨੀਤੀ ਨਾਲ ਟਿਕਟਾਂ ਵੰਡੀਆਂ ਅਤੇ ਹੁਣ ਸੁਖਬੀਰ ਵਪਾਰਿਕ ਨਜ਼ਰੀਏ ਨਾਲ ਟਿਕਟਾਂ ਵੰਡ ਰਿਹਾ ਹੈ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਅੰਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਬਹੁਤ ਸਾਰੇ ਆਗੂ ਪੀਪੀਪੀ 'ਚ ਸ਼ਾਮਿਲ ਹੋਣ ਦੀ ਤਿਆਰੀ ਕਰ ਰਹੇ ਹਨ ਤੇ ਚੋਣ ਜਾਬਤਾ ਲਾਗੂ ਹੋਣ ਤੋਂ ਤੁਰੰਤ ਬਾਅਦ ਅਕਾਲੀ ਦਲ ਬਾਦਲ ਦੀਆਂ ਕੁਰਸੀਆਂ ਖਾਲੀ ਹੋ ਜਾਣਗੀਆ।  ********

No comments: