Monday, December 12, 2011

ਅਕਾਲੀ ਦਲ ਨੂੰ ਖੋਰਾ//ਪੀਪੀਪੀ ਨੂੰ ਹੁਲਾਰਾ

---ਚੰਦੂਰਾਈਆਂ ਸਾਥੀਆਂ ਸਮੇਤ ਪੀਪੀਪੀ 'ਚ ਸ਼ਾਮਲ
ਚੰਡੀਗੜ੍ਹ//12 ਦਸੰਬਰ//ਬਿਊਰੋ ਰਿਪੋਰਟ : 

ਸ.ਮਨਪ੍ਰੀਤ ਸਿੰਘ ਬਾਦਲ ਅਤੇ ਸ. ਜਗਬੀਰ ਸਿੰਘ ਬਰਾੜ ਨਾਲ ਸ. ਅਜੀਤ ਸਿੰਘ ਚੰਦੂਰਾਈਆਂ ਸਾਥੀਆਂ ਸਮੇਤ ਪੀਪੀਪੀ 'ਚ ਸ਼ਾਮਿਲ ਹੋਣ ਸਮੇਂ
ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸੰਗਰੂਰ ਜ਼ਿਲ੍ਹੇ ਦੇ ਪ੍ਰਮੁੱਖ ਅਕਾਲੀ ਆਗੂ ਅਜੀਤ ਸਿੰਘ ਚੰਦੂਰਾਈਆਂ ਨੇ ਸਾਥੀਆਂ ਸਮੇਤ ਅਕਾਲੀ ਦਲ ਬਾਦਲ  ਨੂੰ ਅਲਵਿਦਾ ਆਖ ਕੇ ਪੀਪੀਪੀ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨਾਲ ਸਾਥ ਦੇਣ ਦਾ ਐਲਾਨ ਕਰ ਦਿੱਤਾ।  ਅੱਜ ਪਾਰਟੀ ਦੇ ਮੁੱਖ ਦਫ਼ਤਰ ਪਹੁੰਚੇ ਸ. ਚੰਦੂਰਾਈਆਂ ਨੇ ਕਿਹਾ ਕਿ ਉਨ੍ਹਾਂ ਦਾ ਦਿਲ ਪਿਛਲੇ ਕਈ ਮਹੀਨਿਆਂ ਤੋਂ ਸੀ ਕਿ ਉਹ ਵੀ ਉਸ ਰੂਹ ਦਾ ਸਾਥ ਦੇਵੇ ਜੋ ਵਾਕਿਆ ਹੀ ਸੂਬੇ ਦਾ ਭਲਾ ਚਾਹੁੰਦਾ ਹੈ ਅਤੇ ਜਿਸ ਦੇ ਸੀਨੇ 'ਚ ਪੰਜਾਬ ਦੀ ਬਰਬਾਦੀ ਦੀ ਚੀਸ ਪੈਂਦੀ ਹੈ। ਉਨ੍ਹਾਂ ਕਿਹਾ ਕਿ ਉਹ ਸ. ਮਨਪ੍ਰੀਤ ਸਿੰਘ ਬਾਦਲ ਨਾਲ ਕਿਸੇ ਸਿਆਸੀ ਲਾਲਚ ਕਰਕੇ ਨਹੀਂ ਜੁੜੇ ਪ੍ਰੰਤੂ ਸੂਬੇ ਨੂੰ ਖੁਸ਼ਹਾਲ ਬਨਾਉਣ ਲਈ ਬਣੀ ਸੂਰਬੀਰਾਂ ਦੀ ਟੀਮ 'ਚ ਸ਼ਾਮਿਲ ਹੋਏ ਹਨ।
       ਇਥੇ ਜ਼ਿਕਰਯੋਗ ਹੈ ਕਿ ਸ੍ਰੀ ਚੰਦੂਰਾਈਆਂ, ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਸਾਬਕਾ ਮੈਂਬਰ ਸਨ ਅਤੇ ਦੋ ਵਾਰੀ ਮਲੇਰਕੋਟਲਾ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋ ਚੋਣ ਲੜ ਚੁੱਕੇ ਹਨ। ਸਾਲ 1997 'ਚ ਉਹ 26 ਹਜ਼ਾਰ ਦੇ ਕਰੀਬ ਵੋਟਾਂ ਲੈਕੇ ਦੂਸਰੇ ਸਥਾਨ ਤੇ ਰਹੇ ਅਤੇ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ 'ਚ ਉਹ 37 ਹਜ਼ਾਰ ਦੇ ਕਰੀਬ ਵੋਟਾਂ ਲੈਕੇ ਸਿਰਫ਼ 179 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਸਨ। ਅੱਜ ਸ੍ਰੀ ਚੰਦੂਰਾਈਆਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ, ਪੀ.ਏ.ਡੀ.ਬੀ. ਬੈਂਕ ਦੇ ਡਾਇਰੈਕਟਰ ਅਤੇ ਸੈਂਕੜੇ ਪ੍ਰਮੁੱਖ ਵਿਅਕਤੀ ਪੀਪੀਪੀ 'ਚ ਸ਼ਾਮਿਲ ਹੋਏ ਜ਼ਿਨ੍ਹਾਂ ਦੀ ਸਮੂਲੀਅਤ ਨਾਲ ਸੰਗਰੂਰ ਜ਼ਿਲ੍ਹੇ 'ਚ ਅਕਾਲੀ ਦਲ ਬਾਦਲ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸ੍ਰੀ ਚੰਦੂਰਾਈਆਂ ਦੀ ਸ਼ਮੂਲੀਅਤ ਸਮੇਂ ਅੱਜ ਪਾਰਟੀ ਦਫ਼ਤਰ 'ਚ ਸ. ਬਾਦਲ ਦੇ ਨਾਲ ਪੀਪੀਪੀ ਦੇ ਸੀਨੀਅਰ ਮੀਤ ਪ੍ਰਧਾਨ ਜਗਬੀਰ ਸਿੰਘ ਬਰਾੜ, ਅਭੈ ਸਿੰਘ ਸੰਧੂ, ਹਰਨੇਕ ਸਿੰਘ ਘੜੂੰਆਂ, ਜਗਜੀਤ ਸਿੰਘ ਘੁੰਗਰਾਣਾ, ਮਹਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਢਿੱਲੋਂ ਧੂਰੀ, ਬਚਿਨ ਬੇਦਿੱਲ,  ਜਗਤਾਰ ਸਿੰਘ ਬਾਬਾ, ਹਰਮਨਜੀਤ ਸਿਘ ਡਿੱਕੀ ਜੈਜੀ ਆਦਿ ਵੀ ਹਾਜ਼ਰ ਸਨ।        ********** 

No comments: