Monday, November 21, 2011

ਅੰਨਾ ਦਾ ਲੋਕਪਾਲ ਬਿਲ ਲਾਗੁ ਕਰਾਵਾਂਗੇ :ਮਨਪ੍ਰੀਤ ਬਾਦਲ

ਪੰਜਾਬ ਦੀ ਇੱਜ਼ਤ ਦਾਅ ’ਤੇ ਲਾਉਣ ਵਾਲਿਆਂ ਨੂੰ ਚਲਦਾ ਕਰਨ ਦਾ ਸਮਾਂ ਆਇਆ:ਪੀਪੀਪੀ
ਹੁਸ਼ਿਆਰਪੁਰ//ਹਰਪ੍ਰੀਤ ਕੌਰ// 20 ਨਵੰਬਰ
ਇੱਥੇ ਅੱਜ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸੰਸਥਾਪਕ ਅਤੇ ਸਾਂਝੇ ਮੋਰਚੇ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਸਿਆਸਤਦਾਨਾਂ ਨੇ ਪੰਜਾਬ ਦੀ ਇੱਜ਼ਤ ਦਾਅ ’ਤੇ ਲਾਈ, ਉਨ੍ਹਾਂ ਨੂੰ ਚਲਦਾ ਕਰਨ ਦਾ ਸਮਾਂ ਆ ਗਿਆ ਹੈ।  ਇੱਥੇ ਰੌਸ਼ਨ ਗਰਾਊਂਡ ਵਿੱਚ ਸਾਂਝੇ ਮੋਰਚੇ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਤੀਜੇ ਮੋਰਚੇ ਦੀ ਬਣੇਗੀ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਨਿਜ਼ਾਮ ਦੇ ਜਬਰ ਤੋਂ ਤੰਗ ਆ ਚੁੱਕੇ ਹਨ ਅਤੇ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਤੋਂ ਨਿਜ਼ਾਤ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੋ ਪਾਰਟੀਆਂ ਦੀ ਅਜਾਰੇਦਾਰੀ ਤੋਡ਼ਣ ਲਈ ਹੀ ਸਾਂਝੇ ਮੋਰਚੇ ਦਾ ਗਠਨ ਕੀਤਾ ਗਿਆ ਹੈ। ਸਾਬਕਾ ਵਿੱਤ ਮੰਤਰੀ ਕਿਹਾ ਕਿ ਖੱਬੀਆਂ ਪਾਰਟੀਆਂ ਨਾਲ ਸਮਝੌਤਾ ਕਿਸੇ ਸਿਆਸੀ ਦਬਾਅ ਕਰਕੇ ਨਹੀਂ ਕੀਤਾ ਗਿਆ ਬਲਕਿ ਇਸ ਕਰਕੇ ਕੀਤਾ ਗਿਆ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਸੋਚ, ਏਜੰਡਾ ਅਤੇ ਮੰਜ਼ਿਲ ਇੱਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਚੋਣਾਂ ਆਮ ਲੋਕਾਂ ਨਾਲ ਜੁਡ਼ੇ ਮੁੱਦਿਆਂ ’ਤੇ ਲਡ਼ੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਅਤੇ ਖੁਸ਼ਹਾਲੀ ਨਾਲ ਜੁਡ਼ੇ ਮਸਲਿਆਂ ’ਤੇ ਚੋਣਾਂ ਲਡ਼ੀਆਂ ਜਾਣਗੀਆਂ।
ਰੋਜ਼ਾਨਾ ਜਗ ਬਾਣੀ ਦੇ ਮੁੱਖ ਪੰਨੇ 'ਤੇ ਪ੍ਰਕਾਸ਼ਿਤ ਖਬਰ
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹੁੰਦਿਆਂ ਜਦੋਂ ਉਨ੍ਹਾਂ ਨੇ ਪੰਜਾਬ ਸਿਰ ਚਡ਼੍ਹੇ ਕਰਜ਼ੇ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਚੰਗਾ ਨਹੀਂ ਲੱਗਿਆ ਪਰ ਕਰਜ਼ੇ ਦੀ ਗੱਲ ਕਰਕੇ ਉਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਜਾਨ ਵਿੱਚ ਜਾਨ ਹੈ ਉਹ ਪੰਜਾਬ ਦੀ ਆਨ ਅਤੇ ਸ਼ਾਨ ’ਤੇ ਆਂਚ ਨਹੀਂ ਆਉਣ ਦੇਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਹੰਭਲਾ ਮਾਰਨ ਕਿਉਂਕਿ ਕੋਸ਼ਿਸ਼ ਕਰਨ ਨਾਲ ਹੀ ਸਫ਼ਲਤਾ ਮਿਲਦੀ ਹੈ।
ਮਨਪ੍ਰੀਤ ਨੇ ਕਿਹਾ ਕਿ ਖੱਬੀਆਂ ਪਾਰਟੀਆਂ ਨਾਲ ਸੀਟਾਂ ਦੀ ਵੰਡ ਬਾਰੇ ਅਜੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ, ਚਾਹੇ ਉਹ ਜਿਹਡ਼ੀ ਵੀ ਪਾਰਟੀ ਦਾ ਹੋਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਔਰਤਾਂ ਨੂੰ ਵੀ ਵਾਜਬ ਪ੍ਰਤੀਨਿਧਤਾ ਦਿੱਤੀ ਜਾਵੇਗੀ। ਦੂਜੀਆਂ ਪਾਰਟੀਆਂ ਛੱਡ ਕੇ ਜਾਂ ਕੱਢੇ ਗਏ ਆਗੂਆਂ ਦੀ ਸਾਂਝੇ ਮੋਰਚੇ ਵਿੱਚ ਐਂਟਰੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਕਾਂਗਰਸ ਜਾਂ ਅਕਾਲੀਆਂ ਦੀਆਂ ਫ਼ੌਡ਼ੀਆਂ ਦੀ ਜ਼ਰੂਰਤ ਨਹੀਂ। ਉਨ੍ਹਾਂ ਦੱਸਿਆ ਕਿ ਦਸੰਬਰ ਦੇ ਪਹਿਲੇ ਹਫ਼ਤੇ ਮੈਨੀਫ਼ੈਸਟੋ ਜਾਰੀ ਕਰ ਦਿੱਤਾ ਜਾਵੇਗਾ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ’ ਕੰਪਲੈਕਸ ਦੇ ਉਦਘਾਟਨ ਮੌਕੇ ਪੰਜਾਬ ਸਰਕਾਰ ਵੱਲੋਂ ਅਮਿਤਾਭ ਬੱਚਨ ਅਤੇ ਹੋਰ ਫ਼ਿਲਮੀ ਕਲਾਕਾਰਾਂ ਨੂੰ ਸੱਦੇ ਜਾਣ ’ਤੇ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫ਼ਿਲਮੀ ਸਿਤਾਰਿਆਂ ਨਾਲ ਚੋਣਾਂ ਜਿੱਤੀਆਂ ਜਾ ਸਕਦੀਆਂ ਹੋਣ ਤਾਂ ਵਿਸ਼ਵ ਦੇ ਕਿਸੇ ਕੋਨੇ ਵਿੱਚ ਕੋਈ ਸਰਕਾਰ ਡਿੱਗੇ ਹੀ ਨਾ। ਕਲਾਕਾਰਾਂ ’ਤੇ ਹੋਣ ਵਾਲੇ ਖਰਚੇ ’ਤੇ ਪ੍ਰਤੀਕਰਮ ਕਰਦਿਆਂ ਉਨ੍ਹਾਂ ਕਿਹਾ ਕਿ ਸਾਰਾ ਪੈਸਾ ਉਧਾਰ ਦਾ ਹੀ ਲੱਗੇਗਾ ਕਿਉਂਕਿ ਸਰਕਾਰ ਦਾ ਖਜ਼ਾਨਾ ਤਾਂ ਖਾਲੀ ਹੈ। ਉਨ੍ਹਾਂ ਕਿਹਾ ਕਿ ਅਫ਼ਰੀਕਾ ਅਤੇ ਅਰਬ ਦੇਸ਼ਾਂ ਵਿੱਚ ਤਬਦੀਲੀ ਦੀ ਜੋ ਹਵਾ ਚੱਲੀ ਹੈ ਉਸ ਦਾ ਝੋਕਾ ਪੰਜਾਬ ਵੀ ਪਹੁੰਚ ਗਿਆ ਹੈ ਅਤੇ ਛੇਤੀ ਹੀ ਮੌਜੂਦਾ ਨਿਜ਼ਾਮ ਦਾ ਤਖਤਾ ਪਲਟ ਜਾਵੇਗਾ।
ਰੈਲੀ ਵਿੱਚ ਸੀ.ਪੀ.ਐਮ. ਆਗੂ ਰਘੁਨਾਥ ਸਿੰਘ, ਸੀ.ਪੀ.ਆਈ ਦੇ ਨਿਰਮਲ ਸਿੰਘ ਧਾਰੀਵਾਲ ਅਤੇ ਬੰਤ ਸਿੰਘ ਬਰਾਡ਼, ਅਕਾਲੀ ਦਲ (ਲੌਂਗੋਵਾਲ) ਦੇ ਬਲਦੇਵ ਸਿੰਘ ਮਾਨ, ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ ਭਗਵੰਤ ਮਾਨ, ਅਭੈ ਸੰਧੂ, ਬੀ.ਐਸ ਰਿਆਡ਼, ਲਖਵਿੰਦਰ ਸਿੰਘ ਲੱਖੀ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਮਨਜੀਤ ਸਿੰਘ ਲਾਲੀ ਤੇ ਭੁਪਿੰਦਰ ਸਿੰਘ ਪੱਪੂ ਅਜਡ਼ਾਮ ਸ਼ਾਮਲ ਹੋਏ।  



ਵੀਡੀਓ ਲਿੰਕ 
ਤੁਸੀਂ ਇਸ ਖਬਰ ਦੀ ਵੀਡੀਓ ਵੀ ਦੇਖ ਸਕਦੇ ਹੋ ਸਿਰਫ ਹੇਠਲਾ ਲਿੰਕ ਕਲਿੱਕ ਕਰਕੇ.
ਅੰਨਾ ਦਾ ਲੋਕਪਾਲ ਬਿਲ ਲਾਗੁ ਕਰਵਾਓਗੇ : ਮਨਪ੍ਰੀਤ

No comments: