Friday, November 18, 2011

ਪੰਜਾਬ ਦੇ ਲੋਕ ਤੂੰ-ਤੂੰ, ਮੈਂ-ਮੈਂ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਨੇ

ਏਸ ਰਾਜਨੀਤੀ ਨੇ ਬਣਾਈ ਹੈ ਪੰਜਾਬ ਦੀ ਹਾਲਤ ਤਰਸਯੋਗ
ਮਨਪ੍ਰੀਤ ਬਾਦਲ ਵੱਲੋਂ ਅਮਰਿੰਦਰ ਤੇ ਸੁਖਬੀਰ ਵਿਰੁਧ ਸ਼ਬਦੀ ਹਮਲੇ ਜਾਰੀ 
ਲੋਕ ਹੁਣ ਰਜ਼ਵਾੜਾ ਸ਼ਾਹੀ ਰਾਜ  ਸਮਾਪਤ ਕਰ ਦੇਣਗੇ-ਪੀਪੀਪੀ 
ਚੰਡੀਗੜ੍ਹ//18 ਨਵੰਬਰ//ਬਿਊਰੋ ਰਿਪੋਰਟ 
ਫਾਈਲ ਫੋਟੋ ਪੰਜਾਬ ਸਕਰੀਨ  
ਪੰਜਾਬ ਦੇ ਲੋਕ ਅਮਰਿੰਦਰ ਤੇ ਕੈਪਟਨ ਦੀ ਤੂੰ-ਤੂੰ, ਮੈਂ-ਮੈਂ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ ਤੇ ਇਸ ਰਾਜਨੀਤੀ ਨੇ ਪੰਜਾਬ ਦੀ ਤਰਸਯੋਗ ਹਾਲਾਤ ਬਣਾ ਦਿੱਤੀ ਹੈ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਉਨ੍ਹਾਂ ਨੇ ਪਿਛਲੇ ਇੱਕ ਸਾਲ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ, ਤੇ ਲੱਖਾਂ ਪੰਜਾਬੀਆਂ ਨਾਲ ਮੁਲਾਕਾਤ ਕੀਤੀ, ਤੇ ਉਨ੍ਹਾਂ ਦੀਆਂ ਗੱਲਾਂ ਤੋਂ ਹੁਣ ਸਾਫ ਝਲਕਦਾ ਹੈ ਕਿ ਉਹ ਹੁਣ ਪੰਜਾਬ ਨੂੰ ਇਸ ਗੰਦੀ ਰਾਜਨੀਤੀ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਹਨ।
       ਸ. ਮਨਪ੍ਰੀਤ ਨੇ ਕਿਹਾ ਕਿ ਲਾਲ ਬੱਤੀ ਵਾਲੀਆਂ ਗੱਡੀਆਂ ਦਾ ਕਾਫਲਾ ਲੈਕੇ ਫਿਰ ਰਹੇ ਇੰਨਾਂ ਦੋਵਾਂ ਨੇਤਾਵਾ ਨੇ ਸਿਵਾਏ ਇੱਕ ਦੂਜੇ ਉਪਰ ਚਿੱਕੜ ਸੁੱਟਣ ਦੀ ਰਾਜਨੀਤੀ ਤੋਂ ਬਿਨਾਂ ਕੁੱਝ ਨਹੀਂ ਕੀਤਾ ਅਤੇ ਸੂਬੇ ਦੀ ਭਲਾਈ ਲਈ ਕੋਈ ਵੀ ਠੋਸ ਏਜੰਡਾ ਦੇਣ 'ਚ ਅਸਫ਼ਲ ਰਹੇ ਹਨ।  ਉਨ੍ਹਾਂ ਕਿਹਾ ਕਿ ਜਿੰਨ੍ਹਾਂ ਨੇਤਾਵਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਉਨ੍ਹਾਂ ਨੂੰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਸ਼ਹਿਨਸ਼ਾਹਾ ਵਾਂਗ ਫਿਰਨ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਅਮਰਿੰਦਰ ਅਤੇ ਸੁਖਬੀਰ ਦਾ ਰਜਵਾੜਾ ਸ਼ਾਹੀ ਰਾਜ ਹੁਣ ਪੰਜਾਬ ਦੇ ਲੋਕ ਸਮਾਪਤ ਕਰ ਦੇਣਗੇ ਤੇ ਲੋਕਾਂ 'ਚ ਹੁਣ ਇਹ ਬੀਤੇ ਸਮੇਂ ਦੇ ਨੇਤਾ ਬਣਨ ਵਾਲੇ ਹਨ ਜਿੰਨ੍ਹਾਂ ਨੂੰ ਪੰਜਾਬ 'ਚ ਮਾੜੇ ਦਿਨ ਲਿਆਉਣ ਵਾਲਿਆਂ ਦੇ ਰੂਪ 'ਚ ਯਾਦ ਕੀਤਾ ਜਾਇਆ ਕਰੇਗਾ। ਸ. ਮਨਪ੍ਰੀਤ ਨੇ ਕਿਹਾ ਕਿ ਹੁਣ ਪੰਜਾਬ ਦੀ ਰਾਜਨੀਤੀ 'ਚ ਵੱਡਾ ਬਦਲਾਅ ਆਵੇਗਾ ਤੇ ਲੋਕ, ਪੰਜਾਬ ਨੂੰ ਪਟੜੀ ਤੇ ਲਿਆਉਣ ਵਾਲੇ ਆਗੂਆਂ ਦਾ ਸਾਥ ਦੇਣਗੇ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਉਹ ਇੰਨ੍ਹਾਂ ਦੇ ਝੂਠੇ ਭਾਸ਼ਣ ਤੇ ਲਾਰੇ ਸੁਣ ਕੇ ਅੱਕ ਚੁੱਕੇ ਹਨ
       ਸ. ਮਨਪ੍ਰੀਤ ਨੇ ਕਿ ਕਿਹਾ ਕਿ ਬੇਰੁਜ਼ਗਾਰੀ, ਅਨਪੜ੍ਹਤਾ ਤੇ ਨਸ਼ਾਖੌਰੀ ਵਰਗੀਆਂ ਭੈੜੀਆ ਅਲਾਮਤਾਂ ਨੇ ਸੂਬੇ ਨੂੰ ਘੇਰ ਰੱਖਿਆ ਹੈ ਤੇ ਹੁਕਮਰਾਨਾਂ ਦੀਆਂ ਗਲਤ ਆਰਥਿਕ ਨੀਤੀਆਂ ਕਰਕੇ ਪੰਜਾਬ ਦੀ ਆਰਥਿਕਤਾ ਬਰਬਾਦ ਹੋ ਚੁੱਕੀ ਹੈ ਤੇ ਇੰਨ੍ਹਾਂ ਮਾੜੇ ਹਾਲਾਤਾਂ 'ਚ ਜਦੋਂ ਉਹ ਕੈਪਟਨ ਤੇ ਸੁਖਬੀਰ ਦੀ ਇੱਕ ਦੂਜੇ ਤੇ ਚਿੱਕੜ ਉਛਾਲਣ ਵਾਲੀ ਭੱਦਰ ਭਾਸ਼ਾ ਸੁਣਦੇ ਹਨ ਤਾਂ ਉਨ੍ਹਾਂ ਦਾ ਮਨ ਦੁੱਖੀ ਹੁੰਦਾ ਹੈ ਕਿ ਕੀ ਇਹ ਪੰਜਾਬ ਹਿਤੈਸ਼ੀ ਆਗੂ ਹਨ ਜੋ ਆਪਣੀ ਮਾਤ-ਭੂਮੀ ਦੇ ਦੁੱਖ ਨੂੰ ਭੁੱਲ ਕੇ ਸਤਾ ਹਥਿਆ ਕੇ ਨਿੱਜੀ ਲੜਾਈ ਜਿੱਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਠੋਸ ਏਜੰਡਾਂ ਲੈ ਕੇ ਸਾਂਝੇ ਮੋਰਚੇ ਨਾਲ ਤੁਰੀ ਹੈ ਜੋ ਪੰਜਾਬ ਨੂੰ ਆਰਥਿਕ ਖੁਸ਼ਹਾਲੀ ਦੇ ਰਾਹ 'ਤੇ ਲੈ ਕੇ ਜਾਵੇਗੀ। ਪੰਜਾਬ 'ਚ ਲੋਕਾਂ ਨੂੰ ਭਾਗੀਦਾਰ ਬਣਾਕੇ  ਚੰਗਾ ਰਾਜ ਪੰ੍ਰਬਧ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਲੋਕਤੰਤਰ ਦਾ ਅਹਿਸਾਸ ਹੋਵੇ। ਉਨ੍ਹਾਂ ਕਿਹਾ ਕਿ ਸਾਲ 2012 ਦੀਆਂ ਚੋਣਾਂ ਪੰਜਾਬ 'ਚ ਕ੍ਰਾਂਤੀਕਾਰੀ ਬਦਲਾਵ ਲਿਆਉਣਗੀਆਂ ਅਤੇ ਇਹ ਚੋਣਾਂ ਕੈਪਟਨ ਅਤੇ ਸੁਖਬੀਰ ਦੀ ਰਾਜਨੀਤੀ ਦੀਆਂ ਆਖਰੀ ਚੋਣਾਂ ਹੋਣਗੀਆਂ।    
 

No comments: