Saturday, September 03, 2011

ਸਿੱਖ ਫ਼ਲਸਫੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ


ਇਤਿਹਾਸਕ ਪਰਿਪੇਖ
ਕੇਂਦਰੀ ਲੇਖਕ ਸਭਾ ਜਲੰਧਰ ਨੇ ਅੱਜ ਪ੍ਰੈੱਸ ਕਲੱਬ ਜਲੰਧਰ ਵਿਚ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਸਤਨਾਮ ਚਾਨਾ ਦੀ ਲਿਖੀ ’ਸਿੱਖ ਫ਼ਲਸਫੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ-ਇਤਿਹਾਸਕ ਪਰਿਪੇਖ’ ਬੀ ਕੇ ਕਾਲਜ ਵਲੋਂ ਜਲੰਧਰ ਵਿਚਾਰ ਮੰਚ ਪਬਲੀਕੇਸ਼ਨ ਦੇ ਸਹਿਯੋਗ ਨਾਲ ਵਾਈਟ ਕਰੌਸ ਪ੍ਰਿੰਟਰਜ਼ ਜਲੰਧਰ ਤੋਂ ਛਪਵਾਈ ਕਿਤਾਬ ਪਾਠਕਾਂ ਦੇ ਰੂਬਰੂ ਕੀਤੀ ਗਈ| ਮੁਖ ਮਹਿਮਾਨ ਵਜੋਂ ਡਾਕਟਰ ਐੱਸ ਪੀ ਸਿੰਘ ਤੇ ਪ੍ਰਧਾਨ ਵਜੋਂ ਡਾਕਟਰ ਦਲਜੀਤ ਸਿੰਘ, ਦੂਰਦਸ਼ਨ ਜਲੰਧਰ ਸ਼ਾਮਿਲ ਹੋਏ| ਆਸ ਪਾਸ ਦੇ ਵਿਦਵਾਨਾਂ ਦੀ ਇਸ ਸਮਾਗਮ ਵਿਚ ਭਰਪੂਰ ਹਾਜ਼ਰੀ ਰਹੀ|ਮੰਚ ਸੰਚਾਲਨ ਵੀਰ ਲਖਵਿੰਦਰ ਜੌਹਲ ਹੋਰਾਂ ਕੀਤਾ|
ਜੀ ਆਇਆਂ ਨੂੰ ਕੇਂਦਰੀ ਲੇਖਕ ਸਭਾ ਜਲੰਧਰ ਦੇ ਪ੍ਰਧਾਨ ਜਗਦੀਸ਼ ਸਿੰਘ ਵਰਿਆਮ, ਤੇ ਧੰਨਵਾਦ ਕੇਂਦਰੀ ਪੰਜਾਬੀ ਲੇਖਕ ਸਭਾ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਹੋਰਾਂ ਕੀਤਾ| ਸਤਨਾਮ ਮਾਣਕ, ਰੋਜ਼ਾਨਾ ਅਜੀਤ ਨੇ ਕਿਤਾਬ ਬਾਰੇ ਮੁਢਲੀ ਜਾਣਕਾਰੀ ਦਿੱਤੀ. ਪਿਆਰਾ ਸਿੰਘ ਭੋਗਲ ਨੇ ਕਿਤਾਬ ਦੀ ਬਾਰੀਕ ਪਡ਼੍ਹਤ ਦਾ ਸਬੂਤ ਦਿੰਦਿਆਂ ਲੇਖਕ ਨੂੰ ਅਗਲੇ ਅਧਿਐਨ ਵਿਸਲੇਸ਼ਣ ਲਈ ਪੰਜਾਬ ਦੇ ਇਤਿਹਾਸ ਤੇ ਸਿੱਖ ਇਤਿਹਾਸ ਲਿਖਣ ਲਈ ਸਹੀ ਵਿਦਵਾਨ ਆਖਿਆ| ਬਲਜੀਤ ਸਿੰਘ ਬਰਾਡ਼, ਤੇ ਗੁਰਬਚਨ ਹੋਰਾਂ ਆਪਣੇ ਵਿੱਲਖਣ ਅੰਦਾਜ਼ ਵਿਚ ਸਤਨਾਮ ਚਾਨਾ ਦੀ ਇਤਿਹਾਸ-ਦ੍ਰਿਸ਼ਟੀ ਤੇ ਆਪਣੇ ਪ੍ਰ੍ਤੀਕਰਮ ਦਰਜ ਕਰਵਾਏ ਅਤੇ ਇਸ ਕਿਤਾਬ ਨੂੰ ਨਿਵੇਕਲੀ ਪ੍ਰਾਪਤੀ ਦਰਸਾਇਆ| ਚਿੰਤਨ ਦਾ ਜਮੂਦ ਤੋਡ਼ਨ ਵਾਲੀ ਇਸ ਕਿਤਾਬ ਦੇ ਲੇਖਕ ਸਤਨਾਮ ਚਾਨਾ ਨੇ ਸਿੱਖ ਇਤਿਹਾਸ ਦੀ ਨਵੀਂ ਵਿਆਖਿਆ ਅਤੇ ਬੰਦਾ ਸਿੰਘ ਬਹਾਦਰ ਬਾਰੇ ਆਪਣੀ ਖੋਜ ਦੀ ਆਧਾਰ ਪੁਸਤਕ ਦੇ ਰੂਪ ਵਿਚ ਛਪੀ ਕਿਤਾਬ ਨੂੰ ਖੋਜ ਦੇ ਮੁਸਲਸਲ ਅਮਲ ਦਾ ਇੱਕ ਹਿੱਸਾ ਆਖਦਿਆਂ ਕਿਹਾ ਕਿ ਹਾਲੇ ਸਿਰਫ਼ ਕੁਝ ਸੁਆਲ ਉਠਾਏ ਨੇ, ਹਾਲੇ ਬਹੁਤ ਕੁਝ ਬਾਕੀ ਹੈ ਉਹਦੇ ਆਪਣੇ ਲਈ ਵੀ ਤੇ ਬਾਕੀਆਂ ਲਈ ਵੀ|
ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾਕਟਰ ਦਲਜੀਤ ਸਿੰਘ ਨੇ ਇਤਿਹਾਸਕਾਰੀ ਦੀਆਂ ਵਿਵਿਧ ਸੰਭਾਵਨਾਵਾਂ ਦਾ ਵਿਖਿਆਨ ਕੀਤਾ| ਮੁੱਖ ਮਹਿਮਾਨ ਡਾਕਟਰ ਐੱਸ ਪੀ ਸਿੰਘ, ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਤਨਾਮ ਚਾਨਾ ਦੀ ਸਿਧਾਂਤਕਾਰੀ ਤੇ ਇਤਿਹਾਸ ਮੁਖਤਾ ਵਿਚ ਵਿਕਾਸ ਤੇ ਪ੍ਰਾਪਤੀ ਤੇ ਖੁਸ਼ੀ ਪ੍ਰ੍ਗਟ ਕਰਦੇ ਹੋਏ ਕੱਟਤਡ਼ਾ ਮੁਕਤ ਸਮਤੋਲ ਦ੍ਰਿਸ਼ਟੀ ਦੀ ਪਛਾਣ ਕੀਤੀ| ਇਹ ਰਲੀਜ਼ ਸਮਾਰੋਹ ਚਲਦੇ ਚਲਦੇ ਸਿੱਖ ਇਤਿਹਾਸ ਦੇ ਅਹਿਮ ਮੁੱਦਿਆਂ ਨੂੰ ਤਰਦੀ ਨਜ਼ਰੇ ਦੇਖਦੇ ਦੇਖਦੇ ਨਾ ਸਿਰਫ਼ ਵਿਚਾਰ ਗੋਸ਼ਟੀ ਹੋ ਗਿਆ, ਨਾਲ ਹੀ ਵਡੇਰੇ ਵਿਚਾਰ ਪ੍ਰ੍ਬੰਧਾਂ ਦੀ ਦਹਿਲੀਜ਼ ਵੀ ਸਜਾ ਗਿਆ| ਚਾਹ ਪਾਣੀ ਨਾਲ ਤਰ-ਬ-ਤਰ ਵਿਆਪਕ ਮੁਬਾਰਕਾਂ ’ਚ ਘਿਰੇ ਆਪਣੇ ਪਰਿਵਾਰ ਸਮੇਤ ਸਤਨਾਮ ਚਾਨਾ ਸਮਾਰੋਹ ਦੇ ਆਰੰਭ ਨਾਲੋਂ ਜ਼ਰਾ ਕੁ ਵਧੇਰੇ ਖੁਸ਼ ਤੇ ਹੋਰ ਗਿੱਠ ਭਰ ਉੱਚੇ ਨਜ਼ਰ ਆਏ|=ਦੇਵਿੰਦਰ ਜੌਹਲ

No comments: