Tuesday, August 30, 2011

ਸੂਬਾ ਸਰਕਾਰਾਂ: ਮਜਬੂਰੀਆਂ, ਨੀਅਤਾਂ ਅਤੇ ਕਿਸਾਨ

ਪਾਲਿਸੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ.ਸੂਬਾ ਸਰਕਾਰ ਭਾਵੇਂ ਪਛਮੀ ਬੰਗਾਲ ਦੀ ਹੋਵੇ ਤੇ ਭਾਵੇਂ ਪੰਜਾਬ ਦੀ, ਉਹਨਾਂ ਲਈ ਆਪਣੀ ਮਰਜੀ ਨਾਲ ਕੁਝ ਕਰ ਸਕਣਾ ਹਰ ਵਾਰ, ਹਰ ਮਾਮਲੇ ਵਿੱਚ ਸੰਭਵ ਹੀ ਨਹੀਂ ਹੁੰਦਾ. ਕਈ ਕਿਸਮਾਂ ਦੀਆਂ ਬੰਦਸ਼ਾਂ ਦੇ ਬਾਵਜੂਦ ਵੀ ਜੇ ਸਰਕਾਰਾਂ ਆਮ ਲੋਕਾਂ ਲਈ ਕੁਝ ਨਾ ਕੁਝ ਕਰ ਜਾਂਦੀਆਂ ਹਨ ਤਾਂ ਇਸ ਕਰਿਸ਼ਮੇ ਲਈ ਉਹਨਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ. ਜੇ ਹੋਰ ਗਹੁ ਨਾਲ ਵਿਚਾਰੋ ਤਾਂ ਪਤਾ ਲੱਗੇਗਾ ਕਿ ਆਈ.ਐਮ.ਐਫ ਅਤੇ ਵਰਲਡ ਬੈੰਕ  ਵਰਗੀਆਂ ਸੰਸਥਾਵਾਂ ਦੇ ਖਿਲਾਫ਼ ਚੱਲ ਸਕਣਾ ਛੇਤੀ ਕਿਤੇ ਕੇਂਦਰੀ ਸਰਕਾਰਾਂ ਦੇ ਵੱਸ ਵਿੱਚ ਵੀ ਨਹੀਂ ਹੁੰਦਾ. ਇਹਨਾਂ ਨਾਲ ਸਮਝੌਤੇ ਕਰਨੇ ਹੀ ਪੈਂਦੇ ਹਨ. ਸਰਕਾਰਾਂ ਬਦਲ ਵੀ ਜਾਣ ਤਾਂ ਸਿਸਟਮ ਅਤੇ ਪੁਰਾਣੀਆਂ ਨੀਤੀਆਂ ਨੂੰ ਬਦਲ ਸਕਣਾ ਸੌਖਾ ਨਹੀਂ ਹੁੰਦਾ, ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਹਨ. ਪਾਤੜਾਂ ਵਿੱਚ ਰਾਜ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਬਿਆਨ ਉਹਨਾਂ ਲੋਕਾਂ ਲਈ ਅੱਖਾਂ ਖੋਹਲਣ ਵਾਲਾ ਹੈ ਜਿਹੜੇ ਇਹ ਸਮਝਦੇ ਹਨ ਕਿ ਗੋਬਿੰਦਪੂਰੇ ਦੇ ਕਿਸਾਨ ਸਿਰਫ ਅਕਾਲੀਆਂ ਹਥੋਂ ਕੁੱਟ ਦਾ ਸ਼ਿਕਾਰ ਹੋਏ ਹਨ...ਜੇ ਕਿਤੇ ਕਾਂਗਰਸ ਦਾ ਰਾਜ ਹੁੰਦਾ ਤਾਂ ਇਹ ਕੁਝ ਨਹੀਂ ਸੀ ਹੋਣਾ. 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਤੜਾਂ ਵਿਖੇ ਮੀਡੀਆ ਨਾਲ ਗੱਲਬਾਤ ਕਰਦੀਆਂ ਯਾਦ ਕਰਾਇਆ ਹੈ ਕਿ ਭੁੱਲੋ ਨਾ ਇਹ ਮਸਲਾ ਬਹੁਤ ਪੁਰਾਣਾ ਹੈ. ਉਹਨਾਂ ਸਾਫ਼ ਸਾਫ਼ ਕਿਹਾ ਕਿ 
ਗੋਬਿੰਦਪੁਰਾ ਦਾ ਮਾਮਲਾ ਅਸਲ ਵਿਚ ਕਾਂਗਰਸ ਵਲੋਂ ਖਡ਼੍ਹਾ ਗਿਆ ਕੀਤਾ ਗਿਆ ਮਸਲਾ ਹੈ, ਜਿਸਦੀ ਅਗਵਾਈ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅੱਜ ਇਹ ਗੱਲ ਭੁੱਲ ਰਹੇ ਹਨ ਕਿ ਆਪਣੇ ਮੁੱਖ ਮੰਤਰੀ ਕਾਲ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਗੋਲੀਆਂ ਨਾਲ ਭੁੰਨਿਆ ਸੀ ਤੇ ਉਨ੍ਹਾਂ ‘ਤੇ ਅੰਨ੍ਹਾ ਤਸ਼ੱਦਦ ਵੀ ਕੀਤਾ ਸੀ. ਉਹ ਐਸਜੀਪੀਸੀ ਚੋਣਾਂ ਦੇ ਸਬੰਧ ਵਿੱਚ ਚਲਾਈ ਮੁਹਿੰਮ ਦੌਰਾਨ ਪਾਤੜਾਂ ਆਏ ਹੋਏ ਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿਚ ਅਨਾਜ ਮੰਡੀ ਪਾਤਡ਼ਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਸਾਂਝੇ ਉਮੀਦਵਾਰ ਨਿਰਮਲ ਸਿੰਘ ਹਰਿਆਊ ਦੇ ਹੱਕ ਵਿਚ ਇਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.  ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਬਨੂਡ਼ ਵਿਖੇ ਵੀ ਐੱਸ. ਜੀ. ਪੀ. ਸੀ. ਉਮੀਦਵਾਰ ਨਿਰਮੈਲ ਸਿੰਘ ਜੌਲਾਂ ਦੇ ਹੱਕ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ.  ਸ. ਬਾਦਲ ਨੇ ਆਖਿਆ ਕਿ  ਕੈਪਟਨ ਅਮਰਿੰਦਰ ਸਿੰਘ ਅੱਜ ਮੋਰਚੇ ਲਾਉਣ ਦੀ ਗੱਲ ਕਰ ਰਹੇ ਹਨ, ਜਦਕਿ ਖੁਦ ਇਹ ਭੁੱਲ ਗਏ ਹਨ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਐਕਵਾਇਰ ਕੀਤੀ ਸੀ. ਉਨ੍ਹਾਂ ਕਿਹਾ ਕਿ ਬਰਨਾਲਾ ਵਿਚ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਉਨ੍ਹਾਂ ਨੂੰ ਸ਼ਾਇਦ ਭੁੱਲ ਗਿਆ ਲੱਗਦਾ ਹੈ.ਇਸ ਮੌਕੇ ਬਹੁਤ ਹੀ ਤਿੱਖੇ ਪਰ ਸੰਤੁਲਿਤ ਸ਼ਬਦਾਂ ਵਿੱਚ ਸ. ਬਾਦਲ ਨੇ   ਕਾਂਗਰਸ ਨੂੰ ਲੋਕਾਂ ਲਈ ਆਪਣਾ ਏਜੰਡਾ ਜਨਤਕ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਕਾਂਗਰਸ ਕੋਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋਡ਼ ਸਰਕਾਰ ਦੇ ਖਿਲਾਫ ਕੋਈ ਮੁੱਦਾ ਨਹੀਂ ਹੈ, ਇਸ ਲਈ ਇਹ ਇਸ ਤਰ੍ਹਾਂ ਦਾ ਰਵੱਈਆ ਅਪਣਾ ਰਹੀ ਹੈ. ਸਾਨੂੰ ਲੱਗਦਾ ਹੈ ਕਿ ਅਸਲ ਵਿੱਚ ਲੋਕਾਂ ਕੋਲ ਵੀ ਕੋਈ ਮੁੱਦਾ ਨਹੀਂ ਹੈ. ਜੇ ਕੋਈ ਮੁੱਦਾ ਹੁੰਦਾ ਤਾਂ ਫਿਰ ਉਹ ਜ਼ਰੂਰ ਯਾਦ ਰੱਖਦੇ ਕਿ ਸਿੰਗੂਰ ਤੇ ਨੰਦੀ ਗ੍ਰਾਮ ਵਿੱਚ ਕੀ ਹੋਇਆ ਸੀ ਜਾਂ ਫੇਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕੀ ਹੋਇਆ ਸੀ ? ਉਮੀਦ ਹੈ ਕਿ ਸੁਖਬੀਰ ਬਾਦਲ  ਦੇ ਪਾਤੜਾਂ ਵਾਲੇ ਬਿਆਨ ਨਾਲ ਮਜਬੂਰ ਸਰਕਾਰਾਂ ਦੀ ਕੁਝ ਕੁ ਹਕੀਕਤ ਜ਼ਰੂਰ ਨਜਰ ਆ ਸਕੇਗੀ.

No comments: