Monday, July 25, 2011

ਹੁਣ ਪੂਰੇ ਪੰਜਾਬ ਵਿੱਚ ਲੱਗਣਗੇ ਐਲ.ਪੀ.ਜੀ. ਨਾਲ ਚਲਣ ਵਾਲੇ ਸਸਕਾਰ ਯੂਨਿਟ

*ਪਹਿਲਾਂ ਅੰਮ੍ਰਿਤਸਰ ਵਿੱਚ ਕੀਤਾ ਗਿਆ ਸਫਲ ਤਜਰਬਾ*ਪ੍ਰਦੂਸ਼ਣ ਕੰਟਰੋਲ ਬੋਰਡ ਦਾ ਅਹਿਮ ਫੈਸਲਾ*ਕਾਹਨ ਸਿੰਘ ਪੰਨੂੰ ਨੇ ਕੀਤਾ ਐਲਾਨ ਅੰਮ੍ਰਿਤਸਰ ਤੋਂ ਗਜਿੰਦਰ ਸਿੰਘ:  
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਚਾਟੀਵਿੰਡ ਗੇਟ ਨੇੜੇ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰਨ ਲਈ ਐਲ:ਪੀ:ਜੀ ਯੂਨਿਟ ਲਗਾਉਣ ਸਬੰਧੀ ਕੰਮ ਦੀ ਪ੍ਰਗਤੀ ਦਾ ਜਾਇਜਾ ਲਿਆ।  
ਉਕਤ ਕੰਮ ਦਾ ਜਾਇਜਾ ਲੈਣ ਉਪਰੰਤ ਸ੍ਰ ਪਨੂੰ ਨੇ ਦੱਸਿਆ ਕਿ ਅੰਮ੍ਰਿਤਸਰ ਚਾਟੀਵਿੰਡ ਗੇਟ ਨੇੜੇ ਦੇ ਸ਼ਮਸਾਨਘਾਟ ਵਿੱਚ ਸਸਕਾਰ ਕਰਨ ਲਈ ਐਲ.ਪੀ.ਜੀ. ਨਾਲ ਚਲਣ ਵਾਲੇ ਸੰਸਕਾਰ ਯੂਨਿਟ ਦੀ ਕਾਮਯਾਬੀ ਤੋਂ ਬਾਅਦ ਪੰਜਾਬ ਦੇ ਸਮੂਹ ਸ਼ਮਸਾਨਘਾਟਾਂ ਵਿੱਚ ਇਸ ਤਰ੍ਹਾਂ ਦੇ ਯੂਨਿਟ ਸਥਾਪਤ ਕੀਤੇ ਜਾਣਗੇ। ਉਨ੍ਹਾਂ ਨੇ ਉਪਰੋਕਤ ਸ਼ਮਸਾਨਘਾਟ ਵਿੱਚ ਸਿਵਲ ਦੇ ਕੰਮ ਦੇ ਪ੍ਰਗਤੀ ਦਾ ਜਾਇਜਾ ਲੈਂਦੇਆਂ ਦੱਸਿਆ ਕਿ ਵਿਅਕਤੀ ਦੇ ਸੰਸਕਾਰ ਕਰਨ ਵੇਲੇ ਜਿੱਥੇ ਆਲੇ ਦੁਆਲੇ ਬਹੁਤ ਜਿਆਦਾ ਪ੍ਰਦੂਸ਼ਨ ਪੈਦਾ ਹੁੰਦਾ ਹੈ, ਉਥੇ ਕਾਫੀ ਮਾਤਰਾ ਵਿੱਚ ਦਰਖਤਾਂ ਦੀ ਲਕੜੀ ਸੰਸਕਾਰ ਦੇ ਕੰਮ ਲਈ ਵਰਤੀ ਜਾਦੀ ਹੈ ਜਿਸ ਨਾਲ ਹੌਲੀ ਹੋਲੀ ਦਰਖਤ ਖਤਮ ਹੁੰਦੇ ਜਾ ਰਹੇ ਹਨ ਅਤੇ ਵਾਤਾਵਰਣ ਨੂੰ ਅਤੇ ਜੰਗਲੀ ਜੀਵ ਜੰਤੂਆਂ ਨੂੰ ਕਾਫੀ ਖਤਰਾ ਪੈਦਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਪੁਰਾਣੇ ਰੀਤੀ ਰਿਵਾਜਾਂ ਨਾਲ ਸੰਸਕਾਰ ਕਰਨ ਨਾਲ ਪ੍ਰਦੂਸ਼ਨ ਪੈਦਾ ਹੁੰਦਾ ਹੈ, ਪ੍ਰੰਤੂ ਐਲ.ਪੀ.ਜੀ. ਨਾਲ ਸੰਸਕਾਰ ਕਰਨ ਨਾਲ ਪ੍ਰਦੂਸ਼ਨ ਕੰਟਰੋਲ ਹੁੰਦਾ ਹੈ। ਉਹਨਾਂ ਵਿਚਾਰ ਪੇਸ਼ ਕੀਤੇ ਕਿ ਸਾਰੀ ਜਿੰਦਗੀ ਵਿੱਚ ਇੱਕ ਵਿਅਕਤੀ ਇੱਕ ਰੁੱਖ ਨਹੀਂ ਲਗਾਦਾ ਹੈ ਪਰੰਤੂ ਮਰਨ ਵੇਲੇ ਇੱਕ ਰੁੱਖ ਆਪਣੇ ਸੰਸਕਾਰ ਨਾਲ ਖਤਮ ਕਰ ਜਾਂਦਾ ਹੈ। ਇਸ ਮੌਕੇ ਤੇ , ਪ੍ਰਧਾਨ ਸਮਸ਼ਾਨ ਸੇਵਾ ਸਮਿਤੀ ਚਾਟੀਵਿੰਡ ਗੇਟ, ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਢੀੰਗਰਾ  ਨੇ ਸ਼ੀ ਪੰਨੂੰ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਸ਼ਮਸਾਨਘਾਟ ਵਿੱਚ ਰੋਜਾਨਾ ਸੱਤ ਤੋ ਅੱਠ ਵਿਅਕਤੀਆਂ ਦੇ ਸੰਸਕਾਰ  ਕੀਤੇ ਜਾਂਦੇ ਹਨ। ਇੱਕ ਸੰਸਕਾਰ ਵੇਲੇ ਤਿੰਨ ਕਵਿੰਟਲ ਲਕੜ ਲਗਦੀ ਹੈ ਅਤੇ ਰੋਜਾਨਾ ਲਗੱਭਗ 21 ਕਵਿੰਟਲ ਲਕੜ ਵਰਤੀ ਜਾਦੀ ਹੈ ਇਸ ਤਰ੍ਹਾਂ ਹਰ ਮਹੀਨੇ 630 ਕਵਿੰਟਲ ਲਕੜ ਅਤੇ ਲਕੜ ਦੀ ਸਲਾਨਾ ਲਾਗਤ 7560 ਕਵਿੰਟਲ ਹੁੰਦੀ ਹੈ। 
ਉਹਨਾਂ ਸ਼੍ਰੀ ਪੰਨੂੰ ਦੇ ਧਿਆਨ ਵਿੱਚ ਲਿਆਂਦਾ ਕਿ ਐਲ.ਪੀ.ਜੀ. ਨਾਲ ਚਲਣ ਵਾਲੇ ਇਸ ਸੰਸਕਾਰ ਯੂਨਿਟ ਤੇ ਸਿਵਲ ਵਰਕਸ ਦਾ ਕੰਮ ਕਰਨ ਲਈ 10 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਮਸ਼ੀਨ ਦੀ ਕੀਮਤ 16.50 ਲੱਖ ਹੋਵੇਗੀ। ਇਸ ਤਰ੍ਹਾਂ ਕੁੱਲ ਲਾਗਤ 26.50 ਲੱਖ ਆਵੇਗੀ। ਮਸ਼ੀਨ ਦੇ ਕੰਮ ਲਈ ਮਨੋਹਰ ਸਿੰਘ ਗਿੱਲ, ਸਾਬਕਾ ਕੇਂਦਰੀ ਮੰਤਰੀ, ਭਾਰਤ ਸਰਕਾਰ ਅਤੇ ਮੈਬਰ ਰਾਜ ਸਭਾ, ਤਰਨ ਤਾਰਨ ਵੱਲੋਂ 12 ਲੱਖ ਰੁਪਏ ਅਤੇ ਮੈਂਬਰ ਲੋਕ ਸਭਾ ਨਵਜੋਤ ਸਿੰਘ ਸਿੱਧੂ ਵੱਲੋ 4 ਲੱਖ ਰੁਪਏ, ਪਹਿਲਾ ਹੀ ਆਪਣੇ ਐਮ.ਪੀ. ਕੋਟੇ ਵਿਚੋਂ ਮੰਨਜੂਰ ਕੀਤੇ ਗਏ ਹਨ ਅਤੇ ਸਿਵਲ ਕੰਮ ਲਈ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਪਰੰਤੂ ਅਜੇ ਤੱਕ ਕੋਈ ਵੀ ਪੈਸਾ ਨਗਰ ਨਿਗਮ ਵੱਲੋ ਜਾਰੀ ਨਹੀਂ ਕੀਤਾ ਗਿਆ ਹੈ। ਕੇਵਲ 2 ਲੱਖ ਰੁਪਏ ਦਫਤਰ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਕੰਮ ਲਈ ਜਾਰੀ ਕੀਤੇ ਗਏ ਹਨ ਜ਼ੋ ਕਿ ਇਸ ਮੰਤਵ ਲਈ ਵਰਤੇ ਗਏ ਹਨ ਪਰੰਤੂ ਨਗਰ ਨਿਗਮ ਵੱਲੋ ਫੰਡਜ ਜਾਰੀ ਨਾ ਹੋਣ ਕਰਕੇ ਇਹ ਕੰਮ ਬੰਦ ਪਿਆ ਹੈ। ਉਹਨਾਂ ਸ਼੍ਰੀ ਪੰਨੂੰ ਤੋਂ ਮੰਗ ਕੀਤੀ ਕਿ ਸਿਵਲ ਕੰਮ ਨੂੰ ਮੁਕੰਮਲ ਕਰਵਾਉਣ ਲਈ ਬਕਾਇਆ ਲੋੜੀਦੀ ਰਾਸ਼ੀ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਫੰਡਾਂ ਵਿਚੋਂ ਇਸ ਮੰਤਵ ਲਈ ਜਾਰੀ ਕਰਵਾਈ ਜਾਵੇ। ਸ਼੍ਰੀ ਪੰਨੂੰ ਨੇ ਸ਼ਮਸਾਨ ਸੇਵਾ ਸਮਿਤੀ ਦੇ ਸਮੂਹ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਇਸ ਕੰਮ ਲਈ ਪੈਸੇ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਫੰਡਾਂ ਵਿਚੋਂ ਲੋੜੀਦੀ ਰਾਸ਼ੀ ਜਾਰੀ ਕਰਕੇ ਇਸ ਨੂੰ ਨਿਸਚਿਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਦਰਖਤਾਂ ਨੂੰ ਬੱਚਾਇਆ ਜਾ ਸਕੇ ਅਤੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।

No comments: