Sunday, July 10, 2011

ਵਿਚਾਰਾਂ ਦੀ ਗਤੀ ਰੋਕਣ ਨਾਲ ਨਹੀ ਰੁਕਦੀ....!

Fri, Jul 8, 2011 at 10:44 PM
ਸ. ਭਗਤ ਸਿੰਘ ਦੀ ਇਨਕਲਾਬੀ ਜੀਵਨੀ ਕੁਝ ਕੁਝ ਫਰਾਂਸੀਸੀ ਅਰਾਜਕਤਾਵਾਦੀ ਸ਼ਹੀਦ ਵੈਲਾਂਟ ਨਾਲ ਮੇਲ ਖਾਂਦੀ ਹੈ। ਅਰਾਜਕਤਾਵਾਦ ਬਾਰੇ ਸ. ਭਗਤ ਸਿੰਘ ਦੀ ਚੰਗੀ ਖਾਸੀ ਜਾਣਕਾਰੀ ਸੀ ਤੇ ਉਸਨੇ ਕਿਰਤੀ ਦੇ ਮਈ ਜੂਨ ਜੁਲਾਈ 1928 ਦੇ ਅੰਕਾਂ ਵਿਚ ਅਨਾਰਕਿਜ਼ਮ ਕੀ ਹੈ? ਦੇ ਸਿਰਲੇਖ ਹੇਠ ਪਾਠਕਾ ਨਾਲ ਸਾਂਝਾ ਕੀਤਾ ਹੈ। ਇਹ ਲੇਖ ਲਡ਼ੀ ਦੇ ਅੰਤ ਵਿਚ ਸੰਖੇਪ ਜਿਹਾ ਜ਼ਿਕਰ ਵੈਲਾਂਟ ਦਾ ਵੀ ਹੈ। ਸੋ ਇਸ ਵਿਚ ਵੀ ਕੋਈ ਸ਼ੱਕ ਵਾਲੀ ਗੱਲ ਨਹੀ ਕਿ ਜੇ ਉਸਨੇ ਅਸੰਬਲੀ 'ਤੇ ਬੰਬ ਸੁੱਟਣ ਦੀ ਘਟਨਾ ਸੰਬੰਧੀ ਵੈਲਾਂਟ ਦੇ ਸਾਕੇ ਤੋਂ ਕੋਈ ਮਾਰਗ ਦਰਸ਼ਨ ਪ੍ਰਾਪਤ ਕੀਤਾ ਹੋਵੇ, ਅਚੇਤ ਅਤੇ ਸੁਚੇਤ। ਅਸੰਬਲੀ ਹਾਲ ਵਿਚ ਬੰਬ ਸੁੱਟਣ ਤੋਂ ਬਾਅਦ ਸੁੱਟੇ ਗਏ ਪਰਚਿਆਂ ਦੇ ਆਰੰਭ ਵਿਚ ਹੀ ਵੈਲਾਂਟ ਦੀ ਪ੍ਰਸਿੱਧ ਤੁਕ  ' ਬੋਲਿਆਂ ਨੂੰ ਸੁਣਾਉਣ ਲਈ ਗਰਜ਼ ਦੀ ਲੋਡ਼ ਹੈ' ਦਰਜ ਹੈ। ਇਹ ਤੁਕ ਵੈਲਾਂਟ ਦੇ ਜਿਊਰੀ (ਅਦਾਲਤ) ਵਿਚ ਦਿੱਤੇ ਗਏ ਬਿਆਨ ਦਾ ਹਿੱਸਾ ਹੈ। ਇਸ ਪਰਚੇ ਦੇ ਆਰੰਭਲੇ ਪੈਰੇ ਵਿਚ ਹੀ ਵੈਲਾਂਟ ਨੂੰ ਸ਼ਿੱਦਤ ਨਾਲ ਯਾਦ ਕੀਤਾ ਗਿਆ ਹੈ। ਵੈਲਾਂਟ ਦੀ ਸੰਖੇਪ ਜਿਹੀ ਕਥਾ ਅਸੀ ਇਥੇ ਪਡ਼ਾਂਗੇ। 
     ਵੈਲਾਂਟ ਇਕ ਪਡ਼ਿਆ ਲਿਖਿਆ ਨੋਜਵਾਨ ਸੀ ਜਿਸਨੇ ਮਹਾਨ ਸਾਹਿਤ ਤੋਂ ਵਿਚਾਰ ਗ੍ਰਹਿਣ ਕੀਤੇ ਤੇ ਦੁਨੀਆਂ ਵਿਚ ਫੈਲੇ ਕੁਹਜ ਅਤੇ ਅਨਿਆ ਵਿਰੁੱਧ ਲਡ਼ਿਆ। ਉਹ ਆਪਣੇ ਦੇਸ਼ ਦੀ ਹਾਲਤ ਤੋਂ ਦੁਖੀ ਹੋ ਕਿ ਦੱਖਣੀ ਅਮਰੀਕਾ ਗਿਆ ਤੇ ਉੱਥੇ ਵੀ ਸਭ ਪਾਸੇ ਅਨਿਆਂ ਹੀ ਦੇਖਿਆਂ। ਉਸਨੇ ਫਰਾਂਸ ਆ ਕੇ ਅਨਿਆਂਪੂਰਨ ਸਮਾਜ ਵਿਰੁੱਧ ਲਡ਼ਾਈ ਸ਼ੁਰੂ ਕੀਤੀ। ਅਖੀਰ ਉਸਨੇ ਇਕ ਬਹੁਤ ਹੀ ਖਤਰਨਾਕ ਯੋਜਨਾ ਤਿਆਰ ਕੀਤੀ ਜਿਸ ਵਿਚ ਉਸਨੇ ਅਨਿਆਂ ਦੀ ਜਡ਼੍ਹ ਉੱਪਰ ਹਮਲਾ ਕਰਨ ਦਾ ਫੈਸਲਾ ਕੀਤਾ ਜੋ ਕਿ ਫਰਾਂਸ ਦੀ ਅਸੰਬਲੀ(ਚੈਂਬਰ ਆਫ ਡਿਪਟੀਜ) ਸੀ। ਇਹ ਇਕ ਕੌਡ਼ਾ ਸੱਚ ਹੈ ਕਿ ਪੂਰੇ ਮੁਲਕ ਅੰਦਰ ਪਸਰੀਆਂ ਬਹੁਤੀਆਂ ਬਿਮਾਰੀਆਂ ਮੁਲਕਾਂ ਦੇ ਇਹੋ ਜਿਹੇ ਉੱਚ ਕੇਂਦਰਾਂ ਵਿਚ ਹੀ ਹੁੰਦੀਆਂ ਹਨ, ਜਿਹ ਬਾਰੇ ਕਵੀ ਪਾਸ਼ ਨੇ ਵੀ ਕਿਹਾ ਹੈ:
                                                    "ਪਾਪ ਦੀ ਇਹ ਨਦੀ,
                                                      ਦਿੱਲੀ ਦੇ ਗੋਲ ਪਰਬਤ ਵਿਚੋਂ ਸਿੰਮਦੀ ਹੈ।"

       ਵੈਲਾਂਟ ਨੇ ਚੈਂਬਰ ਆਫ ਡਿਪਟੀਜ਼ 'ਤੇ ਬਹੁਤ ਹੀ ਜਬਰਦਸਤ ਬੰਬ ਸੁੱਟਿਆ ਪਰ ਇਕ ਔਰਤ ਨੇ ਉਸ ਦਾ ਹੱਥ ਫਡ਼ ਲਿਆ ਜਿਸ ਕਾਰਨ ਕੁਝ ਕੁ ਡਿਪਟੀ (ਮੈਂਬਰ) ਹੀ ਜ਼ਖਮੀ ਹੋਏ ਤੇ ਹੋਰ ਕੋਈ ਨੁਕਸਾਨ ਨਾ ਹੋਇਆ। ਉਸ ਉਪਰ ਮੁੱਕਦਮਾ ਚੱਲਿਆ। ਸ. ਭਗਤ ਸਿੰਘ ਹੁਰਾਂ ਵਾਂਗ ਹੀ ਉਸਨੇ ਅਦਾਲਤ ਵਿਚ ਬਿਆਨ ਦਿੱਤਾ:
         "ਬੋਲੇ ਆਦਮੀ ਨੂੰ ਸੁਣਾਉਣ ਵਾਸਤੇ ਬਡ਼ੀ ਗਰਜਵੀਂ ਆਵਾਜ਼ ਦੀ ਲੋਡ਼ ਹੈ। ਮੇਰੇ ਬੰਬ ਦਾ ਧਮਾਕਾ ਸਿਰਫ ਵਿਦਰੋਹੀ ਵੈਲਾਂਟ ਦੀ ਹੀ ਚੀਕ ਨਹੀ ਹੈ, ਸਗੋਂ ਇਹ ਉਸ ਸ਼੍ਰੇਣੀ ਦੀ ਚੀਕ ਹੈ ਜੋ ਆਪਣੇ ਅਧਿਕਾਰਾਂ ਲਈ ਲਡ਼ਨਾ ਚਾਹੁੰਦੀ ਹੈ ਤੇ ਜੋ ਛੇਤੀ ਹੀ ਆਪਣੇ ਸ਼ਬਦਾਂ ਨੂੰ ਕਾਰਜਰੂਪ ਵਿਚ ਤਬਦੀਲ ਕਰੇਗੀ। 
ਵਿਚਾਰਾਂ ਦੀ ਗਤੀ ਰੋਕਣ ਨਾਲ ਨਹੀ ਰੁਕਦੀ, ਜਿਵੇਂ ਪਿਛਲੀ ਸਦੀ ਵਿਚ ਸਰਕਾਰੀ ਸ਼ਕਤੀਆਂ ਦਿਦਰੋ ਅਤੇ ਵਾਲਟੇਅਰ ਦੇ ਸੁਤੰਤਰ ਵਿਚਾਰਾਂ ਨੂੰ ਆਮ ਜਨਤਾ ਤੱਕ ਪਹੁੰਚਣ ਤੋਂ ਨਹੀ ਰੋਕ ਸਕੀਆਂ, ਇਸੇ ਤਰ੍ਹਾਂ ਅੱਜ ਤੱਕ ਦੀਆਂ ਸਾਰੀਆਂ ਸ਼ਕਤੀਆਂ ਰੋਕਲਿਊਜ਼ ਡਾਰਵਿਨ ਸਪੈਂਸਰ ਅਤੇ ਮਿਰਾਬਊ ਦੇ ਉਹ ਵਿਚਾਰ, ਜਿਨ੍ਹਾਂ ਰਾਹੀ ਆਮ ਲੋਕਾਂ ਦਾ ਅਗਿਆਨ ਹਨੇਰਾ ਦੂਰ ਕਰਕੇ, ਨਿਆਂ ਅਤੇ ਸੁਤੰਤਰਤਾਂ ਦਾ ਉਦੈ ਹੁੰਦਾ ਹੈ, ਨਹੀ ਰੋਕ ਸਕਦੀਆਂ।
ਤੁਸੀ ਹੁਣ ਮੈਨੂੰ ਸਜ਼ਾ ਦੇਣੀ ਹੈ। ਪਰ ਮੈਨੂੰ ਉਸਦਾ ਕੋਈ ਡਰ ਨਹੀ ਕਿਉਕਿ ਮੈਂ ਤੁਹਾਡਾ ਦਿਲ ਦੁਖਾਇਆ ਹੈ, ਜੋ ਕਿ ਗਰੀਬਾਂ ਨਾਲ ਅੱਤਿਆਚਾਰ ਕਰਦੇ ਹੋ ਅਤੇ ਮਿਹਨਤ ਕਰਨ ਵਾਲੇ ਭੁੱਖੇ ਮਰਦੇ ਹਨ ਅਤੇ ਤੁਸੀ ਉਨ੍ਹਾਂ ਦਾ ਲਹੂ ਚੂਸ ਕੇ ਐਸ਼ ਕਰਦੇ ਹੋ। ਮੈਂ ਤੁਹਾਨੂੰ ਚੋਟ ਮਾਰੀ ਹੈ, ਹੁਣ ਤੁਹਾਡੀ ਵਾਰੀ ਹੈ।" 
ਕੰਵਰਜੀਤ ਸਿੰਘ ਸੰਗੂਧੌਣ 
ਫਰਾਂਸ ਦੇ ਵਿਦਵਾਨਾਂ ਵਲੋਂ, ਉਸਦੇ ਭਾਵਾਂ ਤੋਂ ਪ੍ਰਭਾਵਿਤ ਹੋ ਕਿ ਪ੍ਰਧਾਨ ਕਰਨਾਟ ਜਾਂ ਕਰਨੋਰ ਤੋਂ ਵੈਲਾਂਟ ਦੇ ਜੀਵਨ ਦੀ ਮੰਗ ਕੀਤੀ ਗਈ ਜੋ ਠੁਕਰਾ ਦਿੱਤੀ ਗਈ। ਹਮਲੇ ਵਿਚ ਸਭ ਤੋਂ ਵੱਧ ਜ਼ਖਮੀ ਹੋਏ ਮੈਂਬਰ ਨੇ ਵੀ ਵੈਲਾਂਟ 'ਤੇ ਰਹਿਮ ਕਰਨ ਲਈ ਜਿਊਰੀ ਨੂੰ ਅਪੀਲ ਕੀਤੀ, ਪਰ ਪ੍ਰਧਾਨ ਨੇ ਜਿਊਰੀ ਉਸ ਦੀ ਗੱਲ ਨਾ ਮੰਨਣ ਲਈ ਕਿਹਾ ਤੇ ਜਿਉਰੀ ਨੇ ਉਸਨੂੰ ਮੌਤ ਦੀ ਸਜ਼ਾ ਦਿੱਤੀ। 1894 ਈ: ਵਿਚ ਵੈਲਾਂਟ ਨੂੰ ਫਾਂਸੀ ਦੇ ਦਿੱਤੀ ਗਈ। ਕੁਝ ਸਮੇਂ ਬਾਅਦ ਇਟਲੀ ਦੇ ਇਕ ਮਹਾਨ ਅਰਾਜਕਤਾਵਾਦੀ ਨੇ ਪ੍ਰਧਾਨ ਕਰਨੌਰ ਜਾਂ ਕਰਨਾਟ ਨੂੰ ਖੰਜਰ ਮਾਰ ਕੇ ਖਤਮ ਕਰ ਦਿੱਤਾ। ਉਸ ਖੰਜਰ ਦੇ ਮੁੱਠੇ 'ਤੇ 'ਵੈਲਾਂਟ' ਲਿਖਿਆ ਹੋਇਆ ਸੀ। 
ਸੋ ਇਹ ਸੀ ਫਰਾਂਸ ਦੇ ਮਹਾਨ ਸ਼ਹੀਦ ਵੈਲਾਂਟ ਦੀ ਗਾਥਾ, ਜਿਸਦੀਆਂ ਕੁਝ ਜੀਵਨ ਘਟਨਾਵਾ ਸ.ਭਗਤ ਸਿੰਘ ਦੇ ਇਨਕਲਾਬੀ ਕਾਰਨਾਮਿਆ ਨਾਲ ਮੇਲ ਖਾਂਦੀਆਂ ਹਨ। (ਨਵੀ ਛਪੀ ਕਿਤਾਬ "ਸ਼ਹੀਦ ਭਗਤ ਸਿੰਘ ਜੀਵਨ ਤੇ ਸੰਘਰਸ਼")-- ਕੰਵਰਜੀਤ ਸਿੰਘ ਸੰਗੂਧੌਣ                                                                                                          
ਸੰਪਰਕ:ਪਿੰਡ ਸੰਗੂਧੌਣ ਤਹਿਸੀਲ ਤੇ ਜਿਲਾ ਸ਼੍ਰੀ ਮੁਕਤਸਰ ਸਾਹਿਬ                                                                                            
ਮੋਬਾਈਲ :- 98159-5769                                                                                                                                                                                                                    

No comments: