Sunday, June 19, 2011

ਅਹਿੰਸਾ ਦਾ ਮਸੀਹਾ // ਜਸਪਾਲ ਜੱਸੀ

1
ਖਫ਼ਾ ਹੈ, ਸ਼ੈਤਾਨ ਦੀ ਜਾਦੂਗਰੀ
ਖਫ਼ਾ ਹੈ, ਗਿਰਵੀ ਹੋਈ ਇਤਿਹਾਸਕਾਰੀ
ਖਫ਼ਾ ਹੈ, ਵਰਕਿਆਂ 'ਤੇ ਸਿੰਮਦੇ
ਛਲ ਦਾ ਨਿਰੰਤਰ ਸਿਲਸਿਲਾ
ਖਫ਼ਾ ਹੈ, ਸਾਬਰਮਤੀ ਦਾ ਆਸ਼ਰਮ
ਖਫ਼ਾ ਨੇ ਰਾਸ਼ਟਰ-ਪਿਤਾ
ਕਵੀ ਨੇ ਤਾਰੀਖ ਦੇ ਛਲ ਨੂੰ
ਅਹਿੰਸਾ ਦਾ ਮਸੀਹਾ ਨਾ ਕਿਹਾ
ਕਿੱਡਾ ਗੁਨਾਹ!
ਕਾਸ਼! ਤੱਕਦਾ ਨਾ ਕਵੀ
ਕੁਫ਼ਰ ਦੇ ਪਾਣੀਆਂ ਦੀ ਝੱਗ ਵਿੱਚ
ਤਰਦੀ ਤਾਰੀਖ਼
ਧੁੰਦ ਦੀ ਬੁੱਕਲ 'ਚ ਬਹਿਕੇ
ਕਿਸ ਤਰਾਂ ਸਿਰਜੇ ਮਸੀਹੇ
ਕਿਸ 
ਤਰਾਂ ਸਿਰਜੇ ਖ਼ੁਦਾ
ਕਿਸ 
ਤਰਾਂ  ਗੂੜ•ੀ ਕਰੇ
ਵਿਸ਼ਵਾਸ਼ ਦੀ ਅੰਨੀ ਲਕੀਰ
ਜਿਸ 'ਤੇ ਤੁਰਦੇ ਨੇ ਲਕੀਰਾਂ ਦੇ ਫਕੀਰ


2
ਜਾਗਦੀ ਅੱਖ ਦਾ ਕਸੂਰ
ਧੜਕਦੇ ਦਿਲ ਦਾ ਕਸੂਰ
ਲਗਦੀ ਨਹੀਂ ਬਗਲਾ-ਸਮਾਧੀ
ਜਾਗ ਪੈਂਦੇ ਨੇ ਨਾਸੂਰ
ਸ਼ਾਇਦ ਹੋ ਜਾਂਦਾ ਬਚਾਅ
ਸੁਣੀਂ ਜਾਂਦਾ ਕਵੀ 'ਅੱਖਾਂ ਮੀਚ ਕੇ
ਬੰਦੀ ਬਣੀ ਤਾਰੀਖ਼ ਨੂੰ
ਭੁੱਲ ਸਕਦਾ ਜੇ ਕਿਤੇ
ਪਹਿਲੇ ਖ਼ੂਨੀ ਵਿਸ਼ਵ-ਯੁੱਧ ਦੀ
ਯੁੱਗ ਜਿੱਡੀ ਚੀਸ ਨੂੰ


3
ਨਜ਼ਰਾਂ ਸਾਹਵੇਂ ਗੂੰਜਦਾ ਖ਼ੂਨੀ ਨਗਾਰਾ
ਧਰਤ ਨੂੰ ਕਾਇਨਾਤ ਨੂੰ ਧਮਕਾ ਰਿਹਾ
ਕਿੰਝ ਮਾਵਾਂ ਦੇ ਦਿਲਾਂ 'ਤੇ
ਹੌਲ ਜੰਮਦਾ ਜਾ ਰਿਹਾ
ਸੀਨੇ ਅੰਦਰ ਖੌਫ਼ ਲੈ ਕੇ
ਹਰ ਬਨੇਰੇ ਦਾ ਚਿਰਾਗ਼
ਬੁਝ ਰਿਹਾ ਪਥਰਾ ਰਿਹਾ
ਸੰਧੂਰ ਦੀ ਖੁਸ਼ਬੂ ਸਹਿਮ ਦੇ
ਸੀਤ ਅੰਦਰ ਠਰ ਗਈ
ਖੈਰ-ਸੁੱਖ ਮੰਗਦੀ ਸੁਹਾਗਣ
ਡਿਗ ਪਈ ਤੇ ਮਰ ਗਈ
ਚਿੰਘਾੜਦਾ ਪੂੰਜੀ ਦਾ ਰਾਖ਼ਸ਼
ਅੰਬਰ 'ਤੇ ਤਾਂਡਵ ਗਰਜਦਾ
ਰੁੱਖਾਂ 'ਤੇ ਬਿਜਲੀ ਕੜਕਦੀ
ਕੁੱਖਾਂ 'ਤੇ ਬਿਜਲੀ ਕੜਕਦੀ
ਧਰਤ ਮਾਂ ਦੇ ਬੇਗੁਨਾਹ
ਪੁੱਤਾਂ 'ਤੇ ਬਿਜਲੀ ਕੜਕਦੀ
ਆਲਣੇ ਲੱਭਦੇ ਵਿਚਾਰੇ
ਪੰਛੀਆਂ ਨੂੰ ਕੀ ਪਤਾ

ਖੁਦ ਹੀ ਛਾਂ ਵਾਲੇ ਬਰੋਟੇ
ਲੱਭਦੇ ਫਿਰਦੇ ਪਨਾਹ
ਕੀ ਕਰਨਗੇ ਆਦਮੀ?
ਇਸ ਕਹਿਰ ਤੋਂ ਛੁਪਣ ਖਾਤਰ
ਘਰਾਂ ਨੂੰ ਮਿਲਦੀ ਨਹੀਂ ਕਿਧਰੇ ਜਗਾਹ
ਕੌਣ ਕਿਸਦੀ ਬਣੇ ਠਾਹਰ
ਹੋ ਰਹੇ ਨਦੀਆਂ ਦੇ ਪਾਣੀ
ਮੱਛੀਆਂ ਤੋਂ ਸ਼ਰਮਸ਼ਾਰ
ਨੈਣਾਂ ਅੰਦਰ ਗੂੜ੍ਹੀ ਕਾਲੀ ਰਾਤ ਬਣਕੇ
ਲੱਥ ਰਹੀਆਂ ਹੋਣੀਆਂ

4
ਲੱਥ ਰਹੀ ਪਿੰਡਾਂ ਦੇ ਦਿਲ ਵਿੱਚ
ਘੋੜਿਆਂ ਦੇ ਖੜਕਦੇ ਸੁੰਮਾਂ ਦੀ ਟਾਪ
ਕੰਬਦੀਆਂ ਸੱਥਾਂ 'ਚ ਉੱਤਰਨ
ਇੱਕ ਪਰਾਈ ਸਲਤਨਤ ਦੇ ਅਹਿਲਕਾਰ
ਨਾਲ ਆਪਣੇ ਹੀ ਵਤਨ ਦੇ
ਨੇਤਾ, ਗੁਰਗੇ, ਜੈਲਦਾਰ
ਹੋ ਰਹੀ ਸੱਜਰੇ ਲਹੂ ਖਾਤਰ
ਤਲਾਸ਼ੀ ਘਰਾਂ ਦੀ

ਘੁਰਨਿਆਂ 'ਚੋਂ ਭਾਲ ਕੇ ਲਿਆਉਂਦੇ ਨੇ
ਮੁੱਛ ਫੁੱਟ ਗੱਭਰੂ
ਗੱਡ ਕੇ ਧਰਤੀ 'ਚ ਨਜ਼ਰਾਂ
ਖੜੀ ਹੈ ਲੰਮੀ ਕਤਾਰ
ਹੋ ਰਹੀ ਹੈ ਸਲਤਨਤ ਦੇ
ਮੁਕਟ ਦੀ ਰਾਖੀ ਲਈ
ਸੈਨਾ ਤਿਆਰ

ਉੱਠ ਰਹੀ ਹੈ, ਘੁਰਕੀਆਂ ਵਿਚ ਲਿਪਟਕੇ
ਕਿਸੇ ਭਾਸ਼ਣ ਦੀ ਹਵਾੜ•

5
ਪਰਜਾ ਹੁਣ ਧੀਰਜ ਧਰੇ
ਹੋਰ ਨਹੀਂ ਬੱਸ ਹੋਰ ਨਹੀਂ

ਹੁਣ ਤੱਕ ਕਪਾਹ ਤੇ ਨੀਲ ਦੀ ਖੇਤੀ ਲਈ
ਬਹੁਤ ਵਰ• ਚੁੱਕੇ ਨੇ ਛਾਂਟੇ
ਫਰਕ ਨਹੀਂ ਪੈਂਦਾ ਕੋਈ
ਲੱਗ ਵੀ ਜਾਵੇ ਜੇ ਹੁਣ
ਹਲ ਦੇ ਫਾਲੇ ਨੂੰ ਜੰਗਾਲ
ਸਲਤਨਤ ਦੇ ਸਾਹਮਣੇ ਹੁਣ
ਚੌਵੀ ਘੰਟੇ ਚਮਕਦੇ
ਸੂਰਜ ਦੀ ਰਾਖੀ ਦਾ ਸਵਾਲ
ਛੱਡ ਦੇਵੋ, ਵਸਦੀਆਂ ਬਾਰਾਂ ਵਿਚਾਲੇ
ਵਗਦੀਆਂ ਨਹਿਰਾਂ ਦੇ ਪਾਣੀ ਦਾ ਖ਼ਿਆਲ
ਸਲਤਨਤ ਦਾ ਮੁਕਟ ਲੋੜੇ
ਸਾਰੀ ਧਰਤੀ ਦੇ ਖਜ਼ਾਨੇ

ਨਹੁੰਦਰਾਂ ਦਾ ਵਿਸ਼ਵ-ਜਾਲ
ਏਸੇ ਖਾਤਰ ਅੰਬਰੀ ਉਡਦੇ ਬੰਬਾਰ
ਧਰਤ ਉੱਤੇ ਰਾਈਫਲਾਂ, ਤੋਪਾਂ
ਤੇ ਟੈਂਕਾਂ ਦਾ ਭੁਚਾਲ
ਏਸੇ ਖਾਤਰ, ਸਿੰਧ, ਜਮਨਾ-ਨੀਲ ਦੇ
ਪਾਣੀ ਵਗਣਗੇ
ਲਾਲ-ਲਾਲ

6
ਸ਼ਾਇਦ ਹੋ ਜਾਂਦਾ ਬਚਾਅ
ਜੇ ਕਿਤੇ ਤੱਕਿਆ ਨਾ ਹੁੰਦਾ
ਵਿਸ਼ਵ ਹਿੰਸਕ-ਨਾਚ ਦੀ
ਤਿਆਰੀ ਦੇ ਜਸ਼ਨਾਂ ਦਾ ਕਮਾਲ
ਜਸ਼ਨ ਵਿਚ ਹੁੰਦਾ ਨਾ ਜੇ
ਮੁਸਕਾਉਂਦਾ ਓਹ ਅਹਿੰਸਾ ਦਾ ਮਸੀਹਾ
ਜੇ ਕਿਤੇ ਤੱਕੀ ਨਾ ਹੁੰਦੀ
ਉਸ ਦੇ ਮੱਥੇ 'ਤੇ ਪਸਰੀ ਸ਼ਾਂਤੀ
ਚਿਹਰੇ 'ਤੇ ਖਿੜਿਆ ਜਲਾਲ
ਵੇਖੋ ਕਿੱਡੇ ਸਹਿਜ ਨਾਲ
ਸਲਤਨਤ ਲਈ ਮੰਗਦਾ
ਸੱਜਰੇ ਲਹੂ ਦੀਆਂ ਪਲਟਣਾਂ

ਗੱਭਰੂਆਂ ਨੂੰ ਫਰਜ਼ ਦੀ ਫੱਟੀ ਪੜ੍ਹਾਉਂਦਾ
ਦੱਸਦਾ ਹੈ ਚੰਗੀ ਪਰਜਾ ਦੀ ਤਾਸੀਰ
ਆਖਦਾ ਹੈ, ਸ਼ਹਿਨਸ਼ਾਹਾਂ ਦੇ ਮੁਕਟ ਲਈ
ਮੋਢਿਆਂ 'ਤੇ ਲੈ ਕੇ ਸਸ਼ਤਰ
ਚੱਲਦੇ ਆਏ ਨੇ ਯੁੱਗਾਂ ਤੋਂ ਵਹੀਰ
ਇਹ ਅਹਿੰਸਾ ਦਾ ਮਸੀਹਾ, ਇਹ ਫਕੀਰ
ਜ਼ਰਾ ਨਾ ਹੋਵੇ ਅਧੀਰ
ਮੰਗਦਾ ਹੈ ਖੈਰ ਖ਼ੂਨੀ ਤਖਤ ਦੀ
ਰੱਜ ਕੇ ਦੁਆਵਾਂ ਕਰੇ
ਆਖਦਾ ਹੈ ਉਸ ਦਿਨ ਦੀ ਇੰਤਜ਼ਾਰ
ਸ਼ਾਹੀ ਸੈਨਾ ਜਦ ਮੁੜੇਗੀ ਜਿੱਤ ਕੇ
ਵੈਰੀਆਂ ਨੂੰ ਚਿੱਪ ਕੇ
ਜਦੋਂ ਲਾਸ਼ਾਂ ਟੱਪਕੇ
ਝੂਲਣਗੇ ਝੰਡੇ ਦੂਰ ਦੂਰ
ਵਧੇਗੀ ਪਰਜਾ ਦੀ ਸ਼ਾਨ
ਹੋਰ ਉੱਚੇ ਤਖਤ ਤੋਂ
ਮੁਸਕਰਾਵੇਗੀ ਜਦੋਂ ਬਰਤਾਨਵੀ ਸ਼ਕਤੀ ਮਹਾਨ

7
ਬੁੱਧ ਦੀ ਛਾਤੀ 'ਤੇ ਲਾਠੀ ਗੱਡ ਕੇ
ਸੋਚਦਾ ਤੇ ਮੁਸਕਰਾਉਂਦਾ ਹੈ
ਅਹਿੰਸਾ ਦਾ ਮਸੀਹਾ
ਪਹਿਲੀ ਵੱਡੀ ਮਹਾਂ ਜੰਗ ਦਾ ਮੋਰਚਾ
ਮੇਰੀ ਪੁਖਤਾ ਭਾਵਨਾ ਲਈ
ਹੋ ਨਹੀਂ ਸਕਦਾ ਕਲਿੰਗਾ ਦਾ ਮੈਦਾਨ
ਸਹਿਮਕੇ ਵਗਦੇ ਲਹੂ 'ਤੋਂ
ਪਰਤ ਆਇਆ ਸੀ ਜਦੋਂ ਰਾਜਾ-ਅਸ਼ੋਕ
ਐਵੇਂ ਖੋ ਬੈਠਾ ਸੀ ਹੋਸ਼
ਸਲਤਨਤ ਨੂੰ ਜਦ ਕਦੇ ਵੀ
ਸਿਰ ਫਿਰੀ ਪਰਜਾ ਦੇ ਹੱਥੋਂ
ਸੂਲ ਚੁਭਦੀ ਹੈ ਕੋਈ
ਉਦੋਂ ਮੇਰੇ ਲਈ ਅਹਿੰਸਾ
ਸਭ ਤੋਂ ਵੱਡਾ ਧਰਮ ਹੈ
ਭੁੱਲਦਾ ਨਾ ਮੈਂ ਕਦੇ ਪਰ
ਰਾਜ ਦੇ ਗੌਰਵ ਲਈ
ਗੋਲੀਆਂ, ਬੰਬਾਂ ਨੂੰ
ਫੁੱਲਾਂ ਵਾਂਗ ਵੈਰੀ 'ਤੇ ਵਰ੍ਹਾਉਣਾ ਵੀ
ਅਹਿੰਸਕ ਕਰਮ ਹੈ!


8
ਬੋਲਦੇ ਜਖ਼ਮੀ ਅਹਿੰਸਾ ਦੇ ਕਬੂਤਰ
ਬੋਲਦੀ ਟੈਂਕਾਂ ਦੀ ਘੂਕਰ
ਬੋਲਦੀ ਹੈ, ਬੁੱਧ ਦੀ ਛਾਤੀ 'ਤੇ ਲਾਠੀ ਗੱਡ ਕੇ
ਸ਼ਾਂਤ ਬੈਠੀ ਆਤਮਾ

ਸ਼ਾਂਤ ਬੈਠੀ ਆਤਮਾ ਦੇ ਸਾਹਮਣੇ
ਖੂਹਣੀਆਂ ਦਾ ਖਾਤਮਾ
ਏਸੇ ਕਰਕੇ ਕਵੀ ਨੇ
ਤਾਰੀਖ਼ ਦੇ ਛਲ ਨੂੰ
ਅਹਿੰਸਾ ਦਾ ਮਸੀਹਾ ਨਾ ਕਿਹਾ
ਖਫ਼ਾ ਹੈ ਸਾਬਰਮਤੀ ਦਾ ਆਸ਼ਰਮ

ਖਫ਼ਾ ਨੇ ਰਾਸ਼ਟਰ-ਪਿਤਾ
ਕਿੱਡਾ ਗੁਨਾਹ !
--ਜਸਪਾਲ ਜਸੀ 
ਸੰਪਾਦਕ : ਸੁਰਖ ਰੇਖਾ 
ਮੋਬਾਈਲ ਸੰਪਰਕ: 94631 67923
ਸੁਰਖ ਰੇਖਾ ਪ੍ਰਕਾਸ਼ਨ, 8 No. ੧੫੫੦੯, Street No. ੧ 8ajura-Kapura 3olony, 2athinda-੧੫੧੦੧
5 Mail : jaspal.jassi੧0gmail.com

No comments: