Wednesday, June 01, 2011

ਮਦਰ ਇੰਡੀਆ ਵਾਲੀ ਸੋਹਲ ਸੂਖ਼ਮ ਅਤੇ ਸੁਬਕ ਜਿਹੀ ਨਰਗਿਸ

ਅੱਜ  ਜਨਮ ਦਿਨ ਤੇ ਵਿਸ਼ੇਸ਼    
              --ਰਣਜੀਤ ਸਿੰਘ ਪ੍ਰੀਤ         
                                                                           
ਨਰਗਿਸ ਦੱਤ ਜਿਸਦਾ ਮੁੱਢਲਾ ਨਾਅ ਫਾਤਿਮਾਂ ਰਸ਼ੀਦ ਸੀ ਦਾ ਜਨਮ ਪਹਿਲੀ ਜੂਨ 1929 ਨੂੰ ਕੋਲਕਾਤਾ (ਪੱਛਮੀ ਬੰਗਾਲ) ਦੇ ਇੱਕ ਅਜੀਬੋ ਗਰੀਬ ਪਰਿਵਾਰ ਵਿੱਚ ਹੋਇਆ। ਉਸਦੀ ਮਾਤਾ ਇਲਾਹਾਬਾਦ ਤੋਂ ਸੀ,ਜੋ ਹਿੰਦੋਸਤਾਨੀ ਕਲਾਸੀਕਲ ਮਿਊਜ਼ਿਕ ਗਾਇਕਾ ਵੀ ਸੀ, ਅਤੇ ਸਰਮਾਇਦਾਰ ਪਿਤਾ ਜਿਸ ਨੇ ਬੱਚਿਆਂ ਵੱਲੋਂ ਮੂੰਹ ਮੋਡ਼ੀ ਰੱਖਿਆ , ਰਾਵਲਪਿੰਡੀ ਵਿੱਚ ਡਾਕਟਰ,। ਨਰਗਿਸ ਜਿਸ ਦੇ ਅਰਥ ਖ਼ੂਬਸੂਰਤ ਫੁੱਲ ਹਨ,ਦਾ ਇੱਕ ਭਰਾ ਵੀ ਸੀ, ਐਕਟਰ ਅਨਵਰ ਹੁਸੈਨ
                      ਨਰਗਿਸ ਨੇ ਸਿਰਫ਼ 6ਸਾਲ  ਦੀ ਉਮਰ ਵਿੱਚ 1935 ਨੂੰ “ਤਲਾਸ਼ੇ ਹੱਕ”ਫ਼ਿਲਮ ਵਿੱਚ ਪਹਿਲੀ ਵਾਰੀ ਰੋਲ ਕੀਤਾ। ਬੇਬੀ ਨਰਗਿਸ ਦੇ ਨਾਂਅ ਨਾਲ ਮੁੱਢਲੀ ਪਹਿਚਾਣ ਬਣੀ। ਸਿਰਫ 14 ਸਾਲ ਦੀ ਉਮਰ ਵਿੱਚ 1943 ਨੂੰ ਮਹਿਬੂਬ ਖ਼ਾਨ ਦੀ ਫ਼ਿਲਮ “ਤਕਦੀਰ” ਨਾਲ ਆਪਣੀ ਤਕਦੀਰ ਨੂੰ ਵੀ ਤਦਬੀਰਾਂ ਦੇ ਰਾਹ ਪਾਇਆ।“ਬਰਸਾਤ” (1949)‘ਚ ਨਰਗਿਸ ਨੇ ਕਮਾਲ ਕਰ ਵਿਖਾਈ। ਫਿਰ “ਅੰਦਾਜ਼” (1949),”ਆਵਾਰਾ”(1951),”ਦੀਦਾਰ” (1951),”ਸ਼੍ਰੀ 420”(1955),”ਚੋਰੀ ਚੌਰੀ” (1956),ਨਾਮੀ ਫ਼ਿਲਮਾਂ ਮੋਤੀ ਲਾਲ,ਰਾਜ ਕਪੂਰ ਅਤੇ ਦਲੀਪ ਕੁਮਾਰ ਨਾਲ ਕੀਤੀਆਂ। ਮਹਿਬੂਬ ਖ਼ਾਨ ਦੀ ਫ਼ਿਲਮ “ਮਦਰ ਇਡੀਆ” (1957),ਆਸਕਰ ਐਵਾਰਡ ਲਈ ਨੌਮੀਨੇਟ ਵੀ ਹੋਈ। ਨਰਗਿਸ ਨੂੰ ਫ਼ਿਲਮਫ਼ੇਅਰ ਬੈੱਸਟ ਐਕਟਰੈੱਸ ਐਵਾਰਡ ਵੀ ਮਿਲਿਆ। ਉਸਦੀ ਆਖ਼ਰੀ ਰਿਲੀਜ਼ ਹੋਈ ਫ਼ਿਲਮ “ਰਾਤ ਔਰ ਦਿਨ” (1967) ਰਹੀ,ਇਸ ਫ਼ਿਲਮ ਲਈ ਉਸ ਨੂੰ ਨੈਸ਼ਨਲ ਫ਼ਿਲਮ ਐਵਾਰਡ ਵਧੀਆ ਅਦਾਕਾਰਾ ਵਜੋਂ ਮਿਲਿਆ। ਉਸ ਨੇ 11 ਮਾਰਚ 1958 ਨੂੰ ਸੁਨੀਲ ਦੱਤ ਨਾਲ ਵਿਆਹ ਕਰਵਾਉਣ ਮਗਰੋਂ, ਫ਼ਿਲਮਾਂ ਛੱਡ ਦਿਤੀਆਂ ਸਨ। ਪਰ ਜੋ ਪਹਿਲਾਂ ਬਣ ਚੁੱਕੀਆਂ ਸਨ, ਉਹ ਰਿਲੀਜ਼ ਹੁੰਦੀਆਂ ਰਹੀਆਂ।
        ਨਰਗਿਸ ਅਤੇ ਰਾਜ ਕਪੂਰ ਨੂੰ ਲੋਕ ਪਤੀ –ਪਤਨੀ ਵਾਂਗ ਮੰਨਣ ਲੱਗ ਪਏ ਸਨ, ਦੋਨਾਂ ਦੀ ਗੂਡ਼ੀ ਦੋਸਤੀ ਦੀਆਂ ਗੱਲਾਂ ਅਖਬਾਰਾਂ ਦੀਆਂ ਸੁਰਖ਼ੀਆਂ ਸਨ,ਪਰ “ਮਦਰ ਇੰਡੀਆ” ਦੇ ਸੈੱਟ ਨੂੰ ਜਦ ਅੱਗ ਲੱਗ ਗਈ,ਤਾਂ ਸਨੀਲ ਦੱਤ ਨੇ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦਿਆਂ ਬਲਦੀ ਅੱਗ ਚੋਂ ਨਰਗਿਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆਂਦਾ, ਬੱਸ ਇਹੀ ਸਬੱਬ ਦੋਹਾਂ ਦੇ ਪਿਆਰ ਵਿਆਹ ਦਾ ਕਾਰਣ ਬਣਿਆ।
        ਸੋਹਲ ਸੂਖ਼ਮ ਅਤੇ ਸੁਬਕ ਜਿਹੀ ਨਰਗਿਸ ਨੇ ਸੰਜੇ ਦੱਤ ਐਕਟਰ, ਨਮਰਤਾ, ਪ੍ਰਿਆ ਨੂੰ ਜਨਮ ਦਿੱਤਾ। ਪਰ ਖ਼ੁਦ ਕੈਂਸਰ ਦੀ ਮਰੀਜ਼ ਬਣ ਮੰਜਾ ਮੱਲ ਬੈਠੀ,ਮੈਮੋਰੀਅਲ ਸਲੋਨ-ਕੈਟਰਿੰਗ ਕੈਂਸਰ ਸੈਂਟਰ ਨਿਊਯਾਰਕ ਵਿਖੇ ਇਲਾਜ ਹੋਇਆ,ਵਾਪਸ ਮੁੰਬਈ ਪਰਤਣ ਤੇ ਬਰੀਚ ਕੇਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ,ਜਿਥੇ ਉਹ 2 ਮਈ ਨੂੰ ਕੌਮਾਂ ਵਿੱਚ ਚਲੀ ਗਈ ਅਤੇ 3 ਮਈ 1981 ਨੂੰ ਇਹ ਟਹਿਕਦਾ,ਮਹਿਕਦਾ,ਚਹਿਕਦਾ ਫੁੱਲ ਟਾਹਣੀ ਨਾਲੋਂ ਸਦਾ ਸਦਾ ਲਈ ਟੁੱਟ ਗਿਆ।
      ਨਰਗਿਸ ਨੂੰ “ਮਦਰ ਇੰਡੀਆ”(1957) ਫਿਲਮ ਫੇਅਰ ਸਨਮਾਨ,1958’ਚ ਏਸੇ ਫ਼ਿਲਮ ਲਈ ਕਾਰਲੌਵੀ ਵਾਰੇ ਕੌਮਾਂਤਰੀ ਫ਼ਿਲਮ ਫ਼ਸਟੀਬਲ ਮੌਕੇ ਵਧੀਆ ਅਦਾਕਾਰਾ ਦਾ ਸਨਮਾਨ,1958 ਵਿੱਚ ਹੀ ਪਦਮ ਸ਼੍ਰੀ ਐਵਾਰਡ,1968 ‘ਚ ਰਾਤ ਔਰ ਦਿਨ ਫਿਲਮ ਲਈ ਕੌਮੀ ਐਵਾਰਡ,ਉਰਵਸ਼ੀ ਐਵਾਰਡ,ਉਸ ਨੂੰ 1980-81 ਲਈ ਰਾਜ ਸਭਾ ਦੀ ਮੈਂਬਰ ਵੀ ਨਿਯੁੱਕਤ ਕੀਤਾ ਗਿਆ,ਪਰ ਉਹ ਵਿਚਕਾਰ ਹੀ ਬੀਮਾਰ ਹੋ ਗਈ। ,੮ ਜਨਵਰੀ 2001 ਨੂੰ ਅਮਿਤਾਬ ਬਚਨ ਦੇ ਨਾਲ ਹੀ “ਬੈੱਸਟ ਆਰਟਿਸਟ ਆਫ਼ ਦਾ ਮਿਲੀਨੇਈਮ“ਐਵਾਰਡ ਵੀ ਹੀਰੋ ਹਾਂਡਾ ਵੱਲੋਂ ਦਿੱਤਾ ਗਿਆ। ਨਰਗਿਸ ਨੇ ਕਰੀਬ 50 ਫ਼ਿਲਮਾਂ ਵਿੱਚ ਕੰਮ ਕਰਿਆ, ਜਿਥੇ ਨਰਗਿਸ ਨੇ ਫੌਜੀ ਜੁਆਨਾਂ ਲਈ ਸ਼ੋਅ ਕੀਤੇ, ਉਥੇ ਉਹ ਕਈ ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਦੀ ਮੈਂਬਰ ਵੀ ਰਹੀ ,ਢਾਕਾ ਅਤੇ ਹੋਰਨਾਂ ਥਾਵਾਂ ਦੇ ਟੂਰ ਵੀ ਲਾਏ,ਉਸਦੀ ਯਾਦ ਵਿੱਚ ਜਿਥੇ ਕੈਂਸਰ ਹਸਪਤਾਲ ਬਣਾਇਆ ਗਿਆ ਹੈ,ਉਥੇ ਕਈ ਐਵਾਰਡ ਵੀ ਉਸਦੇ ਨਾਂਅ ਤੇ ਦਿੱਤੇ ਜਾਂਦੇ ਹਨ, ਜਿਸ ਨਾਲ ਉਹ ਏਥੇ ਹੀ ਆਸੇ ਪਾਸੇ ਵਿਚਰਦੀ ਮਹਿਸੂਸ ਹੁੰਦੀ ਰਹਿੰਦੀ ਹੈ, ਉਹ ਆਪਣੀ ਕਲਾ ਸਹਾਰੇ ਅੱਜ ਵੀ ਜੀਵਤ ਹੈ। ਕੱਲ੍ਹ ਵੀ ਜੀਵਤ ਰਹੇਗੀ।

No comments: