Sunday, June 05, 2011

ਸਿੱਖ ਸਾਕਾ ਨੀਲਾ ਤਾਰਾ ਅਤੇ ਕਾਂਗਰਸ ਇੰਦਰਾ ਗਾਂਧੀ ਨੂੰ ਨਹੀਂ ਭੁੱਲ ਸਕਦੀ

ਮਿਲਟਰੀ ਨੂੰ ਦਰਬਾਰ ਸਾਹਿਬ 'ਚ ਇਸ ਤਰ੍ਹਾਂ ਵਾਡ਼ਿਆ ਗਿਆ ਜਿਵੇਂ ਪਾਕਿਸਤਾਨ ਉਤੇ ਹਮਲਾ ਕਰਨਾ ਹੋਵੇ
ਜਦੋਂ 1984 ਵਿਚ ਪੰਜਾਬ ਦੀ ਫਿਜ਼ਾ ਨੂੰ ਬੰਦੂਕਾਂ ਦੀਆਂ ਗੋਲੀਆਂ ਦਾ ਧੂੰਆਂ ਗੰਧਲਾ ਕਰ ਰਿਹਾ ਸੀ ਅਤੇ ਅਮਨ ਤੇ ਸ਼ਾਂਤੀ ਨੂੰ ਸੂਬੇ ਅੰਦਰੋਂ ਬੇਦਖਲ ਕਰ ਰਿਹਾ ਸੀ, ਬੱਸਾਂ ਵਿਚੋਂ ਕੱਢ ਕੇ ਨਿਰਦੋਸ਼ਾਂ ਨੂੰ ਮਾਰਿਆ ਜਾ ਰਿਹਾ ਸੀ, ਇਨਾਮਾਂ ਦੀ ਖਾਤਰ ਮੁੱਛ ਫੁੱਟ ਗੱਭਰੂਆਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਸਨ, ਘਰ-ਘਰ ਸਿਵੇ ਬਲਦੇ ਸਨ ਅਤੇ ਕੀਰਨਿਆਂ ਦੀਆਂ ਅਵਾਜ਼ਾਂ ਆਉਂਦੀਆਂ ਸਨ, ਉਦੋਂ ਮੈਂ ਖੱਬੇ ਪੱਖੀ ਵਿਚਾਰਧਾਰਾ ਤੋਂ ਕਾਫੀ ਪ੍ਰਭਾਵਿਤ ਸੀ। ਵਾਲ ਮੇਰੇ ਕੱਟੇ ਹੋਏ ਸਨ ਅਤੇ ਕਾਲਜ ਵਿਚ ਵੀ ਸਿੱਖ ਵਿਦਿਆਰਥੀ ਜਥੇਬੰਦੀਆਂ ਦੇ ਲੀਡਰਾਂ ਨਾਲ ਉਦੋਂ ਦੇ ਨਾਜ਼ੁਕ ਮੁੱਦਿਆਂ ‘ਤੇ ਬਹਿਸ ਹੁੰਦੀ ਰਹਿੰਦੀ ਸੀ।
ਜਿਸ ਦਿਨ ਬਲਿਊ ਸਟਾਰ ਆਪ੍ਰੇਸ਼ਨ ਹੋਇਆ ਅਤੇ ਤਬਾਹੀ ਦੀਆਂ ਖ਼ਬਰਾਂ ਬੀ. ਬੀ. ਸੀ. ਤੋਂ ਸੁਣਨ ਲੱਗੀਆਂ ਤਾਂ ਮਹਿਸੂਸ ਹੋਇਆ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ ਜੋ ਕੁਝ ਕੀਤਾ ਉਹ ਠੀਕ ਨਹੀਂ ਸੀ। ਖਾਡ਼ਕੂਆਂ ਨੂੰ ਦਰਬਾਰ ਸਾਹਿਬ ਵਿਚੋਂ ਕੱਢਣ ਦਾ ਇਹ ਕੋਈ ਤਰੀਕਾ ਨਹੀਂ ਸੀ।
ਮਿਲਟਰੀ ਨੂੰ ਦਰਬਾਰ ਸਾਹਿਬ ਵਿਚ ਇਸ ਤਰ੍ਹਾਂ ਵਾਡ਼ਿਆ ਗਿਆ ਜਿਸ ਪ੍ਰਕਾਰ ਪਾਕਿਸਤਾਨ ਉਤੇ ਹਮਲਾ ਕਰਨਾ ਹੋਵੇ।
ਸਿੱਖਾਂ ਦੀ ਪ੍ਰਮੁੱਖ ਇਬਾਦਤਗਾਹ ਵਿਚ ਟੈਂਕ ਵਾਡ਼ ਦਿੱਤੇ। ਟੈਂਕਾਂ ਤੇ ਤੋਪਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਮਿਲਟਰੀ ਵੱਲੋਂ ਉਨ੍ਹਾਂ ਅਣਗਿਣਤ ਲੋਕਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ, ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ। ਹਰਿਮੰਦਰ ਸਾਹਿਬ ਦਾ ਸਰੋਵਰ ਲਹੂ ਨਾਲ ਲਾਲ ਹੋ ਗਿਆ। ਜਿਥੇ ਹਮੇਸ਼ਾ ਅਗਰਬੱਤੀਆਂ ਦੀ ਖੁਸ਼ਬੂ ਵਾਲਾ ਧੂੰਆਂ ਉਡਦਾ ਸੀ, ਉਥੇ ਫੌਜੀ ਬੀਡ਼ੀਆਂ ਪੀ ਕੇ ਇਸ ਪਾਕਿ ਪਵਿੱਤਰ ਜਗ੍ਹਾ ਨੂੰ ਦੂਸ਼ਿਤ ਕਰ ਰਹੇ ਸਨ। ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਇਸ ਘੱਲੂਘਾਰੇ ਤੋਂ ਬਾਅਦ ਮੈਂ ਹਮੇਸ਼ਾ ਲਈ ਕੇਸ ਰੱਖ ਲਏੇ। ਦਰਬਾਰ ਸਾਹਿਬ ‘ਤੇ ਹੋਏ ਹਮਲੇ ਦਾ ਦੁੱਖ ਸਿਰਫ ਮੈਨੂੰ ਨਹੀਂ ਹੋਇਆ। ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਸੀ। ਜਦੋਂ ਸਾਕਾ ਨੀਲਾ ਤਾਰਾ ਵਾਪਰਿਆ ਤਾਂ ਉਦੋਂ ਅਸੀਂ ਫਿਰੋਜ਼ਪੁਰ ਰਹਿੰਦੇ ਸੀ। ਜਿਸ ਘਰ ਵਿਚ ਅਸੀਂ ਰਹਿੰਦੇ ਸੀ, ਉਹ ਪਰਿਵਾਰ ਕਾਂਗਰਸੀ ਸੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਦਾ ਨਾਮ ਹਮੇਸ਼ਾਂ ਸਤਿਕਾਰ ਨਾਲ ਲੈਂਦਾ ਸੀ। ਇਸ ਘਟਨਾ ਤੋਂ ਬਾਅਦ ਉਸ ਪਰਿਵਾਰ ਦੇ ਦ੍ਰਿਸ਼ਟੀਕੋਣ ਵਿਚ ਇੱਕ ਵੱਡਾ ਬਦਲਾਓ ਦੇਖਿਆ। ਉਸ ਸਾਲ ਉਨ੍ਹਾਂ ਨੇ ਵੀ ਦਿਵਾਲੀ ਨਹੀਂ ਮਨਾਈ। ਇਹ ਕਹਾਣੀ ਇੱਕ ਸਿੱਖ ਘਰ ਦੀ ਨਹੀਂ, ਬਲਕਿ ਘਰ-ਘਰ ਦੀ ਸੀ। ਸਾਕਾ ਨੀਲਾ ਤਾਰਾ, ਇਸ ਤੋਂ ਪਹਿਲਾਂ ਅਤੇ ਬਾਅਦ ‘ਚ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਸਬੰਧ ਵਿਚ ਮਰਹੂਮ ਸਿੱਖ ਲੀਡਰ ‘ਪੰਥ ਰਤਨ’ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ ਵਲੋਂ ਸੁਣਾਈ ਜਾਂਦੀ ਇਕ ਕਹਾਣੀ ਹਮੇਸ਼ਾ ਹੀ ਯਾਦ ਆਉਂਦੀ ਹੈ।


ਇਹ ਕਹਾਣੀ ਇਸ ਪ੍ਰਕਾਰ ਹੈ।
ਇਕ ਬ੍ਰਾਹਮਣ ਹਰ ਰੋਜ਼ ਇਕ ਸੱਪ ਦੀ ਖੁੱਡ ਕੋਲ ਜਾਂਦਾ ਸੀ ਅਤੇ ਸੱਪ ਨੂੰ ਦੁੱਧ ਪਿਲਾਉਂਦਾ ਸੀ। ਬ੍ਰਾਹਮਣ ਨੂੰ ਕਿਸੇ ਕੰਮ ਲਈ ਬਾਹਰ ਜਾਣਾ ਪੈ ਗਿਆ ਅਤੇ ਉਸ ਨੇ ਆਪਣੇ ਬੇਟੇ ਦੀ ਡਿਊਟੀ ਸੱਪ ਨੂੰ ਦੁੱਧ ਪਿਆਉਣ ਦੀ ਲਗਾ ਦਿੱਤੀ। ਬ੍ਰਾਹਮਣ ਦਾ ਬੇਟਾ ਹਰ ਰੋਜ਼ ਸੱਪ ਨੂੰ ਦੁੱਧ ਪਿਆਉਣ ਲੱਗਿਆ। ਇਕ ਦਿਨ ਨੌਜਵਾਨ ਨੂੰ ਸ਼ਰਾਰਤ ਸੁੱਝੀ। ਜਦੋਂ ਸੱਪ ਦੁੱਧ ਪੀ ਕੇ ਖੁੱਡ ਵੱਲ ਨੂੰ ਮੁਡ਼ਿਆ ਤਾਂ ਲਡ਼ਕੇ ਨੇ ਸੱਪ ਦੀ ਪੂੰਛ ਵੱਢ ਦਿੱਤੀ। ਸੱਪ ਨੇ ਵੀ ਮੋਡ਼ਵਾਂ ਵਾਰ ਕੀਤਾ ਅਤੇ ਬ੍ਰਾਹਮਣ ਦੇ ਬੇਟੇ ਨੂੰ ਡਸ ਲਿਆ। ਉਸਦੀ ਥਾਂ ‘ਤੇ ਹੀ ਮੌਤ ਹੋ ਗਈ। ਜਦੋਂ ਬ੍ਰਾਹਮਣ ਯਾਤਰਾ ਤੋਂ ਪਰਤਿਆ ਤਾਂ ਉਸ ਨੂੰ ਆਪਣੇ ਬੇਟੇ ਦੀ ਮੌਤ ‘ਤੇ ਬਹੁਤ ਦੁੱਖ ਹੋਇਆ। ਸਮਾਂ ਲੰਘਿਆ ਬ੍ਰਾਹਮਣ ਨੇ ਆਪਣੇ ਮਨ ਨੂੰ ਸਮਝਾਇਆ ਕਿ ਜੋ ਹੋ ਗਿਆ, ਸੋ ਹੋ ਗਿਆ। ਉਹ ਦੁਬਾਰਾ ਸੱਪ ਨੂੰ ਦੁੱਧ ਪਿਆਉਣ ਲਈ ਤੁਰ ਪਿਆ।
ਬ੍ਰਾਹਮਣ ਨੇ ਖੁੱਡ ਕੋਲ ਜਾ ਕੇ ਸੱਪ ਨੂੰ ਬੇਨਤੀ ਕੀਤੀ, ”ਹੇ ਨਾਗ ਦੇਵਤਾ, ਆਓ ਦੁੱਧ ਪੀਓ।”
ਸੱਪ ਖੁੱਡ ਵਿਚੋਂ ਬਾਹਰ ਆਇਆ ਅਤੇ ਉਸ ਨੇ ਬ੍ਰਾਹਮਣ ਨੂੰ ਕਿਹਾ, ”ਬ੍ਰਾਹਮਣ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਮੇਰੇ ਲਈ ਦੁੱਧ ਲਿਆਏ, ਪਰ ਮੈਂ ਤੁਹਾਡਾ ਲਿਆਂਦਾ ਦੁੱਧ ਨਹੀਂ ਪੀ ਸਕਦਾ।” ਬ੍ਰਾਹਮਣ ਨੇ ਪੁੱਛਿਆ, ”ਕਿਉਂ ਨਾਗ ਦੇਵਤਾ?”
ਸੱਪ ਨੇ ਅੱਗਿਓਂ ਫਣ ਚੁੱਕਿਆ ਅਤੇ ਕਹਿਣ ਲੱਗਿਆ, ”ਬ੍ਰਾਹਮਣ ਜੀ, ਮੈਂ ਆਪਣੀ ਵੱਢੀ ਪੂੰਛ ਨਹੀਂ ਭੁੱਲ ਸਕਦਾ ਅਤੇ ਤੁਸੀਂ ਆਪਣਾ ਪੁੱਤਰ ਨਹੀਂ ਭੁੱਲ ਸਕਦੇ।”
ਸੋ ਸਿੱਖ ਸਾਕਾ ਨੀਲਾ ਤਾਰਾ ਅਤੇ ’84 ਦੇ ਦੰਗੇ ਨਹੀਂ ਭੁੱਲ ਸਕਦੇ ਅਤੇ ਕਾਂਗਰਸ ਇੰਦਰਾ ਗਾਂਧੀ ਨੂੰ ਨਹੀਂ ਭੁੱਲ ਸਕਦੀ। ਅਜਿਹੀਆਂ ਘਟਨਾਵਾਂ ਭੁਲਾਈਆਂ ਹੀ ਨਹੀਂ ਜਾ ਸਕਦੀਆਂ, ਪਰ ਨੀਤੀਆਂ ਨੂੰ ਸੁਧਾਰਿਆ ਤਾਂ ਜਾ ਸਕਦਾ ਹੈ। ਜੋ ਬਜਰ ਗਲਤੀਆਂ ਹੋਈਆਂ ਹਨ ਉਨ੍ਹਾਂ ਦੇ ਪਛਤਾਵੇ ਲਈ ਕੁੱਝ ਅਜਿਹੇ ਕੰਮ ਤਾਂ ਕੀਤੇ ਜਾ ਸਕਦੇ ਹਨ ਕਿ ਪਿਛਲੀਆਂ ਗਲਤੀਆਂ ਦੇ ਦੁੱਖ ਨੂੰ ਘਟਾਇਆ ਜਾ ਸਕੇ।

ਪਹਿਲਾਂ ਕਾਂਗਰਸ ਦੀ ਗੱਲ ਕਰਦੇ ਹਾਂ। ਇਸ ਸਮੇਂ ਜਿਹਡ਼ੀ ਕਾਂਗਰਸ ਹੈ ਉਸ ਵਿਚ ਓਹੋ ਜਿਹੇ ਹੰਕਾਰੀ ਅਤੇ ਹੈਂਕਡ਼ਬਾਜ਼ ਲੀਡਰ ਨਹੀਂ ਹਨ ਜਿਹਡ਼ੇ ਕਿ 70ਵੇਂ ਅਤੇ 80ਵੇਂ ਦਹਾਕੇ ਵਿਚ ਸਨ। ਉਦੋਂ ਕਾਂਗਰਸ ਖਾਸ ਕਰਕੇ ਸ੍ਰੀਮਤੀ ਇੰਦਰਾ ਗਾਂਧੀ ਦੀ ਨੀਤੀ ਸੀ ‘ਗਲੀਆਂ ਹੋਵਣ ਸੁੰਨੀਆਂ ਵਿਚ ਮਿਰਜ਼ਾ ਯਾਰ ਫ਼ਿਰੇ’। ਸ੍ਰੀਮਤੀ ਗਾਂਧੀ ਨੂੰ ਕੋਈ ਹੋਰ ਸਿਆਸੀ ਪਾਰਟੀ ਚੰਗੀ ਨਹੀਂ ਸੀ ਲਗਦੀ। ਉਸਦੀ ਸੋਚ ਦਮਨਕਾਰੀ ਸੀ। ਗੈਰ-ਕਾਂਗਰਸੀ ਸਰਕਾਰਾਂ ਨੂੰ ਤਾਂ ਉਹ ਚੱਲਣ ਹੀ ਨਹੀਂ ਸੀ ਦਿੰਦੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤਾਂ ਉਸ ਦੀਆਂ ਅੱਖਾਂ ਵਿਚ ਹਮੇਸ਼ਾ ਹੀ ਰਡ਼ਕਦੀ ਰਹਿੰਦੀ ਸੀ। ਉਸੇ ਸੋਚ ਦੇ ਕਾਰਨ ਬਲਿਊ ਸਟਾਰ ਆਪਰੇਸ਼ਨ ਹੋਇਆ।
ਢਾਈ ਦਹਾਕਿਆਂ ਦੌਰਾਨ ਕਾਂਗਰਸ ਦੀ ਸੋਚ ਵਿਚ ਬੁਨਿਆਦੀ ਤਬਦੀਲੀ ਆਈ ਹੈ। ਹੁਣ ਉਹ ਅਤੇ ਉਸਦੇ ਲੀਡਰ ਸਿੱਖਾਂ ਨੂੰ ਦੁਸ਼ਮਣਾਂ ਵਾਂਗ ਨਹੀਂ ਦੇਖਦੇ। ਹੁਣ ਦੀ ਕਾਂਗਰਸ ਵਿਚ ਪਛਤਾਵੇ ਦੀ ਭਾਵਨਾ ਹੈ। ਕਿਤੇ ਨਾ ਕਿਤੇ ਇਹ ਸੋਚ ਕੰਮ ਕਰਦੀ ਹੈ ਕਿ ਸਾਕਾ ਨੀਲਾ ਤਾਰਾ ਸ੍ਰੀਮਤੀ ਗਾਂਧੀ ਵਲੋਂ ਚੁੱਕਿਆ ਗਿਆ ਇਕ ਗਲਤ ਕਦਮ ਸੀ। ਉਸ ਸਮੇਂ ਪੰਜਾਬ ਦੀ ਸਮੱਸਿਆ ਦੇ ਹੱਲ ਲਈ ਹੋਰ ਕਈ ਬਦਲ ਲੱਭੇ ਜਾ ਸਕਦੇ ਸਨ। ਸਿੱਖਾਂ ਨੂੰ ਸਾਕਾ ਨੀਲਾ ਤਾਰਾ ਅਤੇ ਦਿੱਲੀ ਸਿੱਖ ਕਤਲੇਆਮ ਕਾਰਨ ਜੋ ਜ਼ਖ਼ਮ ਦਿੱਤੇ ਗਏ ਉਨ੍ਹਾਂ ‘ਤੇ ਮਲ੍ਹਮ ਲੱਗਣੀ ਚਾਹੀਦੀ ਹੈ। ਸੋਚ ਵਿਚ ਆਈ ਤਬਦੀਲੀ ਦਾ ਨਤੀਜਾ ਹੈ ਕਿ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਹੁਣ ਤਾਂ ਉਨ੍ਹਾਂ ਨੂੰ ਦੂਜੀ ਵਾਰ ਵੀ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹੈ। ਅਜਿਹਾ ਨਹੀਂ ਹੈ ਕਿ ਡਾ. ਮਨਮੋਹਨ ਸਿੰਘ ਨੂੰ ਸਿੱਖ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਬਣਾਇਆ ਗਿਆ ਉਨ੍ਹਾਂ ਵਿਚ ਹੋਰ ਵੀ ਕਈ ਵਿਸ਼ੇਸ਼ਤਾਵਾਂ ਹਨ, ਪਰ ਅਸੀਂ ਹਿੰਦੂ ਸਿਆਸੀ ਸੰਗਠਨਾਂ ਤੋਂ ਅਜਿਹੀ ਆਸ ਬਿਲਕੁਲ ਨਹੀਂ ਕਰ ਸਕਦੇ। ਹੁਣ ਤੱਕ ਇਕ ਮਿੱਥ ਇਹ ਵੀ ਸੀ ਕਿ ਕਿਸੇ ਸਿੱਖ ਨੂੰ ਫੌਜ ਮੁਖੀ ਨਹੀਂ ਬਣਾਇਆ ਜਾਂਦਾ। ਕਾਂਗਰਸ ਦੇ ਕਾਰਜਕਾਲ ਵਿਚ ਇਹ ਵੀ ਹੋ ਗਿਆ।
ਹੁਣ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਸਦੀਆਂ ਨੀਤੀਆਂ ਤੋਂ ਇਹੀ ਪ੍ਰਭਾਵ ਮਿਲਦਾ ਹੈ ਕਿ ਸਾਕਾ ਨੀਲਾ ਤਾਰਾ ਜਾਂ ’84 ਦੇ ਦੰਗਿਆਂ ਨੂੰ ਸਿਰਫ਼ ਤੇ ਸਿਰਫ਼ ਸਿਆਸੀ ਹਥਿਆਰਾਂ ਲਈ ਹੀ ਵਰਤੋ, ਆਮ ਸਿੱਖਾਂ ਲਈ ਕੁਝ ਵੀ ਨਾ ਕਰੋ। ਪ੍ਰਭਾਵ ਤਾਂ ਇਹ ਵੀ ਦਿੱਤਾ ਜਾਂਦਾ ਹੈ ਕਿ ਸਾਕਾ ਨੀਲਾ ਤਾਰਾ ਭੁੱਲ ਜਾਵੋ ਅਤੇ ’84 ਦੇ ਦੰਗੇ ਯਾਦ ਰੱਖੋ ਕਿਉਂਕਿ ’84 ਦੇ ਦੰਗਿਆਂ ਦੀ ਗੱਲ ਹੋ ਰਹੀ ਹੈ ਤਾਂ ਕਾਂਗਰਸ ਬਦਨਾਮ ਹੋਵੇਗੀ ਅਤੇ ਜੇਕਰ ਸਾਕਾ ਨੀਲਾ ਤਾਰਾ ਦੀ ਗੱਲ ਕੀਤੀ ਜਾਵੇਗੀ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਦ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ, ਜਿਨ੍ਹਾਂ ਤੋਂ ਇਹ ਦੋਵੇਂ ਸੰਸਥਾਵਾਂ ਭੱਜਦੀਆਂ ਹਨ।
ਇਹੀ ਕਾਰਨ ਹੈ ਕਿ 26 ਸਾਲ ਬੀਤ ਗਏ ਹਨ ਤੇ ਸਾਕਾ ਨੀਲਾ ਤਾਰਾ ਦੀ ਯਾਦਗਾਰ ਨਹੀਂ ਸਥਾਪਤ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕਡ਼ ਕਹਿੰਦੇ ਹਨ ਕਿ ਯਾਦਗਾਰ ਬਣਾਉਣਾ ਸ਼੍ਰੋਮਣੀ ਕਮੇਟੀ ਦੇ ਏਜੰਡੇ ‘ਤੇ ਹੈ। ਲੱਗਦਾ ਇਹ ਹੈ ਕਿ ਇਹ ਸਿਰਫ ਏਜੰਡਾ ਹੀ ਰਹੇਗਾ। ਜਿਹਡ਼ੇ ਲੋਕ ਯਾਦਗਾਰ ਦੀ ਮੰਗ ਕਰਦੇ ਹਨ ਉਨ੍ਹਾਂ ਨੂੰ ਕਾਂਗਰਸ ਦੇ ਏਜੰਟ ਕਿਹਾ ਜਾਂਦਾ ਹੈ। ਤਾਂ ਫਿਰ ਕੀ ਇਹ ਮੰਨ ਲਿਆ ਜਾਵੇ ਕਿ ਸ਼੍ਰੋਮਣੀ ਕਮੇਟੀ ਭਾਰਤੀ ਜਨਤਾ ਪਾਰਟੀ ਜਾਂ ਆਰ ਐਸ ਐਸ ਦੇ ਦਬਾਅ ਕਾਰਨ ਯਾਦਗਾਰ ਸਥਾਪਤ ਨਹੀਂ ਕਰਨਾ ਚਾਹੁੰਦੀ? ਭਾਜਪਾ ਓਹੀ ਪਾਰਟੀ ਹੈ ਜਿਨ੍ਹਾਂ ਦੇ ਲੀਡਰ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਾਕਾ ਨੀਲਾ ਤਾਰਾ ਤੋਂ ਬਾਅਦ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ ਅਤੇ ਸ੍ਰੀ ਐਲ.ਕੇ. ਅਡਵਾਨੀ ਨੇ ਆਪਣੀ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸ੍ਰੀਮਤੀ ਗਾਂਧੀ ‘ਤੇ ਬਲਿਊ ਸਟਾਰ ਅਪਰੇਸ਼ਨ ਕਰਨ ਲਈ ਦਬਾਅ ਪਾਇਆ ਸੀ। ਯਾਦਗਾਰ ਸਥਾਪਤ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਉਗਰਵਾਦੀਆਂ ਵਾਲਾ ਨਹੀਂ ਹੋਣ ਵਾਲਾ। ਸਿੱਖਾਂ ਨੇ ਇਕ ਹਕੀਕਤ ਪਿੰਡੇ ‘ਤੇ ਹੰਢਾਈ ਹੈ। ਸਾਕਾ ਨੀਲਾ ਤਾਰਾ ਘੱਲੂਘਾਰਾ ਤੋਂ ਘੱਟ ਨਹੀਂ ਹੈ। ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ ਹਨ। ਇਹ ਸਭ ਕੁਝ ਇਤਿਹਾਸ ਵਿਚ ਦਰਜ ਹੋ ਚੁੱਕਾ ਹੈ ਤਾਂ ਇਤਿਹਾਸਕ ਯਾਦਗਾਰ ਬਣਾਉਣ ਵਿਚ ਕੀ ਹਰਜ਼ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਵੀ ਢਾਈ ਦਹਾਕਿਆਂ ਵਿਚ ਸਿਰਫ ਤੇ ਸਿਰਫ ਸੱਤਾ ਹਥਿਆਉਣ ਦੇ ਪੈਂਤਡ਼ੇ ਹੀ ਸਿੱਖੇ ਹਨ। ਜਿਨ੍ਹਾਂ ਮੁੱਦਿਆਂ ਕਾਰਨ ਦੋ ਦਹਾਕਿਆਂ ਤੱਕ ਖੂਨੀ ਸੰਘਰਸ਼ ਚੱਲਿਆ, ਉਨ੍ਹਾਂ ਨੂੰ ਬਿਲਕੁਲ ਵਿਸਾਰ ਦਿੱਤਾ ਗਿਆ ਹੈ। ਹੋਰ ਵੀ ਕਿਸੇ ਸਿੱਖ ਮੁੱਦੇ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ। ਪਰਵਾਹ ਹੋਵੇ ਤਾਂ ਉਹ ਸਿੱਖ ਵਿਰੋਧੀ ਤਾਕਤਾਂ ਨੂੰ ਕਦੇ ਵੀ ਗਲ ਨਾ ਲਾਵੇ। ਹੁਣ ਸਿਰਫ ਸਿਆਸੀ ਲਾਹਿਆਂ ਦੀ ਗੱਲ ਹੁੰਦੀ ਹੈ। ਸਿੱਖਾਂ ਤੇ ਪੰਜਾਬ ਨੂੰ ਆਪਣੇ ਏਜੰਡੇ ਵਿਚੋਂ ਮਨਫੀ ਕੀਤਾ ਹੋਇਆ ਹੈ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਹੁੰਦਾ ਆਪਣੇ ਤੋਂ ਕੁਝ ਨਹੀਂ ਤੇ ਠੀਕਰਾ ਕੇਂਦਰ ਸਿਰ ਭੰਨਿਆ ਜਾਂਦਾ ਹੈ। ਇਹ ਰਾਜਨੀਤੀ ਕਿਸ ਕੰਮ ਦੀ ਹੈ ਜਿੱਥੇ ਸਿਰਫ ਨਿੱਜੀ ਸਵਾਰਥਾਂ ਦੀ ਗੱਲ ਹੀ ਹੁੰੰਦੀ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇਕੋ ਇਕ ਸਿਆਸੀ ਜਮਾਤ ਹੈ। ਇਸ ਨੂੰ ਪਰਿਵਾਰਾਂ ਦੀ ਰਖੇਲ ਨਾ ਬਣਾਇਆ ਜਾਵੇ। ਸਿੱਖਾਂ ਅਤੇ ਸਿੱਖ ਮੁੱਦਿਆਂ ਨੂੰ ਵੀ ਜਗ੍ਹਾ ਮਿਲਣੀ ਚਾਹੀਦੀ ਹੈ। --ਦਰਸ਼ਨ ਸਿੰਘ ‘ਦਰਸ਼ਕ’

ਪਰਵਿੰਦਰ ਕੌਰ ਵੱਲੋਂ ਫੇਸਬੁਕ ਤੇ ਪੋਸਟ ਕੀਤਾ ਗਿਆ ਪੰਜ ਜੂਨ 2011 ਨੂੰ ਸ਼ਹੀਦੀ ਗੁਰਪੂਰਬ ਵਾਲੇ ਦਿਨ  

No comments: