Sunday, June 12, 2011

ਕਦੋ ਕਟਹਿਰੇ ਵਿੱਚ ਲਿਆਂਦੇ ਜਾਣਗੇ ਡੇ ਦੇ ਕਾਤਲ ?

ਜਯੋਤੇੰਦਰ  ਡੇ ਹੁਣ ਸਾਡੇ ਵਿਚਕਾਰ ਨਹੀਂ ਰਿਹਾ. ਉਸਨੂੰ ਵੀ ਸਾਡੇ ਕੋਲੋਂ ਖੋਹ ਲਿਆ ਗਿਆ ਹੈ. ਕਿਸੇ ਵੇਲੇ ਉਹ ਇੱਕ ਪੇਸ਼ਾ ਵਰ ਗੋਤਾਖੋਰ ਸੀ. ਡੂੰਘੇ ਪਾਣੀਆਂ ਵਿੱਚ ਗੋਤੇ ਲਾਉਂਦਿਆਂ ਕਦ ਉਸਦੇ ਦਿਮਾਗ ਵਿੱਚ ਤਬਦੀਲੀ ਆਈ ਇਸਦਾ ਕੁਝ ਪਤਾ ਨਹੀਂ. ਕਦ ਉਸਨੇ ਸਮਾਜ ਦੇ ਡੂੰਘੇ ਅਤੇ ਗੰਧਲੇ ਪਾਣੀਆਂ ਵਿੱਚ ਗੋਤੇ ਲਾ ਕੇ ਜੁਰਮ ਦੀਆਂ ਜੜਾਂ ਤਲਾਸ ਕਰਨੀਆਂ ਅਤੇ ਪੁੱਟਣੀਆਂ ਸ਼ੁਰੂ ਕੀਤੀਆਂ ਇਸ ਨੂੰ ਸਮਾਜ ਦੇ ਕਈ ਵਰਗਾਂ ਨੇ ਕਈ ਕਈ ਵਾਰ ਦੇਖਿਆ ਅਤੇ ਕਈਆਂ ਨੇ ਤਾਂ ਬਹੁਤ ਕੁਝ ਨੇੜਿਓਂ ਹੋ ਕੇ ਵੀ ਦੇਖਿਆ.  ਮਿੱਡ ਦੇ ਵਰਗੇ ਵਕਾਰੀ ਪਰਚੇ ਲਈ ਕੰਮ ਕਰਦਿਆਂ ਉਸਦੇ ਹੱਥ ਵੀ ਬਹੁਤ ਦੂਰ ਦੂਰ ਤੱਕ ਪਹੁੰਚ ਚੁੱਕੇ ਸਨ. ਉਹ ਡੈਸਕ ਤੇ ਸੀ ਅਤੇ ਮਿੱਡ ਡੇ ਪਰਚੇ ਵਿੱਚ ਕ੍ਰਾਈਮ ਦਾ ਐਡੀਟਰ ਸੀ. ਜੁਰਮ ਦੀ ਦੁਨੀਆ ਉਸ ਕੋਲੋਂ ਕੰਬਦੀ ਸੀ. ਉਸਨੂੰ ਡਰਾਇਆ ਵੀ ਨਹੀਂ ਸੀ ਜਾ ਸਕਦਾ ਅਤੇ ਖਰੀਦਿਆ ਵੀ ਨਹੀਂ ਸੀ ਜਾ ਸਕਦਾ. ਜੁਰਮ ਦੀ ਦੁਨੀਆ ਦੇ ਕਾਲੇ ਕਾਰਨਾਮਿਆਂ  ਨੂੰ ਲਗਾਤਾਰ ਬੇਨਕਾਬ ਕਰਦਿਆਂ ਉਹ ਇੱਕ ਬੇਹੱਦ ਮਹਤਵਪੂਰਣ ਪੱਤਰਕਾਰ ਬਣ ਚੁੱਕਿਆ ਸੀ. ਕੋਈ ਛੋਟਾ ਮੋਟਾ ਮੁਜਰਮ ਤਾਂ  ਉਸਦੇ ਕਤਲ ਦੀ ਗੱਲ ਸੋਚ ਵੀ ਨਹੀਂ ਸੀ ਸਕਦਾ. ਪਰ ਫਿਰ ਵੀ ਉਸ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ. ਬਹੁਤ ਸਾਰੇ ਪੱਤਰਕਾਰ ਸੰਗਠਨਾਂ ਨੇ ਡੇ ਦੇ  ਇਸ ਵਹਿਸ਼ੀਆਨਾ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ.   
ਨਵੀਂ ਦਿੱਲੀ ਤੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੰਬਈ ਵਿਚ ਉੱਘੇ ਪੱਤਰਕਾਰ ਜੇ.ਡੇ. ਦੇ ਕਤਲ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਮਹਾਰਾਸ਼ਟਰ ਵਿਚਲੀ ਪਾਰਟੀ ਦੀ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਕਿਹਾ ਹੈ ਕਿ ਉਹ ਕਤਲ ਦੋਸ਼ੀਆਂ ਨੂੰ ਫਡ਼ਨ ਵਿਚ ਕੋਈ ਕਸਰ ਨਾ ਛੱਡੇ. ਇਸ ਦੁਖਦਾਈ ਮੌਕੇ ਤੇ ਆਪਣੇ ਇੱਕ ਸੁਨੇਹੇ ਵਿਚ ਸੋਨੀਆ ਗਾਂਧੀ ਨੇ ਡੇ ਦੀ ਦਿਨ-ਦਿਹਾਡ਼ੇ ਹੋਈ ਇਸ ਹੱਤਿਆ ‘ਤੇ ਦੁਖ ਜਤਾਉਂਦੇ ਹੋਏ ਕਿਹਾ ਕਿ ਸੱਭਿਅਕ ਸਮਾਜ ਵਿਚ ਅਜਿਹੇ ਕਾਇਰਤਾ ਭਰੇ ਕੰਮ ਸਹਿਣ ਨਹੀਂ ਕੀਤੇ ਜਾਣਗੇ. ਇਸਦੇ ਨਾਲ ਹੀ ਉਨ੍ਹਾਂ ਵਿਸ਼ਵਾਸ ਵੀ ਜਤਾਇਆ ਕਿ ਪਾਰਟੀ ਦੇ ਉੱਘੇ ਨੇਤਾ ਪ੍ਰਿਥਵੀਰਾਜ ਚੌਹਾਨ ਦੀ ਅਗਵਾਈ ਵਿਚ ਰਾਜ ਸਰਕਾਰ ਤੇਜ਼ੀ ਨਾਲ ਕਾਰਵਾਈ ਕਰੇਗੀ ਅਤੇ ਇਸ ਕਤਲ ਦੀ ਜਾਂਚ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ. ਇਸ ਵੇਲੇ 56 ਸਾਲਾ ਦੀ ਉਮਰ ਦੈ ਪਡ਼ਤਾਲੀਆ ਸੰਪਾਦਕ ਡੇ ਪਿਛਲੇ 2 ਦਹਾਕਿਆ ਤੋਂ ਅੰਡਰਵਰਲਡ ਅਤੇ ਅਪਰਾਧ ਨਾਲ ਸਬੰਧਿਤ ਅਤਿ ਖਤਰਨਾਕ ਘਟਨਾਵਾਂ ਕਵਰ ਕਰ ਰਹੇ ਸਨ. ਕਾਬਿਲੇ ਜ਼ਿਕਰ ਹੈ ਕਿ 4 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਡੇ ‘ਤੇ ਗੋਲੀਆਂ ਚਲਾਈਆਂ ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ. ਉਹ ਪਿਛਲੇ ਕੁਝ ਦਿਨਾਂ ਤੋਂ ਤੇਲ ਮਾਫੀਆ ‘ਤੇ ਵੀ ਸਟੋਰੀ ਤਿਆਰ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਅਸਮਾਜਿਕ ਤੱਤਾਂ ਤੋਂ ਕਈ ਧਮਕੀਆਂ ਮਿਲੀਆਂ ਸਨ. ਹੁਣ ਦੇਖਣਾ ਹੈ ਕਿ ਸਰਕਾਰ ਇਸ ਮਾਫੀਆ ਨੂੰ ਕਟਹਿਰੇ ਵਿੱਚ ਕਦੋਂ ਤੱਕ ਲਿਆਉਂਦੀ ਹੈ.

No comments: