Friday, May 27, 2011

ਆਈ ਐਸ ਆਈ ਨੇ ਦਿੱਤੀ ਸੀ ਲਸ਼ਕਰ ਏ ਤੋਇਬਾ ਨੂੰ ਮਦਦ

ਟੀਵੀ ਚੈਨਲਾਂ ਤੋਂ ਖਤਰਨਾਕ ਅਤੇ ਚਿੰਤਾ ਜਨਕ ਖਬਰਾਂ ਆ ਰਹੀਆਂ ਹਨ ਇਹਨਾਂ ਖਬਰਾਂ ਮੁਤਾਬਿਕ ਮੁੰਬਈ ਹਮਲਿਆਂ ਦੀ ਸਾਜਿਸ਼ ਦੇ ਦੋਸ਼ੀ ਡੇਵਿਡ ਕੋਲਮੈਨ ਹੈਡਲੀ ਵੱਲੋਂ ਸਨਸਨੀਖੇਜ਼ ਇੰਕਸ਼ਾਫ ਲਗਾਤਾਰ ਜਾਰੀ ਹਨ. ਹੇਡਲੀ ਨੇ ਸ਼ਿਕਾਗੋ ਅਦਾਲਤ ਨੂੰ ਦੱਸਿਆ ਕਿ ਉਸਨੇ ਆਪਣੇ ਸਾਥੀ ਤਹਵੁਰ ਹੁਸੈਨ ਰਾਣਾ ਨੂੰ ਇਕ ਲੱਖ ਤੋਂ ਜ਼ਿਆਦਾ ਅਮਰੀਕੀ ਡਾਲਰ ਦਿੱਤੇ ਸਨ। ਇਸਦੇ ਨਾਲ ਉਸ ਨੇ ਇਹ ਸੰਕੇਤ ਦਿੱਤਾ ਹੈ ਕਿ ਉਸਨੇ ਆਪਣਾ ਪੂਰਾ ਗੈਰ ਕਾਨੂੰਨੀ ਧਨ ਆਪਣੇ ਦੋਸਤ ਕੋਲ ਸੰਭਾਲ ਕੇ ਰੱਖਿਆ ਹੋਇਆ ਸੀ. ਉਸਨੇ ਇਹ ਵੀ ਕਿਹਾ ਕਿ ਸ਼ਾਇਦ ਉਹ ਉਸਦੇ ਕੰਮ ਵਿਚ ਇਕ ਨਿਵੇਸ਼ਕ ਵੱਜੋਂ ਵੀ ਕੰਮ ਕਰ ਰਿਹਾ ਸੀ। ਆਪਣੇ ਇਹਨਾਂ ਖੁਲਾਸਿਆਂ ਦੌਰਾਨ ਹੈਡਲੀ ਨੇ ਦੱਸਿਆ ਕਿ ਉਸਨੇ ਇਹ ਧਨ ਰਾਣਾ ਨੂੰ ਕਈ ਸਾਲਾਂ ਦੌਰਾਨ ਦਿੱਤਾ. ਆਪਣੇ ਇਸ ਬੇਸ਼ੁਮਾਰ ਧੰਨ ਬਾਰੇ ਉਸ ਨੇ ਬੜੀ ਹੀ ਮਾਸੂਮੀਅਤ ਨਾਲ ਕਿਹਾ ਕਿ ਉਸ ਨੂੰ ਇਹ ਧਨ ਉਸਦੇ ਪਿਤਾ ਕੋਲੋਂ ਮਿਲਿਆ ਸੀ ਜੋ ਕਿ ਹੈਰੋਇਨ ਦੇ ਕਾਲੇ ਕਾਰੋਬਾਰ ਦਾ ਮੁਨਾਫਾ ਸੀ। ਮੀਡਿਆ ਦੇ ਵੱਖ ਹਿੱਸਿਆਂ ਵਿਹ੍ਚ ਆਈ ਜਾਣਕਾਰੀ ਮੁਤਾਬਿਕ ਹੈਡਲੀ ਨੇ ਅਦਾਲਤ ਨੂੰ ਦੱਸਿਆ ਕਿ ਉਸਦੀ ਪਹੁੰਚ ਰਾਣਾ ਦੇ ਖਾਤੇ ਤੱਕ ਸੀ। ਜਦਕਿ ਖੁਦ ਰਾਣਾ ਦੀ ਪਤਨੀ ਦੀ ਪਹੁੰਚ ਆਪਣੇ ਪਤੀ ਦੇ ਖਾਤੇ ਤੱਕ ਨਹੀਂ ਸੀ। ਹੈਡਲੀ ਨੇ ਇਹ ਵੀ ਦੱਸਿਆ ਕਿ ਉਸ ਵੇਲੇ ਦੇ ਪਾਕਿਸਤਾਨੀ ਪ੍ਰਧਾਨਮੰਤਰੀ ਉਸਦੇ ਪਿਤਾ ਦੇ ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਣ ਲੈ ਉਚੇਚੇ ਤੌਰ ਤੇ ਆਏ ਸੀ ਜਿਸ ਤੋਂ ਪਾਕਿਸਤਾਨੀ ਸਮਾਜ ਵਿਚ ਉਸਦੇ ਉੱਚੇ ਖਾਨਦਾਨੀ ਰੁਤਬੇ ਦਾ ਸਭ ਨੂੰ ਪਤਾ ਲੱਗ ਗਿਆ। ਉਸਨੇ ਇਹ ਵੀ ਕਿਹਾ ਕਿ ਰਾਣਾ ਨੇ ਸ਼ਿਵ ਸੇਨਾ ਲਈ ਚੰਦਾ ਇਕੱਠਾ ਕਰਨ ਦੀ ਉਸਦੀ ਯੋਜਨਾ ‘ਤੇ ਪਾਣੀ ਫੇਰ ਦਿੱਸਾ ਕਿਉਂਕਿ ਰਾਣਾ ਕੱਟਡ਼ ਮੁਸਲਮਾਨ ਸੀ ਅਤੇ ਕਿਸੇ ਵੀ ਹਿੰਦੂ ਸੰਗਠਨ ਲਈ ਇਸ ਤਰ੍ਹਾਂ ਦੀ ਸਹਾਇਤਾ ਵਾਲੇ ਕਦਮ ਦਾ ਕੱਟੜ ਹੱਦ ਤੱਕ ਵਿਰੋਧੀ ਸੀ। 
ਕਾਬਿਲੇ ਜ਼ਿਕਰ ਹੈ ਕਿ ਡੇਵਿਡ ਕੋਲਮੈਨ ਹੈਡਲੀ ਨੇ ਪਹਿਲਾਂ ਵੀ ਇਥੇ ਇਕ ਅਦਾਲਤ ਨੂੰ ਦੱਸਿਆ ਸੀ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ ਐਸ ਆਈ ਨੇ ਅਤਿਵਾਦੀ ਜਥੇਬੰਦੀ ਲਸ਼ਕਰ ਏ ਤੋਇਬਾ ਨੂੰ ਇਹ ਅਤਿਵਾਦੀ ਹਮਲਾ ਕਰਨ ਵਿਚ ਮਦਦ ਕੀਤੀ ਸੀ। ਹੈਡਲੀ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਸਨੇ 2008 ਵਿਚ ਇਨ੍ਹਾਂ ਅਤਿਵਾਦੀ ਹਮਲਿਆਂ ਵਿਚ ਭੂਮਿਕਾ ਅਦਾ ਕੀਤੀ ਸੀ। ਇਸਤਗਾਸਾ ਪੱਖ ਦੇ 50 ਸਾਲਾ ਗਵਾਹ ਹੈਡਲੀ ਦਾ ਉਕਤ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇਨ੍ਹਾਂ ਹਮਲਿਆਂ ਦੀ ਸਾਜਿਸ਼ ਵਿਚ ਸਹਿਯੋਗੀ ਰਹੇ ਉਸਦੇ ਲੰਮੇਂ ਸਮੇਂ ਦੇ ਦੋਸਤ ਤਹੱਵੁਰ ਹੁਸੈਨ ਰਾਣਾ ਦਾ ਮੁਕੱਦਮਾ ਅਮਰੀਕਾ ਦੀ ਸ਼ਿਕਾਗੋ ਦੀ ਡਸਰਕਸੇਨ ਫੈਡਰਲ ਬਿਲਡਿੰਗ ਵਿਚ ਸ਼ੁਰੂ ਹੋਇਆ। ਸਰਕਾਰੀ ਵਕੀਲ ਸਾਰਾ ਸਟਰਾਇਕਰ ਨੇ ਜੱਜ ਹੈਰੀ ਡੀ ਲੈਨਨ ਬੈਬਰ ਨੂੰ ਦੱਸਿਆ ਕਿ ਹੈਡਲੀ ਨੇ ਭਾਰਤ ਦੇ ਪ੍ਰਮੁੱਖ ਪ੍ਰਮਾਣੂ ਸੰਸਥਾਨ ਭਾਬਾ ਪ੍ਰਮਾਣੂ ਖੋਜ ਕੇਂਦਰ ਦੀ ਵੀ ਟੋਹ ਲਈ ਅਤੇ ਉਹ ਮੁੰਬਈ ਸਥਿਤ ਸ਼ਿਵ ਸੈਨਾ ਦੇ ਹੈਡਕੁਆਰਟਰ ਵੀ ਗਿਆ। ਹੈਡਲੀ ਸ਼ਿਵ ਸੈਨਾ ਦੇ ਲੋਕ ਸੰਪਰਕ ਅਧਿਕਾਰੀ ਰਾਜਾ ਰਾਮ ਰੇਗੇ ਨਾਲ ਸੰਪਰਕ ਬਣਾਉਣ ਲਈ ਸੰਗਠਨ ਦੇ ਦਫਤਰ ਗਿਆ ਸੀ। ਸਟਰਾਇਕਰ ਨੇ ਕਿਹਾ ਕਿ ਰਾਣਾ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਹੈਡਲੀ ਹਮਲਿਆਂ ਦੀ ਤਿਆਰੀ ਕਰ ਰਿਹਾ ਸੀ ਅਤੇ ਉਸਦਾ ਮੰਨਣਾ ਸੀ ਕਿ ਭਾਰਤ ਦਾ ਹਸ਼ਰ ਇਹ ਹੀ ਹੋਣਾ ਚਾਹੀਦਾ ਹੈ। ਹੈਡਲੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਆਈ ਐਸ ਆਈ ਨੇ ਲਸ਼ਕਰ ਏ ਤੋਇਬਾ ਨੂੰ ਮਦਦ ਦਿੱਤੀ ਸੀ ਅਤੇ ਉਸਨੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਲਸ਼ਕਰ ਦੇ ਨਾਲ ਪਹਿਲਾਂ ਪਹਿਲ ਸਿਖਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਹੈਡਲੀ ਨੇ ਇਹ ਵੀ ਦਸਿਆ ਕਿ ਲਸ਼ਕਰ ਦੇ ਮੁਖੀ ਅਤੇ 26/11 ਹਮਲਿਆਂ ਦੇ ਮੁੱਖ ਦੋਸ਼ੀ ਹਾਫ਼ਿਜ ਸਈਦ ਨੇ ਉਸਨੂੰ ਜਿਹਾਦ ਕਰਨ ਲਈ ਉਕਸਾਇਆ ਸੀ। ਸਈਦ ਨੇ ਉਸਨੂੰ ਕਿਹਾ ਸੀ ਕਿ ਜਿਹਾਦ ਕਰਨ ਨਾਲ 100 ਸਾਲ ਦੀ ਇਬਾਦਤ ਦੇ ਬਰਾਬਰ ਫਲ ਮਿਲਦਾ ਹੈ। ਲਸ਼ਕਰ ਨੇ ਹੈਡਲੀ ਨੂੰ ਇਸ ਲਈ ਵੀ ਚੁਣਿਆ ਕਿਉਂਕਿ ਉਹ ਇਕ ਅਮਰੀਕੀ ਸੀ ਅਤੇ ਉਸ 'ਤੇ ਕਿਸੇ ਵੀ ਤਰਾਂ ਦਾ ਸ਼ੱਕ ਨਹੀਂ ਸੀ ਹੋ ਸਕਦਾ। ਹੁਣ ਦੇਖਣਾ ਹੈ ਕਿ ਇਹਨਾਂ ਖੁਲਾਸਿਆਂ ਤੋਂ ਬਾਅਦ ਅਮਰੀਕਾ ਇਸ ਸਬੰਧ ਵਿਹ੍ਚ ਪਾਕਿਸਤਾਨ ਅਤੇ ਭਾਰਤ ਪ੍ਰਤੀ ਕਿ ਨੇਤੇ ਅਪਣਾਉਂਦਾ ਹੈ ?

No comments: