Wednesday, May 11, 2011

ਅਸੀਂ ਢਲਦੇ ਤਨ ਦੇ ਫਿਕਰਾਂ ਨੂੰ ਸੀਨੇ ਨਾਲ ਲਾ ਕੇ ਕੀ ਲੈਣਾ !

ਦਿਨੋੰ ਦਿਨ ਹੋਰ ਮਜਬੂਤ ਹੋ ਰਹੀ ਹੈ ਰੰਗਮੰਚ ਵਾਲੀ ਲਹਿਰ
ਜਿਹਨਾਂ ਗੱਲਾਂ ਨੇ ਮੈਨੂੰ ਬਚਪਨ ਵਿੱਚ ਹੀ ਗੰਭੀਰ ਬਣਾ ਦਿੱਤਾ ਸੀ ਉਹਨਾਂ ਵਿੱਚ ਭਾਈ ਮੰਨਾ ਸਿੰਘ ਅਰਥਾਤ ਗੁਰਸ਼ਰਨ ਸਿੰਘ ਜੀ ਦੇ ਨਾਟਕਾਂ ਦਾ ਵੀ ਅਹਿਮ ਰੋਲ ਹੈ. ਇਹ ਨਾਟਕ ਮੈਂ ਅੰਮ੍ਰਿਤਸਰ ਦੇ ਪੁਤਲੀਘਰ ਚੋਂਕ ਵਿੱਚ ਵੀ ਦੇਖੇ, ਅੰਮ੍ਰਿਤਸਰ ਦੀ ਹੀ ਗਾਂਧੀ ਗਰਾਊਂਡ ਵਿੱਚ ਵੀ, ਲੁਧਿਆਣਾ ਦੇ ਜਗਰਾਓਂ ਪੁਲ ਵਾਲੇ ਚੋਂਕ ਵਿੱਚ ਵੀ ਅਤੇ ਪੰਜਾਬੀ ਭਵਨ ਵਿੱਚ ਵੀ. ਪਹਿਲੀ ਵਾਰ ਜਦੋਂ ਮੈਂ ਡਰਾਮਾ ਦੇਖਣ ਲਈ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਾਲੇ ਓਪਨ ਏਅਰ ਥਿਏਟਰ ਵਿੱਚ ਗਿਆ ਤਾਂ ਬੜਾ ਸ਼ੋਂਕ ਸੀ. ਬੜਾ ਉਤਸ਼ਾਹ ਸੀ. ਉਮਰ ਬੜੀ ਛੋਟੀ ਸੀ ਅਜੇ ਪੰਜਵੀ ਜਮਾਤ ਹੀ ਪਾਸ ਕੀਤੀ ਸੀ. ਉਸ ਫਿਕਰਾਂ ਮਾਰੀ ਜਿੰਦਗੀ ਵਿੱਚ ਰੰਗਮੰਚ ਸ਼ਬਦ ਸੁਣ ਕੇ ਮਨ ਦੀਆਂ ਅੱਖਾਂ ਅੱਗੇ ਇੱਕ ਰੰਗ ਜਿਹਾ ਬਝ ਗਿਆ ਸੀ. ਲੱਗਦਾ ਸੀ ਰੋਜ਼ ਦੀਆਂ ਚਿੰਤਾਵਾਂ ਅਤੇ ਫਿਕਰਾਂ ਵਾਲੇ ਸਿਲਸਿਲੇ ਵਿੱਚ ਅੱਜ ਕੁਝ ਪਲ ਖੁਸ਼ ਹੋਣ ਦਾ ਬਹਾਨਾ ਮਿਲੇਗਾ. ਮੈਨੂ ਅਜੇ ਵੀ ਯਾਦ ਹੈ ਕਿ ਉਸ ਦਿਨ ਮੇਰਾ ਅੰਦਾਜ਼ਾ ਕਿੰਨੀ ਬੁਰੀ ਤਰਾਂ ਗਲਤ ਹੋਇਆ ਸੀ. ਤਸਵਰ ਦਾ ਸ਼ੀਸ਼ਾ ਚੂਰ ਚੂਰ ਹੋ ਗਿਆ ਸੀ. ਨਾਟਕ ਸੀ ਕੋਈ ਹਰਿਆ ਬੂਟ ਰਹਿਓ ਰੀ.ਇਹ ਨਾਟਕ ਸ਼ਾਇਦ ਨਾਨਕ ਸਿੰਘ ਦੇ ਨਾਵਲ ਤੇ ਅਧਾਰਿਤ ਸੀਜਿਸਦੇ ਮੰਚਨ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ. ਹੁਣ ਮੈਨੂੰ ਨਾਂ ਤਾਂ ਕੋਈ ਚਿੰਤਾ ਤੰਗ ਕਰ ਰਹੀ ਸੀ ਤੇ ਨਾਂ ਹੀ ਕੋਈ ਫਿਕਰ. ਮਨ ਵਿੱਚ ਇਹ ਵਿਸ਼ਵਾਸ ਪੱਕਾ ਹੋਣ ਲੱਗ ਪਿਆ ਸੀ ਕਿ ਇੰਨਕਲਾਬ ਬਿਨਾ ਇਹ ਚਿੰਤਾ ਫਿਕਰ ਨਹੀਂ ਹਟਣੇ. ਇਸ ਮੰਚਨ ਤੋਂ ਦੋ ਚਾਰ ਦਿਨਾਂ ਮਗਰੋਂ ਹੀ ਗੁਰਸ਼ਰਨ ਸਿੰਘ ਹੁਰਾਂ ਦੀ ਅਗਵਾਈ ਵਾਲੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਵੱਲੋਂ ਪੁਤਲੀ ਘਰ ਚੋਂਕ ਵਿੱਚ ਵੀ ਡਰਾਮੇ ਖੇਡੇ ਗਏ. ਉਹਨਾਂ ਵਿੱਚੋਂ ਇੱਕ ਦਾ ਨਾਮ ਮੈਨੂੰ ਅੱਜ ਵੀ ਯਾਦ ਹੈ...ਜਿਨ ਸਚ ਪੱਲੇ ਹੋਇ. ਇਹ ਨਾਟਕ ਵੀ ਉਸ ਵੇਲੇ ਦੇ ਹਾਲਾਤ ਦੀ ਤਰਜਮਾਨੀ ਕਰਦਾ ਸੀ ਅਤੇ ਕਰਾਰੀ ਚੋਟ ਵੀ ਮਾਰਦਾ ਸੀ. ਇਹ ਸਭ ਦੇਖ ਕੇ ਮੇਰੇ ਮਨ ਵਿੱਚ ਗੁਰਸ਼ਰਨ ਭਾ ਜੀ ਲਈ ਅਥਾਹ ਸਤਿਕਾਰ ਪੈਦਾ ਹੋ ਗਿਆ. ਕਾਫੀ ਦੇਰ ਬਾਅਦ ਇੱਕ ਦਿਨ ਮੈਂ ਉਹਨਾਂ ਨੂੰ ਸਰਦਲ ਦੇ ਦਫਤਰ ਜਾ ਮਿਲਿਆ. ਇਹ ਮੁਲਾਕਾਤਾਂ ਜਿਆਦਾ ਦੇਰ ਤੱਕ ਨਹੀਂ ਰਹੀ ਸਕੀਆਂ ਕਿਓਂਕਿ ਹਾਲਾਤ ਕਾਰਣ ਮੈਨੂੰ ਪੰਜਾਬ ਛੱਡ ਕੇ ਜਾਣਾ ਪਿਆ. ਰੰਗ ਮੰਚ ਦਿੱਲੀ ਅਤੇ ਹੋਰਨਾਂ ਥਾਵਾਂ ਤੇ ਵੀ ਸੀ. ਡਰਾਮੇ ਵੀ ਖੇਡੇ ਜਾਂਦੇ ਸਨ ਪਰ ਇਹਨਾਂ ਪੰਜਾਬੀ ਡਰਾਮਿਆਂ ਵਿੱਚ ਅਕਸਰ ਕਾਮੇਡੀ ਹੁੰਦੀ ਤੇ ਮੇਰਾ ਮਨ ਉਧਰ ਕਦੇ ਵੀ ਜੁੜ ਨਾ ਸਕਿਆ. ਕਈ ਸਾਲ ਲੰਘ ਗਏ. ਹਾਲਾਤ ਠੀਕ ਹੋਣ ਤੇ ਜਦੋਂ ਪੰਜਾਬ ਪਰਤਿਆ ਤਾਂ ਇੱਕ ਟੀਵੀ ਚੈਨਲ ਦੀ ਰਿਪੋਰਟ ਤਿਆਰ ਕਰਨ ਲਈ ਛਪਾਰ ਦੇ ਮੇਲੇ ਜਾਣ ਦਾ ਮੌਕਾ ਮਿਲਿਆ. ਰਿਪੋਰਟ ਪੂਰੀ ਹੋ ਗਈ ਸੀ. ਸਾਰੀਆਂ ਸਟੇਜਾਂ ਦੇ ਸ਼ਾਟ੍ਸ ਲੈ ਗਏ ਸਨ. ਪ੍ਰਮੁਖ ਲੀਡਰਾਂ ਦੀਆਂ ਬਾਈਟਸ   ਵੀ ਲੈ ਲਈਆਂ ਸਨ. ਥਕਾਵਟ ਵੀ ਵਧ ਗਈ ਸੀ ਅਤੇ ਭੁੱਖ ਵੀ. ਸਾਡੀ ਟੀਮ ਮੁੜਣ ਲਈ ਤੁਰ ਪਈ. ਅਚਾਨਕ ਹੀ ਮੇਰੀ ਨਜਰ ਇੱਕ ਪਾਸੇ ਜਿਹੇ ਲੱਗੇ ਟੈੰਟ ਵਿੱਚ ਗੁਰਸ਼ਰਨ ਭਾ ਜੀ ਤੇ ਪਈ.ਮੈਂ ਰਸਮੀ ਆਗਿਆ ਲਈ ਕੇ ਅੰਦਰ ਗਿਆ ਅਤੇ ਕੈਮਰਾ ਟੀਮ ਨੂੰ ਤਿਆਰ ਰਹਿਣ ਲਈ ਕਿਹਾ.ਉਸ ਵੇਲੇ ਉਹਨਾਂ ਦੇ ਨਾਲ ਨਾਲ ਅਸੀਂ ਉਹਨਾਂ ਦੇ ਕੁਝ ਸ਼ਾਗਿਰਦਾਂ ਦੀ ਰਿਕਾਰਡਿੰਗ ਵੀ ਕੀਤੀ ਜਿਹਨਾਂ ਵਿੱਚੋਂ ਇੱਕ ਕੁੜੀ ਦਾ ਨਾਮ ਜਸਪਾਲ ਸੀ. ਹੁਣ ਗੁਰਸ਼ਰਨ ਭਾ ਜੀ ਸਰੀਰਕ ਤੌਰ ਤੇ ਕਮਜ਼ੋਰ ਹਨ ਪਰ ਉਹਨਾਂ ਦੇ ਲਾਏ ਹੋਏ ਬੂਟੇ ਹੁਣ ਸੰਘਣੇ ਦਰਖਤ ਬਣ ਕੇ  ਉਹਨਾਂ ਦੇ ਸੁਨੇਹੇ ਅਜੇ ਵੀ ਸਰਗਰਮੀ ਨਾਲ ਫੈਲਾ ਰਹੇ ਹਨ. ਉਹਨਾਂ ਦਾ ਆਸ਼ੀਰਵਾਦ ਲੈ ਕੇ ਹੋਂਦ ਵਿੱਚ ਆਈ ਸੰਸਥਾ ਆਜ਼ਾਦ ਰੰਗ ਮੰਚ ਵੱਲੋਂ ਹੁਣ ਤੱਕ ਚਾਰ ਟੈਲੀ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ ਜਾ ਚੁੱਕਾ ਹੈ. ਪਿੰਡ ਚੱਕ ਦੇਸ ਰਾਜ ’ਚ ਇਸ ਮੰਚ ਵਲੋਂ ਹਰ ਮਹੀਨੇ ਦੇ ਆਖ਼ਰੀ ਐਤਵਾਰ ਪਿੰਡ ਵਿੱਚ ਹੀ ਇੱਕ ਨਵਾਂ ਨਾਟਕ ਪੇਸ਼ ਕੀਤਾ ਜਾਂਦਾ ਹੈ, ਜਿਸ ਦੀ ਤਿਆਰੀ, ਇਸ ਦੇ ਕਲਾਕਾਰ ਮਹੀਨਾ ਭਰ ਬੜੀ ਲਗਣ ਨਾਲ ਕਰਦੇ ਰਹਿੰਦੇ ਹਨ.
ਇਸ ਸੰਸਥਾ ਦੇ ਸਰਪ੍ਰਸਤ ਵਜੋਂ ਗਿਆਨੀ ਪਰਮਜੀਤ ਸਿੰਘ ਅਤੇ ਟੀਮ ਇੰਚਾਰਜ ਵਜੋਂ ਬੀਬਾ ਕੁਲਵੰਤ ਨੇ ਇਸ ਨੂੰ ਉੱਚੇ ਮੁਕਾਮ ਵੱਲ ਲਿਜਾਣ ਲਈ ਜੀਅ ਤੋਡ਼ ਮਿਹਨਤ ਆਰੰਭੀ ਹੋਈ ਹੈ।‘ਪੰਜਾਬੀ ਨਾਟਕ ਵਿਹਡ਼ਾ’ ਦੀਆਂ ਪਹਿਲਾਂ ਕੁਝ ਪੇਸ਼ਕਾਰੀਆਂ ਪਿੰਡ ਦੇ ਸਕੂਲ ’ਚ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਸੰਸਥਾ ਦੇ ਸਹਾਇਕ ਡਾਇਰੈਕਟਰ ਮੱਖਣ ਰੱਤੂ, ਜਸਬੀਰ ਦੁੱਗਲਬਲਕਾਰ ਸਿੰਘਰਮਨਦੀਪ ਜੋਤੀਪਰਮਜੀਤ ਕੌਰਮੰਟੂਅਜੇ ਕੁਮਾਰਨਿਰਮਲ ਗੁਡ਼ਾ ਬਬੀਤਾ ਦੇਵੀ, ਪ੍ਰਦੀਪ ਸਿੰਘ, ਸੁਖਵੰਤ ਰਾਏ, ਸੁਰਜੀਤ ਲਾਲੀ, ਅਮਨਦੀਪ ਕੌਰ, ਰਾਮ ਪ੍ਰਕਾਸ਼ ਟੋਨੀ, ਮੰਗਤ ਮੰਗਾ ਅਤੇ ਬਹੁਤ ਸਾਰੇ ਹੋਰ ਕਲਾਕਾਰਾਂ ਦੀ ਸਖ਼ਤ ਮਿਹਨਤ ਨਾਲ ਹੀ ਨਵੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ.  ਇਸ ਰੰਗ ਮੰਚ ਵਲੋਂ ਨਾਟਕ ‘ਬੇਗਮੋ ਦੀ ਧੀ’ ’ਤੇ ਆਧਾਰਤ ਟੈਲੀ ਫ਼ਿਲਮ ‘ਜੰਗ ਜਾਰੀ ਹੈ’, ‘ਲੁੱਟ ਲਏ ਏਜੰਟਾਂ ਨੇ’, ‘ਲੰਡਰ ਪੁੱਤ’ ਅਤੇ ‘ਪੱਟ ਲਏ ਨਸ਼ਿਆਂ ਨੇ’ ਨਾਮੀਂ ਟੈਲੀ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ ਹੈ। ਇਸ ਸੰਸਥਾ ਨੇ ਇੱਕ ਵਾਰ ਫੇਰ ਸਾਬਿਤ ਕੀਤਾ ਹੈ ਕਿ ਲੋਕਾਂ ਲੈ ਕੁਝ ਕਰਨ ਵਾਸਤੇ ਤੁਰੀਆਂ ਤਾਕਤਾਂ ਕਦੇ ਵੀ ਕਮਜ਼ੋਰ ਨਹੀਂ ਪੈਂਦੀਆਂ. ਨਾਂ ਉਹਨਾਂ ਦਾ ਰਸਤਾ ਬਹੁਤੀ ਦੇਰ ਮਜਬੂਰੀਆਂ ਰੋਕ ਸਕਦੀਆਂ ਹਨ ਤੇ ਨਾਂ ਹੀ ਉਮਰਾਂ ਨਾਲ ਢਲਦੇ ਨ੍ਤ੍ਨਾਂ ਦੇ ਫਿਕਰ ਉਹਨਾਂ ਦਾ ਜੋਸ਼ ਮਧਮ ਕਰ ਸਕਦੇ ਹਨ. --ਰੈਕਟਰ ਕਥੂਰੀਆ 

No comments: