Saturday, March 12, 2011

ਹੋਂਦ/ਚਿਲੜ ਵਾਲਾ ਖੰਡਰ ਏਸੇ ਤਰਾਂ ਸ਼ੀਸ਼ੇ 'ਚ ਸੰਭਾਲਿਆ ਜਾਵੇ

ਹੋਂਦ ਅਤੇ ਚਿਲੜ ਵਾਲਾ ਸਾਕਾ ਸਾਹਮਣੇ ਆਉਣ ਨਾਲ ਹੋਰ ਕੁਝ ਹੋਇਆ ਹੈ ਜਾਂ ਨਹੀਂ ਹੋਇਆ ਪਰ ਇੱਕ ਗੱਲ ਜ਼ਰੂਰ ਇੱਕ ਵਾਰ ਫੇਰ ਸਪਸ਼ਟ ਹੋ ਗਈ ਹੈ ਕਿ ਨਵੰਬਰ 1984 ਵਾਲੀ ਕਤਲ-ਏ-ਆਮ ਸਿਰਫ ਦਿੱਲੀ ਤੱਕ ਹੀ ਸੀਮਤ ਨਹੀਂ ਸੀ.ਹੋਂਦ ਅਤੇ ਚਿਲੜ ਵਿੱਚ ਇਹ ਕਾਤਲ ਲੁਟੇਰੇ ਟਰੱਕਾਂ ਦੇ  ਨਾਲ ਸਰਕਾਰੀ ਬਸਾਂ ਵਿੱਚ ਵੀ ਆਏ.ਸਿਰਫ ਆਏ ਹੀ ਨਹੀਂ ਕਈ ਕਈ ਘੰਟੇ ਉਥੇ ਹੀ ਰਹੇ.ਇਸਦੇ ਨਾਲ ਹੀ ਇੱਕ ਗੱਲ ਫੇਰ ਸਾਹਮਣੇ ਆਈ ਕਿ ਛੱਬੀਆਂ ਸਾਲਾਂ ਮਗਰੋਂ ਸਾਹਮਣੇ ਆਏ ਇਸ ਸਾਕੇ ਬਾਰੇ ਪਤਾ ਲੱਗਣ ਤੇ ਵੀ ਸਿੱਖ ਕੌਮ ਇੱਕ ਮੁਥ ਨਹੀਂ ਹੋਈ.ਪੰਥ ਵਿੱਚ ਕੋਈ ਉਹ ਰੋਹ ਨਹੀਂ ਜਾਗਿਆ ਜੋ ਅਕਸਰ ਅਜਿਹੀ ਕਤਲਾਮ ਬਾਰੇ ਪਤਾ ਲੱਗਣ ਤੇ ਹੋਇਆ ਕਰਦਾ ਹੈ.ਕਿਸੇ ਦਾ ਦਿਲ ਨਹੀਂ ਪਸੀਜਿਆ, ਕਿਸੇ ਦੀਆਂ ਅਖਾਂ ਨਹੀਂ ਭਰੀਆਂ.ਜੇ ਕੋਈ ਆਵਾਜ਼ ਉਠੀ ਵੀ ਹੈ ਤਾਂ ਇਹ ਕਿ ਇਹ ਸਾਰਾ ਮਾਮਲਾ ਤਾਂ ਸਿਰਫ ਕੋਈ ਚੌਣ ਮੁੱਦਾ ਹੈ.ਜ਼ਮਾਨਾ ਵੋਟਾਂ ਦਾ ਹੈ. ਸਿਆਸਤ ਦਾ ਹੈ. ਸਿਆਸਤ ਦਾਨਾਂ ਲਈ ਆਮ ਤੌਰ ਤੇ ਹਰ ਗੱਲ ਚੋਣ ਮੁੱਦਾ ਹੁੰਦੀ ਹੈ ਸੋ ਇਹ ਵੀ ਹੋ ਸਕਦੀ ਹੈ.ਪਰ ਇਸ ਰੱਸੇ ਨਾਲ ਇੰਜੀ.ਮਨਵਿੰਦਰ ਸਿੰਘ ਨੂੰ ਵੀ ਬੰਨਣ ਦੀ ਕੋਸ਼ਿਸ਼ ਕਰਨ ਵਾਲੇ ਕਿਸ ਦੇ ਹਥਾਂ ਵਿੱਚ ਖੇਡ ਰਹੇ ਹਨ ? ਉਹਨਾਂ ਦੇ ਇਰਾਦਿਆਂ ਨੂੰ ਕੀ ਕਿਹਾ ਜਾਵੇ? ਕੀ ਇਸ ਬਾਰੇ ਪੂਰੀ ਤਰਾਂ ਖਾਮੋਸ਼ ਰਹਿਣ ਦੀਆਂ ਸਲਾਹਾਂ ਦੇਣ ਵਾਲੇ ਵੀ ਜਾਣੇ ਅਣਜਾਣੇ'ਚ ਕਿਸੇ ਲਈ ਚੋਣ ਜੰਗ ਵਿਚ ਸਹਾਇਕ ਤਾਂ ਨਹੀਂ ਬਣ ਰਹੇ?ਇਸ ਆਰੇ ਮਾਮਲੇ ਦਾ ਪਤਾ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇੰਜੀ.ਮਨਵਿੰਦਰ ਸਿੰਘ ਨੇ ਬੜੇ ਹੀ ਭਰੇ ਹੋਏ ਮਨ ਨਾਲ ਇਹ ਲਿਖਤ ਪੰਜਾਬ ਸਕਰੀਨ ਲਈ ਉਚੇਚੇ ਤੌਰ ਤੇ ਭੇਜੀ ਹੈ.ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਜੋ ਵੀ ਹੋਇਆ ਉਸ ਸਭ ਕੁਝ ਦਾ ਬਿਆਨ ਕੀਤਾ ਹੈ.ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜ਼ਰੂਰ ਦੱਸੋ.ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ-ਰੈਕਟਰ ਕਥੂਰੀਆ     
ਇੱਕ ਪਿੰਡ ਜਿਸ ਵਿੱਚੋਂ 84 ਦੇ ਫੱਟ ਅਜੇ ਤੱਕ ਵੀ ਰਿਸਦੇ ਨੇ//ਇੰਜੀਨੀਅਰ ਮਨਵਿੰਦਰ ਸਿੰਘ
ਕਿੱਥੇ ਗਈਆਂ ਸਾਂਝਾ,ਕਿੱਥੇ ਗਏ ਇਕੱਠ?
ਦਿੱਖਦੇ ਨਾ ਦਰਵਾਜੇ,ਜਿਥੇ ਲੱਗਦੀ ਸੀ ਸੱਥ।
ਰੋਂਦਾ ਹੈ ਬਰੋਟਾ,ਜਿਥੇ ਜੁੜਦੇ ਸੀ ਹਾਣੀ ।
ਝੂਟਦੀਆਂ ਸੀ ਕੁੜੀਆਂ, ਮਲਕੀ ਪਿਲਾਉਂਦੀ ਸੀ ਪਾਣੀ ।
ਕੌਲੀ ਆਟੇ ਦੀ ਮੰਗਣ, ਗੁਆਢੀਆਂ ਦੇ ਜਾਣਾ।
ਆਉਂਦੇ-ਆਉਂਦੇ ਭੋਰਾ, ਮਿਰਚਾਂ ਦਾ ਵੀ ਫੜ ਲਿਆਉਣਾ।
ਮੁੱਕ ਗਈਆਂ ਸਾਂਝਾ, ਮੁੱਕ ਗਏ ਨੇ ਹਾਣੀ।
ਦਿਖਦੇ ਨਾ ਇਕੱਠ, ਸੱਥ ਖਸਮਾਂ ਖਾਣੀ। 

ਕੋਹ ਕੋਹ ਮਾਰੇ ਗਏ ਸਿੱਖ
ਪੁਰਸ਼ਾਂ/ਔਰਤਾਂ ਦੀ ਸੂਚੀ 

ਵੱਡਾ ਕਰਨ ਲਈ ਕਲਿੱਕ ਕਰੋ
ਇਹ ਹੋਦ ਪਿੰਡ ਜਿਸ ਨੂੰ ਕਿ ਹਿੰਸਾਵਾਦੀਆਂ ਨੇ ਖਤਮ ਹੀ ਕਰ ਦਿੱਤਾ ਸੀ। ਮੇਰੇ ਕੋਲ 22 ਜਨਵਰੀ 2011 ਨੂੰ ਕੋਈ ਹੋਦ ਦੇ ਲਾਗਲੇ ਪਿੰਡ ਦਾ ਨਿਵਾਸੀ ਸੁਭਾਵਿਕ ਗੱਲਬਾਤ ਵਿੱਚ ਆਖਣ ਲੱਗਾ ਕਿ ਸਾਹਬ ਹਮਾਰੇ ਗਾਵ ਕੇ ਪਾਸ 84 ਸੇ ਪਹਿਲੇ ਏਕ ਸਰਦਾਰੋਂ ਕਾ ਗਾਵ ਹੋਤਾ ਥਾ। ਬੜੇ ਅੱਛੇ ਥੇ ਸਭੀ ਲੋਗ, ਪਰ ਉਸ ਟਾਈਮ ਸਮਾਂ ਹੀ ਇਤਨਾ ਖਰਾਬ ਥਾ ਕਿ ਭੀੜ ਨੇ ਉਨ ਸਭੀ ਸਰਦਾਰੋ ਕੋ ਜਿੰਦਾ ਜਲਾ ਦੀਆ। ਉਨਕੇ ਘਰ ਆਜ ਵੀ ਵੈਸੇ ਕੇ ਵੈਸੇ ਹੈ। ਵੈਸੇ ਅਭੀ ਤੋਂ ਮੈਂ ਵਹਾਂ ਤੀਨ ਬਰਸੋ ਸੇ ਕਭੀ ਗਯਾ ਨਹੀ, ਡਰ ਲੱਗਤਾ ਹੈ ਵਹਾ ਜਾਨੇ ਮੇਂ ਭੀ। ਉਨ ਘਰੋਂ ਕੋ ਬਿਲਕੁਲ ਬਰਬਾਦ ਕਰ ਦੀਆ। ਘਰੋਂ ਕੀ ਈਟੇਂ ਤੱਕ ਉਖਾੜ ਕਰ ਲੋਗ ਲੇ ਗਏ। ਕਈ ਲੋਗੋ ਨੇ ਤੋ  ਜੇ. ਸ਼ੀ. ਬੀ. ਤੱਕ ਚਲਾਈ ਤਾਂ ਕਿ ਜੋ ਸਰਦਾਰੋਂ ਨੇ ਨੀਚੇ
ਖਜਾਨਾ ਦਬਾਇਆ ਹੈ ਉਸੇ ਨਿਕਾਲਾ ਜਾ ਸਕੇ"। ਇਹਨਾਂ ਗੱਲਾਂ ਨੂੰ ਦੇਖ ਕੇ ਮੈਂ ਸੁੰਨ ਜਿਹਾ ਹੋ ਗਿਆ। ਸੁਣਿਆ ਤਾਂ ਬਹੁਤ ਸੀ ਕਿ ਦਿੱਲੀ ਵਿੱਚ ਇਹ ਹੋਇਆ, ਪਰ ਆਹ ਕੀ ਪੂਰਾ ਪਿੰਡ ਹੀ ਸਾੜ ਦਿਤਾ । ਹੋਦ ਪਿੰਡ ਦੀ ਹੋਂਦ ਹੀ ਖਤਮ ਕਰ ਦਿਤੀ। ਮਨ ਬੇਚੈਨ ਹੋ ਗਿਆ, ਉਸ ਨੂੰ ਬੇਨਤੀ ਕਰ ਕੇ ਐਡਰੈੱਸ ਲੈ ਲਿਆ ।ਰਾਤੀਂ ਨੀਂਦ ਵੀ ਨਹੀਂ ਆਈ ਸੁਵੱਖਤੇ 23-01-2011 ਨੂੰ ਉਸ ਪਿੰਡ ਗਿਆ, ਜੋ ਵੀ ਦੇਖਿਆ, ਮਹਿਸੂਸ ਕੀਤਾ ਸਾਰਾ ਕਾਗ਼ਜ ਤੇ ਉਤਾਰ ਪਿੰਡ ਦੀ ਰਿਪੋਰਟ ਦੇ ਰੂਪ ਵਿੱਚ ਆਰਟੀਕਲ ਲਿਖਿਆ। ਜਿੰਨਾ ਚਿਰ ਆਰਟੀਕਲ ਲਿਖ ਕੇ ਟਾਈਪ ਹੋ, ਗਲਤੀ ਕੱਢ, ਤਿਆਰ ਨਹੀਂ ਹੋ ਗਿਆ ਮੈਨੂੰ ਨੀਂਦ ਨਹੀੰ ਆਈ। 
ਭਿਆਨਕ ਮੰਜਰ ਹੀ ਅਜਿਹਾ ਸੀ ਕਿ ਕੋਈ ਸੌਂ ਵੀ ਨਹੀ ਸਕਦਾ । ਅੱਜ ਤੱਕ ਮੈਨੂੰ ਕਦੇ ਰੋਣਾ ਨਹੀ ਆਇਆ, ਪਰ ਉਹ ਆਰਟੀਕਲ ਜਿਸ ਦਿਨ ਪੂਰਾ ਹੋਇਆ ਉਸ ਨੂੰ ਸੁਣਾਉਣ ਲਈ ਮੈਂ ਆਪਣੇ ਡੈਡੀ " ਸ.ਗੁਰਮੇਲ ਸਿੰਘ ਖਾਲਸਾ" ਨੂੰ ਗਿਆਸਪੁਰ ਫੋਨ ਕੀਤਾ । ਉਹਨਾਂ ਨੂੰ ਆਰਟੀਕਲ ਸੁਣਾਉਂਦੇ-ਸੁਣਾਉਂਦੇ ਮੈਂ ਉੱਚੀ-ਉੱਚੀ ਰੋਣ ਲੱਗ ਗਿਆ। ਮੈਨੂੰ ਮੇਰੇ ਡੈਡੀ ਨੇ ਹੌਂਸਲਾ ਦਿੱਤਾ ਜੋ ਕਿ ਉਹ ਸਦਾ ਦਿੰਦੇ ਰਹਿੰਦੇ ਹਨ। ਇਹ ਜੋ ਕਲਮ ਵੀ ਚੱਲਣ ਲੱਗੀ ਹੈ, ਇਹ ਉਹਨਾਂ ਦੀ ਹੀ ਬਦੌਲਤ ਹੈ। ਮੈਂ ਸੱਚੇ ਮਨ ਤੇ ਵਾਹਿਗੁਰੂ ਨੂੰ ਹਾਜਰ-ਨਾਜਰ ਜਾਣ ਕੇ ਕਹਿ ਸਕਦਾ ਹਾਂ ਕਿ ਮੈਂ ਉਹਨਾ ਤੋਂ ਸੱਚਾ ਸੁੱਚਾ ਤੇ ਮਿਹਨਤੀ ਸਿੱਖ ਨਹੀਂ ਦੇਖਿਆ। ਉਹ ਐਨਾ ਪੜ੍ਹਦੇ ਨੇ, ਐਨਾ ਲਿਖਦੇ ਨੇ,ਉਹਨਾਂ ਦੀ ਹੀ ਬਦੌਲਤ ਅੱਜ ਅਸੀਂ ਘੋਰ ਗਰੀਬੀ ਵਿਚੋਂ ਨਿਕਲ ਵਧੀਆ ਅਹੁਦਿਆਂ ਤੇ ਬੈਠੇ ਹਾਂ। ਪਿੰਡ ਦੀ ਕਹਾਣੀ ਕੁਝ ਇਸ ਪ੍ਰਕਾਰ ਹੈ ਕਿ ਹੋਂਦ ਚਿੱਲੜ ਦੇ ਖੇਤਾਂ ਵਿੱਚ ਖੜੀ ਇਕ ਗੁਰਦੁਆਰੇ ਵਾਲੀ  ਇਮਾਰਤ ਦੀ ਹਾਲਤ ਅਤੇ ਦੋ ਮਕਾਨਾਂ ਦੇ ਅੰਤਾਂ ਨੂੰ ਢੁੱਕੇ ਢਾਚੇਂ ਇਸ ਦੇਸ ਵਿਚਲੇ ਲੋਕਤੰਤਰ ਦੇ ਚੇਹਰੇ, ਮਨੁੱਖੀ ਅਧਿਕਾਰਾ ਦੇ ਝੰਡਾ ਬਰਦਾਰਾਂ ਦੇ ਮੂੰਹ ਚਿੜਾ ਰਹੇ ਹਨ। ਸਾੜੇ ਤੇ ਲੁੱਟੇ ਗਏ ਜਿਹੜੇ ਘਰਾਂ ਦੀਆਂ ਨੀਹਾਂ ਵੀ ਪੁੱਟੀਆਂ ਗਈਆਂ ਸਨ, ਉਹਨਾਂ ਘਰਾਂ ਦੇ ਫਰਸ਼ ਦੇਖਣ ਵਾਲਿਆਂ ਨੂੰ ਖਲੋਣ ਦੀ ਜਗ੍ਹਾ ਇਸ ਲਈ ਦੇ ਰਹੇ ਸਨ ਤਾਂ ਜੋ ਲੋਕ ਵੇਖ ਸਕਣ ਕਿ ਨਸ਼ਲਕੁਸ਼ੀਆਂ ਦੀਆਂ ਸਾਜਿਸਾਂ ਰਚਣ ਮਗਰੋ ਸਬੂਤ ਮਿਟਾਉਣ ਲਈ ਕੀ-ਕੀ ਕੀਤਾ ਜਾਂਦਾ । ਖੂਨ ਤਾਂ ਇਕ ਬੰਦੇ ਦਾ ਹੀ ਕੰਬਾ ਕੇ ਰੱਖ ਛੱਡਦਾ ਹੈ, ਏਥੇ ਤਾਂ 32 ਸਿੱਖ ਸ਼ਹੀਦ ਹੋਏ ਸਨ, ਜਿਨ੍ਹਾ ਵਿੱਚ ਬੱਚੇ, ਬੱਚੀਆਂ, ਅੋਰਤਾਂ, ਜਵਾਨ ਤੇ ਬਜੁਰਗ ਸਨ।
ਕਿੰਨੀਆਂ ਚੀਕਾਂ ਮਾਰੀਆਂ ਹੋਣਗੀਆਂ, ਕਿੰਨੇ ਹਾੜੇ ਕੱਢੇ ਹੋਣਗੇ। ਸਬੂਤ ਮਿਟਾਉਣ ਦੇ ਇਰਾਦੇ ਨਾਲ਼ ਬੇਸੱਕ ਜਿਉਂਦਿਆਂ ਹੀ ਸਾੜ ਦਿੱਤਾ ਸੀ, ਪਰ ਕਤਲਾ ਦਾ ਸੇਕ ਅੱਜ ਸਾਝੇ ਯਤਨਾ ਦੁਆਰਾ ਪੈਣ ਲੱਗਾ ਹੈ। ਇਹ ਸਾਰੇ ਪਰਿਵਾਰ ਪਾਕਿਸਤਾਨ ਦੇ ਮੀਆਂਵਾਲੀ ਤੋਂ ਉਜੜ ਕੇ ਆਏ ਇੱਕ ਹੀ ਪਰਿਵਾਰ ਵਿੱਚੋਂ ਨਿਕਲੇ ਕਈ ਪਰਿਵਾਰ ਸਨ। ਇਨ੍ਹਾਂ ਪਰਿਵਾਰਾਂ ਨੇ ਪਹਿਲਾਂ 1947 ਵਿੱਚ ਦੇਸ਼ ਦੀ ਵੰਡ ਦਾ ਦਰਦ ਆਪਣੇ ਪਿੰਡੇ ਤੇ ਹੰਡਾਇਆ ਤੇ ਇਹਨਾ ਦੀ ਕਿਸਮਤ ਇਹਨਾਂ ਨੂੰ ਧੂਹ ਕੇ ਰੇਵਾੜੀ ਜਿਲੇ ਦੇ ਪਿੰਡ ਹੋਦ ਵਿੱਚ ਲੇ ਗਈ । ਇਹਨਾਂ ਨੂੰ ਇਥੇ ਹੀ ਜ਼ਮੀਨਾਂ ਅਲਾਟ ਹੋਈਆਂ ਅਤੇ ਇਹ ਇਥੇ ਹੀ ਘਰ ਬਣਾ ਕੇ ਰਹਿਣ ਲੱਗ ਗਏ।
ਇਹਨਾਂ ਜਮੀਨ ਦੇ ਨਾਲ਼ ਨਾਲ਼ ਹੋਰ ਕਾਰੋਬਾਰ ਕਰਨਾ ਵੀ ਸ਼ੁਰੂ ਕੀਤਾ। ਇਹਨਾਂ ਪਰਿਵਾਰਾਂ ਦੇ ਮਨਾਂ ਵਿੱਚ 2 ਨਵੰਬਰ 1984 ਨੇ ਐਸੀ ਦਹਿਸਤ ਪੈਦਾ ਕੀਤੀ ਕਿ ਓਹ 26 ਵਰ੍ਹੇ ਪਿੰਡ ਵੱਲ੍ਹ ਮੂੰਹ ਹੀ ਨਹੀ ਕਰ ਸਕੇ। ਪਿੰਡ ਦਾ ਗੁਰਦੂਆਰਾ ਜਿਸ ਵਿੱਚ ਕਦੇ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਸੋਬਤ ਹੁੰਦੇ ਹੋਣਗੇ ਅੱਜ ਉਹ ਤੂੜੀ ਰੱਖਣ ਵਾਲ਼ੀ ਨਜਾਇਜ ਕਬਜੇ ਦੀ ਜਗ੍ਹਾ ਬਣ ਕੇ ਰਹਿ ਗਈ ਹੈ। ਗੁਰਦੁਆਰੇ ਦੇ ਸਾਹਮਣੇ ਮਾਨਵਤਾ ਦਾ ਸੰਦੇਸ ਦਿੰਦੀ ਤੁਕ ਅੱਜ ਵੀ ਸਾਝੀਵਾਲਤਾ ਦਾ ਸੁਨੇਹਾ ਦੇ ਰਹੀ ਹੈ। ਸਭਨਾ ਜੀਆਂ ਕਾ ਇਕੁ ਦਾਤਾ ਸੁ ਮੈ ਵਿਸਰੁ ਨ ਜਾਈ। ਥੱਲੇ ਜੀ ਆਇਆਂ ਨੂੰ ਸੁਨੇਹਾ ਦਿੰਦਾ ਅੱਜ ਵੀ ਹੱਥ ਜੋੜੀ ਖੜਾ੍ਹ ਹੈ । ਬਠਿਡੇ ਵਾਲ਼ੇ ਉੱਤਮ ਸਿੰਘ, ਲੁਧਿਆਣੇ ਵਾਲੇ ਜੋਗਿੰਦਰ ਸਿੰਘ,ਹਰਭਜਨ ਸਿੰਘ, ਜਸਬੀਰ ਸਿੰਘ, ਦਲੀਪ ਸਿੰਘ, ਕੇਸਰ ਸਿੰਘ ਅਤੇ ਪ੍ਰੇਮ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਲਾਗਲੇ ਖੁਹ ਵਿੱਚ ਕਈ ਵੱਡੀਆਂ, ਟੁੱਕੀਆਂ, ਸਾੜੀਆਂ ਲਾਸ਼ਾ ਸੁੱਟੀਆਂ ਸਨ। ਹੋਦ,ਚਿੱਲੜ,ਧਨੌਰ ਅਤੇ ਠੇਠਰ ਭੁਰਥਲ ਚਾਰ ਪਿੰਡਾ ਦੀ ਸਾਝੀ ਪੰਚਾਇਤ ਹੁੰਦੀ ਸੀ। ਹੋਦ ਪਿੰਡ ਚਿਲੜ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਹੈ । ਦੋ ਨਵੰਬਰ ਨੂੰ ਵੀ ਆਮ ਦਿਨ ਸਮਝਦੇ 100-150 ਸਿੱਖਾ ਵਿੱਚੋਂ ਵਧੇਰੇ ਆਪਣੇ ਕੰਮਾਂ-ਕਾਰਾਂ ਤੇ ਗਏ ਹੋਏ ਸਨ। ਹਮਲਾ ਸਵੇਰੇ 11 ਵਜੇ ਬੋਲਿਆ ਗਿਆ. ਕਹਿਰ ਸ਼ਾਮ ਦੇ 6-7 ਵਜੇ ਤੱਕ ਵਰਤਿਆ। ਇਸਦਾ ਮਤਲਬ ਇਹ ਹੋਇਆ ਕਿ ਦੇਸ਼ ਦੀ ਰਾਜਧਾਨੀ ਵਾਂਗ ਹਰਿਆਣਾ ਦੇ ਇਸ ਪਿੰਡ ਵਿੱਚ ਵੀ ਕਰੀਬ ਅਠ ਘੰਟੇ ਤੱਕ ਕਤਲ-ਏ-ਆਮ ਜਾਰੀ ਰਹੀ ਅਤੇ ਪ੍ਰਸ਼ਾਸਨ ਮਚਲਾ ਬਣ ਕੇ ਘੂਕ ਸੁੱਤਾ ਰਿਹਾ. ਸਿੱਟੇ ਵਜੋਂ ਘਰ ਲੁੱਟੇ ਗਏ, ਬੱਚੀਆਂ ਬੇਪੱਤ ਹੋਈਆਂ 32 ਸਿੱਖ ਮਾਰ ਮੁਕਾ ਦਿਤੇ ਗਏ ।
ਦ੍ਰਿਸ ਐਨਾ ਹੌਲਨਾਕ ਸੀ ਕਿ ਉਹ ਪਿੰਡ ਦੇ ਲੋਕਾਂ ਦੱਸਿਆ ਕਿ ਉਕਤ ਸਿੱਖਾਂ ਦੀਆਂ ਦੀਵਾਰਾਂ ਤੇ ਖੂਨ ਇਉਂ ਲੱਗਾ ਹੋਇਆਂ ਸੀ ਜਿਵੇਂ ਲੋਕਾਂ ਨੂੰ ਕੰਧਾਂ ਨਾਲ਼ ਪਟਕਾ-ਪਟਕਾ ਕੇ ਮਾਰਿਆ ਗਿਆ ਹੋਵੇ। ਨੇੜੇ ਪਏ ਸੱਬਲ਼ ਤੇ ਰਾਡ ਹੀ ਨਹੀ ਸਗੋ ਨੇੜੇ ਪਏ ਪੱਥਰ ਵੀ ਖੂਨ ਨਾਲ਼ ਲੱਥਪੱਥ ਸਨ। ਕੋਲ਼ ਪਏ ਡੰਡਿਆਂ ਵਿੱਚ ਵਾਲਾਂ ਦੇ ਗੁੱਛੇ ਲਿਪਟੇ ਹੋਏ ਸਨ। ਵੱਡੇ-ਟੁੱਕੇ ਅਤੇ ਸਾੜੇ ਗਏ ਸਿੱਖਾਂ ਦੀਆਂ ਲਾਸ਼ਾਂ ਥਾਂ-ਥਾਂ ਖਿੱਲਰੀਆਂ ਪਈਆਂ ਸਨ । ਭੀੜ ਨੇ ਪਹਿਲਾ ਹਮਲਾ ਗੁਲਾਬ ਸਿੰਘ ਦੇ ਘਰ ਤੇ ਕੀਤਾ, ਫਿਰ ਤਾਂ ਵਾਰੀਆਂ ਹੀ ਬੰਨੀਆਂ ਗਈਆਂ। ਪਿੰਡ ਨੂੰ ਘੇਰਾ ਪਾ ਲਿਆ ਗਿਆ, ਹਮਲਾਵਰਾਂ ਦੀ ਗਿਣਤੀ ਵੱਡੀ ਸੀ, ਸਾਰਾ ਕੁਝ ਯੋਜਨਾਬੱਧ ਸੀ, ਹੈਵਾਨੀਅਤ ਦੀ ਸਿੱਖਰ ਸੀ। ਗੁਲਾਬ ਸਿੰਘ ਪਰਿਵਾਰ ਦੇ 16 ਜੀਆਂ ਸਣੇ ਮਾਰਿਆ ਗਿਆਉਸ ਦੇ ਦੋ ਬੇਟਿਆਂ ਕਰਤਾਰ ਸਿੰਘ ਤੇ ਸਰਦਾਰ ਸਿੰਘ ਦੇ ਪਰਿਵਾਰ ਵੀ ਮਾਰੇ ਗਏਕਰਤਾਰ ਸਿੰਘ ਦੇ ਪਰਿਵਾਰ ਦੇ 9 ਜੀਅ ਅਤੇ ਸਰਦਾਰ ਸਿੰਘ ਦੇ ਪਰਿਵਾਰ ਦੇ 7 ਜੀਅ ਮਾਰੇ ਗਏ। ਗੁਰਦਿਆਲ ਸਿੰਘ ਦੇ ਪਰਿਵਾਰ ਦੇ 12 ਜੀਅ ਮਾਰੇ ਗਏ। ਹਰਨਾਮ ਸਿੰਘ ਦੀ ਪਤਨੀ ਬੀਬੀ ਅੰਮ੍ਰਿਤ ਕੌਰ ਮਾਰੀ ਗਈ ਤੱਖਰ ਸਿੰਘ ਨਾਮ ਦਾ ਇੱਕ ਹੋਰ ਸਿੱਖ ਮਾਰਿਆ ਗਿਆ। ਇੱਕ ਅਣਪਛਾਤਾ ਸਿੱਖ ਫੌਜੀ ਜਿਹੜਾ ਇਸ ਪਿੰਡ ਨੂੰ ਸਿੱਖਾਂ ਦਾ ਪਿੰਡ ਸਮਝ ਕੇ ਆਪਣੇ ਆਪ ਨੂੰ ਮਹਿਫੂਜ ਰੱਖਣ ਲਈ ਇਸ ਪਿੰਡ ਆਇਆ। ਭੀੜ ਜੋ ਟਰੱਕਾਂ,ਅਤੇ ਹਰਿਆਣਾ ਰੋਡਵੇਜ ਦੀ ਬੱਸ ਵਿੱਚ ਵਿੱਚ ਹਥਿਆਰਾਂ, ਪੈਟਰੋਲ ਤੇਲ ਨਾਲ਼ ਲੈਸ ਹੋ ਕੇ ਬੜੇ ਹੀ ਯੋਜਨਾਬੱਧ ਤਰੀਕੇ ਨਾਲ਼ ਆਈ ਸੀ। ਹਰਿਆਣਾ ਰੋਡਵੇਜ ਦੀ ਬੱਸ ਦਾ ਨਾਲ਼ ਹੋਣਾ ਸਰਕਾਰੀ ਸਰਪਰਸਤੀ ਦਾ ਸਿੱਧੇ ਤੌਰ ਤੇ ਮਿਲੇ ਹੋਣਾ ਸਿੱਧ ਕਰਦਾ ਹੈ। ਪਿੰਡ ਦੇ ਲੋਕੀ ਦੂਰ ਖੜੇ ਤਮਾਸ਼ਾ ਤੱਕਦੇ ਰਹੇ। ਲੁੱਟਣ ਵਿੱਚ ਆਮ ਲੋਕੀ ਤੇ ਮਾਰਨ ਕੁੱਟਣ ਵਿੱਚ ਸਰਕਾਰੀ ਸਹਿ ਪ੍ਰਾਪਤ ਗੁੰਡੇ। ਸਾਇਦ ਏਹੋ ਸਾਡਾ ਲੋਕਤੰਤਰ ਹੈ। ਸਤਿਕਾਰਯੋਗ ਲੇਖਕ ਸਾਹਿਬ ਡਾ.ਹਰਚੰਦ ਸਿੰਘ ਸਰਹੰਦੀ ਨਾਲ਼ ਵੀ ਸਲਾਹ ਕੀਤੀ ਉਹਨਾਂ ਵੀ ਕਲਮ ਦੀ ਤਾਕਤ ਬਾਰੇ ਸਮਝਾਇਆ। ਆਰਟੀਕਲ 27 ਤਰੀਕ ਨੂੰ ਪੂਰਾ ਕਰ ਸਭ ਅਖਬਾਰਾਂ ਤੇ ਖਾਲਸਾ ਫਤਿਹਨਾਮਾ ਨੂੰ ਭੇਜ ਦਿਤਾ। ਕਈ ਅਖਬਾਰਾਂ ਤੇ ਮੈਗਜੀਨਾਂ ਵਾਲੇ ਅਕਸਰ ਗੁੱਸਾ ਕਰਦੇ ਹਨ ਕਿ ਪਹਿਲਾਂ ਸਾਡੇ ਵਿੱਚ ਛਪਣਾ ਚਾਹੀਦਾ ਸੀ, ਪਹਿਲਾਂ ਸਾਡੇ ਵਿੱਚ। ਤੁਸੀਂ ਹੋਰਾਂ ਨੂੰ ਵੀ ਭੇਜ ਦਿੰਦੇ ਹੋ ਇਸ ਲਈ ਅਸੀ ਛਾਪਣਾ ਨੀ, ਲਿਖਾਰੀ ਲਿਖਤ ਨੂੰ ਕੌਣ ਪੁੱਛਦਾ, ਜਾਂ ਕੋਈ ਲੋਕਾਂ ਨੂੰ ਦਿੱਤੇ ਸੰਦੇਸ਼ ਨੂੰ ਕੌਣ ਪੁੱਛਦਾ। ਵੱਡਾ ਆਦਮੀ ਨਿੱਛ ਵੀ ਮਾਰੇ ਉਸੇ ਨੂੰ ਮੋਟੀ ਖਬਰ ਬਣਾ ਛਾਪ ਦਿੰਦੇ ਨੇ, ਉਸ ਵਿੱਚ ਤਾਂ ਨੀ ਦੇਖਦੇ ਇਹ ਮੁੱਖ ਮੰਤਰੀ ਦੀ ਨਿੱਛ ਵਾਲੀ ਘਟਨਾ ਦੂਸਰੇ ਨੇ ਵੀ ਛਾਪੀ ਹੈ ਹੁਣ ਅਸੀਂ ਨੀ ਛਾਪਣੀ। ਏਥੇ ਤਾਂ 40 ਬੰਦਿਆਂ ਦੀ ਜਾਨ ਗਈ ਹੈ। ਸਾਇਦ ਇਹ ਸੋਚਦੇ ਨੇ ਇਹ ਮਰਨ ਵਾਲੇ ਤਾ ਸਧਾਰਨ ਸਿੱਖ ਸਨ, ਸਿਖ ਬੰਦੇ ਥੋੜੋ ਹਨ ਜਿਹਨਾਂ ਦੀ ਜਾਨ ਦੀ ਪਰਵਾਹ ਕੀਤੀ ਜਾਵੇ। ਖੈਰ ਪੰਥ ਦੇ ਪਿਆਰ ਵਾਲੇ ਵੀਰਾਂ ਦੀ ਕਮੀ ਨਹੀਂ। ਵੀਰ ਬਲਜੀਤ ਸਿੰਘ ਜੀ ਖਾਲਸਾ ਜੀ ਨੇ ਆਪਣੇ ਫਰਵਰੀ ਦੇ ਅੰਕ ਵਿੱਚ ਛਾਪ ਦੱਸ ਦਿੱਤਾ ਕਿ ਉਹਨਾਂ ਨੂੰ ਪੰਥ ਦਾ ਕਿੰਨਾ ਦਰਦ ਹੈ। ਉਸ ਤੋਂ ਬਾਅਦ ਦਾਸ ਫੇਸ ਬੁੱਕ ਤੇ ਲੋਕਾਂ ਨਾਲ਼ ਜੁੜਿਆਂ ਕਿ ਮੈ ਮਿਸਰ ਦੇ ਕ੍ਰਾਤੀਕਾਰੀ ਬਦਲਾਅ ਤੋਂ ਪ੍ਰਭਾਵਿਤ ਸੀ ਜੋ ਕਿ ਫੇਸ ਬੁੱਕ ਦੇ ਜਰੀਏ ਹੀ ਹੋਈ। ਲੱਖਾਂ ਹੀ ਲੋਕ ਸੜਕਾਂ ਤੇ ਆ ਗਏ। 
ਇੰਜੀ.ਮਨਵਿੰਦਰ ਸਿੰਘ
ਉਸੇ ਤੋਂ ਸੇਧ ਲੈ ਪੂਰਾ ਪੂਰਾ ਦਿਨ ਆਪਣੇ ਦੋਸਤਾਂ ਨੂੰ ਦੱਸਿਆ, ਨਵੇਂ-ਨਵੇਂ ਦੋਸਤ ਵੀ ਬਣਾਏ। ਏਨੇ ਨੂੰ 9 ਫਰਵਰੀ 2011 ਨੂੰ ਯੂ.ਐਸ.ਏ. ਵਿੱਚ ਛਪਦੇ "ਚੜ੍ਹਦੀ ਕਲਾ" ਵਿੱਚ ਵੀ ਛਪਿਆ। ਫਿਰ ਸ਼ੁਰੂ ਹੋ ਗਿਆਂ ਫੋਨਾਂ ਦਾ ਸਿਲਸਿਲਾ । ਬਾਹਰ ਰਹਿੰਦੇ ਵੀਰਾਂ ਦੇ ਹੌਂਸਲੇ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਕੌਮ ਦਾ ਦਰਦ ਦਿਲ ਅੰਦਰ ਸਮੋਈ ਬੈਠੇ ਵੀਰ ਮੇਰੇ ਮੋਢੇ ਨਾਲ਼ ਮੋਢਾ ਲਗਾਈ ਖੜੇ ਹਨ। ਛੇਤੀ ਹੀ 13 ਤਾਰੀਕ ਨੂੰ ਇਹ ਆਰਟੀਕਲ ਆਨਲਾਈਨ ਅਖਬਾਰ ਖਾਲਸਾ ਨਿਊਜ ਵਿੱਚ ਵੀ ਛਪ ਗਿਆ। ਮੈਂ ਸਮਝ ਸਕਦਾ ਹਾਂ ਕਿ ਅਕਾਲ ਤਖਤ ਦੀ ਤਬਾਹੀ ਨੂੰ ਦੇਖ ਦੋ ਸਿੰਘ ਸੂਰਮੇ ਤਾਂ ਇਸ ਤੋਂ ਵੀ ਜਿਆਦਾ ਆਹਤ ਹੋਏ ਹੋਣਗੇ। ਉਹਨਾਂ ਦੇ ਹੱਥ ਗੰਨ ਸੀ ਉਹਨਾਂ ਦਾ ਗੰਨ ਨਾਲ਼ ਜੁਆਬ ਦੇਣਾ ਸੁਭਾਵਿਕ ਸੀ, ਮੇਰੇ ਹੱਥ ਵਾਹਿਗੁਰੂ ਦੀ ਬਖਸ਼ਿਸ਼ ਕੀਤੀ ਕਲਮ ਹੈ ਮੈਂ ਉਸੇ ਨਾਲ਼ ਜੁਆਬੀ ਹਮਲਾ ਬੋਲਿਆ। ਅੱਜ ਪਤਾ ਨੀ ਕਿਉਂ ਸਾਰੇ ਕਿਉਂ ਕਹੀ ਜਾਂਦੇ ਨੇ ਕਿ ਇਹ ਚੋਣਾ ਨੇੜੇ ਆਉਂਦੀਆਂ ਦੇਖ ਬਾਦਲ ਨੇ 26 ਸਾਲਾ ਬਾਅਦ ਮਾਮਲਾ ਚੁੱਕਿਆ ਹੈ। ਏਥੇ ਕੋਈ ਬਾਦਲ ਨਹੀ ਆਇਆ ਇਸ ਨੂੰ ਲੱਭਣ, ਉਹਨਾਂ ਨੂੰ ਤਾਂ ਆਪਣੇ ਰਿਜੋਰਟਾਂ ਤੋਂ ਹੀ ਵੇਹਲ ਨੀ। ਏਹ ਲੋਕ ਪਹਿਲਾਂ ਪੰਥ ਦਰਦੀਆਂ ਨਾਲ਼ ਹਿਮਾਇਤ ਦਿਖਾ ਆਮ ਸਿੱਖਾ ਨੂੰ ਦੂਰ ਕਰ ਦਿੰਦੇ ਨੇ, ਫਿਰ ਉਸ ਪੰਥ ਦਰਦੀ ਦਾ ਜਨਾਜਾ ਦੇਖਣ ਲਈ ਇਕੱਲਾ ਛੱਡ ਦੌੜ ਜਾਦੇ ਨੇ। ਦਾਸ ਨੂੰ ਤਾਂ ਇਸ ਪਿੰਡ ਨੂੰ ਉਜਾਗਰ ਕਰਨ ਦਾ ਤੋਹਫਾ ਮਿਲ ਗਿਆ । ਪਹਿਲਾ ਤੋਹਫਾ ਆਪਣਿਆ ਬਾਦਲ ਦਲੀਆ ਪਿਠੂ ਬਣਾ ਦਿਤਾ। ਦੂਸਰਾ ਤੋਹਫਾ 03-03-11 ਨੂੰ ਘਰ ਦੀ ਲੁੱਟ ਮਾਰ ਤੇ ਲੱਖਾਂ ਦੀ ਚੋਰੀ। ਤੀਸਰਾਂ ਤੋਹਫਾ 11 ਮਾਰਚ 2011 ਨੂੰ  ਨੂੰ ਨੌਕਰੀ ਤੋਂ ਜਵਾਬ ਮਿਲ ਜਾਣਾ। ਹੋਰ ਪਤਾ ਨੀ ਕਿੰਨੇ ਕੁ ਤੋਹਫੇ ਹੋਰ ਮਿਲਣੇ ਬਾਕੀ ਨੇ ਖੈਰ, ਗੁਰੂ ਦਾ ਸਿੱਖ ਸਿਕਾਇਤ ਨੀ ਕਰਦਾ ਬੀਤੇ ਤੋਂ ਸਿੱਖਦਾ ਹੈ ਮੇਰੀ ਸਾਰੇ ਲੀਡਰ ਸਹਿਬਾਨਾਂ, ਧਾਰਮਿਕ ਜਥੇਬੰਦੀਆਂ, ਸਿੰਘ ਸਭਾਵਾਂ, ਨਿਹੰਗ ਸਿੰਘਾਂ ਜਾਂ ਹੋਰ ਵੀ ਜਿੰਨੇ ਵੀ ਨਾਨਕ ਨਾਮ ਲੇਵਾ ਸਿੱਖ ਹਨ, ਉਹ ਇਸ ਗੰਦੀ ਰਾਜਨੀਤੀ ਤੋਂ ਉਪਰ ਉਠ ਇਸ ਸੰਘਰਸ਼ ਨੂੰ ਪ੍ਰਾਪਤੀ ਤੱਕ ਟਿੱਲ ਲਗਾ ਦੇਣ। ਐਵੇਂ ਇਹ ਨਾ ਸੋਚੀ ਜਾਣ ਕਿ ਇਹ ਕਿਸ ਧੜੇ ਦਾ ਕੰਮ ਹੈ ਜਾਂ ਕਿਸ ਦਾ ਨਹੀਂ। ਪੰਜਾਬੋ ਬਾਹਰ ਰਹਿੰਦੇ ਸਰਦਾਰਾਂ ਨੂੰ ਲੋਕਲ ਬੰਦੇ ਟਿੱਚਰ ਨਾਲ਼ ਆਖਦੇ ਹਨ ਕਿ ਸਰਦਾਰ ਤੋਂ ਏਕ ਦੂਸਰੇ ਕੀ ਟਾਂਗ ਪਕੜ ਕਰ ਖੀਚਨੇ ਕੋ ਲਗੇ ਰਹਿਤੇ ਹੈ" ਵੀਰੋ ਆਓ ਇੱਕ ਦੂਜੇ ਦੀਆਂ ਟੰਗਾ ਖਿਚਣ ਨਾਲੋ ਸਹਾਰਾ ਮੋਢਾ ਬਣੀਏ। ਪਹਿਲਾਂ ਆਪਣੇ ਮੋਢੇ ਤੇ ਦੂਜੇ ਨੂੰ ਖੜਾਉਣ ਦੀ ਕਰੋ ਨਾ ਕਿ ਦੂਸਰੇ ਦੇ
ਮੋਢੇ ਤੇ ਚੜ੍ਹਨ ਦੀ। ਇਹ ਕੰਮ ਹੁਣ ਪੰਥ ਦਾ ਹੋ ਗਿਆ ਹੈ, ਮੇਰੀ ਨਿੱਜੀ ਰਾਏ ਹੈ ਕਿ ਏਂਦਾਂ ਦੇ ਪਤਾ ਨੀ ਕਿੰਨੇ ਪਿੰਡ/ਘਰ ਅਤੇ ਲੋਕ ਹੋਣਗੇ ਜੋ ਅਜੇ ਤੱਕ ਅਣਗੌਲੇ ਪਏ ਹਨ, ਉਸ ਲਈ ਕੋਈ ਕੰਮ ਕਰੋ। ਦੇਸ਼ ਦੇ ਇਕ-ਇਕ ਪਿੰਡ ਸਹਿਰ ਗਲੀ-ਗਲੀ ਜਾ ਕੇ ਦੇਖੋ, ਅੰਕੜੇ ਇਕੱਤਰ ਕਰੋ, ਅਗਰ ਐਫ.ਆਈ.ਆਰ. ਮਿਲਦੀ ਹੈ ਉਹ ਲਵੋ ਜੇ ਨਹੀਂ ਤਾਂ ਸਬੂਤ ਜੁਟਾਓ ਤਾਂ ਜੋ ਅਜਿਹੇ ਜਖਮ ਰਿਸਦੇ ਨਾ ਰਹਿ ਸਕਣ। ਮੇਰੀ ਤਾਂ ਵਾਹਿਗੁਰੂ ਅੱਗੇ ਏਹੋ ਅਰਦਾਸ ਹੈ ਕਿ ਕਿਵੇਂ ਨਾਂ ਕਿਵੇਂ ਇਹ ਪਿੰਡ ਸੰਭਾਲ ਲਿਆ ਜਾਵੇ, " ਜਿਵੇਂ ਹੈ ਜਿਥੇ ਹੈ ਜਿਦਾਂ ਹੈ " ਓਵੇਂ ਹੀ ਚਾਰ-ਦੀਵਾਰੀ ਕਰ ਕੇ ਇਕੱਲੀ-ਇਕੱਲੀ ਇਮਾਰਤ ਸੀਸੇ ਵਿੱਚ ਜੜ੍ਹ ਦਿਤੀ ਜਾਵੇ । ਤਾਂ ਜੋ ਸਾਡੀਆਂ ਆਪਣੀਆਂ ਆਉਣ ਵਾਲੀਆਂ ਪੀਹੜੀਆਂ ਤਬਾਹੀ ਦੇ ਇਸ ਮੰਜਰ ਨੂੰ ਦੇਖ ਕੇ ਸਮਝਣ ਤੇ ਮਹਿਸੂਸ ਕਰਨ।ਵਾਰ-ਵਾਰ ਦਿਲ ਵਿੱਚ ਇਕੋ ਗੱਲ ਆਉਂਦੀ ਹੈ ਕਿ ਜੇ ਕੋਈ ਰਾਜਸੀ ਲਾਹਾ ਲੈਣਾ ਚਾਹੇਗਾ ਤਾਂ ਇਹ ਕੰਮ ਸਿਰੇ ਨਹੀਂ ਚੜ੍ਹਨਾ ਨਹੀਂ ਤਾਂ ਦੁਨੀਆ ਦੀ ਕੋਈ ਤਾਕਤ ਇਸ ਨੂੰ ਰੋਕ ਨਹੀ ਪਾਵੇਗੀ। 


ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ॥

ਇੰਜੀ.ਮਨਵਿੰਦਰ ਸਿੰਘ ਗਿਆਸਪੁਰ 

98180-20236

2 comments:

Jatinder Lasara ( ਜਤਿੰਦਰ ਲਸਾੜਾ ) said...

‎...
ਸਾਡੇ ਬਜੁਰਗਾਂ ਆਖਿਆ ਕਿ ਕਲਯੁਗ ਆ ਗਿਆ,
ਕਾਲੇ ਜੇ ਯੁਗ ਦੇ ਓਹ ਵਰੇ ਇਹ ਕਿਹੜੇ ਸਾਲ ਆ ?
........ Jatinder Lasara

Anonymous said...

manwinder ji ______________________