Friday, August 03, 2018

ਪੀਏਯੂ ਵਿਖੇ ਹੋਵੇਗਾ ਪੰਜ ਦਿਨਾਂ ਪੰਜਾਬ ਕਲਾ ਉਤਸਵ

Fri, Aug 3, 2018 at 5:38 PM
24 ਸਤੰਬਰ ਤੋਂ ਸ਼ੁਰੂ ਹੋਵੇਗਾ ਲੋਕ ਕਲਾਵਾਂ ਦਾ ਉਤਸਵ 
ਲੁਧਿਆਣਾ: 3 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸ਼ੁਰੂ ਤੋਂ ਹੀ ਸਾਹਿਤ ਸੱਭਿਆਚਾਰ ਅਤੇ ਹੋਰ ਕਲਾਵਾਂ ਦੇ ਮੌਲਣ ਦੀ ਧਰਤੀ ਰਹੀ ਹੈ। ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਇਤਿਹਾਸਕ ਯੋਗਦਾਨ ਪਾਇਆ ਹੈ। ਇਸੇ ਸਿਲਸਿਲੇ ਵਿੱਚ ਪੰਜਾਬ ਆਰਟਸ ਕੌਂਸਲ, ਚੰਡੀਗੜ ਦੀ ਸਰਪ੍ਰਸਤੀ ਵਿੱਚ ਪੰਜਾਬ ਦੀਆਂ ਲੋਕ-ਕਲਾਵਾਂ ਦਾ ਪੰਜ ਰੋਜ਼ਾ ਲੋਕ-ਕਲਾ ਉਤਸਵ 24 ਸਤੰਬਰ ਤੋਂ ਪੀਏਯੂ ਵਿੱਚ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਅੱਜ ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਦੇ ਦਫ਼ਤਰ ਵਿੱਚ ਹੋਈ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਇਸ ਵਿੱਚ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਯੁਵਕ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਨਿਰਮਲ ਜੌੜਾ, ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਜਗਦੀਸ਼ ਕੌਰ, ਡਾ. ਵਿਸ਼ਾਲ ਬੈਕਟਰ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਸੁਪਰਵਾਈਜ਼ਰ ਸ. ਸਤਬੀਰ ਸਿੰਘ ਸ਼ਾਮਲ ਹੋਏ। 
ਇਸ ਲੋਕ ਕਲਾ ਉਤਸਵ ਦੀ ਰੂਪਰੇਖਾ ਉਲੀਕਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬ ਦੀਆਂ ਲੋਕ-ਕਲਾਵਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਨੂੰ ਨੌਜਵਾਨ ਵਰਗ ਦੇ ਸਨਮੁੱਖ ਲਿਜਾਣ ਦੀ ਲੋੜ ਹੈ। ਇਸ ਕਾਰਜ ਲਈ ਪੰਜਾਬ ਆਰਟਸ ਕੌਂਸਲ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਨੂੰ ਰਾਜ ਦੇ ਹਰ ਕੋਨੇ ਤੱਕ ਪਸਾਰਣ ਦੇ ਯਤਨ ਜਾਰੀ ਹਨ । ਉਹਨਾਂ ਕਿਹਾ ਕਿ ਇਸ ਕਾਰਜ ਲਈ ਪੀਏਯੂ ਤੋਂ ਵਧੀਆ ਹੋਰ ਕਿਹੜੀ ਥਾਂ ਹੋ ਸਕਦੀ ਹੈ। ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਪੰਜਾਬ ਦੇ ਬਹੁਰੰਗੇ ਸੱਭਿਆਚਾਰ ਦੀ ਪੇਸ਼ਕਾਰੀ ਕਰਦਾ ਇੱਕ ਸੱਭਿਆਚਾਰਕ ਕਾਫ਼ਲਾ ਵੀ ਸਾਰੀ ਯੂਨੀਵਰਸਿਟੀ ਵਿੱਚੋਂ ਲੰਘੇਗਾ ਜੋ ਇਸ ਮੇਲੇ ਦਾ ਮੁੱਖ ਆਕਰਸ਼ਣ ਹੋਵੇਗਾ।
ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਪੰਜਾਬ ਆਰਟਸ ਕੌਂਸਲ ਦੇ ਇਸ ਉਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਪੀਏਯੂ ਨੂੰ ਇਸ ਮੇਲੇ ਲਈ ਚੁਣਨਾ ਸਾਡੇ ਸਾਰਿਆਂ ਲਈ ਖੁਸ਼ੀ ਵਾਲੀ ਗੱਲ ਹੈ । ਉਹਨਾਂ ਪੀਏਯੂ ਵੱਲੋਂ ਭਰਪੂਰ ਸਹਿਯੋਗ ਦਾ ਵਿਸ਼ਵਾਸ ਦੁਆਇਆ । 
ਜ਼ਿਕਰਯੋਗ ਹੈ ਕਿ 24 ਸਤੰਬਰ ਤੋਂ ਆਰੰਭ ਹੋਣ ਵਾਲੇ ਇਸ ਲੋਕ ਕਲਾ ਉਤਸਵ ਵਿੱਚ ਲੋਕ-ਕਲਾਵਾਂ ਦੀਆਂ ਵੱਖੋ-ਵੱਖਰੀਆਂ ਵੰਨਗੀਆਂ ਜਿਵੇਂ ਭੰਡ-ਮਰਾਸੀ, ਭੰਗੜਾ, ਮਲਵਈਆਂ ਦਾ ਗਿੱਧਾ, ਲੰਮੀ ਹੇਕ ਦੇ ਗੀਤ ਆਦਿ ਪ੍ਰਦਰਸ਼ਿਤ ਹੋਣਗੀਆਂ। ਇਸ ਤੋਂ ਬਿਨਾਂ ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਵਿੱਚ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ ਵੀ ਦੇਖਣਯੋਗ ਹੋਵੇਗੀ । ਦਰਸ਼ਕਾਂ ਲਈ ਸਲਾਈਡ ਸ਼ੋਅ ਰਾਹੀਂ ਪੰਜਾਬ ਦੇ ਬਹੁਵੰਨੇ ਸੱਭਿਆਚਾਰ ਦੀ ਇਤਿਹਾਸਕ ਝਲਕ ਪੇਸ਼ ਕੀਤੀ ਜਾਵੇਗੀ। ਲੋਕ ਕਲਾਵਾਂ ਦੀਆਂ ਪ੍ਰਦਰਸ਼ਨੀਆਂ ਦੇ ਨਾਲ-ਨਾਲ ਚਾਰ ਦਿਨ ਪੰਜਾਬੀ ਨਾਟ ਅਕੈਡਮੀ ਵੱਲੋਂ ਰੋਜ਼ ਸ਼ਾਮ ਨੂੰ ਇਕ ਨਾਟਕ ਖੇਡਿਆ ਜਾਇਆ ਕਰੇਗਾ। ਪੰਜਾਬ ਆਰਟਸ ਕੌਂਸਲ ਅਧੀਨ ਕੰਮ ਕਰਦੀਆਂ ਅਕਾਦਮੀਆਂ ਜਿਵੇਂ ਨਾਟ ਅਕੈਡਮੀ, ਸਾਹਿਤ ਅਕੈਡਮੀ, ਲਲਿਤ ਕਲਾ ਅਤੇ ਸੰਗੀਤ ਅਕੈਡਮੀਆਂ ਇਸ ਲਈ ਸਹਿਯੋਗ ਕਰਨਗੀਆਂ । ਰਾਜ ਪੱਧਰ ਦੇ ਇਸ ਪੰਜਾਬ ਕਲਾ ਉਤਸਵ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਟੀਮਾਂ ਸੱਭਿਆਚਾਰਕ ਕਾਫ਼ਲੇ ਵਿੱਚ ਭਾਗ ਲੈਣਗੇ। ਇਹਨਾਂ ਵਿਚਲਾ ਮੁਕਾਬਲਾ ਜਿੱਥੇ ਯੂਨੀਵਰਸਿਟੀ ਦੀ ਧਰਤੀ ਤੇ ਰੰਗ ਬੰਨੇਗਾ ਉਥੇ ਦਰਸ਼ਕਾਂ ਦੀ ਦਿਲਚਸਪੀ ਦਾ ਕੇਂਦਰ ਵੀ ਹੋਵੇਗਾ। ਇਹ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ ਕਿ ਸੱਭਿਆਚਾਰਕ ਕਾਫ਼ਲੇ ਵਿੱਚ ਭਾਗ ਲੈਣ ਵਾਲੀ ਹਰ ਟੀਮ ਇੱਕ ਥੀਮ ਦੇ ਆਧਾਰ ਤੇ ਪੇਸ਼ ਹੋਵੇਗੀ। ਇਹ ਥੀਮ ਕੁਦਰਤ ਅਤੇ ਮਨੁੱਖ ਦੇ ਰਿਸ਼ਤਿਆਂ ਦੇ ਦੁਆਲੇ ਹੋਵੇਗਾ। 
ਇਸ ਲੋਕ-ਕਲਾ ਉਤਸਵ ਦੌਰਾਨ ਦਰਸ਼ਕਾਂ ਦੀ ਖਿੱਚ ਲਈ ਸੂਫ਼ੀ, ਸੱਭਿਅਚਾਰਕ ਅਤੇ ਲੋਕ-ਗਾਇਕੀ ਦੇ ਕਲਾਕਾਰ ਵਿਸ਼ੇਸ਼ ਤੌਰ ਤੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਇਸ ਪੰਜ ਰੋਜ਼ਾ ਲੋਕ-ਕਲਾ ਉਤਸਵ ਦਾ ਉਦਘਾਟਨ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ 25 ਸਤੰਬਰ ਨੂੰ ਸਵੇਰੇ 10 ਵਜੇ ਕਰਨਗੇ।

No comments: