Saturday, December 24, 2016

ਬਹਾਦਰ ਸ਼ਹਿਨਾਜ਼ ਦੀ ਦੂਜੀ ਬਰਸੀ ‘ਤੇ ਸ਼ਰਧਾਂਜਲੀ ਸਮਾਗਮ ਭਲਕੇ ਢੰਡਾਰੀ ਵਿੱਚ

Sat, Dec 24, 2016 at 3:37 PM
ਮਰਦ ਮਾਨਸਿਕਤਾ ਹਰ ਕਦਮ ‘ਤੇ ਔਰਤਾਂ ਨੂੰ ਸ਼ਿਕਾਰ ਬਣਾ ਰਹੀ ਹੈ
ਲੁਧਿਆਣਾ: 24 ਦਸੰਬਰ 2016: (*ਲਖਵਿੰਦਰ//ਪੰਜਾਬ ਸਕਰੀਨ):
ਦੋ ਵਰ੍ਹੇ ਪਹਿਲਾਂ ਲੁਧਿਆਣਾ ਦੇ ਢੰਡਾਰੀ ਇਲਾਕੇ ਵਿੱਚ ਅਗਵਾ, ਸਮੂਹਿਕ ਬਲਾਤਕਾਰ ਦੀ ਸ਼ਿਕਾਰ ਅਤੇ ਬੇਰਹਿਮੀ ਨਾਲ਼ ਸਾਡ਼ ਕੇ ਮਾਰੀ ਗਈ ਸ਼ਹਿਨਾਜ਼ ਦੀ ਮੌਤ ਦੀ ਦੂਜੀ ਬਰਸੀ ‘ਤੇ ਢੰਡਾਰੀ ਬਲਾਤਕਾਰ ਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਕੱਲ (25 ਦਸੰਬਰ) ਨੂੰ ਢੰਡਾਰੀ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ। 17 ਵਰਿਆਂ ਦੀ ਸ਼ਹਿਨਾਜ਼ ਨੇ ਬਹਾਦਰੀ ਨਾਲ਼ ਗੁੰਡਾ ਗਿਰੋਹ ਦਾ ਸਾਹਮਣਾ ਕੀਤਾ ਸੀ। ਉਹ ਜਾਨ ਤੋਂ ਮਾਰਨ ਦੀਆਂ ਧਮਕੀਆਂ ਅੱਗੇ ਨਾ ਝੁਕਦੇ ਹੋਏ ਬਲਾਤਕਾਰੀ ਗੁੰਡਾ ਗਿਰੋਹ ਨੂੰ ਸਜਾ ਕਰਵਾਉਣ ਲਈ ਡਟਕੇ ਲਡ਼ਦੀ ਰਹੀ। ਇਸਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਹ ਜ਼ਬਰ-ਜੁਲਮ ਦਾ ਸ਼ਿਕਾਰ ਔਰਤਾਂ ਸਮੇਤ ਸਾਰੇ ਲੋਕਾਂ ਸਾਹਮਣੇ ਇੱਕ ਮਿਸਾਲ ਹੈ। ਇਨਸਾਫ਼ ਲਈ ਉਸਦੀ ਹਿੰਮਤੀ ਲੜਾਈ ਅਤੇ ਕੁਰਬਾਨੀ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ।
ਸ਼ਹਿਨਾਜ਼ ਨੂੰ ਸਕੂਲ ਜਾਂਦੇ ਸਮੇਂ ਅਗਵਾ ਕਰਕੇ ਤਿੰਨ ਦਿਨ ਤੱਕ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ। ਮਾਂ-ਬਾਪ ਪੁਲੀਸ ਕੋਲ ਰਿਪੋਰਟ ਲਖਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਂਦੇ ਰਹੇ। ਰਿਪੋਰਟ ਦਰਜ ਕਰਾਉਣ ਲਈ ਰਿਸ਼ਵਤ ਮੰਗੀ ਗਈ। ਮੁਸ਼ਕਿਲ ਨਾਲ਼ ਜੋ ਰਿਪੋਰਟ ਲਿਖਵਾਈ ਜਾ ਸਕੀ ਉਸ ਵਿੱਚ ਪੁਲੀਸ ਨੇ ਬਲਾਤਕਾਰ ਦੀ ਧਾਰਾ ਨਹੀਂ ਲਾਈ। ਗੁੰਡਾ ਗਿਰੋਹ ਕੇਸ ਵਾਪਿਸ ਲੈਣ ਲਈ ਧਮਕੀਆਂ ਦੇ ਦਿੰਦਾ ਰਿਹਾ। ਵਾਰ-ਵਾਰ ਅਪੀਲ ਕਰਨ ‘ਤੇ ਵੀ ਪੁਲੀਸ ਨੇ ਸੁਰੱਖਿਆ ਨਹੀਂ ਦਿੱਤੀ। ਆਖਰ ਗੁੰਡਾ ਗਿਰੋਹ ਨੇ 4 ਦਸੰਬਰ 2014 ਨੂੰ ਸ਼ਹਿਨਾਜ਼ ਨੂੰ ਘਰ ਵਿੱਚ ਵੜ ਕੇ ਮਿੱਟੀ ਦਾ ਤੇਲ ਪਾ ਕੇ ਜਿਊਂਦਿਆਂ ਸਾੜ  ਦਿੱਤਾ। ਚਾਰ ਦਿਨ ਤੱਕ ਜਿੰਦਗੀ ਮੌਤ ਦੀ ਲੜਾਈ ਲੜਦੀ ਰਹੀ ਸ਼ਹਿਨਾਜ਼ ਦੀ 9 ਦਸੰਬਰ ਨੂੰ ਮੌਤ ਹੋ ਗਈ ਸੀ। ਔਰਤਾਂ ਸਮੇਤ ਸਾਰੇ ਲੋਕਾਂ ਨੂੰ ਗੁੰਡਾ ਗਿਰੋਹਾਂ, ਸਰਕਾਰ, ਪੁਲੀਸ-ਪ੍ਰਸ਼ਾਸਨ, ਸਿਆਸੀ ਲੀਡਰਾਂ ਦੇ ਗੁੰਡਾ ਗਠਜੋੜ ਦੇ ਜਬਰ ਦਾ ਵੱਡੇ ਪੈਮਾਨੇ ’ਤੇ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਨਾਜ਼ ਅਤੇ ਉਸਦੇ ਪਰਿਵਾਰ ਉੱਤੇ ਹੋਇਆ ਜੁਲਮ ਇਸਦੀ ਇੱਕ ਉਦਾਹਰਣ ਹੈ।
ਸੰਘਰਸ਼ ਕਮੇਟੀ  ਦਾ ਕਹਿਣਾ ਹੈ ਕਿ ਸਮਾਜ ਵਿੱਚ ਔਰਤਾਂ ਉੱਤੇ ਜੁਲਮ ਲਗਾਤਾਰ ਵੱਧਦੇ ਜਾ ਰਹੇ ਹਨ। ਔਰਤਾਂ ਖਿਲਾਫ਼ ਬਲਾਤਕਾਰ, ਕਤਲ, ਛੇੜਛਾੜ, ਮਾਰਕੁੱਟ, ਤੇਜਾਬ ਸੁੱਟਣ ਜਿਹੇ ਅਪਰਾਧਾਂ ਵਿੱਚ ਕਾਫੀ ਵਾਧਾ ਹੋਇਆ ਹੈ। ਔਰਤ ਵਿਰੋਧੀ ਮਰਦ ਮਾਨਸਿਕਤਾ ਹਰ ਕਦਮ ‘ਤੇ ਔਰਤਾਂ ਨੂੰ ਸ਼ਿਕਾਰ ਬਣਾ ਰਹੀ ਹੈ। ਸਿਰਫ ਔਰਤਾਂ ਹੀ ਨਹੀਂ ਸਗੋਂ ਸਾਰੇ ਲੋਕਾਂ ਨੂੰ ਸਰਮਾਏਦਾਰਾਂ, ਸਰਕਾਰ, ਪੁਲੀਸ, ਲੀਡਰਾਂ, ਗੁੰਡਾਗਿਰੋਹਾਂ ਵੱਲੋਂ ਭਿਆਨਕ ਲੁੱਟ-ਜ਼ਬਰ ਸ਼ਹਿਣਾ ਪੈ ਰਿਹਾ ਹੈ। ਆਮ ਲੋਕ ਗਰੀਬੀ-ਬਦਹਾਲੀ-ਲੁੱਟ-ਜ਼ਬਰ-ਅਨਿਆਂ ਦੀ ਚੱਕੀ ਵਿੱਚ ਪਿਸ ਰਹੇ ਹਨ। ਲੋਕ ਇੱਕਮੁੱਠ ਹੋ ਕੇ ਇਸਦਾ ਮੁਕਾਬਲਾ ਕਰ ਸਕਦੇ ਹਨ।
ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਨੇ ਸਾਰੇ ਇਨਸਾਫ਼ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਹਾਦਰ ਸਹਿਨਾਜ਼ ਦੀ ਹਿੰਮਤੀ ਲੜਾਈ ਤੇ ਹੱਕ, ਸੱਚ, ਇਨਸਾਫ਼ ਲਈ ਉਸਦੀ ਕੁਰਬਾਨੀ ਨੂੰ ਯਾਦ ਕਰਨ, ਅਤੇ ਉਸਨੂੰ ਨਿੱਘੀ ਸ਼ਰਧਾਂਜਲੀ ਦੇਣ ਲਈ ਸ਼ਰਧਾਂਜਲੀ ਸਮਾਗਮ ਵਿੱਚ ਜ਼ਰੂਰ ਪਹੁੰਚਣ। 
ਜਾਰੀ ਕਰਤਾ,
ਲਖਵਿੰਦਰ, 
ਕਨਵੀਨਰ, ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ
ਫੋਨ ਨੰ- 9646150249

No comments: