Tuesday, November 10, 2015

ਜਗਤਾਰ ਸਿੰਘ ਹਵਾਰਾ ਨੂੰ ਬਣਾਇਆ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ

ਬੇਅਦਬੀ ਕਰਨ ਵਾਲਿਆਂ ਨੂੰ ਸਿਖੀ ਰਵਾਇਤਾਂ ਮੁਤਾਬਿਕ ਸਜ਼ਾਵਾਂ ਦੇਣ ਦਾ ਐਲਾਨ 
ਅੰਮ੍ਰਿਤਸਰ: 10 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):
ਰੋਕਾਂ ਟੋਕਾਂ ਦੇ ਬਾਵਜੂਦ ਬਹੁ ਚਰਚਿਤ ਸਰਬੱਤ ਖਾਲਸਾ ਆਖਿਰ ਹੋ ਰਿਹਾ। ਅਮ੍ਰਿਤਸਰ ਦੇ ਨਜ਼ਦੀਕ ਪਿੰਡ ਚੱਬਾ ਵਿੱਚ ਸਰਬੱਤ ਖਾਲਸਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਇੱਕਤਰ ਹੋਈ ਸੰਗਤ ਦੀ ਹਾਜ਼ਰੀ ਵਿੱਚ 13 ਮਤੇ ਪਾਸ ਕੀਤੇ ਗਏ ਹਨ ਜਿਨ੍ਹਾਂ ਵਿੱਚ ਕੀਤੇ ਅਤੇ ਐਲਾਨੇ ਗਏ ਫੈਸਲੇ ਸਿੱਖ ਸਿਆਸਤ ਵਿੱਚ ਦੂਰਰਸ ਪ੍ਰਭਾਵ ਪਾਉਣਗੇ। ਧਰਮ ਅਤੇ ਸਿਆਸਤ ਨੂੰ ਇੱਕ ਮਿੱਕ ਕਰਕੇ ਸਮੇਂ ਸਮੇਂ ਆਪਣੀ ਲੋੜ ਮੁਤਾਬਿਕ ਵਰਤਣ ਵਾਲੇ ਇਸ ਆਯੋਜਨ ਨਾਲ ਲਕੀਰ ਦੇ ਇਕ ਪਾਸੇ ਹੋਣ ਲਈ ਮਜਬੂਰ ਹੋ ਜਾਣਗੇ।  ਅਤੇ ਫਿਰ ਉਸੀ ਸੰਵਿਧਾਨ ਦੀਆਂ ਸੋਹਨ ਚੁੱਕਣੀਆਂ ਹੁਣ ਨਾਲੋ ਨਾਲ ਨਹੀਂ ਚੱਲ ਸਕੇਗਾ।
ਐਲਾਨੇ ਗਏ ਇਹਨਾਂ ਮਤਿਆਂ ਵਿੱਚ ਕੀਤੇ ਗਏ ਫੈਸਲਿਆਂ ਮੁਤਾਬਿਕ:
1-ਮੌਜੂਦਾ ਤਖਤਾਂ ਦੇ ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਉਨ੍ਹਾਂ ਦੇ ਲਾਂਭੇ ਕੀਤਾ ਜਾਂਦਾ ਹੈ।
2-ਸ੍ਰੀ ਅਕਾਲ ਤਖਤ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ ਜਾਂਦਾ ਹੈ ਅਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਲਾਇਆ ਜਾਂਦਾ ਹੈ। ਅਮਰੀਕ ਸਿੰਘ ਅਜਨਾਲਾ ਤਖਤ ਕੇਸਗੜ੍ਹ ਅਤੇ ਬਲਜੀਤ ਸਿੰਘ ਦਾਦੂਦਾਲ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਹੈ।
3-ਕੇ ਪੀ ਐਸ ਗਿੱਲ ਅਤੇ ਕੇ ਐਸ ਬਰਾੜ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ 20 ਨਵੰਬਰ ਤੱਕ ਸ੍ਰੀ ਅਕਾਲ ਤਖਤ ਤੇ ਪੇਸ਼ ਹੋ ਕੇ ਸਪਸ਼ਟੀਕਰਨ ਮੰਗਿਆ ਜਾਂਦਾ ਹੈ।
4-ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਪ੍ਰਭੂਸਤਾ ਨੂੰ ਬਣਾਈ ਰੱਖਣ ਲਈ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਰਾਇ ਨਾਲ ਗੰਭੀਰ ਯਤਨ ਕੀਤੇ ਜਾਣ।
5-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ, ਪੰਥ ਰਤਨ ਵਾਪਿਸ ਲਿਆ ਜਾਂਦਾ ਹੈ ਅਤੇ ਅਵਤਾਰ ਸਿੰਘ ਮੱਕੜ ਤੋਂ ਸ਼ਰੋਮਣੀ ਸੇਵਕ ਦਾ ਐਵਾਰਡ ਵਾਪਿਸ ਲਿਆ ਜਾਂਦਾ ਹੈ।
6-ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਇਸ ਲਈ 30 ਨਵੰਬਰ ਤੱਕ ਖਰੜੇ ਸਬੰਧੀ ਸਾਂਝੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ।
7-ਸਮੂਹ ਸਗਤਾਂ, ਗ੍ਰੰਥੀ ਸਿੰਘਾਂ ਅਤੇ ਕਮੇਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਸਿਖੀ ਰਵਾਇਤਾਂ ਮੁਤਾਬਿਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਜਾਂਦਾ ਹੈ।
8-ਸਰਕਾਰ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀ ਜੇਲ੍ਹਾਂ ਵਿੱਚੋਂ ਰਿਹਾਅ ਕੀਤੇ ਜਾਣ, ਸੂਰਤ ਸਿੰਘ ਖਾਲਸਾ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ। 
9-ਸ਼ਰੋਮਣੀ ਗੁਰਦਵਾਰਾ ਕਮੇਟੀ ਦੀ ਨਵੀਂ ਚੋਣ ਕਰਵਾਕੇ ਜਮਹੂਰੀਅਤ ਬਹਾਲ ਕਰਵਾਓਣ ਦਾ ਸੱਦਾ ਦਿੱਤਾ ਜਾਂਦਾ ਹੈ।
10-ਸਿੱਖਾਂ ਨੂੰ ਵੱਖਰੇ ਸਰਵ ਪ੍ਰਵਾਨਿਤ ਕੈਲੰਡਰ ਦੀ ਲੋੜ ਹੈ।
11-ਹਰਮੰਦਰ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਮਿਲੇ ਅਤੇ ਦਰਬਾਰ ਸਾਹਿਬ ਸਮੂਹ ਵਿੱਚ ਕਿਸੇ ਵੀ ਮੁਲਕ ਦਾ ਕਾਨੂੰਨ ਲਾਗੂ ਨਾ ਹੋਵੇ।
12-ਇਹ ਇੱਕਠ 26 ਜਨਵਰੀ 1986 ਨੂੰ ਹੋਏ ਸਰਬਤ ਖਾਲਸਾ ਦੇ ਮਤਿਆਂ ਨੂੰ ਸਹਿਮਤੀ ਦਿੰਦਾ ਹੈ।
13-ਜਾਤਾਂ ਤੇ ਅਧਾਰਿਤ ਗੁਰਦਵਾਰੇ ਅਤੇ ਸ਼ਮਸ਼ਾਨਘਾਟ ਖਤਮ ਕਰਨ ਦੇ ਯਤਨ ਕੀਤੇ ਜਾਣ।
ਇਸ ਵਾਰ ਸਰਬੱਤ ਖਾਲਸਾ ਵਿੱਚ ਮੁਸਲਿਮ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਆਰ ਐਸ ਐਸ ਨਾਲ ਤਿੱਖੇ ਹੋਏ ਵਿਚਾਰਕ ਵਿਰੋਧ ਦੇ ਚਲਦਿਆਂ ਇਹ ਸ਼ਮੂਲੀਅਤ   ਬਹੁਤ ਹੀ ਅਰਥਪੂਰਨ ਇਸ਼ਾਰਾ ਹੈ। 
ਸਰਬੱਤ ਖਾਲਸਾ ਵਿੱਚ ਸ਼ਾਮਲ ਸਿੰਘਾਂ ਬਾਰੇ ਜਿੱਥੇ ਇੱਕ ਭਾਜਪਾ ਸਮਰਥਕ ਟੀਵੀ ਚੈਨਲ ਨੇ ਇਸ ਨੂੰ ਹਜ਼ਾਰਾਂ ਦੀ ਗਿਣਤੀ ਦੱਸਿਆ ਉੱਥੇ ਇਸਦੇ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ ਰਾਹੀਂ ਇਸਨੂੰ ਲੱਖਾਂ ਦੀ ਗਿਣਤੀ ਦੱਸਦਿਆਂ ਆਖਿਆ,"3 ਲੱਖ ਤੋ ਟੱਪ ਗੀ ਸਿੰਘਾਂ ਦੀ ਗਿਣਤੀ ਲਾਓ ਜੈਕਾਰਾ...,,,"

ਆਪਣੇ ਘੇਰੇ ਅਤੇ ਸੋਚ ਨੂੰ ਹੋਰ ਵਿਸ਼ਾਲ ਬਣਾਉਣ ਦੇ ਉਪਰਾਲੇ ਵੱਜੋਂ ਸਿਖ ਕੌਮ ਵਿੱਚ ਆਈਆਂ ਧਾਰਮਿਕ, ਰਾਜਨੀਤਕ, ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦਾ ਸੱਦਾ ਦੇਣ ਤੋਂ ਇਲਾਵਾ ਫਜ਼ੂਲ ਖਰਚੀਆਂ ਬੰਦ ਕਰਨ, ਲੋੜ ਤੋਂ ਵੱਧ ਦਿਖਾਵਾ ਕਰਨ, ਕੁਦਰਤ ਨਾਲ ਛੇੜਛਾੜ, ਜਾਤ-ਪਾਤ ਦੀ ਬੁਰਾਈ ਨੂੰ ਦੂਰ ਕਰਨ ਤੇ ਵਾਤਾਵਰਨ ਦੀ ਰਾਖੀ ਨੂੰ ਯਕੀਨੀ ਬਣਾਉਣ ਦਾ ਵੀ ਅਹਿਦ ਲਿਆ ਗਿਆ। ਇਸ ਮਕਸਦ ਲਈ ਚੁੱਕੇ ਜਾਨ ਵਾਲੇ ਕਦਮਾਂ ਦਾ ਵੇਰਵਾ ਨਹੀਂ ਦਿੱਤਾ ਗਿਆ। 

ਇਸ ਸਰਬੱਤ ਖਾਲਸਾ ਦੀ ਸਟੇਜ ਤੋਂ 100 ਦੇ ਕਰੀਬ ਧਾਰਮਿਕ ਤੇ ਰਾਜਸੀ ਆਗੂਆਂ ਨੇ ਸੰਬੋਧਨ ਕੀਤਾ, ਪਰ ਕੋਈ ਵੀ ਬੁੱਧੀਜੀਵੀ ਵਰਗ ਦਾ ਵਿਅਕਤੀ ਇਸ ਵਿੱਚ ਸ਼ਾਮਲ ਨਹੀਂ ਹੋਇਆ, ਸਗੋਂ ਗੁਰੂ ਡੰਮ ਦਾ ਹੀ ਸਟੇਜ 'ਤੇ ਕਬਜ਼ਾ ਰਿਹਾ। ਵਿਡੰਬਨਾ ਇਹ ਸੀ ਕਿ ਸੰਗਤਾਂ ਦਾ ਇਕੱਠ ਤਾਂ ਆਪਹੁਦਰਾ ਤੇ ਗੁਰਸਿੱਖ ਨੌਜਵਾਨਾਂ ਦੀ ਹਾਜ਼ਰੀ ਭਰਵੀਂ ਸੀ, ਪਰ ਖਾਲਿਸਤਾਨ ਦਾ ਸਟੇਜ ਤੋਂ ਕੋਈ ਵੀ ਨਾਅਰਾ ਨਹੀਂ ਲਗਾਇਆ ਗਿਆ, ਜਿਸ ਕਰਕੇ ਸਿਮਰਨਜੀਤ ਸਿੰਘ ਮਾਨ ਨੇ ਸਟੇਜ ਸੰਬੋਧਨ ਨਹੀਂ ਕੀਤਾ, ਪਰ ਇਸ ਸਮਾਗਮ ਦੀ ਕਵਰੇਜ ਕਰ ਰਹੇ ਕਰੇਨ ਵਾਲੇ ਕੈਮਰੇ ਦੇ ਨਾਲ ਖਾਲਿਸਤਾਨ ਦਾ ਝੰਡਾ ਜ਼ਰੂਰ ਲਗਾਇਆ ਸੀ, ਜਿਸ ਨੂੰ ਲੈ ਕੇ ਖਾਲਿਸਤਾਨ ਦੀ ਚਰਚਾ ਵੀ ਜਾਰੀ ਰਹੀ। ਸੋਸ਼ਲ ਮੀਡੀਆ ਤੇ ਕਿਹਾ ਗਿਆ ਕਿ ਖਾਲਿਸਤਾਨ ਦਾ ਝੰਡਾ ਵੀ।  ਫੇਸਬੁਕ ਤੇ ਇਸਦੀ ਤਸਵੀਰ ਵੀ ਪੋਸਟ ਕੀਤੀ ਗਈ। 

ਇਸ ਸਰਬੱਤ ਖਾਲਸਾ ਸਮਾਗਮ ਵਿੱਚ ਬੁਲਾਰਿਆਂ ਨੇ ਵਧੇਰੇ ਕਰਕੇ ਪੰਜਾਬ ਸਰਕਾਰ ਨੂੰ ਹੀ ਪਾਣੀ ਪੀ-ਪੀ ਕੇ ਕੋਸਿਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮਾਮਲੇ, ਜਥੇਦਾਰਾਂ ਤੇ ਸ਼ਰੋਮਣੀ ਕਮੇਟੀ ਪ੍ਰਧਾਨ ਬਾਰੇ ਬਹੁਤ ਹੀ ਘੱਟ ਚਰਚਾ ਹੋਈ। ਸ੍ਰੀ ਅਕਾਲ ਤਖਤ ਦਾ ਜਥੇਦਾਰ ਜਿÀੁਂ ਹੀ ਜਗਤਾਰ ਸਿੰਘ ਹਵਾਰਾ ਨੂੰ ਐਲਾਨਿਆ ਗਿਆ, ਸਾਰੇ ਪੰਡਾਲ ਵਿੱਚ ਸੰਗਤਾਂ ਨੇ ਉੱਠ ਕੇ ਦੋਵੇ ਬਾਹਾਂ ਖੜੀਆਂ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ, ਪਰ ਬਾਅਦ ਵਿੱਚ ਇੱਕ ਨਿਹੰਗ ਨੇ ਮੁੱਦਾ ਉਠਾਇਆ ਕਿ ਸਟੇਜ ਤੋਂ ਹਵਾਰੇ ਦੀ ਸਹਿਮਤੀ ਦਾ ਪੱਤਰ ਦਿਖਾਇਆ ਜਾਵੇ, ਪਰ ਸਟੇਜ ਨੇ ਇਸ ਵੱਲ ਕੋਈ ਗੌਰ ਨਹੀਂ ਕੀਤਾ। ਉਸ ਤੋਂ ਬਾਅਦ ਜਦੋਂ ਭਾਈ ਅਮਰੀਕ ਸਿੰਘ ਦੇ ਨਾਂਅ ਦਾ ਐਲਾਨ ਕੀਤਾ ਗਿਆ ਤਾਂ ਸੰਗਤਾਂ ਦਾ ਜੋਸ਼ ਘੱਟ ਰਿਹਾ, ਪਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਨਾਂਅ ਦਾ ਐਲਾਨ ਕਰਨ 'ਤੇ ਕਈ ਜਥੇਬੰਦੀਆਂ ਨੇ ਵਿਰੋਧ ਕੀਤਾ ਕਿ ਉਹਨਾਂ ਨੂੰ ਪਹਲਾਂ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ। ਇਸ ਕਰਕੇ ਜਥੇਦਾਰਾਂ ਦੀ ਨਿਯੁਕਤੀ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਏ। ਦੂਸਰੇ ਪਾਸੇ ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਇਹ ਸਾਰੀ ਪ੍ਰੀਕਿਰਿਆ ਮਰਿਆਦਾ ਦੇ ਉਲਟ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਅਨੁਸਾਰ ਪ੍ਰਵਾਨਗੀ ਨਹੀਂ ਮਿਲ ਸਕਦੀ। ਵਿਡੰਬਨਾ ਇਹ ਵੀ ਸੀ ਕਿ ਵਧੇਰੇ ਕਰਕੇ ਸੰਗਤ ਮਾਲਵੇ ਤਂੋ ਆਈ ਸੀ, ਜਿਹੜੀ ਬਾਦਲਾਂ ਦੇ ਖਿਲਾਫ ਤਵਾ ਲਾਈ ਤੁਰੀ ਜਾ ਰਹੀ ਸੀ, ਪਰ ਦੁਆਬੇ ਤੇ ਮਾਝੇ ਦੀ ਸੰਗਤ ਕਾਫੀ ਘੱਟ ਸੀ। ਇਸ ਘਾਟ ਨੂੰ ਪ੍ਰਬੰਧਕਾਂ ਨੇ ਵੀ ਮਹਿਸੂਸ ਕੀਤਾ। ਅਪ੍ਰੈਲ 2016 ਦੀ ਵਿਸਾਖੀ ਤੱਕ ਇਸ ਘਾਟ ਨੂੰ  ਉਪਰਾਲੇ ਵੀ ਵਿਓੰਤੇ ਜਾ ਰਹੇ ਹਨ। 

ਖਦਸ਼ਿਆਂ ਦੇ ਐਨ ਉਲਟ ਦੂਸਰੇ ਪਾਸੇ ਸਮਾਗਮ ਵਾਲੀ ਜਗ੍ਹਾ 'ਤੇ ਕੋਈ ਵੀ ਪੁਲਸ ਕਰਮਚਾਰੀ ਨਹੀਂ ਸੀਂ, ਸਗੋਂ ਰਸਤੇ ਵਿੱਚ ਕਈ ਥਾਵਾਂ 'ਤੇ ਪੁਲਸ, ਸੀ.ਆਰ ਪੀ ਤੇ ਸੀ.ਆਈ.ਐੱਸ.ਐੱਫ ਭਾਰੀ ਗਿਣਤੀ 'ਚ ਤਾਇਨਾਤ ਕੀਤੀ ਗਈ ਸੀ ਤੇ ਹਰ ਹਥਿਆਰਬੰਦ ਵਿਅਕਤੀ ਦੀ ਰੋਕ ਕੇ ਤਲਾਸ਼ੀ ਲਈ ਜਾ ਰਹੀ ਸੀ। ਜਿਸ ਤਰ੍ਹਾਂ ਪਹਿਲਾਂ ਆਸ ਕੀਤੀ ਜਾ ਰਹੀ ਸੀ, ਉਸ ਦੇ ਉਲਟ ਸਮਾਗਮ ਵਿੱਚ ਆਉਣ ਵਾਲੇ ਕਿਸੇ ਵੀ ਵ੍ਹੀਕਲ ਨੂੰ ਰੋਕਿਆ ਨਹੀਂ ਗਿਆ, ਪਰ ਕਰੀਬ 10 ਕਿਲੋਮੀਟਰ ਦੂਰ ਤੱਕ ਜਾਮ ਜ਼ਰੂਰ ਲੱਗ ਗਿਆ ਸੀ ਤੇ ਬਹੁਤ ਸਾਰੇ ਲੋਕ ਤਾਂ ਸਮਾਗਮ ਵਿੱਚ ਪੁੱਜ ਵੀ ਨਹੀਂ ਸਕੇ ਸਨ। ਕਰੀਬ ਛੇ ਜਗ੍ਹਾ ਲੰਗਰ ਲਗਾਏ ਗਏ ਸਨ। ਇਸ ਸਮਾਗਮ ਤੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਨੇ ਦੂਰੀ ਬਣਾਈ ਰੱਖੀ।  ਜਦੋਂ ਸਰਬੱਤ ਖਾਲਸਾ ਵਿਛ੍ਕ ਐਲਾਨੇ ਗਾਏ ਜੱਥੇਦਾਰਾਂ ਦੇ ਨਾਮ ਸੋਸ਼ਲ ਮੀਡੀਆ ਤੇ ਨਸ਼ਰ ਹੋਏ ਤਾਂ ਕਿਸੇ ਨੇ ਟਿੱਪਣੀ ਕੀਤੀ ਕਿ ਪੰਥਪ੍ਰੀਤ ਸਿੰਘ ਨੂੰ ਬਣਾਇਆ ਜਾਣਾ ਚਾਹੀਦਾ ਸੀ ਜੱਥੇਦਾਰ। ਬਾਕੀ ਨਾਵਾਂ ਬਾਰੇ ਵੀ ਕੁਝ ਅਜਿਹੀ ਚਰਚਾ ਹੋਈ। ਹੁਣ ਦੇਖਣਾ ਇਹ ਹੈ ਕਿ ਸਰਬੱਤ ਖਾਲਸਾ ਵਾਲੀ ਇਹ ਟੀਮ ਕਿੰਨੀ ਕੁ ਦੇਰ ਇੱਕਜੁੱਟ ਰਹਿੰਦੀ ਹੈ?

No comments: