Tuesday, November 10, 2015

ਸਰਬੱਤ ਖਾਲਸਾ: ਕਾਂਗਰਸ ਦੀ "ਭੂਮਿਕਾ" ਨੂੰ ਲੈ ਕੇ BJP ਗੰਭੀਰ

ਸਰਬੱਤ ਖਾਲਸਾ 'ਚ ਸ਼ਮੂਲੀਅਤ ਬਾਰੇ ਕਾਂਗਰਸ ਆਪਣੀ ਸਥਿਤੀ ਸਪਸ਼ਟ ਕਰੇ
ਚੰਡੀਗ਼ੜ੍ਹ: 10 ਨਵੰਬਰ (ਪੰਜਾਬ ਸਕਰੀਨ ਬਿਊਰੋ):
ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਬੀਜੇਪੀ ਨੇ ਵੀ ਸੁਆਲ ਉਠਾਇਆ ਹੈ। ਪੰਜਾਬ ਸਮੱਸਿਆ ਵਿੱਚ ਕਾਂਗਰਸ ਪਾਰਟੀ ਦੇ ਇਤਿਹਾਸ ਦੀ ਚਰਚਾ ਕਰਦਿਆਂ ਭਾਜਪਾ ਆਗੂ ਕਮਲ ਸ਼ਰਮਾ ਨੇ ਕਾਫੀ ਕੁਝ ਯਾਦ ਕਰਾਇਆ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਸਰਬੱਤ ਖਾਲਸਾ 'ਚ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਵਿਧਾਇਕ ਇੰਦਰਜੀਤ ਸਿੰਘ ਜ਼ੀਰਾ ਅਤੇ ਹੋਰਾਂ ਦੀ ਸ਼ਮੂਲੀਅਤ ਦਾ ਸਖਤ ਨੋਟਿਸ ਲਿਆ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਸਿੱਕੀ ਵੱਲੋਂ ਸਰਬੱਤ ਖਾਲਸਾ ਨੂੰ ਸੰਬੋਧਨ ਕੀਤੇ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਸਾਫ਼ ਕਿਹਾ ਕਿ ਇਸ ਨਾਲ ਕਾਂਗਰਸ ਪਾਰਟੀ ਦੀਆਂ ਫੁੱਟ ਪਾਊ ਨੀਤੀਆਂ ਇਕ ਵਾਰ ਫਿਰ ਸਭ ਦੇ ਸਾਹਮਣੇ ਆ ਗਈਆਂ। ਉਨ੍ਹਾਂ ਕਿਹਾ ਕਿ ਇਸ ਤੋਂ ਸਭ ਚੰਗੀ ਤਰਾਂ ਜਾਣੂੰ ਹਨ ਕਿ ਕਿਸ ਤਰਾਂ '80ਵੇਂ ਦੇ ਦਹਾਕੇ 'ਚ ਕਾਂਗਰਸ ਪਾਰਟੀ ਨੇ ਪੰਜਾਬ 'ਚ ਘਿਨਾਉਣੀ ਭੂਮਿਕਾ ਨਿਭਾਈ ਸੀ, ਜਿਸ ਤੋਂ ਬਾਅਦ ਪੰਜਾਬ ਨੂੰ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਅਸ਼ਾਂਤੀ ਅਤੇ ਹਿੰਸਾ ਦੇ ਦੌਰ 'ਚੋਂ ਗੁਜ਼ਰਨਾ ਪਿਆ। ਸਿਰਫ ਸੱਤਾ ਦੇ ਲਾਲਚ 'ਚ ਕਾਂਗਰਸ ਨੇ ਪੰਜਾਬ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਗੰਦੀ ਸਿਆਸਤ ਖੇਡੀ ਅਤੇ ਹੁਣ ਦੁਬਾਰਾ ਖੇਡ ਰਹੀ ਹੈ। ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਕਾਂਗਰਸ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਸਪੱਸ਼ਟ ਹੈ ਕਿ ਉਹ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ 'ਤੇ ਤੁਲੀ ਹੋਈ ਹੈ। ਸ੍ਰੀ ਸ਼ਰਮਾ ਨੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਉਂਦਿਆਂ ਉਕਤ ਦੋਵਾਂ ਨੇਤਾਵਾਂ ਤੋਂ ਪੁੱਛਿਆ ਕਿ ਕਿਸ ਤਰਾਂ ਕੋਈ ਕਾਂਗਰਸੀ ਵਿਧਾਇਕ ਪਾਰਟੀ ਦੀ ਲੀਡਰਸ਼ਿਪ ਦੀ ਮਨਜ਼ੂਰੀ ਤੋਂ ਬਿਨਾਂ ਸਰਬੱਤ ਖਾਲਸਾ 'ਚ ਹਾਜ਼ਰੀ ਭਰ ਸਕਦਾ ਹੈ? ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਅਤੇ ਅਹਿਮ ਮੁੱਦੇ 'ਤੇ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨੂੰ ਜਲਦ ਆਪਣੀ ਪਾਰਟੀ ਦਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। 
ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਬੀਤੇ ਦਿਨੀਂ ਅਕਸਰ ਕਹਿੰਦੇ ਰਹੇ ਸਨ ਕਿ 'ਸਰਬੱਤ ਖਾਲਸਾ' ਇਕ ਧਾਰਮਿਕ ਮਾਮਲਾ ਹੈ ਅਤੇ ਕਾਂਗਰਸ ਦਾ ਇਕ ਧਰਮ-ਨਿਰਪੱਖ ਪਾਰਟੀ ਹੋਣ ਦੇ ਨਾਤੇ ਇਸ ਨਾਲ ਕੋਈ ਸਬੰਧ ਨਹੀਂ ਹੈ, ਪ੍ਰੰਤੂ ਹੁਣ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਬਾਹਰ ਆ ਕੇ ਆਪਣੀ ਧਰਮ-ਨਿਰਪੱਖਤਾ ਵਾਲੀ ਸਾਖ ਸਪੱਸ਼ਟ ਕਰਨੀ ਚਾਹੀਦੀ ਹੈ।|
ਕੈਪਟਨ ਵੱਲੋਂ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਜੱਥੇਦਾਰ ਥਾਪਣ ਦਾ ਵਿਰੋਧ
ਚੰਡੀਗੜ੍ਹ: 10 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):
ਸਰਬੱਤ ਖਾਲਸਾ ਵਿੱਚ ਹੋਈਆਂ ਨਿਯੁਕਤੀਆਂ ਬਾਰੇ ਤੁਰੰਤ ਪ੍ਰਤੀਕਰਮ ਜ਼ਾਹਿਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਜੱਥੇਦਾਰ ਥਾਪਣ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਜਿਹੇ ਕਿਸੇ ਵੀ ਕਦਮ ਖਿਲਾਫ਼ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕੋਈ ਵੀ ਫ਼ੈਸਲਾ ਸਾਡੀਆਂ ਸਿੱਖ ਸੰਸਥਾਵਾਂ ਦੀ ਪਵਿੱਤਰਤਾ ਤੇ ਅਧਿਕਾਰ ਨੂੰ ਹੋਰ ਠੇਸ ਪਹੁੰਚਾ ਸਕਦਾ ਹੈ, ਕਿਉਂਕਿ ਇਹ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਉਮੀਦਵਾਰਾਂ ਵਰਗੇ ਕੁਝ ਗ਼ਲਤ ਵਿਅਕਤੀਆਂ ਦੇ ਹੱਥਾਂ 'ਚ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿੱਥੇ ਅਜਿਹੀਆਂ ਨਿਯੁਕਤੀਆਂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵਿਸ਼ੇਸ਼ ਅਧਿਕਾਰ ਹੈ, ਇਸੇ ਤਰ੍ਹਾਂ, ਉਹ ਹਮੇਸ਼ਾ ਕਹਿੰਦੇ ਰਹੇ ਹਨ ਕਿ ਵਰਤਮਾਨ ਸ਼੍ਰੋਮਣੀ ਕਮੇਟੀ 'ਤੇ ਬਾਦਲ ਦਾ ਕੰਟਰੋਲ ਹੈ। ਸਾਨੂੰ ਭਰੋਸੇਯੋਗ ਸੰਸਥਾ ਦੀ ਨਿਗਰਾਨੀ ਹੇਠ ਤੁਰੰਤ ਨਵੀਂ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣੀ ਚਾਹੀਦੀ ਹੈ, ਜਿਸ ਤੋਂ ਬਾਅਦ ਨਵੀਂ ਸ਼੍ਰੋਮਣੀ ਕਮੇਟੀ ਸੁਤੰਤਰ ਸੋਚ ਹੇਠ ਜਥੇਦਾਰਾਂ ਤੇ ਹੈੱਡ ਗ੍ਰੰਥੀਆਂ ਦੀ ਨਿਯੁਕਤੀ ਕਰ ਸਕਦੀ ਹੈ, ਜਿਹੜੇ ਪੰਥ ਦੇ ਹਿਤ 'ਚ ਕੰਮ ਕਰਨਗੇ, ਨਾ ਕਿ ਬਾਦਲ ਵਰਗੇ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਕ ਵਿੱਚ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਅੱਜ ਜਥੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ, ਉਹ ਸੰਸਥਾ ਦੇ ਅਧਿਕਾਰ ਨੂੰ ਹੋਰ ਛੋਟਾ ਕਰੇਗੀ, ਜਿਸ ਨੂੰ ਬਹੁਤ ਸਾਰੇ ਬਲੀਦਾਨਾਂ ਤੋਂ ਬਾਅਦ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਦਾ ਅਰਥ ਅਨਜਾਣੇ ਨਾਲ ਬਾਦਲ ਦੇ ਗ਼ਲਤ ਏਜੰਡੇ ਨੂੰ ਪੂਰਾ ਕਰਨਾ ਹੋਵੇਗਾ।  ਕੈਪਟਨ ਅਮਰਿੰਦਰ ਨੇ ਕਿਹਾ ਕਿ ਕੱਲ੍ਹ ਬਾਦਲ ਜਾਂ ਕੋਈ ਹੋਰ ਵਿਅਕਤੀ ਇਸੇ ਤਰ੍ਹਾਂ ਦਾ ਸੰਮੇਲਨ ਕਰ ਸਕਦਾ ਹੈ ਅਤੇ ਇਨ੍ਹਾਂ ਪਵਿੱਤਰ ਸੰਸਥਾਵਾਂ ਲਈ ਨਾਮਾਂਕਣ ਕਰ ਸਕਦਾ ਹੈ, ਜੋ ਖ਼ਤਰਨਾਕ ਰੀਤ ਸਥਾਪਿਤ ਹਨ।  

No comments: