Tuesday, October 06, 2015

ਪਿੰਡ ਸੱਕਾਂ ਵਾਲੀ ਦੇ ਗੰਦੇ ਛੱਪੜ ਨੂੰ ਕੀਤਾ ਜਾਏਗਾ ਸੋਹਣੀ ਝੀਲ ਵਿਚ ਤਬਦੀਲ

Mon, Oct 5, 2015 at 6:13 PM
ਸਰਕਾਰ ਕਰੇਗੀ ਪਿੰਡ ਦੀ ਹਰ ਪ੍ਰਕਾਰ ਨਾਲ ਮਦਦ ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ; 5 ਅਕਤੂਬਰ 2015: (ਅਨਿਲ ਪਨਸੇਜਾ//ਪੰਜਾਬ ਸਰਕਾਰ):
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂ ਵਾਲੀ ਦੀ ਪੰਚਾਇਤ ਨੇ ਪਿੰਡ ਦੇ ਗੰਦੇ ਛੱਪੜ ਨੂੰ ਸੋਹਣੀ ਝੀਲ ਵਿਚ ਤਬਦੀਲ ਕਰਕੇ ਇਸ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਹੈ। ਪਿੰਡ ਦੇ ਨੌਜਵਾਨ ਸਰਪੰਚ ਚਰਨਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਸਮੁੱਚੀ ਪੰਚਾਇਤ ਨੇ ਪਿੰਡ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਸੰਭਵ ਕਰ ਵਿਖਾਇਆ ਹੈ। ਹੁਣ ਪੰਚਾਇਤ ਵੱਲੋਂ ਇਸ ਝੀਲ ਵਿਚ ਜਲਦ ਹੀ ਕਿਸਤੀਆਂ ਵੀ ਚਲਾਈਆਂ ਜਾਣਗੀਆਂ ਜਦ ਕਿ ਇਕ ਕੰਟੀਨ ਸਥਾਪਨਾ ਦੀ ਵੀ ਯੋਜਨਾ ਹੈ। ਪਿੰਡ ਦੀ ਮੋੜੀ ਗੱਡਣ ਵਾਲੇ ਬਜੁਰਗ ਸਾਗਰ ਸਿੰਘ ਸੰਧੂ ਦੇ ਨਾਂਅ ਤੇ ਪਿੰਡ ਵਾਸੀਆਂ ਇਸ ਝੀਲ ਦਾ ਨਾਂਅ ਸਾਗਰ ਸਿੰਘ ਸੰਧੂ ਲੇਕ ਰੱਖਿਆ ਹੈ
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਅਤੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਨਵਲ ਕੁਮਾਰ ਨੇ ਪਿੰਡ ਦਾ ਦੌਰਾ ਕਰਕੇ ਪੰਚਾਇਤ ਵੱਲੋਂ ਪਿੰਡ ਦੀ ਬਦਲੀ ਨੁਹਾਰ ਦਾ ਜਾਇਜਾ ਲਿਆ। ਪਿੰਡ ਦੇ ਸਰਪੰਚ ਸ: ਚਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨ ਸਮਾਗਮ ਦੌਰਾਨ ਦਿੱਤੀ ਗ੍ਰਾਂਟ ਦੇ ਸਹਿਯੋਗ ਨਾਲ ਉਨਾਂ ਨੇ ਛੱਪੜ ਦੀ ਚਾਰਦਿਵਾਰੀ ਕਰਕੇ ਇਸ ਦੇ ਚਾਰੋਂ ਪਾਸੇ ਪਿੰਡ ਵਾਸੀਆਂ ਦੇ ਸ਼ੈਰ ਕਰਨ ਲਈ ਪੱਕੇ ਰਸਤੇ ਬਣਾਏ ਗਏ ਹਨ। ਪੰਚਾਇਤ ਨੇ ਲੈਂਡ ਸਕੇਪ ਮਾਹਿਰ ਦੀ ਮਦਦ ਨਾਲ ਇਸ ਦੀ ਲੈਂਡ ਸਕੇਪਿੰਗ ਕਰਵਾਈ ਗਈ ਹੈ ਅਤੇ ਇਸ ਦੇ ਆਲੇ ਦੁਆਲੇ ਸਜਾਵਟੀ ਪੌਦੇ ਤੇ ਸੁੰਦਰ ਲਾਈਟਾਂ ਲਗਾਈਆਂ ਗਈਆਂ ਹਨ। ਛੱਪੜ ਦੇ ਅੰਦਰ ਇਕ ਰਾਸਤਾ ਬਣਾ ਕੇ ਇਕ ਹੱਟ ਬਣਾਈ ਗਈ ਹੈ ਜਿੱਥੇ ਪਿੰਡ ਵਾਸੀ ਬੈਠਕੇ ਪਿੰਡ ਦੀਆਂ ਸਾਂਝੀਆਂ ਵਿਚਾਰਾਂ ਕਰਦੇ ਹਨ। ਇਸ ਤੋਂ ਅੱਗੇ ਇਹ ਰਾਸਤਾ ਝੀਲ ਦੇ ਬਿੱਲਕੁਲ ਵਿਚਕਾਰ ਬਣੇ ਪੁਰਾਤਨ ਖੂਹ ਤੱਕ ਜਾਂਦਾ ਹੈ ਜਿਸ ਲਈ ਪੰਚਾਇਤ ਨੇ ਵਿਸੇਸ਼ ਤੌਰ ਤੇ ਛੋਟੀ ਇੱਟ ਦਾ ਪ੍ਰਬੰਧ ਕਰਕੇ ਇਸਦੀ ਮੁਰਮੰਤ ਕੀਤੀ ਹੈ। ਹੁਣ ਇਸ ਵਿਚ ਇਕ ਕਿਸਤੀ ਅਤੇ ਸ਼ਿਕਾਰਾ ਚਲਾਉਣ ਲਈ ਪੰਚਾਇਤ ਨੇ ਆਰਡਰ ਦੇ ਦਿੱਤਾ ਹੈ। ਲਗਭਗ 2.75 ਏਕੜ ਵਿਚ ਬਣੇ ਇਸ ਛੱਪੜ ਵਿਚ ਕੇਵਲ ਸਾਫ ਪਾਣੀ ਪਾਇਆ ਜਾਂਦਾ ਹੈ ਅਤੇ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਪੰਚਾਇਤ ਨੇ ਵੱਖਰੇ ਤੌਰ ਤੇ ਪ੍ਰਬੰਧ ਕੀਤੇ ਹੋਏ ਹਨ। ਪੰਚਾਇਤ ਨੇ ਮੱਛੀ ਪਾਲਣ ਲਈ ਵੀ ਇਸ ਨੂੰ ਠੇਕੇ ਤੇ ਦਿੱਤਾ ਹੈ ਜਿਸਤੋਂ ਹੋਣ ਵਾਲੀ ਆਮਦਨ ਵੀ ਇਸਦੇ ਸੁੰਦਰੀਕਰਨ ਤੇ ਖਰਚੀ ਜਾਵੇਗੀ। ਇਸੇ ਤਰਾਂ ਇੱਥੇ ਸੀ.ਸੀ.ਟੀ.ਵੀ. ਕੈਮਰੇ ਵੀ ਜਲਦ ਲਗਾਏ ਜਾ ਰਹੇ ਹਨ।
ਪੰਜਾਬ ਦੇ ਉਪਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਆਪਣਾ ਪ੍ਰੇਰਣਾ ਸ਼ੋ੍ਰਤ ਦਸੱਦਿਆਂ ਪਿੰਡ ਦਾ ਸਰਪੰਚ ਆਖਦਾ ਹੈ ਕਿ ਪਿੰਡ ਨੂੰ ਆਦਰਸ਼ ਗ੍ਰਾਮ ਬਣਾਉਣਾ ਹੀ ਹੁਣ ਉਸਦਾ ਇਕਮਾਤਰ ਉਦੇਸ਼ ਹੈ। ਪਿੰਡ ਸੱਕਾਂ ਵਾਲੀ ਦੀ ਸੁੰਦਰਤਾ ਇੱਥੋਂ ਹੀ ਨਹੀਂ ਝਲਕਦੀ ਸਗੋਂ ਸਾਫ ਅਤੇ ਚੌੜੀਆਂ ਗਲੀਆਂ ਵੀ ਪਿੰਡ ਵਿਚ ਆਉਣ ਵਾਲੇ ਹਰ ਇਕ ਮਿਹਮਾਨ ਦਾ ਸਵਾਗਤ ਕਰਦੀਆਂ ਹਨ। ਸਾਰਾ ਪਿੰਡ ਆਪਣੇ ਪਿੰਡ ਨੂੰ ਸਾਫ ਸੁੱਥਰਾ ਰੱਖਣ ਵਿਚ ਯੋਗਦਾਨ ਪਾਉਂਦਾ ਹੈ। ਛੱਪੜ ਤੋਂ ਬਿਨਾਂ ਵੀ ਪਿੰਡ ਵਿਚ 150 ਤੋਂ ਵਧੇਰੇ ਸਜਾਵਟੀ ਅਤੇ ਛਾਂਦਾਰ ਰੁੱਖ ਲਗਾਏ ਜਾ ਰਹੇ ਹਨ। ਸਾਂਝੇ ਕੰਮਾਂ ਲਈ ਤਤਪਰ ਰਹਿਣ ਵਾਲੇ ਇਸ ਪਿੰਡ ਦੇ ਲੋਕਾਂ ਨੇ ਲਗਭਗ 35 ਲੱਖ ਰੁਪਏ ਪਿੰਡ ਵਿਚੋਂ ਇੱਕਠੇ ਕਰਕੇ ਇਕ 120 ਗੁਣਾ 80 ਫੁੱਟ ਦਾ ਵੱਡਾ ਕਮਿਊਨਟੀ ਹਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਏ.ਸੀ.ਹਾਲ ਦੇਣ ਦੀ ਯੋਜਨਾ ਇਸ ਪਿੰਡ ਦੇ ਲੋਕਾਂ ਦੀ ਹੈ। ਪਿੰਡ ਵਿਚ ਕਿਸੇ ਵੀ ਸਰਕਾਰੀ ਥਾਂ ਤੇ ਕੋਈ ਕਬਜਾ ਨਹੀਂ ਹੈ ਸਗੋਂ ਪਿੰਡ ਵਾਸੀਆਂ ਨੇ ਪਿੰਡ ਦੀਆਂ ਗਲੀਆਂ ਨੂੰ ਚੌੜਾ ਕਰਨ ਲਈ ਖੁਦ ਆਪਣੀ ਥਾਂ ਪੰਚਾਇਤ ਨੂੰ ਛੱਡ ਦਿੱਤੀ ਹੈ। ਪਿੰਡ ਦੇ ਵਿਕਾਸ ਲਈ ਪਿੰਡ ਦੇ ਲੋਕ ਪਾਰਟੀਬਾਜੀ ਤੋਂ ਉਪਰ ਉਠ ਕੇ ਕੰਮ ਕਰਦੇ ਹਨ। ਪਿੰਡ ਦਾ ਨੌਜਵਾਨ ਸਰਪੰਚ ਪੰਚਾਇਤ ਦੀ ਇਸ ਸਫਲਤਾ ਦਾ ਸਿਹਰਾ ਪਿੰਡ ਦੇ ਏਕੇ ਸਿਰ ਬੰਨਦਿਆਂ ਆਖਦਾ ਹੈ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਉਹ ਇਸ ਔਖੇ ਕਾਰਜ ਨੂੰ ਸਫਲਤਾ ਨਾਲ ਨੇਪਰੇ ਚਾੜਨ ਵਿਚ ਸਫਲ ਹੋਏ ਹਨ। 
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ.ਨੇ ਪੰਚਾਇਤ ਨੂੰ ਕਿਹਾ ਕਿ ਜੋ ਬਕਾਇਆ ਕੰਮ ਹਨ ਉਨਾਂ ਸਬੰਧੀ ਵੀ ਰਿਪੋਟ ਤਿਆਰ ਕੀਤੀ ਜਾਵੇ ਤਾਂ ਜੋ ਪੰਜਾਬ ਸਰਕਾਰ ਤੋਂ ਇਸ ਲਈ ਵੀ ਗ੍ਰਾਂਟ ਲਈ ਜਾ ਸਕੇ। 
ਇਸ ਮੌਕੇ ਹਾਜਰ ਪਿੰਡ ਵਾਸੀਆਂ ਵਿਚ ਸਾਬਕਾ ਚੇਅਰਮੈਨ ਸ: ਹਰਦੀਪ ਸਿੰਘ, ਸ੍ਰੀਮਤੀ ਸੁਖਦੀਪ ਕੌਰ ਸੂੰਧ ਮੈਂਬਰ ਬਲਾਕ ਸੰਮਤੀ, ਧਾਰਮਿਕ ਕਮੇਟੀ ਦੇ ਪ੍ਰਧਾਨ ਸ: ਗੁਰਮੀਤ ਸਿੰਘ, ਸ: ਪਰਮਪਾਲ ਸਿੰਘ, ਸਕੂਲ ਵਿਕਾਸ ਕਮੇਟੀ ਪ੍ਰਧਾਨ ਸ੍ਰੀ ਮੋਦਨ ਸਿੰਘ, ਸ: ਹਰਦਿਲਜੀਤ ਸਿੰਘ ਸਾਬਕਾ ਸਰਪੰਚ, ਬਲਰਾਜ ਸਿੰਘ ਪੱਪਾ, ਸ: ਗੁਰਨਾਮ ਸਿੰਘ,  ਨਿੱਕਾ ਸੰਧੂ, ਆਦਿ ਵੀ ਹਾਜਰ ਸਨ।

No comments: