Monday, October 26, 2015

ਕੇਂਦਰੀ ਗ੍ਰਹਿ ਮੰਤਰਾਲੇ ਦੇ ਦਖ਼ਲ ਮਗਰੋਂ ਸੁਮੇਧ ਸੈਣੀ ਦਾ ਤਬਾਦਲਾ

ਕੇਂਦਰੀ ਗ੍ਰਹਿ ਮੰਤਰਾਲਾ ਪੰਜਾਬ ਪੁਲਸ ਦੀ ਭੂਮਿਕਾ ਨਾਲ ਸੰਤੁਸ਼ਟ ਨਹੀਂ ਸੀ
ਚੰਡੀਗੜ੍ਹ: 25 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬ ਵਿੱਚ ਤੇਜ਼ੀ ਨਾਲ ਬਦਲ ਰਹੇ ਘਟਨਾਕ੍ਰਮ ਵਿੱਚ ਅੱਜ ਡੀਜੀਪੀ ਸੁਮੇਧ ਸੈਣੀ ਨੂੰ ਹਟਾ ਕੇ ਉਹਨਾਂ ਦੀ ਥਾਂ ਸੁਰੇਸ਼ ਅਰੋੜਾ ਨੂੰ ਨਵਾਂ ਡੀਜੀਪੀ ਨਿਯੁਕਤ ਕਰ ਦਿੱਤਾ ਗਿਆ। ਇਸ ਰੱਦੋਬਦਲ ਨਾਲ ਸਿੱਖ ਸੰਗਤਾਂ ਦੇ ਰੋਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਸੰਗਤਾਂ ਦੇ ਜਜ਼ਬਾਤੀ ਅਤੇ ਗਰਮ ਖਿਆਲੀ ਧੜੇ ਸ਼੍ਰੀ ਸੈਣੀ ਦੀ ਨਿਯੁਕਤੀ ਦੇ ਵੇਲੇ ਤੋਂ ਹੀ ਉਹਨਾਂ ਦਾ ਵਿਰੋਧ ਕਰ ਰਹੇ ਸਨ। ਹੁਣ ਨਵੇਂ ਬਣਾਏ ਡੀਜੀਪੀ ਸੁਰੇਸ਼ ਅਰੋੜਾ 1982 ਬੈਚ ਦੇ ਆਈ ਪੀ ਐੱਸ ਅਫ਼ਸਰ ਹਨ ਜੋ ਪਹਿਲਾ ਵਿਜੀਲੈਂਸ 'ਚ ਸਨ। ਦੂਜੇ ਪਾਸੇ ਸੁਮੇਧ ਸੈਣੀ ਨੂੰ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾਚੇਅਰਮੈਨ ਬਣਾਇਆ ਗਿਆ ਹੈ।  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਜ਼ਦੀਕੀ ਸਮਝੇ ਜਾਂਦੇ ਸੁਮੇਧ ਸੈਣੀ ਕਾਫੀ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਸਨ। ਇਸ ਰੱਦੋਬਦਲ ਨਾਲ ਪੰਜਾਬ ਸਰਕਾਰ ਦੇ ਵਿਰੋਧੀ ਕੁਝ ਸ਼ਾਂਤ ਹੋਣਗੇ।
ਦੂਜੇ ਪਾਸੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਵਿਵਾਦਿਤ ਫੈਸਲਾ ਵਾਪਿਸ ਲੈਂਦਿਆਂ ਪੰਜ ਪਿਆਰਿਆਂ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਲੋਕਾਂ ਵਿੱਚ ਜਾਗਰਤੀ ਵੀ ਆ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਾਅਦ ਸਿਰਫ ਪੁਲਿਸ ਨੂੰ  ਕੋਸਣ ਦੀ ਥਾਂ ਸੀਸੀ ਟੀਵੀ ਕੈਮਰੇ ਵੀ  ਹਨ, ਸੰਗਤਾਂ ਨੇ  ਪ੍ਰਬੰਧ ਕੀਤਾ ਹੈ ਅਤੇ  ਖੁਦ ਆਪਣੀ ਚੋਕਸੀ ਵੀ ਵਧਾਈ ਹੈ।
ਅੱਜ ਆਦਮਪੁਰ ਨੇੜਲੇ ਪਿੰਡ ਘੜਿਆਲ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀਆਂ ਅਵਤਾਰ ਸਿੰਘ ਤੇ ਜੀਤਪਾਲ ਸਿੰਘ ਵਾਸੀ ਰਾਮਨਗਰ ਨੂੰ ਪਿੰਡ ਵਾਸੀਆਂ ਨੇ ਮੌਕੇ 'ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਪੁਲਿਸ ਉਨ੍ਹਾਂ ਨੂੰ ਲੈ ਕੇ ਥਾਣੇ ਦੀ ਬਜਾਇ ਕਿਸੇ ਹੋਰ ਜਗ੍ਹਾ ਲੈ ਗਈ, ਜਿਸ ਤੋਂ ਰੋਹ 'ਚ ਆਏ ਇਲਾਕਾ ਵਾਸੀਆਂ ਨੇ ਹੁਸ਼ਿਆਰਪੁਰ-ਜਲੰਧਰ ਮਾਰਗ 'ਤੇ ਆਵਾਜਾਈ ਰੋਕ ਦਿੱਤੀ। ਸਿੱਖ ਸੰਗਤਾਂ ਅਤੇ ਆਮ ਲੋਕਾਂ ਨੇ ਵਾਟਸਅਪ ਅਤੇ ਸੋਸ਼ਲ ਮੀਡੀਆ ਨੂੰ ਆਪਣੇ ਸੰਪਰਕ ਦਾ ਮਜਬੂਤ ਸਾਧਨ ਬਣਾਇਆ ਹੈ ਅਤੇ ਝੂਠੀਆਂ ਖਬਰਾਂ ਜਾਂ ਅਫਵਾਹਾਂ ਫੈਲਾਉਣ ਵਾਲਿਆਂ ਦੀ ਲੋਕ ਨਾਲੋ ਨਾਲ ਖੁਦ ਹੀ ਲਾਹਪਾਹ ਵੀ ਕਰ ਰਹੇ ਹਨ।  ਮੀਡੀਆ ਦੀ ਖਾਮੋਸ਼ੀ ਨੇ ਇਸ ਰੁਝਾਣ ਨੂੰ  ਹੋਰ ਮਜਬੂਤ ਕੀਤਾ ਹੈ। ਰੋਹ ਵਿੱਚ ਆਈਆਂ ਸੰਗਤਾਂ ਨੇ ਇੱਕ ਥਾਂ  ਇੱਕ ਟੀਵੀ ਚੈਨਲ ਦਾ ਨਾਮ ਲਿਖ ਕੇ ਸਪਸ਼ਟ ਲਿਖਿਆ ਹੈ ਕਿ ਇਸ ਟੀਵੀ ਚੈਨਲ ਵਾਲੇ ਸਾਡੇ ਕੋਲ ਨਾ ਆਉਣ।
ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਮੇਧ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਏ ਜਾਣ ਦੀ। ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਪੈਦਾ ਹੋਏ ਹਾਲਾਤ ਨਾਲ ਸਹੀ ਢੰਗ ਨਾਲ ਨਿਪਟਣ 'ਚ ਨਾਕਾਮ ਰਹੇ ਪੰਜਾਬ ਦੇ ਡੀ ਜੀ ਪੀ ਸੁਮੇਧ ਸੈਣੀ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾ ਦੀ ਥਾਂ ਸੁਰੇਸ਼ ਅਰੋੜਾ ਨੂੰ ਪੰਜਾਬ ਪੁਲਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਸੈਣੀ ਨੂੰ ਅਹੁਦੇ ਤੋਂ ਹਟਾਉਣ ਅਤੇ ਉਨ੍ਹਾ ਦੀ ਥਾਂ 1982 ਬੈਚ ਦੇ ਆਈ ਪੀ ਐੱਸ ਅਧਿਕਾਰੀ ਸੁਰੇਸ਼ ਅਰੋੜਾ ਦੀ ਨਿਯੁਕਤੀ ਦਾ ਫ਼ੈਸਲਾ ਬੀਤੀ ਰਾਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ 'ਚ ਲਿਆ ਗਿਆ। ਸੁਮੇਧ ਸੈਣੀ ਨੂੰ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਖ਼ਲ ਮਗਰੋਂ ਸੁਮੇਧ ਸੈਣੀ ਦਾ ਤਬਾਦਲਾ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੰਜਾਬ 'ਚ ਸ੍ਰੀ ਗੁਰੂ ਗਰੰਥ ਦੀ ਬੇਅਦਬੀ ਕਾਰਨ ਪੈਦਾ ਹੋਏ ਹਾਲਾਤ ਬਾਰੇ ਗੱਲ ਕੀਤੀ ਸੀ ਅਤੇ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ।
ਉੱਚ ਪੱਧਰੀ ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਪੁਲਸ ਵੱਲੋਂ ਨਿਭਾਈ ਗਈ ਭੂਮਿਕਾ ਨਾਲ ਸੰਤੁਸ਼ਟ ਨਹੀਂ ਸੀ ਅਤੇ ਗ੍ਰਹਿ ਮੰਤਰਾਲੇ ਨੇ ਆਪਣੀ ਨਰਾਜ਼ਗੀ ਸੂਬਾ ਸਰਕਾਰ ਨੂੰ ਦੱਸ ਕੇ ਪੁਲਸ ਢਾਂਚੇ 'ਚ ਫੇਰਬਦਲ ਕਰਨ ਦੀ ਸਲਾਹ ਦਿੱਤੀ ਸੀ, ਜਿਸ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬੀਤੀ ਦੇਰ ਰਾਤ ਸੁਰੇਸ਼ ਅਰੋੜਾ ਨੂੰ ਪੰਜਾਬ ਦਾ ਡੀ ਜੀ ਪੀ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ। ਸ੍ਰੀ ਅਰੋੜਾ ਹੁਣ ਤੱਕ ਪੰਜਾਬ ਪੁਲਸ 'ਚ ਏ ਡੀ ਜੀ ਪੀ ਇੰਟੈਲੀਜੈਂਸ ਸਨ।
ਇਸੇ ਦੌਰਾਨ ਪਤਾ ਚੱਲਿਆ ਹੈ ਕਿ ਫਰੀਦਕੋਟ ਦੇ ਬਹਿਬਲ ਕਲਾਂ ਪਿੰਡ ਵਿੱਚ 14 ਅਕਤੂਬਰ ਨੂੰ ਪੁਲਸ ਫਾਇਰਿੰਗ 'ਚ ਦੋ ਨੌਜੁਆਨਾਂ ਦੀ ਮੌਤ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਸੈਣੀ ਦਾ ਵਿਰੋਧ ਵਧ ਗਿਆ ਸੀ ਅਤੇ ਪਾਰਟੀ ਦੇ ਬਹੁਤ ਸਾਰੇ ਆਗੂ ਉਨ੍ਹਾ ਨੂੰ ਅਹੁਦੇ 'ਤੇ ਬਣਾਏ ਰੱਖਣ ਦੇ ਵਿਰੁੱਧ ਸਨ ਅਤੇ ਉਨ੍ਹਾਂ ਵੱਲੋਂ ਮੁੱਖ ਮੰਤਰੀ 'ਤੇ ਉਸ ਦੇ ਤਬਾਦਲੇ ਲਈ ਦਬਾਅ ਪਾਇਆ ਜਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਨੇ ਦੋ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬਰਗਾੜੀ ਘਟਨਾ ਹੱਲ ਕਰਨ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਉਸ ਕੋਲ ਇਸ ਗੱਲ ਦੇ ਸਬੂਤ ਹਨ ਕਿ ਦੋਵਾਂ ਨੂੰ ਆਸਟਰੇਲੀਆ ਅਤੇ ਡੁਬਈ ਤੋਂ ਹਦਾਇਤਾਂ ਅਤੇ ਪੈਸਾ ਮਿਲਿਆ ਸੀ, ਪਰ ਪੁਲਸ ਦਾ ਇਹ ਦਾਅਵਾ ਉਸ ਵੇਲੇ ਪੁੱਠਾ ਪੈ ਗਿਆ, ਜਦੋਂ ਪੰਜਗਰਾਈਂ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਪੁਲਸ ਕਹਾਣੀ ਨੂੰ ਗਲਤ ਦੱਸਦਿਆਂ ਗ੍ਰਿਫ਼ਤਾਰ ਕੀਤੇ ਦੋਵਾਂ ਨੌਜੁਆਨਾਂ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਅਤੇ ਹੌਲੀ-ਹੌਲੀ ਇਹ ਅੰਦੋਲਨ ਦੋਵਾਂ ਭਰਾਵਾਂ ਨੂੰ ਰਿਹਾਅ ਕਰਨ ਦੇ ਮੁੱਦੇ 'ਤੇ ਕੇਂਦਰਤ ਹੋ ਗਿਆ।
ਸੂਬਾ ਪੁਲਸ 'ਤੇ ਦੋਸ਼ ਹੈ ਕਿ ਉਹ ਚਾਰ ਮਹੀਨੇ ਪਹਿਲਾਂ ਚੋਰੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਕੇਸ ਹੱਲ ਨਾ ਕਰ ਸਕੀ, ਸਗੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਦੋ ਨੌਜੁਆਨਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਵਿਅਕਤੀ ਫੱਟੜ ਹੋ ਗਏ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਉਹ ਸ਼ਾਂਤਮਈ ਢੰਗ ਨਾਲ ਧਰਨੇ 'ਤੇ ਬੈਠੇ ਸਨ ਕਿ ਪੁਲਸ ਨੇ ਅਚਾਨਕ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾ ਕੇ ਦੋ ਨੌਜੁਆਨ ਮਾਰ ਸੁੱਟੇ ਅਤੇ 50 ਜ਼ਖ਼ਮੀ ਹੋ ਗਏ।
ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਬਾਦਲ ਨੂੰ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀਆਂ ਘਟਨਾਵਾਂ ਨੂੰ ਲੈ ਕੇ ਬੇਹੱਦ ਫ਼ਿਕਰਮੰਦ ਹੈ। ਉਨ੍ਹਾ ਸੂਬੇ 'ਚ ਸ਼ਾਂਤੀ ਕਾਇਮ ਰੱਖਣ ਲਈ ਸ੍ਰੀ ਬਾਦਲ ਨੂੰ ਸਾਰੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਅਤੇ ਕੇਂਦਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਇਸੇ ਦੌਰਾਨ ਸ਼ਨੀਵਾਰ ਰਾਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸ੍ਰੀ ਬਾਦਲ ਦੀ ਰਿਹਾਇਸ਼ 'ਤੇ ਹੋਈ ਅਤੇ ਇਸ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਮੁਕੰਮਲ ਹਮਾਇਤ ਦਾ ਫ਼ੈਸਲਾ ਕੀਤਾ ਗਿਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸੈਣੀ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਹਨ ਅਤੇ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਦਵਿੰਦਰਪਾਲ ਸਿੰਘ ਭੁੱਲਰ ਦੇ ਕੁਝ ਸਾਥੀਆਂ, ਰਿਸ਼ਤੇਦਾਰਾਂ ਅਤੇ ਪਿਤਾ ਦੀ ਗੈਰ-ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰੀ ਦੇ ਮਾਮਲੇ ਵਿੱਚ ਸੀ ਬੀ ਆਈ ਜਾਂਚ ਦਾ ਸਾਹਮਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵੇਲੇ ਪੰਜਾਬ 'ਚ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਸੁਮੇਧ ਸੈਣੀ ਨੂੰ ਆਰਜ਼ੀ ਤੌਰ 'ਤੇ ਡੀ ਜੀ ਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਹੁਣ ਜਦੋਂ ਕਿ ਪੰਜਾਬ ਇੱਕ ਵਾਰ ਫੇਰ ਨਾਜ਼ੁਕ ਹਾਲਾਤ ਚੋਂ ਲੰਘ ਰਿਹਾ ਹੈ ਅਤੇ ਪੰਜਾਬ ਪੁਲਿਸ ਦੀ ਭੂਮਿਕਾ ਇੱਕ ਵਾਰ ਫੇਰ ਵਿਵਾਦਾਂ ਵਿੱਚ ਹੈ ਤਾਂ ਇਹ ਸੁਆਲ ਵੀ ਖੜਾ ਹੁੰਦਾ ਹੈ ਕਿ ਕੀ ਪੁਲਿਸ ਹਮੇਸ਼ਾਂ ਆਪਣੀ ਮਨਮਰਜ਼ੀ ਕਰਦੀ ਹੈ? ਉਸਦੇ ਕੰਮਕਾਜ ਵਿੱਚ ਕੋਈ ਸਿਆਸੀ ਦਖਲ ਨਹੀਂ ਹੁੰਦਾ? ਕੀ ਹਰ ਵਾਰ ਕਿਸੇ ਅਫਸਰ ਨੂੰ ਬਲੀ ਦਾ ਬੱਕਰਾ ਬਣਾ ਕੇ ਸਿਆਸੀ ਲੋਕ ਆਪਣੀ ਜ਼ਿੰਮੇਦਾਰੀ ਤੋਂ ਮੁਕਤ ਹੋ ਜਾਂਦੇ ਹਨ?

No comments: