Monday, March 16, 2015

ਮੋਟਰਸਾਈਲ ਮਾਰਚ ਰਾਹੀਂ ਲੋਕਾਂ ਨੂੰ ਸ਼ਹੀਦਾਂ ਦੀ ਵਿਰਾਸਤ ਨਾਲ਼ ਜੁੜਨ ਦਾ ਹੋਕਾ




Mon, Mar 16, 2015 at 2:04 PM
ਅਕਸ਼ ਗੂੰਜਦੇ ਨਾਅਰਿਆਂ ਨਾਲ਼ ਲੰਘਿਆ ਵੱਖ ਵੱਖ ਰਾਹਾਂ ਚੋਂ ਕ੍ਰਾਂਤੀ ਦਾ ਕਾਫ਼ਿਲਾ  
ਪੱਖੋਵਾਲ: 15 ਮਾਰਚ 2015: (ਪੰਜਾਬ ਸਕਰੀਨ ਬਿਊਰੋ):
 ਅੱਜ ਨੌਜਵਾਨ ਭਾਰਤ ਸਭਾ ਦੀ ਪੱਖੋਵਾਲ ਇਕਾਈ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮੋਟਰਸਾਈਕਲ ਮਾਰਚ ਕੱਢਿਆ ਗਿਆ ਜਿਸ ਵਿੱਚ 150 ਦੇ ਕਰੀਬ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਹ ਮਾਰਚ ਪੱਖੋਵਾਲ ਤੋਂ ਸ਼ੁਰੂ ਕਰਕੇ, ਭੈਣੀ, ਬੜੂੰਦੀ, ਲਤਾਲਾ, ਰੰਗੂਵਾਲ, ਜੁੜਾਹਾਂ, ਫੱਲੇਵਾਲ, ਨੰਗਲ਼ ਕਲਾਂ, ਨੰਗਲ ਖੁਰਦ, ਡਾਂਗੋ, ਸਰਾਭਾ, ਲੀਲ੍ਹ, ਟੂਸਾ, ਹਲਵਾਰਾ, ਬੁਰਜ ਲਿੱਤਰਾਂ, ਧਾਲ਼ੀਆਂ ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਮੁੜ ਪੱਖੋਵਾਲ ਪੁੱਜਿਆ। ਇਸ ਵਿੱਚ ਨੌਜਵਾਨਾਂ ਨੇ ਅਕਾਸ਼ ਗੂੰਜਦੇ ਨਾਅਰਿਆ ਨਾਲ਼ ਲੋਕਾਂ ਨੂੰ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਇਨਕਲਾਬੀ ਵਿਰਾਸਤ ਨਾਲ਼ ਜੁੜਨ, ਉਹਨਾਂ ਦੇ ਸੁਪਿਨਆਂ ਦਾ ਸਮਾਜ ਬਣਾਉਣ ਲਈ ਇੱਕਜੁਟ ਹੋਣ ਅਤੇ ਉਹਨਾਂ ਦੇ ਦਿਨ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਭ ਪਿੰਡਾਂ ਵਿੱਚ ਪਰਚਾ ਵੰਡਿਆ ਗਿਆ ਅਤੇ ਕਈ ਥਾਵਾਂ 'ਤੇ ਰੁਕ ਕੇ ਨੁੱਕੜ ਸਭਾਵਾਂ ਕੀਤੀਆਂ ਗਈਆਂ।
ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਵਧ ਰਹੇ ਆਰਥਕ-ਸਮਾਜਕ ਪਾੜੇ, ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਜਿਹੀਆਂ ਸਮੱਸਿਆਵਾਂ ਨੇ ਕਿਰਤੀ ਲੋਕਾਂ ਦੀ ਜਿਉਣਾ ਮੁਹਾਲ ਕੀਤਾ ਹੋਇਆ ਹੈ, ਉੱਤੋਂ ਔਰਤਾਂ ਵਿਰੁੱਧ ਵਧ ਰਹੇ ਅਪਰਾਧ, ਜਾਤ-ਪਾਤੀ ਜਬਰ, ਫਿਰਕਾਪ੍ਰਸਤੀ ਜਿਹੀਆਂ ਸਮੱਸਿਆਵਾਂ ਲੋਕਾਂ ਦੇ ਜੀਵਨ ਨੂੰ ਹੋਰ ਵੀ ਬਦਤਰ ਬਣਾ ਰਹੀਆਂ ਹਨ। ਅਜਿਹੀਆਂ ਹਾਲਤਾਂ ਨੂੰ ਮੋੜਾ ਦੇਣ ਲਈ ਲੋਕਾਂ ਨੂੰ ਇਨਕਲਾਬੀ ਸ਼ਹੀਦਾਂ ਨਾਲ਼ ਜੋੜਨ, ਉਹਨਾਂ ਦੇ ਵਿਚਾਰਾਂ ਨਾਲ਼ ਜੋੜਨ ਤੇ ਉਹਨਾਂ ਉੱਤੇ ਚੱਲਣ ਲਈ ਲਾਮਬੰਦ ਕਰ ਦੀ ਲੋੜ ਹੈ। ਭਗਤ ਸਿੰਘ ਦੇ ਆਖਣ ਵਾਂਗ ਇਨਕਲਾਬ ਦੀ ਸਪਿਰਟ ਨੂੰ ਤਾਜ਼ਾ ਕਰਨ ਦੀ ਲੋੜ ਹੈ, ਇਨਕਲਾਬ ਦਾ ਸੁਨੇਹਾ ਝੁੱਗੀਆਂ, ਝੌਂਪੜੀਆਂ ਕਾਰਖਿਾਨਿਆਂ, ਖੇਤਾਂ ਵਿੱਚ ਨੌਜਵਾਨਾਂ ਮਜ਼ਦੂਰਾਂ ਤੇ ਕਿਰਤੀਆਂ ਤੱਕ ਪਹੁੰਚਾਉਣ ਦੀ ਲੋੜ ਹੈ। ਪਰ ਮੌਜੂਦਾ ਹਾਕਮ ਲੁਟੇਰੇ ਤੇ ਵੋਟ ਬਟੋਰੂ ਪਾਰਟੀਆਂ ਲੋਕਾਂ ਨੂੰ ਇਸ ਇਨਕਲਾਬੀ ਵਿਰਾਸਤ ਤੋਂ ਤੋੜਣ ਲਈ ਲਗਾਤਰਾ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ, ਉਹ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਅਜ਼ਾਦ, ਕਰਤਾਰ ਸਿੰਘ ਸਰਾਭਾ ਜਿਹੇ ਸੂਰਬੀਰਾਂ ਦੇ ਜਨਮਦਿਨ ਅਤੇ ਸ਼ਾਹਦਤ ਦਿਨ ਮੌਕੇ ਉਹਨਾਂ ਦੇ ਗਲ਼ਾਂ ਵਿੱਚ ਹਾਰ ਪਾਉਣ ਦਾ ਪਖੰਡ ਕਰਦਿਆਂ ਉਹਨਾਂ ਨੂੰ ਯਾਦ ਕਰਨ ਨੂੰ ਇੱਕ ਰਸਮੀ ਕਾਰਵਾਈ ਬਣਾ ਦੇਣਾ ਚਾਹੁੰਦੇ ਹਨ ਤੇ ਇਸ ਤਰ੍ਹਾਂ ਉਹਨਾਂ ਦੇ ਵਿਚਾਰਾਂ 'ਤੇ ਪਰਦਾ ਪਾਉਂਦੇ ਹਨ। ਪਰ ਅੱਜ ਸਾਡੇ ਸ਼ਹੀਦਾਂ ਨੂੰ ਯਾਦ ਕਰਨ ਦਾ ਅਰਥ ਉਹਨਾਂ ਦੇ ਸੰਕਲਪਾਂ, ਉਹਨਾਂ ਦੀ ਵਿਚਾਰਧਾਰਾ, ਇਹਨਾਂ ਦੇ ਇਨਕਲਾਬੀ ਜ਼ਜਬੇ ਨੂੰ ਯਾਦ ਕਰਨਾ ਤੇ ਇਸਨੂੰ ਆਤਮਸਾਤ ਕਰਕੇ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਹੈ, ਜਿਸ ਤੋਂ ਇਹ ਸਭ ਲੋਟੂ ਸਰਕਾਰਾਂ ਡਰਦੀਆਂ ਹਨ। ਅੱਜ ਲੋੜ ਇਸ ਗੱਲ ਦੀ ਹੈ ਕਿ ਲੋਕਾਂ ਵਿੱਚ ਆਪਣੇ ਸ਼ਹੀਦਾਂ ਨੂੰ ਇਸ ਤਰ੍ਹਾਂ ਯਾਦ ਕਰਨ ਦੀ ਪਿਰਤ ਪਾਈ ਜਾਵੇ, ਇਨਕਲਾਬ ਦੇ ਸੁਨੇਹੇ ਨੂੰ ਮੜ ਬੁਲੰਦ ਕੀਤਾ ਜਾਵੇ। ਰਵਾਇਤੀ ਤਿਉਹਾਰਾਂ ਦੀ ਥਾਂ ਉਹਨਾਂ ਨੂੰ ਆਪਣੇ ਸ਼ਹੀਦਾਂ ਦੇ ਦਿਨ ਮਨਾਉਣ ਵੱਲ ਮੋੜਿਆ ਜਾਵੇ। ਇਹ ਮੋਟਰਸਾਈਕਲ ਮਾਰਚ ਅਜਿਹੀਆਂ ਪਿਰਤਾਂ ਪਾਉਣ ਤੇ ਇਨਕਲਾਬ ਦੇ ਸੁਨੇਹੇ ਨੂੰ ਲੋਕਾਂ ਤੱਕ ਲਿਜਾਣ ਵੱਲ ਇੱਕ ਨਿੱਕਾ ਜਿਹਾ ਕਦਮ ਹੈ, ਭਵਿੱਖ ਵਿੱਚ ਅਨੇਕਾਂ ਰੂਪਾਂ ਵਿੱਚ ਤੇ ਹੋਰ ਵੀ ਵੱਡੇ ਪੱਧਰ 'ਤੇ ਸ਼ਹੀਦਾਂ ਦੇ ਸੰਕਲਪਾਂ ਨੂੰ ਲੋਕਾਂ ਤੱਕ ਲਿਜਾਇਆ ਜਾਣਾ ਪਵੇਗਾ। ਉਹਨਾਂ ਕਿਹਾ ਕਿ ਅੱਜ ਘਰਾਂ, ਪਿੰਡਾਂ, ਕਸਬਿਆਂ ਸ਼ਹਿਰਾਂ ਵਿੱਚ ਹਜ਼ਾਰਾਂ, ਲੱਖਾਂ ਦੀ ਗਿਣਤੀ ਵਿੱਚ ਅਜਿਹੇ ਨੌਜਵਾਨ ਬੈਠੇ ਹਨ ਜੋ ਮੌਜੂਦਾ ਮਨੁੱਖਦੋਖੀ ਤੇ ਲੋਟੂ ਪ੍ਰਬੰਧ ਤੋਂ ਤੰਗ ਹਨ ਤੇ ਸਮਾਜ ਦੀ ਬਿਹਤਰੀ ਚਾਹੁੰਦੇ ਹਨ, ਇਹ ਮੋਟਰਸਾਈਕਲ ਮਾਰਚ ਉਹਨਾਂ ਲਈ ਵੀ ਹੋਕਾ ਤੇ ਵੰਗਾਰ ਹੈ ਕਿ ਉਹ ਸ਼ਹੀਦਾਂ ਦੇ ਸੁਪਨਿਆਂ ਤੇ ਚੱਲਣ ਤੇ ਇਸ ਸਮਾਜ ਨੂੰ ਬਦਲਣ ਲਈ ਅੱਗੇ ਆਉਣ।
ਥਾਂ-ਥਾਂ ਲੋਕਾਂ ਨੇ ਇਸ ਮਾਰਚ ਨੂੰ ਭਰਵਾਂ ਹੁੰਘਾਰਾ ਦਿੱਤਾ। ਕਈ ਥਾਈਂ ਲੋਕਾਂ ਨੇ ਨਾਹਰੇ ਮਾਰਨ ਤੇ ਨਾਲ਼ ਤੁਰਨ ਦੇ ਰੂਪ ਵਿੱਚ ਇਸ ਮਾਰਚ ਵਿੱਚ ਸ਼ਮੂਲੀਅਤ ਵੀ ਕੀਤੀ। ਇਸ ਮੌਕੇ ਲੋਕਾਂ ਨੂੰ ਭਾਰਤ ਵਿੱਚ ਫਿਰਕਾਪ੍ਰਸਤੀ ਦੇ ਵਧ ਰਹੇ ਖਤਰੇ ਬਾਰੇ ਦੱਸਦਿਆਂ 22 ਮਾਰਚ ਨੂੰ ਲੁਧਿਆਣਾ ਵਿਖੇ ਪੰਜ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਹੋ ਰਹੀ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਵਿੱਚ ਪੁੱਜਣ ਦਾ ਵੀ ਸੱਦਾ ਦਿੱਤਾ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਕੁਲਵਿੰਦਰ, ਗੁਰਮੀਤ ਤੇ ਕੁਲਦੀਪ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪ੍ਰਦੀਪ, ਗੁਰਕਮਲ, ਤਜਿੰਦਰ, ਨਵਦੀਪ, ਸੱਤਪਾਲ, ਜਗਦੀਪ, ਗੁਰਪ੍ਰੀਤ, ਅਕਰਮ, ਜਮੀਰ, ਤਰਨਜੀਤ, ਸੰਦੀਪ ਆਦਿ ਨੇ ਵਲੰਟੀਅਰਾਂ ਦੀ ਭੂਮਿਕਾ ਨਿਭਾਈ।

No comments: