Saturday, January 03, 2015

.........ਫਿਰ ਸਿੱਖ ਬਿਕਰਮੀ ਕੈਲੰਡਰ ਨਾਲ ਵੀ ਹਿੰਦੂ ਨਹੀਂ ਬਣ ਸਕਦੇ-D S Gill

ਬਿਕਰਮੀ ਕੈਲੰਡਰ ਉਹੋ ਹੀ ਕੈਲੰਡਰ ਹੈ ਜੋ ਗੁਰੂ ਸਾਹਿਬ ਦੇ ਵੇਲੇ ਸੀ
ਕੈਲੰਡਰ ਦਾ ਵਿਵਾਦ ਫਿਰ ਭਖਿਆ ਹੋਇਆ ਹੈ। ਇਸ ਵਾਰ ਗੁਰਪੂਰਬ ਦੀ ਤਾਰੀਖ ਫਿਰ ਵਿਵਾਦਾਂ ਵਿੱਚ ਰਹੀ।  ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਇੱਕ ਅਜੀਬ ਸਥਿਤੀ ਵਿੱਚ ਪੁੱਜ ਗਿਆ ਹੈ। ਸੰਗਤਾਂ ਹੈਰਾਨ ਹਨ ਕਿ ਕਦੇ ਕਿਸੇ ਪੁਰਬ ਦੀ ਤਾਰੀਖ ਨਿਸਚਿਤ ਕਰ ਦਿੱਤੀ ਜਾਂਦੀ ਹੈ ਤੇ ਫਿਰ ਉਸ ਨੂੰ ਬਦਲ ਲਿਆ ਜਾਂਦਾ ਹੈ। ਇਸ ਬਾਰੇ ਸਪਸ਼ਟ ਵਿਚਾਰ ਸਾਹਮਣੇ ਨਾ ਆਉਣ ਕਾਰਣ ਸੰਗਤ ਵੀ ਭੰਬਲਭੂਸੇ ਵਿੱਚ ਰਹੀ। ਸੰਗਤਾਂ ਨੇ ਆਪੋ ਆਪਣੀ ਮਰਜ਼ੀ ਮੁਤਾਬਿਕ ਇਹ ਪੁਰਬ ਮਨਾਇਆ। ਕੁਲ ਮਿਲਾ ਕੇ ਇਹ ਵਿਵਾਦ ਸਿੱਖ ਪੰਥ ਦੇ ਫੌਰੀ ਮਸਲਿਆਂ ਤੋਂ ਧਿਆਨ ਹਟਾਉਣ ਵਿੱਚ ਸਫਲ ਵੀ ਰਿਹਾ। ਉਮੀਦ ਕਰਨੀ ਚਾਹੀਦੀ ਹੈ ਕੀ ਇਹ ਵਿਵਾਦ ਜਲਦੀ ਸੁਲਝ ਜਾਏਗਾ। ਸਿੱਖ ਪੰਥ ਅਤੇ ਸਿੱਖ ਸੰਘਰਸ਼ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਉਘੇ ਵਕੀਲ ਅਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਜਨਾਬ ਡੀ ਐਸ ਗਿੱਲ ਨੇ ਇੱਕ ਲਿਖਤ ਪੋਸਟ ਕੀਤੀ ਹੈ ਜੋ ਇਸ ਮਾਮਲੇ ਤੇ ਕਾਫੀ ਚਾਨਣਾ ਪਾਉਂਦੀ ਹੈ। ਉਹ ਲਿਖਤ ਅਸੀਂ ਜਿਉਂ ਦੀ ਤਿਉਂ ਪ੍ਰਕਾਸ਼ਿਤ ਕਰ ਰਹੇ ਹਾਂ। ਉਮੀਦ ਹੈ ਤੁਸੀਂ ਇਸਨੂੰ ਪਸੰਦ ਕਰੋਗੇ। ਇਸ ਮਾਮਲੇ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਬਣੀ ਰਹੇਗੀ। --ਰੈਕਟਰ ਕਥੂਰੀਆ 
Wikipedia image 
ਕਿਸੇ ਕੈਲੰਡਰ ਦੀ ਮਾਨਤਾ,ਉਸਦੇ ਸੌਖੇ ਅਤੇ ਔਖੇ ਹੋਣ ਤੇ ਨਿਰਭਰ ਨਹੀਂ ਕਰਦੀ ਸਗੋਂ ਉਸਦੇ ਕੁਦਰਤੀਪਨ ਅਤੇ ਉਸ ਅੰਦਰ ਪਾਈਆਂ ਜਾਣ ਵਾਲੀਆਂ ਅਟੱਲ ਸਚਾਈਆਂ ਤੇ ਨਿਰਭਰ ਕਰਦੀ ਹੈ।ਬਿਕਰਮੀ ਕੈਲੰਡਰ ਮਨੁੱਖੀ ਸੋਚ ਦੀ ਥਾਂ ਕੁਦਰਤ ਅਨੁਸਾਰ ਚੱਲਣ ਵਾਲਾ ਕੈਲੰਡਰ ਹੈ।ਇਸ ਦੇ ਸਾਲ ਦੀ ਨਪਾਈ ਕਿਸੇ ਦਿਨ ਤੋਂ ਨਾਂ ਹੋ ਕੇ ਉਸ ਤਾਰੇ ਤੋਂ ਕੀਤੀ ਜਾਂਦੀ ਹੈ ਜੋ ਬਿਲਕੁਲ ਸਥਿਰ ਹੁੰਦਾ ਅਤੇ ਕਿਸੇ ਹੋਰ ਗ੍ਰਹਿ ਦੇ ਦੁਆਲੇ ਨਹੀਂ ਘੁੰਮਦਾ।ਇਹ ਗੱਲ ਪੁਰੇਵਾਲ ਨੇ ਖੁਦ ਮੰਨੀ ਹੈ:- 
The association of the seasons with the months is not of a permanent nature in Bikrami calendar, because the year of the Bikrami calendar is sidereal - based on the revolution of the earth around the sun as measured from a fixed star.The tropical year or the year of seasons does not have any star as the reference point, but is measured from spring equinox to spring equinox or from summer solstice to summer solstice next year. We have based the Nanakshahi calendar on this length of the year.
ਖਗੋਲ ਵਿਗਿਆਨੀਆਂ ਦੇ ਅਨੁਸਾਰ ਅੱਜ ਜੋ ਦਿਨ ਦੀ ਨਪਾਈ ਹੈ,ਭਾਵ ਜਿੰਨੇ ਵਜ਼ੇ ਇਸਦਾ ਉਦੇ ਅਤੇ ਅਸਤ ਹੋਇਆ ਹੈ,ਕੁਝ ਸਾਲਾਂ ਬਾਦ ਇਹ ਬਦਲ ਜਾਏਗਾ।ਇਹ ਇੱਕ ਕੁਦਰਤੀ ਸਚਾਈ ਹੈ ਅਤੇ ਸਾਰੇ ਕੈਲੰਡਰਾਂ ਦੇ ਦਿਨਾਂ ਉਪਰ ਲਾਗੂ ਹੁੰਦੀ ਹੈ।ਟਰੌਪੀਕਲ ਕੈਲੰਡਰ ਦੇ ਸਾਲ ਦੀ ਸ਼ੂਰੂਆਤ ਕਿਸੇ ਦਿਨ ਭਾਵ 21 ਮਾਰਚ ਤੋਂ ਹੁੰਦੀ ਹੈ,21 ਮਾਰਚ ਉਪਰ ਵੀ ਇਹ ਕੁਦਰਤੀ ਨਿਯਮ ਲਾਗੂ ਹੁੰਦਾ ਹੈ।ਫਲਸਰੂਪ ਟਰੌਪੀਕਲ ਕੈਲੰਡਰ ਦੇ ਦਿਨ ਹੌਲੀ ਹੌਲੀ ਕਰਕੇ ਆਪਣੀ ਥਾਂ ਤੋਂ ਖਿਸਕ ਜਾਣਗੇ।ਕੁਝ ਸਾਲਾਂ ਬਾਦ 21 ਮਾਰਚ ਨੂੰ ਦਿਨ ਅਤੇ ਰਾਤ ਇੱਕ ਸਮਾਨ ਨਹੀਂ ਰਹਿਣਗੇ।ਟਰੌਪੀਕਲ ਕੈਲੰਡਰ ਦੇ ਸਾਲ ਦੀ ਸ਼ੁਰੂਆਤ ਦਾ ਬਿੰਦੂ ਬਦਲ ਜਾਏਗਾ।ਨਤੀਜੇ ਵਜ਼ੋਂ ਅੱਜ 13 ਦਿਨ ਦਾ ਜੋ ਫਰਕ ਵੇਖਣ ਨੂੰ ਮਿਲਦਾ ਹੈ,ਉਸਦਾ ਕਾਰਣ ਇਹੋ ਹੀ ਹੈ।ਫਿਰ ਟਰੌਪੀਕਲ ਕੈਲੰਡਰ ਦੇ ਦਿਨ,ਮਹੀਨੇ ਨਾਲ ਉਸ ਤਰ੍ਹਾਂ ਬੱਝੇ ਹੋਏ ਨਹੀਂ ਹਨ ਜਿਸ ਤਰ੍ਹਾਂ ਬਿਕਰਮੀ ਕੈਲੰਡਰ ਦੇ ਹਨ।ਬਿਕਰਮੀ ਕੈਲ਼ੰਡਰ ਦੇ ਮਹੀਨੇ ਦੀ ਸ਼ੂਰੂਆਤ ਪੁੰਨਿਆਂ ਵਾਲੇ ਦਿਨ ਤੋਂ ਕੀਤੀ ਜਾਂਦੀ ਹੈ ਅਤੇ ਇਸ ਮਹੀਨੇ ਦਾ ਨਾਮ ਉਸ ਤਾਰੇ ਦੇ ਨਾਮ ਤੋਂ ਰੱਖਿਆ ਜਾਂਦਾ ਹੈ ਜੋ ਪੁੰਨਿਆਂ ਵਾਲੇ ਦਿਨ ਚੰਦਰਮਾਂ ਦੇ ਬਿਲਕੁਲ ਨੇੜੇ ਹੁੰਦਾ ਹੈ।ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ।ਇਸ ਤਾਰੇ ਦਾ ਚੰਦਰਮਾਂ ਦੇ ਨੇੜੇ ਹੋਣਾ ਕੁਦਰਤੀ ਘਟਨਾ ਹੈ।ਇਸੇ ਤਰ੍ਹਾਂ ਫਿਰ ਅਗਲੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ।ਇਹਨਾਂ ਚੰਦਰ ਮਹੀਨਿਆਂ ਵਿੱਚ ਜਦੋਂ ਸੂਰਜ ਕਰਾਂਤੀ ਹੁੰਦੀ ਹੈ ਭਾਵ ਸੂਰਜ ਦੀ ਕਿਰਨ ਜੋ ਕੋਣ ਧਰਤੀ ਨਾਲ ਮਿਲ ਕੇ ਬਣਾਉਂਦੀ ਹੈ,ਉਸ ਵਿੱਚ ਜਦੋਂ ਕੋਈ ਪਰੀਵਰਤਨ ਹੁੰਦਾ ਹੈ,ਉਸ ਦਿਨ ਸੀਡਰੀਅਲ ਕੈਲੰਡਰ ਦੇ ਸੂਰਜੀ ਮਹੀਨੇ ਦੀ ਸ਼ੁਰੂਆਤ ਮੰਨੀ ਜਾਂਦੀ ਹੈ।ਇਸ ਤਰ੍ਹਾਂ ਚੰਦਰ ਮਹੀਨੇ ਸੂਰਜੀ ਮਹੀਨੇ ਨਾਲ ਇਸ ਤਰ੍ਹਾਂ ਬੱਝੇ ਹਏ ਹਨ ਕਿ ਇਹਨਾਂ ਦਾ ਖਿਸਕਣਾ ਸੰਭਵ ਨਹੀਂ ਹੈ ਇਹੋ ਹੀ ਇਸ ਦੀ ਖਾਸੀਅਤ ਹੈ,ਜਦੋਂ ਕਿ ਟਰੌਪੀਕਲ ਮਹੀਨੇ ਦੀ ਸ਼ੁਰੂਆਤ ਕੈਲੰਡਰ ਕਰਤਾ ਨੇ ਆਪਣੀ ਕਲਪਨਾ ਦੇ ਅਧਾਰ ਤੇ ਕੀਤੀ ਹੈ ਇਸਦਾ ਚੰਦਰਮਾਂ ਜਾਂ ਸੂਰਜ ਜਾਂ ਪੁਲਾੜ ਦੀ ਕਿਸੇ ਗਤੀ ਵਿਧੀ ਨਾਲ ਕੋਈ ਸਬੰਧ ਨਹੀਂ ਹੈ। ਖਗੋਲ ਵਿਗਿਆਨੀਆਂ ਅਨੁਸਾਰ ਟਰੌਪੀਕਲ ਸਾਲ ਦਾ ਮੌਸਮ ਬਦਲਨਸ਼ੀਲ ਹੈ:-http://en.wikipedia.org/wiki/Axial_precession
ਇਸ ਸਾਰੀ ਚਰਚਾ ਤੋਂ ਸਿੱਧ ਹੁੰਦਾ ਹੈ ਕਿ ਬਿਕਰਮੀ ਕੈਲੰਡਰ ਜੋ ਸੀਡਰੀਅਲ ਹੈ, ਦੇ ਮਹੀਨੇ ਕਦੇ ਵੀ ਮੌਸਮ ਦਾ ਸਾਥ ਨਹੀਂ ਛੱਡਣਗੇ। ਜਿੱਧਰ ਮੌਸਮ ਜਾਏਗਾ ਇਹ ਨਾਲ ਹੀ ਜਾਣਗੇ ਜਿਸ ਕਰਕੇ ਜੋ ਗੁਰੂ ਸਾਹਿਬ ਨੇ ਬਾਰਾਂਮਾਹ ਵਿੱਚ ਲਿਖ ਦਿੱਤਾ ਹੈ,ਭਾਰਤ ਦੀਆਂ ਰੁੱਤਾਂ ਉਸ ਮੁਤਾਬਕ ਹੀ ਰਹਿਣਗੀਆਂ ਪਰ ਟਰੌਪੀਕਲ ਕੈਲੰਡਰ ਦੇ ਦਸੰਬਰ ਦੀ ਕੜਾਕੇ ਦੀ ਠੰਡ ਖਗੋਲ ਵਿਗਿਆਨੀਆਂ ਅਨੁਸਾਰ ਜੂਨ ਵਿੱਚ ਆ ਸਕਦੀ ਹੈ।ਭਾਵ 13000 ਸਾਲ ਬਾਦ ਟਰੌਪੀਕਲ ਕੈਲੰਡਰ ਦੇ ਦਸੰਬਰ ਮਹੀਨੇ ਦੇ ਕੜਾਕੇ ਦੀ ਠੰਢ ਵਾਲੇ ਦਿਨ ਖਿਸਕਦੇ ਖਿਸਕਦੇ ਜੂਨ ਵਿੱਚ ਪਹੁੰਚ ਜਾਣਗੇ।ਜਿਸ ਤਰ੍ਹਾ 31 ਮਾਰਚ 13 ਅਪਰੈਲ ਬਣ ਗਿਆ ਹੈ।ਨਾਨਕਸ਼ਾਹੀ ਕੈਲੰਡਰ ਟਰੌਪੀਕਲ ਹੈ,ਇਸ ਵਿੱਚ ਉਹ ਸਾਰੇ ਦੋਸ਼ ਤਾਂ ਹਨ ਹੀ ਜੋ ਟਰੌਪੀਕਲ ਵਿੱਚ ਹਨ,ਇਸ ਤੋਂ ਬਿਨਾਂ ਇਸ ਨੇ ਇਤਿਹਾਸਕ ਸਰੋਤਾਂ ਨੂੰ ਨਜ਼ਰ ਅੰਦਾਜ਼ ਕਰਕੇ ਗੁਰਪੁਰਬ ਦੀਆਂ ਮਿਤੀਆਂ ਨੂੰ ਮਿੱਥਣ ਦੀ ਅਤੇ ਖਗੋਲ ਵਿਦਿਆ ਨਾਲ ਛੇੜਛਾੜ ਕਰਕੇ ਸੰਗਰਾਦਾਂ ਨੂੰ ਮਿੱਥਣ ਦੀ ਮਹਾਂ ਭੁੱਲ ਕੀਤੀ ਹੈ।
ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਨੂੰ ਸਾਡਾ ਇਹ ਸਵਾਲ ਹੈ ਕਿ ਜੋ ਕੈਲੰਡਰ ਗੁਰਬਾਣੀ ਵਾਲੇ ਬਾਰਾਮਾਂਹ ਵਾਲੇ ਮੌਸਮਾਂ ਅਨੁਸਾਰ ਚੱਲ ਰਿਹਾ ਹੈ ਅਤੇ ਅਗੇ ਤੋਂ ਵੀ ਚਲਦਾ ਰਹੇਗਾ,ਉਸ ਅਨੁਸਾਰ ਪੋਹ ਸੁਦੀ ਸੱਤਵੀਂ ਨੂੰ ਗੁਰਪੁਰਬ ਮਨਾਉਣਾ ਸਿਆਣਪ ਹੈ ਜਾਂ ਫਿਰ ਉਸ ਅਨੁਸਾਰ ਜੋ ਟਰੌਪੀਕਲ ਹੋਣ ਕਰਕੇ ਬਾਰਾਂਮਾਹ ਦੇ ਮਹੀਨਿਆਂ ਅਤੇ ਰੁੱਤਾਂ ਨੂੰ ਪਿੱਛੇ ਛੱਡ ਜਾਏਗਾ? ਬਾਰਾਮਾਂਹ ਵਿੱਚ ਗੁਰੂ ਸਾਹਿਬ ਜੋ ਰੁੱਤਾਂ ਦਾ ਵਰਣਨ ਕਰ ਰਹੇ ਹਨ ,ਜਦੋਂ ਨਾਨਕਸ਼ਾਹੀ ਕੈਲੰਡਰ ਦੀਆਂ ਰੁੱਤਾਂ ਉਹ ਨਹੀਂ ਹੋਣਗੀਆਂ ਤਾਂ ਗੁਰਮਤਿ ਦੇ ਸਿਧਾਂਤ ਨੂੰ ਖੋਰਾ ਲਗੇਗਾ ਹੀ।
ਬਿਕਰਮੀ ਕੈਲੰਡਰ ਉਹੋ ਹੀ ਕੈਲੰਡਰ ਹੈ ਜੋ ਗੁਰੂ ਸਾਹਿਬ ਦੇ ਵੇਲੇ ਸੀ,ਸਮੇਂ ਸਮੇਂ ਤੇ ਇਸ ਵਿੱਚ ਵਿਗਿਆਨੀ ਖਗੋਲ ਵਿਗਿਆਨ ਅਨੁਸਾਰ ਨਿੱਕੀਆਂ ਮੋਟੀਆਂ ਸੋਧਾਂ ਕਰਦੇ ਰਹਿੰਦੇ ਹਨ,ਨਾਨਕਸ਼ਾਹੀ ਕੈਲੰਡਰ ਵਾਂਗ ਉਸਦਾ ਤਲਾ ਮੂਲਾ ਨਹੀਂ ਬਦਲ ਦਿੰਦੇ।1964 ਵਾਲੀ ਸੋਧ ਵੀ ਅਜਿਹੀ ਹੀ ਸੌਧ ਸੀ ਇਸ ਵਿੱਚ ਹਿੰਦੂ ਅਤੇ ਸਿੱਖ ਵਿਦਿਵਾਨ ਵਾਲੀ ਕੋਈ ਗੱਲ ਨਹੀਂ ਹੈ। ਜੇਕਰ ਨਾਨਕਸ਼ਾਹੀ ਕੈਲੰਡਰ ਨਾਲ ਸਿੱਖ ਇਸਾਈ ਨਹੀਂ ਬਣਦੇ ਤਾਂ ਫਿਰ ਬਿਕਰਮੀ ਨਾਲ ਵੀ ਹਿੰਦੂ ਨਹੀਂ ਬਣ ਸਕਦੇ।
ਸਾਰਅੰਸ਼:-ਬਿਕਰਮੀ ਕੈਲੰਡਰ ਦੋਸ਼ ਰਹਿਤ ਹੈ ਅਤੇ ਆਪਣੀ ਇੱਕ ਖਾਸ ਵਿਚਾਰਧਾਰਾ ਰੱਖਦਾ ਹੈ।ਇਸਦੇ ਮਹੀਨਿਆਂ ਦੇ ਨਾਵਾਂ ਦੀ ਕੋਈ ਭੂਮਿਕਾ ਹੈ।ਕਿਸ ਮਹੀਨੇ ਦਾ ਕੀ ਨਾਂਵ ਹੈ,ਇਸਦਾ ਕੋਈ ਨਾ ਕੋਈ ਕਾਰਣ ਹੈ।ਨਾਨਕਸ਼ਾਹੀ ਕੈਲੰਡਰ ਜੋ ਸਿਰਫ ਟਰੌਪੀਕਲ ਅਧਾਰ ਵਾਲਾ ਸੂਰਜੀ ਕੈਲੰਡਰ ਹੈ ,ਇਸਦੇ ਮਹੀਨਿਆਂ ਦੇ ਨਾਂਵ ਚੇਤ ਵਿਸਾਖ ਆਦਿ ਕਿਉਂ ਹਨ,ਇਸਦਾ ਜਵਾਬ ਕੌਣ ਦਏਗਾ?ਬਿਕਰਮੀ ਕੈਲੰਡਰ ਵਿੱਚ ਸੰਗਰਾਂਦ ਦੀ ਕੋਈ ਪਰਿਭਾਸ਼ਾ ਹੈ,ਨਾਨਕਸ਼ਾਹੀ ਕੈਲੰਡਰ ਦੀ ਸੰਗਰਾਂਦ ਦੀ ਕੀ ਪਰਿਭਾਸ਼ਾ ਹੈ?ਮਹੀਨਿਆਂ ਦੇ ਨਕਲੀ ਨਾਂਵ,ਨਕਲੀ ਸੰਗਰਾਂਦਾਂ ਅਤੇ ਨਕਲੀ ਮਿਤੀਆਂ ਵਾਲਾ ਕੈਲੰਡਰ ਸਿਰਫ ਅਡੰਬਰ ਹੀ ਕਹਿਲਵਾ ਸਕਦਾ ਹੈ ਜੋ ਕਿ ਸਿੱਖ ਇਤਿਹਾਸ ਨੂੰ ਮਿਥਹਾਸ ਵਿੱਚ ਬਦਲਣ ਵਾਸਤੇ ਰਚਿਆ ਗਿਆ ਹੈ ।

No comments: