Monday, May 12, 2014

ਆਟੋ ਡ੍ਰਾਈਵਰ ਹਰਭਜਨ ਸਿੰਘ ਦੀ ਜਾਨ ਘਰੇਲੂ ਝਗੜੇ ਨੇ ਲਈ ?

ਡੀਸੀ ਦਫਤਰ ਸਾਹਮਣੇ ਨਿਗਲਿਆ ਸੀ ਜਹਿਰੀਲਾ ਪਦਾਰਥ
ਲੁਧਿਆਣਾ: 12 ਮਈ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸੋਮਵਾਰ 12 ਮਈ ਨੂੰ ਬਾਅਦ ਦੁਪਹਿਰ ਤਿੰਨ ਵੱਜ ਚੁੱਕੇ ਸਨ। ਬੂੰਦਾਬਾਂਦੀ ਦੇ ਦਰਮਿਆਨ ਉਡੀਕ ਹੋ ਰਹੀ ਸੀ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਦੀ। ਬਾਰਸ਼ ਕਾਰਣ ਪੁਲਿਸ ਅਧਿਕਾਰੀ ਅਤੇ ਮੀਡੀਆ ਵਾਲੇ ਦੋਵੇਂ ਹੀ ਕੁਝ ਲੇਟ ਹੁੰਦੇ ਲੱਗ ਰਹੇ ਸਨ। ਅਚਾਨਕ ਹੀ ਇੱਕ ਕੈਮਰਾਮੈਨ ਦੌੜਦਾ ਹੋਇਆ ਅੰਦਰ ਆਇਆ ਅਤੇ ਉਸਨੇ ਦੱਸਿਆ ਕਿ ਇੱਕ ਵਿਅਕਤੀ ਡੀਸੀ ਦਫਤਰ ਦੇ ਬਾਹਰ ਡਿੱਗ ਪਿਆ ਹੈ। ਸ਼ਾਇਦ ਉਸਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਹਨ। ਸਾਰੇ ਜਣੇ ਓਧਰ ਭੱਜੇ। ਜ਼ਮੀਨ ਤੇ ਆਪਣੀ ਸੱਜੀ ਕਰਵਟ ਲੰਮਾ ਪਿਆ ਇਹ ਵਿਅਕਤੀ ਤੜਫ ਰਿਹਾ ਸੀ। ਉਸਦਾ ਮੂੰਹ ਡੀਸੀ ਦਫਤਰ ਵੱਲ ਸੀ ਅਤੇ ਉਹ ਬਹੁਤ ਔਖੇ ਸਾਹ ਲੈ ਰਿਹਾ ਸੀ। ਕੁਝ ਕਹਿਣਾ ਚਾਹੁੰਦਾ ਸੀ ਪਰ ਜਿਸਮ ਸਾਥ ਨਹੀਂ ਸੀ ਦੇ ਰਿਹਾ। ਉਸਦੇ ਬੁੱਲ ਬੜੀ ਮੁਸ਼ਕਿਲ ਫਰਕ ਰਹੇ ਸਨ। ਉਹ ਅੱਖਾਂ ਖੋਹਲਣ ਦੀ ਕੋਸ਼ਿਸ਼ ਕਰਦਾ ਪਰ ਉਹ ਫਿਰ ਬੰਦ ਹੋ ਜਾਂਦੀਆਂ। ਉਹ ਘੜੀ ਪਲ ਦਾ ਮਹਿਮਾਨ ਜਾਪੁ ਰਿਹਾ ਸੀ। ਡੀ. ਸੀ. ਦਫਤਰ ਦੇ ਬਾਹਰ ਉਸ ਵੇਲੇ ਹਫੜਾ -ਦਫੜੀ ਮੱਚੀ ਹੋਈ ਸੀ। 
ਅਚਾਨਕ ਹੀ ਇੱਕ ਲਾਲ ਬੱਤੀ ਵਾਲੀ ਕਾਰ ਆਈ ਅਤੇ ਕੁਝ ਮੁਲਾਜਮਾਂ ਨੇ ਉਸਨੂੰ ਚੁੱਕ ਕੇ ਕਾਰ ਦੀ ਪਿਛਲੀ ਸੀਟ ਤੇ ਲਿਟਾਇਆ। ਉਸਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਪਰ ਮੌਤ ਤਾਂ ਸ਼ਾਇਦ ਉਸਦੇ ਨਾਲ ਨਾਲ ਚੱਲ ਰਹੀ ਸੀ। ਦੇਰ ਰਾਤ ਉਸਦੀ ਮੌਤ ਹੋ ਗਈ। ਉਸ ਦੀ ਪਛਾਣ ਪਿੰਡ ਫੁੱਲਾਂਵਾਲ ਨਿਵਾਸੀ ਹਰਭਜਨ ਸਿੰਘ ਦੇ ਰੂਪ ਵਿਚ ਹੋਈ ਹੈ। ਉਸਦੀ ਉਮਰ 47 ਸਾਲਾਂ ਦੀ ਸੀ।  ਪੁਲਸ ਮਾਮਲੇ ਦੀ ਜਾਂਚ ਕਰਨ 'ਚ ਜੁਟੀ ਹੋਈ ਹੈ ਕਿ ਹਰਭਜਨ ਨੇ ਕਿਸ ਵਜ੍ਹਾ ਕਾਰਨ ਜ਼ਹਿਰੀਲਾ ਪਦਾਰਥ ਨਿਗਲਿਆ। ਇਸ ਤੋਂ ਪਹਿਲਾਂ ਹਰਭਜਨ ਸਿੰਘ ਨੇ ਦੱਸਿਆ ਸੀ ਕਿ ਉਹ ਆਟੋ ਚਾਲਕ ਹੈ। ਉਸ ਦਾ ਆਪਣੇ ਪਰਿਵਾਰ ਵਾਲਿਆਂ ਨਾਲ ਝਗੜਾ ਚੱਲ ਰਿਹਾ ਹੈ।  ਉਸਦੀ ਪਤਨੀ ਨੇ ਉਸਦੇ ਖਿਲਾਫ ਝੂਠੀ ਸ਼ਿਕਾਇਤ ਥਾਣਾ ਸਦਰ ਵਿਚ ਦੇ ਦਿੱਤੀ ਸੀ ਕਿ ਉਹ ਉਸ ਨਾਲ ਕੁੱਟਮਾਰ ਕਰਦਾ ਹੈ, ਜਦਕਿ ਉਸਨੇ ਕਦੇ ਵੀ ਆਪਣੀ ਪਤਨੀ 'ਤੇ ਹੱਥ ਨਹੀਂ ਸੀ ਉਠਾਇਆ ਸੀ। ਸ਼ਾਇਦ ਇਹ ਝੂਠਾ ਦੋਸ਼ ਉਸ ਲਈ ਇੱਕ ਅਸਹਿ ਸਦਮਾ ਸੀ। ਪਤਨੀ ਤੋਂ ਦੂਰੀ ਨੇ ਉਸਦਾ ਦੁੱਖ ਹੋਰ ਵਧਾ ਦਿੱਤਾ ਸੀ। ਸੁਣਵਾਈ ਵਿਚ ਵੀ ਉਸਨੂੰ ਨਿਰਾਸ਼ਾ ਹੀ ਮਿਲੀ ਲੱਗਦੀ ਸੀ। ਪਤੀ ਪਤਨੀ ਦੇ ਆਪਸੀ ਝਗੜੇ ਵਿੱਚ ਆਰਜੀ ਦੂਰੇ ਕਈ ਵਾਰ ਝਗੜੇ ਨੂੰ ਪ੍ਰੇਮ ਵਿੱਚ ਬਦਲ ਦੇਂਦੀ ਹੈ ਸ਼ਾਇਦ ਏਸੇ ਲਈ ਪੁਲਸ ਨੇ ਦੋਵਾਂ ਨੂੰ ਵੱਖਰੇ-ਵੱਖਰੇ ਰਹਿਣ ਲਈ ਕਿਹਾ ਸੀ। ਇਹਨਾਂ ਹੁਕਮਾਂ ਕਾਰਨ ਉਹ ਪਿਛਲੇ ਤਿੰਨਾਂ ਕੁ ਮਹੀਨਿਆਂ ਤੋਂ ਘਰੋਂ ਬਾਹਰ ਰਹਿ ਰਿਹਾ ਸੀ। ਉਸ ਨੇ ਇਸਦੀ ਸ਼ਿਕਾਇਤ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲ ਵੀ ਕੀਤੀ ਸੀ ਪਰ ਚੋਣਾਂ ਦੇ ਰੁਝੇਵਿਆਂ ਸ਼ਾਇਦ ਉਸਦੀ ਕਿਸੇ ਕੋਲ ਵੀ ਕੋਈ ਸੁਣਵਾਈ ਸੀ ਨਹੀਂ ਹੋਈ। ਸੋਮਵਾਰ ਨੂੰ ਉਹ ਫਿਰ ਤੋਂ ਸ਼ਿਕਾਇਤ ਲੈ ਕੇ ਆਇਆ ਸੀ ਪਰ ਉਸ ਦਿਨ ਵੀ ਉਸਦੀ ਕਿਸੇ ਨਹੀਂ ਸੁਣੀ। ਇਸ ਕਾਰਨ ਉਹ ਹੋਰ ਵੀ ਨਿਰਾਸ਼ ਹੋ ਗਿਆ। ਕੋਈ ਜਹਿਰੀਲਾ ਪਦਾਰਥ--ਸ਼ਾਇਦ ਸਲਫਾਸ ਦੀਆਂ ਗੋਲੀਆਂ ਵਾਲੀ ਸ਼ੀਸ਼ੀ ਉਹ ਜੇਬ ਵਿਚ ਲੈ ਕੇ ਹੀ ਆਇਆ ਸੀ। ਅਤੇ ਆਪਣੀ ਪਤਨੀ ਨੂੰ ਡਰਾਉਣ ਲਈ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਕੋਲ ਖੜਾ ਕੋਈ ਵਿਅਕਤੀ ਦੱਸ ਰਿਹਾ ਸੀ ਇਸਨੇ ਇੱਕੋ ਗੋਲੀ ਖਾਧੀ ਹੈ ਬਾਕੀ ਦੀਆਂ ਗੋਲੀਆਂ ਸ਼ੀਸ਼ੀ ਵਿੱਚ ਹੀ ਹਨ। ਸ਼ੀਸ਼ੀ ਉਸਦੇ ਕੋਲ ਡਿੱਗੀ ਪਈ ਸੀ। 
ਥਾਣਾ ਡਵੀਜ਼ਨ ਪੰਜ ਦੇ ਥਾਣਾ ਮੁਖੀ ਇੰਸਪੈਕਟਰ ਧਰਮਪਾਲ ਨੇ ਕਿਹਾ ਕਿ ਹਰਭਜਨ ਦੀ ਦੇਰ ਰਾਤ ਮੌਤ ਹੋ ਗਈ। ਉਸਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਹੈ। ਪੁਲਸ ਨੇ ਸਿਵਲ ਹਸਪਤਾਲ ਵਿਚ ਦੋ ਹੋਰ ਮਰੀਜ਼ਾਂ ਦੀ ਹਾਜ਼ਰੀ ਵਿਚ ਉਸਦੇ ਬਿਆਨ ਲਏ ਹਨ। ਸਵੇਰੇ ਉਸਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਉਸਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਪਤਨੀ ਤੋਂ ਆਰਜ਼ੀ ਦੂਰੀ ਹੁਣ ਪੱਕੀ ਦੂਰੀ ਵਿੱਚ ਬਦਲ ਗਈ ਹੈ। ਜੇ ਉਸਦੀ ਪਤਨੀ ਨੇ ਸਚਮੁਚ ਹੀ ਝੂਠੀ ਸ਼ਿਕਾਇਤ ਕੀਤੀ ਸੀ ਤਾਂ ਸ਼ਾਇਦ ਇਹ ਦੂਰੀ ਉਸ ਲਈ ਹੋਰ ਵੀ ਕਸ਼ਟਦਾਇਕ ਹੋਵੇ। ਆਪਸੀ ਝਗੜੇ ਨੇ ਇੱਕ ਵਸੱਦੇ ਰੱਸਦੇ ਘਰ ਨੂੰ ਨਰਕ ਬਣਾ ਦਿੱਤਾ। ਹਰਭਜਨ ਨੇ ਹੁਣ ਕਦੇ ਨਹੀਂ ਮੁੜਨਾ ਪਰ ਸ਼ਾਇਦ ਉਸਦੀ ਦੁੱਖਦਾਈ ਮੌਤ ਹੋਰਨਾਂ ਨੂੰ ਘਰੇਲੂ ਝਗੜਿਆਂ ਤੋਂ ਦੂਰ ਰਹਿਣ ਲੈ ਸਾਵਧਾਨ ਕਰ ਸਕੇ। 

No comments: