Wednesday, March 05, 2014

ਫਿਰ ਮਜ਼ਬੂਤ ਹੋ ਰਹੀ ਹੈ ਸਾਹਿਤਿਕ ਪੱਤਰਕਾਰੀ

ਨਿਰਮਲ ਜਸਵਾਲ ਦੀ ਪੁਸਤਕ 'ਅੰਗਾਰ' ਦਾ ਰਿਲੀਜ਼ ਸਮਾਗਮ 8 ਮਾਰਚ ਨੂੰ

ਜਦੋਂ ਅੱਸੀਵਿਆਂ ਵਿੱਚ ਪੰਜਾਬ ਦੇ ਹਾਲਾਤ ਵਿਗੜੇ ਤਾਂ ਲਿਖਣ ਵਾਲਿਆਂ ਨੇ ਬਹੁਤ ਕੁਝ ਲਿਖਿਆ ਵੀ ਗਿਆ ਵੀ ਪਰ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਸਾਹਿਤਿਕ ਪੱਤਰਕਾਰੀ ਅਲੋਪ ਵਰਗੀ ਹੋ ਗਈ। ਸਾਹਿਤਿਕ ਸਮਾਗਮਾਂ ਦੇ ਆਯੋਜਨਾਂ ਵਿੱਚ ਵੀ ਉਹ ਗੱਲ ਨਾ ਰਹੀ। ਜੋ ਛਪਿਆ ਉਹ ਸਿਆਸੀ ਨਾਅਰੇਬਾਜ਼ੀ ਵਰਗਾ ਜਿਆਦਾ ਸੀ ਅਤੇ ਸਾਹਿਤਿਕ ਘੱਟ। ਇੰਝ ਲੱਗਦਾ ਸੀ ਜਿਵੇਂ ਸਾਹਿਤਿਕ ਰੁਝਾਨ ਨੂੰ ਹੀ ਨਜਰ ਲੱਗ ਗਈ ਹੋਵੇ। ਅੱਸੀਵਿਆਂ ਵਿੱਚ ਵਿੱਚ ਸਿਰਫ ਲੋਕਾਂ ਦੀ ਪਛਾਣ ਵਾਲੇ ਰੂਪ ਸਰੂਪ ਹੀ ਨਹੀਂ ਸਨ ਵੰਡੇ ਗਏ ਬਲਕਿ ਉਹਨਾਂ ਦੀਆਂ ਰਚਨਾਵਾਂ ਵੀ ਵੰਡੀਆਂ ਗਈਆਂ। ਅਜਿਹਾ ਕੁਝ ਨਕਸਲੀ ਲਹਿਰ ਦੀ ਚੜ੍ਹਤ ਵੇਲੇ ਰਚੇ ਗਏ ਸਾਹਿਤ ਨਾਲ ਵੀ ਹੋਇਆ ਸੀ ਪਰ ਉਦੋਂ ਸਾਹਿਤਿਕਤਾ ਵਿੱਚ ਕੋਈ ਕਮੀ ਨਹੀਂ ਸੀ ਆਈ। "ਲਹੂ ਦੀ ਲੋਅ" ਇੱਕ ਖਾਸ ਗੱਲ  ਕਰਦਾ ਹੋਇਆ ਵੀ ਸਾਹਿਤਿਕ ਹਲਕਿਆਂ ਵਿੱਚ ਮਕਬੂਲ ਹੋਇਆ ਸੀ। ਕੇਵਲ ਕੌਰ ਦਾ ਪਰਚਾ "ਮਾਂ" ਵੀ ਇੱਕ ਵਿਸ਼ੇਸ਼ ਪ੍ਰਤਿਬਧਤਾ ਦੀ ਗੱਲ ਕਰਨ ਦੇ ਬਾਵਜੂਦ ਸਾਹਿਤਿਕ ਹਲਕਿਆਂ ਵਿੱਚ ਵੀ ਹਰਮਨ ਪਿਆਰਾ ਹੋਇਆ। ਇਹੀ ਗੱਲ "ਰੋਹਲੇ ਬਾਣ" ਅਤੇ "ਹੇਮ ਜਿਓਤੀ" ਤੇ ਢੁਕਦੀ ਸੀ। ਹਾਲ ਹੀ ਵਿੱਚ ਇੱਕ ਵਾਰ ਫੇਰ ਚਰਚਾ ਵਿੱਚ ਆਏ ਸ੍ਰ. ਭਰਪੂਰ ਸਿੰਘ ਬਲਬੀਰ ਉਰਫ ਨੇਤਾ ਜੀ ਨੇ ਅੱਸੀਵਿਆਂ ਵਿੱਚ ਇੱਕ ਵਿਸ਼ੇਸ਼ ਵਿਚਾਰਧਾਰਾ ਦਾ ਸਮਰਥਨ ਕਰਦਿਆਂ ਸਾਹਿਤਿਕ ਛੂਹ ਨੂੰ ਕਾਇਮ ਰੱਖਿਆ ਸੀ। ਉਹਨਾਂ ਨਾਲ ਕੀਤੇ ਕੰਮ ਦਾ ਸਮਾਂ ਅੱਜ ਵੀ ਯਾਦ ਆਉਂਦਾ ਹੈ ਤਾਂ ਦਿਲ-ਦਿਮਾਗ ਸਾਹਿਤਿਕ ਮਾਹੌਲ ਵਿੱਚ ਰੰਗੇ ਜਾਂਦੇ ਹਨ। ਮੈਨੂੰ ਅੱਜ ਵੀ ਯਾਦ ਹੈ ਕਿ ਆਪਣਾ ਸੰਪਾਦਕੀ ਨੋਟ ਲਿਖਵਾਉਣ ਲੱਗਿਆਂ ਉਹ ਅਕਸਰ ਕਾਫੀ ਲੰਮਾ ਸਮਾਂ ਉਸ ਦਾ ਆਰੰਭਿਕ ਸ਼ੇਅਰ ਯਾਦ ਕਰਨ ਤੇ ਲਾ ਦੇਂਦੇ ਸਨ। ਇੱਕ ਵਾਰ ਉਹਨਾਂ ਆਪਣਾ ਸੰਪਾਦਕੀ ਸ਼ੁਰੂ ਕਰਦਿਆਂ ਲਿਖਿਆ:  
ਝੁਕ ਕਰ ਸਲਾਮ ਕਰਨੇ ਮੇਂ ਕਿਆ ਹਰਜ ਹੈ ਮਗਰ 
ਸਰ ਇਤਨਾ ਮਤ ਝੁਕਾਓ ਕੀ ਦਸਤਾਰ ਗਿਰ ਪੜ੍ਹੇ!
ਇੱਕ ਵਾਰ ਇੱਕ ਹੋਰ ਸੰਪਾਦਕੀ ਨੋਟ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮਰਥਨ ਵਿੱਚ ਉਹਨਾਂ ਲਿਖਿਆ:
ਖੁਦਾ ਤੁਮਕੋ ਨਹੀਂ ਕਹਿਤੇ ਮਗਰ ਸ਼ਾਨ-ਏ-ਖੁਦਾ ਤੁਮ ਹੋ!
ਹੋਲੀ ਹੋਲੀ ਇਥੇ ਬੰਦੇ ਦੀ ਪਛਾਣ ਸਿੱਖ ਜਾਂ ਮੋਨੇ ਵੱਜੋਂ ਪੱਕੀ ਹੋਣ ਲੱਗ ਪਈ। ਕਦੇ ਕਿਸੇ ਥਾਂ ਪੱਗਾਂ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਕਦੇ ਕਿਤੇ ਮੋਨਿਆ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਜਾਂਦਾ। ਇਸੇ ਦੌਰਾਨ ਅਜੀਤ ਦੇ ਬਾਨੀ ਸ੍ਰ. ਸਾਧੂ ਸਿੰਘ ਹਮਦਰਦ ਵੀ ਚੱਲ ਵੱਸੇ। ਉਹਨਾਂ ਤੋਂ ਬਾਅਦ ਅਜੀਤ ਭਵਨ ਵਿੱਚ ਹੁੰਦੀਆਂ ਸਾਹਿਤਿਕ ਬੈਠਕਾਂ ਬੰਦ ਹੀ ਹੋ ਗਈਆਂ। ਲੋਕਾਂ ਨੂੰ ਵੀ ਸਿਰਫ ਖਬਰਾਂ ਪੜ੍ਹਨ ਦੀ ਆਦਤ ਪੈ ਗਈ। ਅਖਬਾਰਾਂ ਵਿੱਚੋਂ ਸਾਹਿਤ  ਗੈਰਹਾਜ਼ਰ ਵਰਗਾ ਹੋ ਗਿਆ। ਭਾਵੇਂ ਰੋਜ਼ਾਨਾ ਜਗਬਾਣੀ ਨੇ ਸਾਹਿਤਿਕ ਰਚਨਾਵਾਂ ਨੂੰ ਬਹੁਤ ਹੀ ਆਧੁਨਿਕ ਤਕਨੀਕ ਨਾਲ ਸਜਾ ਸਵਾਰ ਕੇ ਛਾਪਿਆ ਪਰ ਉਹ ਪਹਿਲਾ ਮਾਹੌਲ ਨਾ ਪਰਤਿਆ। ਫਿਰ ਪੰਜਾਬ ਵਿੱਚ ਹਿੰਦੀ ਅਖਬਾਰਾਂ ਆਈਆਂ। ਇਹਨਾਂ ਅਖਬਾਰਾਂ ਨੇ ਇਸ ਪਾਸੇ ਕਾਫੀ ਕੰਮ ਕੀਤਾ। ਰੋਜ਼ਾਨਾ ਜਨਸੱਤਾ, ਅਮਰ ਉਜਾਲਾ, ਦੈਨਿਕ ਜਾਗਰਣ ਅਤੇ ਫਿਰ ਦੈਨਿਕ ਭਾਸਕਰ----ਇਹਨਾਂ ਅਖਬਾਰਾਂ ਨੇ ਪੰਜਾਬ ਦੀ ਕਲਮੀ ਨਦੀ ਵਿੱਚ ਡੁਬਕੀਆਂ ਲਾ ਕੇ ਕਾਫੀ ਕੁਝ ਲਭਿਆ। ਉਹਨਾਂ ਗਿਣੇ ਚੁਣੇ ਕਲਮੀ ਨਾਵਾਂ ਵਿੱਚੋਂ ਇੱਕ ਨਾਮ ਰੀਤੂ ਕਲਸੀ ਦਾ ਵੀ ਹੈ। ਰੀਤੂ ਨੇ ਪੱਤਰਕਾਰੀ ਵਿੱਚ ਸਾਹਿਤਿਕ ਛੋਹ ਦੇ ਜਾਦੂ ਨੂੰ ਜਗਾਇਆ। ਮੈਨੂੰ ਉੱਪਰ ਦਿੱਤਾ ਸਾਰਾ ਅਤੀਤ ਰੀਤੂ ਕਲਸੀ ਦੀ ਇੱਕ ਪੋਸਟ ਤੋਂ ਹੀ ਯਾਦ ਆਇਆ। ਰੀਤੂ ਅਠ ਮਾਰਚ ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਇੱਕ ਖਾਸ ਆਯੋਜਨ ਕਰਵਾ ਰਹੀ ਹੈ। ਸ਼ਬਦ ਮੰਡਲ ਵੱਲੋਂ ਕਰਾਇਆ ਜਾ ਰਿਹਾ ਇਹ ਸਮਾਗਮ ਇਸ ਗੱਲ ਦਾ ੱਕ ਤਾਜ਼ਾ ਸਬੂਤ ਵੀ ਹੈ ਕਿ ਹਿੰਦੀ ਦੇ ਕਲਮਕਾਰ ਅੱਜ ਵੀ ਪੰਜਾਬੀ ਨਾਲ ਕਿੰਨਾ ਮੋਹ ਕਰਦੇ ਹਨ।  
ਰੀਤੂ ਦੀ ਪੋਸਟ ਮੁਤਾਬਿਕ ਪੰਜਾਬੀ ਕਹਾਣੀਕਾਰਾ ਨਿਰਮਲ ਜਸਵਾਲ ਦੀ ਨਵ ਪਰਕਾਸ਼ਤ ਪੁਸਤਕ 'ਅੰਗਾਰ' ਦਾ ਰਿਲੀਜ਼ ਸਮਾਗਮ 8 ਮਾਰਚ 2014 ਨੂੰ ਕਰਵਾਇਆ ਜਾਵੇਗਾ। ਸ਼ਬਦ ਮੰਡਲ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਇਹ ਸਮਾਗਮ ਪੰਜਾਬੀ ਭਵਨ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਸਾਰੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ।

(ਸਰਪ੍ਰਸਤ- ਮੋਹਨ ਸਪਰਾ |ਕਨਵੀਨਰ- ਰੀਤੂ ਕਲਸੀ, ਐੱਨ ਨਵਰਾਹੀ
ਤੁਸੀਂ ਆਪਣੀ ਸ਼ਮੂਲੀਅਤ ਪੱਕੀ ਕਰਨ ਦਾ ਵਾਅਦਾ ਫੇਸਬੁਕ ਤੇ ਵੀ ਕਰ ਸਕਦੇ ਹੋ ਸਿਰਫ ਇਥੇ ਕਲਿੱਕ ਕਰਕੇ। 
                                                                                     ----ਰੈਕਟਰ ਕਥੂਰੀਆ                     

No comments: