Wednesday, February 05, 2014

ਹੁਣ ਸਿਗਰੇਟ ਪੀਣ ਵਾਲਿਆਂ ਨੂੰ ਵੀ ਬਾਬੇ ਨਾਨਕ ਦਾ ਆਸ਼ੀਰਵਾਦ?

Updated: 5th Feb 2014 at 5:15 PM
ਕਦੋਂ ਜਾਗੇਗਾ ਸੱਤਾ ਪਿਛੇ ਗੂਹੜੀ ਨੀਂਦੇ ਸੁੱਤਾ ਪੰਥ?
Gulam Lalli Shah 22 hours ago 4 ਫਰਵਰੀ 2014 ਨੂੰ ਬਾਅਦ ਦੁਪਹਿਰ 2:08 PM ਤੇ ਫੇਸਬੁਕ ਤੇ ਪੋਸਟ ਕੀਤਾ ਗਿਆ
ਲੁਧਿਆਣਾ: 5 ਫਰਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸਿੱਖ ਧਰਮ ਵਿੱਚ ਤੰਬਾਕੂ ਦੀ ਮਨਾਹੀ ਸਦੀਆਂ ਪੁਰਾਣੀ ਹੈ। ਵੱਡੇ ਵੱਡੇ ਪ੍ਰਗਤੀਸ਼ੀਲ ਸਿੱਖ ਪਰਿਵਾਰ ਵੀ ਇਸਦੇ ਕਾਇਲ ਰਹੇ ਹਨ। ਕੁਝ ਦਹਾਕੇ ਪਹਿਲਾਂ ਮਾਣਯੋਗ ਅੰਮ੍ਰਿਤ ਜੀਰਵੀ ਹੁਰਾਂ ਨੇ ਦੱਸਿਆ ਸੀ ਕਿ ਕਿਵੇਂ ਇੱਕ ਨਾਮਵਰ ਸਾਹਿਤਕਾਰ ਅਤੇ ਡਾਕਟਰ ਦਾ ਪਰਿਵਾਰ ਆਪਣੀ ਬੇਟੀ ਦਾ ਰਿਸ਼ਤਾ ਤਹਿ ਕਰਕੇ ਜਦੋਂ ਵਾਪਿਸੀ ਲਈ ਟ੍ਰੇਨ ਤੇ ਬੈਠਿਆ ਤਾਂ ਅਲਵਿਦਾ ਆਖਣ ਆਖਣ ਵਾਲਿਆ ਵਿੱਚ ਮੁੰਡੇ ਦਾ ਪਰਿਵਾਰ ਸਭਤੋਂ ਮੋਹਰੀ ਸੀ। ਉਦੋਂ ਲਾਈਟਰ ਆਮ ਨਹੀਂ ਸਨ ਹੁੰਦੇ। ਪੈਂਟ ਦੀ ਜੇਬ ਵਿੱਚੋਂ ਰੁਮਾਲ ਕਢਦਿਆਂ ਮੁੰਡੇ ਦੀ ਜੇਬ ਵਿੱਚ ਮਾਚਿਸ ਦੀ ਵੀ ਇੱਕ ਝਲਕ ਪੈ ਗਈ। ਗੱਡੀ ਤੁਰਨ ਵਾਲੀ ਸੀ ਫਿਰ ਵੀ ਡਾਕਟਰ ਸਾਹਿਬ ਨੇ ਮੁੰਡੇ ਨੂੰ ਬਾਰੀ ਕੋਲ ਸੱਦਿਆ ਤੇ ਅੱਖਾਂ  'ਚਅੱਖਾਂ ਪਾ ਕੇ ਪੁਛਿਆ ਕੀ ਤੂੰ ਸਿਗਰੇਟ ਪੀਂਦਾ ਹੈਂ? ਡਾਕਟਰ ਸਾਹਿਬ ਨਿੱਤਨੇਮੀ ਗੁਰਸਿੱਖ ਸਨ। ਉਹਨਾਂ ਦਾ ਸਾਹਿਤ ਵਿੱਚ ਵਿੱਚ ਬੜਾ ਨਾਮ ਸੀ। ਕਥਨੀ ਅਤੇ ਕਰਨੀ ਦੋਹਾਂ ਵਿੱਚ ਉੱਚਾ ਸੁਚਾ। ਜੀਵਨ ਇਸ ਲਈ ਚੇਹਰੇ ਤੇ ਵੀ ਤੇਜ ਅੱਖਾਂ ਵਿੱਚ ਵੀ ਇੱਕ ਅਲੌਕਿਨ ਚਮਕ। ਮੁੰਡਾ ਝੂਠ ਬੋਲਣ ਦੀ ਹਿਮਤ ਵੀ ਨਾ ਕਰ ਸਕਿਆ ਤੇ ਸਚ ਵੀ ਨਾ ਬੋਲ ਸਕਿਆ ਆਖਣ ਲੱਗਾ ਮੈਂ ਤੁਹਾਡੇ ਸਾਹਮਣੇ ਝੂਠ ਨਹੀਂ ਬੋਲ ਸਕਦਾ। ਇਸਤੇ ਡਾਕਟਰ ਸਾਹਿਬ ਨੇ ਆਖਿਆ ਇਸਦਾ ਮਤਲਬ ਹੈ ਕੀ ਸਚ ਤੂੰ ਦੱਸਣਾ ਨਹੀਂ ਚਾਹੁੰਦਾ। ਬਸ ਤਹਿ ਹੋਇਆ ਰਿਸ਼ਤਾ ਟੁੱਟ ਗਿਆ। ਦਿਲਚਸਪ ਗੱਲ ਹੈ ਕਿ ਇਹ ਪਰਿਵਾਰ ਨਾਸਤਿਕ ਆਖੀ ਜਾਣ ਵਾਲੀ ਕਮਿਊਨਿਸਟ ਪਾਰਟੀ ਦੇ ਬਹੁਤ ਨੇੜੇ ਸੀ।  ਪੰਜਾਬ 'ਚ ਮਾੜੇ ਦਿਨਾਂ ਦੌਰਾਨ ਸੰਗਰੂਰ ਵਿੱਚ ਇੰਡੀਅਨ ਐਕਸਪ੍ਰੈਸ ਦੇ ਜਨਸੱਤਾ ਅਖਬਾਰ ਲਈ ਕੰਮ ਕਰਦਿਆਂ ਮੈਂ ਅਕਸਰ ਦੇਖਿਆ ਸੀਪੀਐਮ ਦੇ ਕਾਮਰੇਡ ਘਰਾਂ ਅਤੇ ਦਫਤਰਾਂ ਦੋਹਾਂ ਥਾਵਾਂ ਤੇ ਹੀ ਬਾਣੀ ਅਤੇ ਬਾਣੇ ਦੇ ਪਾਬੰਦ ਸਨ।
ਹੋਲੀ ਹੋਲੀ ਸਿਆਸਤ ਬਦਲੀ। ਕਮਿਊਨਿਸਟ ਪਾਰਟੀ ਵੰਡੀ ਗਈ। ਪੰਜਾਬ ਦੇ ਬਹੁਤ ਸਾਰੇ ਹੀਰੇ ਸ਼ਹੀਦ ਹੋ ਗਏ। ਆਖਿਰ ਰਾਜ ਆ ਗਿਆ ਉਹਨਾਂ ਦੇ ਹੱਥ ਜਿਹਨਾਂ ਨੂੰ ਆਸਤਿਕ ਸਮਝਿਆ ਸਮਝਿਆ ਜਾਂਦਾ ਸੀ। ਕੌਣ ਜਾਣਦਾ ਸੀ ਕਿ ਉਹਨਾਂ ਨੇ ਸ਼ਰਾਬ ਦੇ ਠੇਕਿਆਂ ਦੀ ਆਮਦਨ ਨਾਲ ਆਪਣੇ ਘਰ ਭਰਨੇ ਸਨ ਤੇ ਨਾਲੇ ਨਸ਼ਾ ਛੁਡਾਓ ਮੁਹਿੰਮਾਂ ਦੇ ਡਰਾਮੇ ਵੀ ਕਰਨੇ ਸਨ। ਗੋਆ ਦੀਆਂ ਹਸੀਨ ਅਰਧ  ਨਗਨ ਕੁੜੀਆਂ ਦੇ ਜਲਵੇ ਦਿਖਾ ਕੇ ਬਾਣੀ ਅਤੇ ਬਾਣੇ ਦੋਹਾਂ ਨੂੰ ਕਮਜ਼ੋਰ ਕਰਨਾ ਵੀ ਉਹਨਾਂ ਦੀ ਨੀਤੀ ਵਿੱਚ ਸ਼ਾਮਿਲ ਹੋਣਾ ਸੀ। ਕਾਮਰੇਡ ਗੁਰਮੇਲ ਹੂੰਝਣ ਦੀ ਬਰਸੀ ਮੌਕੇ ਲੋਕਾਂ ਦੀ ਗੱਲ ਕਰਨ ਵਾਲੇ ਗਾਇਕ ਅਤੇ ਨਾਇਕ ਜਗਸੀਰ ਜੀਦਾ ਨੇ ਦੋ ਸਤਰਾਂ ਪੜ੍ਹੀਆਂ--ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਚਲੋ ਜੇ ਕਿਸੇ ਗੋਆ ਚੱਲਣਾ--ਸਾਰੇ ਰਾਹ ਲੋਕ ਉਸਦੀ ਵਿਆਖਿਆ ਨਾਲ ਗਾਈ ਜੁਗਨੀ ਅਤੇ ਗੋਆ ਵਾਲੇ ਜਹਾਜ਼ ਦੀ ਗੱਲ ਕਰਦੇ ਆਏ।
ਖੈਰ ਆਪਾਂ ਗੱਲ ਕਰ ਰਹੇ ਸਾਂ ਤੰਬਾਕੂ ਦੀ ਸਿਗਰਟਾਂ ਦੀ। ਫੇਸਬੁੱਕ ਤੇ ਇੱਕ ਤਸਵੀਰ ਛਪੀ ਹੈ ਸਾਈਂ ਲਾਡੀ ਸ਼ਾਹ ਦੀ। ਜਿਵੇਂ ਕਿ ਮਸਤੀ ਵਾਲਿਆਂ ਦੇ ਡੇਰੇ ਤੇ ਆਮ ਹੁੰਦਾ ਹੈ।   ਹੱਥ ਵਿੱਚ ਸਿਗਰੇਟ। ਇਹ ਅਜਿਹੇ ਡੇਰਿਆਂ ਵਿੱਚ ਇੱਕ ਆਮ ਗੱਲ ਹੁੰਦੀ ਹੈ। ਪਰ ਨਾਲ ਹੀ ਦਿਖਾਇਆ ਗਿਆ ਹੈ ਇੱਕ ਪਾਸਿਓਂ ਸ਼ਿਵ ਜੀ ਦਾ ਆਸ਼ੀਰਵਾਦ ਅਤੇ ਦੂਜੇ ਪਾਸਿਓਂ ਬਾਬੇ ਨਾਨਕ ਦਾ ਆਸ਼ੀਰਵਾਦ। ਹੁਣ ਬਾਬਾ ਨਾਨਕ ਸਿਗਰਟਾਂ ਪੀਣ ਵਾਲਿਆਂ ਨੂੰ ਆਸ਼ੀਰਵਾਦ ਦੇਂਦਾ ਦਿਖਾਤਾ ਜੇ ਇਹੀ ਹਾਲ ਰਿਹਾ ਤਾਂ ਕਲ੍ਹ ਨੂੰ ਬਾਬੇ ਨਾਨਕ ਦੇ ਹੱਥ ਵੀ ਸਿਗਰੇਟ ਫੜਾ ਦੇਣਗੇ।  ਪੱਕੀ ਗੱਲ ਹੈ ਇਹ ਸਭਕੁਝ ਵੀ ਸਿਆਸਤਦਾਨਾਂ ਦੀ ਮਰਜੀ ਤੋਂ ਬਿਨਾ ਨਹੀਂ ਚੱਲ ਸਕਦਾ।  ਆਖਿਰ ਇਥੇ ਵੋਟਾਂ ਦੇ ਬੈਂਕ ਚਲਦੇ ਨੇ।
ਮਨ ਵਿੱਚ ਸੁਆਲ ਉੱਠਿਆ ਕਿੱਥੇ ਹੈ ਪੰਥ? ਕਿੱਥੇ ਹੈ ਸਿੱਖ ਸੰਸਾਰ? ਫਿਰ ਖੁਦ ਹੀ ਜੁਆਬ ਮਿਲਿਆ ਸੁੱਤਾ ਪਿਆ ਹੈ। ਲੁਧਿਆਣਾ ਦੇ ਕਈ ਡੇਰਿਆਂ ਤੇ ਮੈਂ ਕਹਿੰਦੇ ਕਹਾਉਂਦੇ ਸਿੱਖ ਲੀਡਰਾਂ ਨੂੰ ਉਹਨਾਂ ਬਾਬਿਆ ਦਾ ਆਸ਼ੀਰਵਾਦ ਲੈਂਦਿਆਂ ਦੇਖਿਆ ਹੈ ਜਿਹਨਾਂ ਦੇ ਇੱਕ ਹੱਥ ਸਿਗਰੇਟ ਫੜੀ ਹੁੰਦੀ ਹੈ ਤੇ ਦੂਜੇ ਹੱਥ ਨਾਲ ਓਹ ਬਾਬੇ ਇਹਨਾਂ ਪੈਰੀਂ ਪਏ ਲੀਡਰਾਂ ਨੂੰ ਆਸ਼ੀਰਵਾਦ ਦੇ ਰਹੇ ਹੁੰਦੇ ਹਨ।  ਇਹਨਾਂ ਦੇ ਗਲੇ ਵਿੱਚ ਗਲ ਵਿੱਚ ਮਾਲਾ ਅਤੇ ਸਿਰੋਪੇ ਪਾ ਰਹੇ ਹੁੰਦੇ ਹਨ। ਅਖੀਰ ਵਿੱਚ ਯਾਦ ਆ ਰਹੀ  ਹੈ ਕਰਨ ਬਰਾੜ ਦੀ ਇੱਕ ਸੰਖੇਪ ਜਿਹੀ ਪਰ ਵੱਡੇ ਅਰਥਾਂ ਵਾਲੀ ਲਿਖਤ। ਇਹ ਲਿਖਤ ਥੋਹੜੇ ਜਹੇ ਸ਼ਬਦਾਂ ਵਿੱਚ ਬੜਾ ਕੁਝ ਆਖਦੀ ਹੈ। ਅਸੀਂ ਇਸਨੂੰ ਹਿੰਮਤਪੁਰਾ ਚੋਂ ਧੰਨਵਾਦ ਸਹਿਤ ਪ੍ਰਕਾਸ਼ਿਤ ਕਰ ਰਹੇ ਹਾਂ। 
ਨਾ ਜਾਈਂ ਮਸਤਾਂ ਦੇ ਵਿਹੜੇ, ਚਿਲਮ ਫੜਾ ਦੇਣਗੇ ਬੀਬਾ….ਕਰਨ ਬਰਾੜ
ਚਿਲਮ ਫੜਾ ਦੇਣਗੇ ਬੀਬਾ, ਵੰਗਾਂ ਪਵਾ ਦੇਣਗੇ ਬੀਬਾ….
ਨਸ਼ਿਆਂ ਤੇ ਲਾ ਦੇਣਗੇ ਬੀਬਾ, ਘਰੋਂ ਕਢਾ ਦੇਣਗੇ ਬੀਬਾ….
ਪੁਠੇ ਰਾਹੇ ਪਾ ਦੇਣਗੇ ਬੀਬਾ, ਛਿੱਤਰ ਪਵਾ ਦੇਣਗੇ ਬੀਬਾ….
ਭਾਵੇਂ ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ ਹੁਣ ਤਾਂ ਛੋਟੇ ਛੋਟੇ ਬੱਚੇ ਵੀ ਸ਼ਰੇਆਮ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ। ਪਿੰਡ ਦੀਆਂ ਸੱਥਾਂ ਦੀਆਂ ਮਹਿਫਲਾਂ ਵਿਚ ਹੁਣ ਇਹ ਗੱਲਾਂ ਆਮ ਹੀ ਸੁਣਨ ਵਿਚ ਮਿਲ ਜਾਂਦੀਆਂ ਕਿ ਫਲਾਨੇ ਦਾ ਮੁੰਡਾ ਚਿੱਟਾ ਪੀਂਦਾ ਫਲਾਨੇ ਦਾ ਮੁੰਡਾ ਚਿਲਮਾਂ ਪੀਂਦਾ ਹੈ। ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਹੁਣ ਨੌਜਵਾਨਾਂ ਨੇ ਗੁਰੂ-ਘਰਾਂ, ਮੇਲਿਆਂ ਜਾਂ ਇਕੱਠਾਂ ਵਿਚੋਂ ਲੈ ਕੇ ਪਾਏ ਕੜੇ ਹੱਥਾਂ ਚੋਂ ਲਾ ਸੁੱਟੇ ਹਨ ਅਤੇ ਨਕੋਦਰ ਵਾਲੇ ਮਸਤਾਂ ਦੀਆਂ ਰੰਗ-ਬਿਰੰਗੀਆਂ ਵੰਗਾਂ ਪਹਿਨ ਲਈਆਂ ਹਨ। ਪਹਿਨਣ ਵੀ ਕਿਉਂ ਨਾ ਜਦੋਂ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਗਾਇਕ ਜਾਂ ਹੋਰ ਸਨਮਾਨ ਯੋਗ ਸਖ਼ਸ਼ੀਅਤਾਂ ਉਹਨਾਂ ਮਸਤਾਂ ਦੇ ਜਾ ਕੇ ਨੱਕ ਰਗੜਦੀਆਂ, ਡੰਡਾਉਤ ਕਰਦੀਆਂ ਹਨ, ਗੀਤਾਂ ਰਾਹੀਂ ਜਾ ਹੋਰ ਸਾਧਨਾਂ ਨਾਲ ਨੰਗੇ ਮਸਤਾਂ ਦਾ ਪ੍ਰਚਾਰ ਕਰਦੀਆਂ ਹਨ। ਹੁਣ ਟੀ.ਵੀ ਦੇ ਹਰ ਚੈਨਲਾ ‘ਤੇ ਲੋਕਾਂ ਨੂੰ ਅਸ਼ਲੀਲਤਾ, ਡਰਾਉਣਾ ਜਾਂ ਅੰਧ-ਵਿਸ਼ਵਾਸ਼ੀ ਮਸਾਲਾ ਪਰੋਸਿਆ ਜਾ ਰਿਹਾ, ਜ਼ਿਆਦਾਤਰ ਚੈਨਲਾਂ ‘ਤੇ ਬੂਬਣੇਂ ਬਾਬੇ ਸਵੇਰੇ ਹੀ ਵੱਡੇ-ਵੱਡੇ ਸੋਫਿਆਂ ਤੇ ਸਜ ਜਾਂਦੇ ਨੇ ਫਿਰ ਸ਼ੁਰੂ ਹੁੰਦੀਆਂ ਨੇ ਇਹਨਾਂ ਦੀਆਂ ਝੂਠੀਆਂ ਅਤੇ ਅੰਧ-ਵਿਸ਼ਵਾਸੀ ਕਹਾਣੀਆਂ। ਉਸ ਪੰਜਾਬ ਦਾ ਕੀ ਬਣੂੰ ਜਿੱਥੇ ਸਮਾਜ ਨੂੰ ਸੇਧ ਦੇਣ ਵਾਲੇ ਲੋਕਾਂ ਦੇ ਆਦਰਸ਼ ਹੀ ਨੰਗੇ ਬੀੜ੍ਹੀਆਂ ‘ਤੇ ਚਿਲਮਾਂ ਪੀਣ ਵਾਲੇ ਮਸਤ ਹੋਣ। ਇਹਨਾ ਦੇ ਸਿੱਖੇ ਚੇਲਿਆਂ ਨੇ ਪੜਾਈ ‘ਚ ਸੁਆਹ ਮੱਲਾਂ ਮਾਰਨੀਆਂ, ਇਹ ਜਾਣਗੇ ਚੰਦ ਤੇ ਆਖੇ ਸਾਡਾ ਸਾਧ ਤਾਂ ਮਨ ਦੀ ਮੌਜ ਵਿਚ ਚਿਲਮਾਂ ਪੀਂਦਾ ਸੀ ਤੁਹਾਡੀ ਵੀ ਮੌਜ ਹੈ ਤੇ ਨਾਲੇ ਚਿਲਮਾਂ ਵੇਚਣ ਦੀ ਮੌਜ ਬਣੀ ਹੈ।
ਪਤਾ ਨੀ ਕੀ ਪੁੱਠੀ ਵਾ ਵਗੀ ਹੈ ਲੋਕਾਂ ਤੇ, ਪਤਾ ਨੀ ਕੀ ਹੋਇਆ ਸੋਚ ਨੂੰ, ਇੱਕ ਤਾਂ ਆਹ ਦੋ ਤਿੰਨ ਮਸਤਾਂ ਦੇ ਚੇਲੇ ਗਾਇਕ ਜਿਹੇ ਰੋਹੀਆਂ ‘ਚ ਭਜਾ ਭਜਾ ਕੁੱਟਣ ਵਾਲੇ ਆ ਫੇਰ ਪੁਛੇ ਮਸਤ ਨੇੜੇ ਹੈ ਕੇ ਘਸੁੰਨ, ਜੱਧੇ ਮਸਤਾਂ ਦੇ ਕੀ ਲੱਛਣ ਫੜਿਆ ਮੁਲਖ ਨੇ….
ਸਾਡੀ ਓਟ ਤਾਂ ਸਦਾ ਹੀ ਬਾਬੇ ਨਾਨਕ ਤੇ ਰਹੀ ਹੈ। ਸਾਡੇ ਅੰਗ ਸੰਗ ਤਾਂ ਬਾਜਾਂ ਵਾਲਾ ਮਾਹੀ ਖੜਦਾ, ਖੁਸ਼ੀ ਗਮੀ ਤੋਂ ਵਾਹਿਗੁਰੂ ਮੂੰਹੋਂ ਹੀ ਨਿੱਕਲਦਾ ਬਈ ਪਰਮਾਤਮਾ ਸੁੱਖ ਰੱਖੀਂ….ਕਰਨ ਬਰਾੜ ਆਸਟ੍ਰੇਲੀਆ


ਇਸ ਪੋਸਟ ਦੀ ਕਾਪੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਮੀਡੀਆ ਅਤੇ ਹੋਰਨਾਂ ਪਤੀਆਂ ਤੇ ਵੀ ਭੇਜੀ ਗਈ ਹੈ---ਪਰ ਸਾਰੇ ਪਤੇ ਸਾਡੇ ਕੋਲ ਮੌਜੂਦ ਨਹੀਂ। ਇਸ ਲੈ ਕਿੰਨਾ ਚੰਗਾ ਹੋਵੇ ਜੇ ਤੁਸੀਂ ਇਸਨੂੰ ਆਪੋ ਆਪਣੇ ਮੀਡੀਆ ਵਿੱਚ ਵੀ ਥਾਂ ਦਿਓ ਅਤੇ ਇਸ ਦੀ ਕਾਪੀ ਪੰਥਕ ਧਿਰਾਂ ਨੂੰ ਵੀ ਭੇਜੋ। ਇਥੇ ਵਿਚਾਰੀ WHO (ਵਰਲਡ ਹੈਲਥ ਔਰਗੇਨਾਈਜੇਸ਼ਨ) ਅਤੇ ਤੰਬਾਕੂ ਨੋਸ਼ੀ ਦੇ  ਖਿਲਾਫ਼ ਮੁਹਿੰਮ ਚਲਾ ਰਹੇ ਹੋਰ ਸੰਗਠਨ ਵੀ ਕੀ ਕਰ ਸਕਦੇ ਹਨ? ਜਿੱਥੇ ਜਿੱਤ ਹਾਰ ਦਾ ਫੈਸਲਾ ਅਜਿਹੇ ਲੋਕਤੰਤਰ ਵਿੱਚ ਹੁੰਦਾ ਹੋਵੇ ਜਿੱਥੇ ਦੋ ਭੇਡਾਂ ਵਧ ਹੋਣ ਤਾਂ ਸ਼ੇਰ ਹਾਰ ਸਕਦਾ ਹੈ। ਜਿੱਥੇ ਮਿੱਟੀ ਦੇ ਦੋ ਢੇਲੇ ਆਪਣੀ ਵਧ ਵੋਟ ਕਾਰਨ ਕਿਸੇ ਹੀਰੇ ਨੂੰ ਪਿਛੇ ਪਾ ਸਕਦੇ ਹੋਣ ਉੱਥੇ ਇਹੀ ਆਖਿਆ ਜਾ ਸਕਦਾ ਹੈ ਕਿ ਬਸ ਹੁਣ ਤਾਂ ਰੱਬ  ਰਾਖਾ! ਜਦੋਂ ਤੱਕ ਇਥੇ ਗੁਣ ਤੰਤਰ ਨਹੀਂ ਆਉਂਦਾ ਉਦੋਂ ਤੱਕ ਇਹ ਸਭ ਇਸੇ ਤਰ੍ਹਾਂ ਚੱਲੇਗਾ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਹੋਈ ਹੈ। --ਰੈਕਟਰ ਕਥੂਰੀਆ 

No comments: